ਸ਼੍ਰੀ ਦਸਮ ਗ੍ਰੰਥ

ਅੰਗ - 1082


ਤਬ ਤਿਨ ਕਾਮ ਜਾਰ ਸੋਊ ਕਿਯੋ ॥

ਤਦ ਯਾਰ ਨੇ ਉਹੀ ਕੰਮ ਕੀਤਾ

ਮੂਕ ਮੰਤ੍ਰ ਰਾਜਾ ਕੋ ਦਿਯੋ ॥

ਅਤੇ ਰਾਜੇ ਨੂੰ ਗੁਪਤ ਮੰਤਰ ਦਿੱਤਾ।

ਆਪਨ ਤਾ ਕੌ ਗੁਰੂ ਕਹਾਯੋ ॥

ਆਪਣੇ ਆਪ ਨੂੰ ਉਸ ਦਾ ਗੁਰੂ ਅਖਵਾਇਆ।

ਭੇਦ ਅਭੇਦ ਰਾਵ ਨਹਿ ਪਾਯੋ ॥੬॥

ਰਾਜਾ ਭੇਦ ਅਭੇਦ ਕੁਝ ਵੀ ਨਾ ਸਮਝ ਸਕਿਆ ॥੬॥

ਜਬ ਰਾਜਾ ਅੰਤਹਪੁਰ ਆਏ ॥

ਜਦ ਰਾਜਾ ਰਣਵਾਸ ਵਿਚ ਆਇਆ।

ਤਬ ਰਾਨੀ ਯੌ ਬਚਨ ਸੁਨਾਏ ॥

ਤਦ ਰਾਣੀ ਨੇ ਇਸ ਤਰ੍ਹਾਂ ਕਿਹਾ,

ਗੁਰ ਜੁ ਭ੍ਰਮਾਵੈ ਰਾਇ ਨ ਭ੍ਰਮਿਯੈ ॥

ਹੇ ਰਾਜਨ! ਜੇ ਗੁਰੂ ਕੁਝ ਭਰਮਾਉਣਾ ਚਾਹੇ, ਤਾਂ ਭਰਮਣਾ ਨਹੀਂ।

ਭਲੀ ਬੁਰੀ ਗੁਰ ਕਰੇ ਸੁ ਛਮਿਯੈ ॥੭॥

ਗੁਰੂ ਜੇ ਕੋਈ ਮਾੜੀ ਚੰਗੀ ਗੱਲ ਕਰੇ ਤਾਂ ਉਸ ਨੂੰ ਖਿਮਾ ਕਰ ਦੇਣਾ ॥੭॥

ਜੋ ਗੁਰ ਗ੍ਰਿਹ ਕੋ ਦਰਬੁ ਚੁਰਾਵੈ ॥

ਜੇ ਗੁਰੂ ਘਰ ਦਾ ਧਨ ਚੁਰਾ ਲਵੇ।

ਸੌਕ ਤ੍ਰਿਯਾ ਤਨ ਕੇਲ ਕਮਾਵੈ ॥

(ਜਾਂ) ਸ਼ੌਕ ਨਾਲ ਇਸਤਰੀ ਨਾਲ ਕੇਲ ਕਰੇ,

ਜੋ ਕੁਪਿ ਕਰੈ ਖੜਗ ਕੋ ਵਾਰਾ ॥

(ਜਾਂ) ਕ੍ਰੋਧ ਕਰ ਕੇ ਖੜਗ ਦਾ ਵਾਰ ਕਰੇ,

ਜੋ ਸਿਖ ਭ੍ਰਮਤ ਲਹੈ ਸੋ ਮਾਰਾ ॥੮॥

(ਤਾਂ) ਜੋ ਸਿੱਖ ਭਰਮਾ ਗਿਆ, ਸੋ ਮਾਰਿਆ ਗਿਆ ॥੮॥

ਜਿਨ ਨੈ ਮੰਤ੍ਰ ਕਛੂ ਜਿਹ ਦਯੋ ॥

ਗੁਰੂ ਨੇ ਜੇ ਕੁਝ ਮੰਤਰ ਦਿੱਤਾ ਹੈ

ਤਿਨ ਗੁਰ ਮੋਲ ਸਿਖ ਕੋ ਲਯੋ ॥

ਤਾਂ ਉਸ ਸਿੱਖ ਨੂੰ ਗੁਰੂ ਨੇ ਮੁੱਲ ਲੈ ਲਿਆ ਹੈ।

ਭਗਨਿ ਮਾਤ ਜੌ ਰਮਤ ਨਿਹਰੀਯੈ ॥

(ਜੇ ਉਸ ਨੂੰ) ਮਾਂ ਭੈਣ ਨਾਲ ਭੋਗ ਕਰਦਿਆਂ ਵੇਖ ਲਈਏ

ਸੀਸ ਝੁਕਾਇ ਰੋਸ ਨਹਿ ਕਰੀਯੈ ॥੯॥

ਤਾਂ ਸਿਰ ਨੀਵਾਂ ਕਰ ਕੇ ਰੋਸ ਨਾ ਕੀਤਾ ਜਾਏ ॥੯॥

ਦੋਹਰਾ ॥

ਦੋਹਰਾ:

ਸਭਾ ਪਰਬ ਭੀਤਰ ਸੁਨੀ ਜਮ ਕੀ ਕਥਾ ਰਸਾਲ ॥

('ਮਹਾਭਾਰਤ' ਦੇ) ਸਭਾ ਪਰਵ ਵਿਚ ਯਮ ਦੀ ਇਕ ਰੋਚਕ ਕਥਾ ਸੁਣੀ ਹੈ।

ਬ੍ਰਯਾਸਾਸਿਨ ਸੁਕ ਬਕਤ੍ਰ ਤੇ ਸੋ ਤੁਹਿ ਕਹੌ ਉਤਾਲ ॥੧੦॥

(ਹੇ ਰਾਜਨ!) ਬਿਆਸ ਦੇ ਆਸਣ (ਉਤੇ ਬੈਠੇ) ਸੁਕਦੇਵ ਦੇ ਮੂੰਹ (ਤੋਂ ਸੁਣ ਕੇ) ਹੁਣ ਤੁਹਾਨੂੰ ਜਲਦੀ ਕਹਿੰਦੀ ਹਾਂ ॥੧੦॥

ਜਮ ਰਾਜਾ ਰਿਖਿ ਏਕ ਕੋ ਘਰ ਮੈ ਕਿਯੋ ਪਯਾਨ ॥

ਜਮ ਰਾਜਾ ਇਕ ਰਿਸ਼ੀ ਦੇ ਘਰ ਗਿਆ।

ਮਾਤ ਭਗਨਿ ਰਿਖਿ ਬਾਲ ਸੌ ਰਤਿ ਮਾਨੀ ਰੁਚਿ ਮਾਨ ॥੧੧॥

(ਉਸ ਨੇ) ਰਿਸ਼ੀ ਦੀ ਮਾਂ, ਭੈਣ ਅਤੇ ਇਸਤਰੀ ਨਾਲ ਰੁਚੀ ਪੂਰਵਕ ਰਤੀ-ਕ੍ਰੀੜਾ ਕੀਤੀ ॥੧੧॥

ਚੌਪਈ ॥

ਚੌਪਈ:

ਜਬ ਰਿਖਿ ਚਲਿ ਅਪੁਨੇ ਗ੍ਰਿਹ ਆਯੋ ॥

ਜਦ ਰਿਸ਼ੀ (ਬਾਹਰੋਂ) ਚਲ ਕੇ ਆਪਣੇ ਘਰ ਆਇਆ

ਤ੍ਰਿਯ ਸੌ ਰਮਤ ਪੁਰਖ ਲਖਿ ਪਾਯੋ ॥

ਤਾਂ (ਆਪਣੀ) ਇਸਤਰੀ ਨਾਲ ਇਕ ਪੁਰਸ਼ ਨੂੰ ਭੋਗ ਕਰਦਿਆਂ ਵੇਖਿਆ।

ਧਰਮ ਬਿਚਾਰ ਨ ਤਿਹ ਕਛੁ ਕਹਿਯੋ ॥

ਧਰਮ ਅਨੁਸਾਰ (ਅਤਿਥੀ ਦੀ ਸੇਵਾ ਕਰਨ ਦਾ ਕਰਤੱਵ) ਵਿਚਾਰ ਕੇ ਉਸ ਨੂੰ ਕੁਝ ਨਾ ਕਿਹਾ।

ਤਿਹ ਪਗ ਮਾਥ ਛੂਆਵਨ ਚਹਿਯੋ ॥੧੨॥

(ਸਗੋਂ) ਉਸ ਦੇ ਚਰਨਾਂ ਨਾਲ (ਆਪਣਾ) ਮੱਥਾ ਛੋਹਣਾ ਚਾਹਿਆ ॥੧੨॥

ਸਿਰ ਮੌ ਚਰਨ ਛੁਅਤ ਧਰ ਰਹਿਯੋ ॥

ਸਿਰ ਵਿਚ (ਉਸ ਦੇ) ਚਰਨ ਛੋਹਾਈ ਰਖੇ।

ਧੰਨ੍ਯ ਧੰਨ੍ਯ ਤਾ ਕੌ ਜਮ ਕਹਿਯੋ ॥

ਜਮ ਨੇ ਉਸ ਨੂੰ ਧੰਨ ਧੰਨ ਕਿਹਾ।

ਮੈ ਹੌ ਕਾਲ ਜਗਤ ਜਿਹ ਘਾਯੋ ॥

(ਹੇ ਰਿਸ਼ੀ!) ਮੈਂ ਕਾਲ ਹਾਂ ਜਿਸ ਨੇ ਸਾਰੇ ਜਗਤ ਨੂੰ ਮਾਰਿਆ ਹੈ।

ਤੇਰੋ ਧਰਮ ਬਿਲੋਕਨ ਆਯੋ ॥੧੩॥

(ਮੈਂ ਤਾਂ) ਤੇਰਾ ਧਰਮ ਵੇਖਣ ਆਇਆ ਸਾਂ ॥੧੩॥

ਸੁਨਤ ਹੁਤੌ ਤੈਸੋ ਤੁਹਿ ਦੇਖਿਯੋ ॥

ਜਿਸ ਤਰ੍ਹਾਂ ਦਾ (ਮੈਂ ਤੈਨੂੰ) ਸੁਣਿਆ ਹੈ, ਉਸੇ ਤਰ੍ਹਾਂ ਦਾ ਹੀ ਵੇਖਿਆ ਹੈ।

ਧਰਮ ਸਕਲ ਤੁਮਰੌ ਅਵਰੇਖਿਯੋ ॥

(ਮੈਂ) ਤੇਰੇ ਸਾਰੇ ਧਰਮ ਨੂੰ ਅਨੁਮਾਨ ਕਰ ਲਿਆ ਹੈ।

ਤੋਰੇ ਬਿਖੈ ਕਪਟ ਕਛੁ ਨਾਹੀ ॥

ਤੇਰੇ ਵਿਚ ਕਿਸੇ ਕਿਸਮ ਦਾ ਕਪਟ ਨਹੀਂ ਹੈ।

ਯੌ ਮੈ ਲਹਿਯੋ ਸਾਚੁ ਮਨ ਮਾਹੀ ॥੧੪॥

ਇਹ ਗੱਲ ਮੈਂ ਮਨ ਵਿਚ ਸਚ ਕਰ ਕੇ ਮੰਨ ਲਈ ਹੈ ॥੧੪॥

ਦੋਹਰਾ ॥

ਦੋਹਰਾ:

ਨਿਰਖ ਸਤਤਾ ਬਿਪ੍ਰ ਕੀ ਮਨ ਮੈ ਮੋਦ ਬਢਾਇ ॥

ਬ੍ਰਾਹਮਣ (ਰਿਸ਼ੀ) ਦੀ ਸਚਾਈ ਵੇਖ ਕੇ ਅਤੇ ਮਨ ਵਿਚ ਪ੍ਰਸੰਨ ਹੋ ਕੇ

ਜਿਯਨ ਮੁਕਤਿ ਤਾ ਕੌ ਦਿਯੋ ਕਾਲ ਦਾਨ ਬਰ ਦਾਇ ॥੧੫॥

ਕਾਲ ਨੇ ਉਸ ਨੂੰ ਜੀਵਨ-ਮੁਕਤ ਹੋਣ ਦਾ ਵਰਦਾਨ ਦਿੱਤਾ ॥੧੫॥

ਨ੍ਰਿਪ ਕੌ ਪ੍ਰਥਮ ਪ੍ਰਬੋਧ ਕਰਿ ਜਾਰਹਿ ਲਯੋ ਬੁਲਾਇ ॥

(ਰਾਣੀ ਨੇ) ਰਾਜੇ ਨੂੰ ਸਮਝਾ ਕੇ ਯਾਰ ਨੂੰ ਬੁਲਾ ਲਿਆ

ਪ੍ਰਗਟਿ ਖਾਟ ਡਸਵਾਇ ਕੈ ਭੋਗ ਕਿਯੋ ਸੁਖ ਪਾਇ ॥੧੬॥

ਅਤੇ ਸਭ ਦੇ ਸਾਹਮਣੇ ਮੰਜੀ ਵਿਛਵਾ ਕੇ (ਯਾਰ ਨਾਲ) ਸੁਖ ਪੂਰਵਕ ਭੋਗ ਕੀਤਾ ॥੧੬॥

ਚੌਪਈ ॥

ਚੌਪਈ:

ਤਬ ਲੌ ਆਪ ਰਾਵ ਜੂ ਆਯੋ ॥

ਤਦ ਤਕ ਰਾਜਾ ਆਪ ਆ ਗਿਆ

ਤ੍ਰਿਯ ਸੌ ਰਮਤ ਜਾਰ ਲਖਿ ਪਾਯੋ ॥

ਅਤੇ ਇਸਤਰੀ ਨਾਲ ਯਾਰ ਨੂੰ ਰਮਣ ਕਰਦਿਆਂ ਵੇਖ ਲਿਆ।

ਕਥਾ ਸੰਭਾਰਿ ਵਹੈ ਚੁਪ ਰਹਿਯੋ ॥

ਕਥਾ ਨੂੰ ਯਾਦ ਕਰ ਕੇ ਉਹ ਚੁਪ ਰਿਹਾ

ਤਿਨ ਕੌ ਕੋਪ ਬਚਨ ਨਹਿ ਕਹਿਯੋ ॥੧੭॥

ਅਤੇ ਉਸ ਨੂੰ ਕ੍ਰੋਧ ਵਾਲਾ ਕੋਈ ਸ਼ਬਦ ਨਾ ਕਿਹਾ ॥੧੭॥

ਚਰਨ ਛੁਅਨ ਤਾ ਕੇ ਚਿਤ ਚਹਿਯੋ ॥

ਉਸ ਦੇ ਚਰਨਾਂ ਨੂੰ ਛੋਹਣ ਦੀ ਇੱਛਾ ਕਰਨ ਲਗਾ

ਵੈਸਹਿ ਜਾਰ ਭਜਤ ਤ੍ਰਿਯ ਰਹਿਯੋ ॥

ਅਤੇ ਯਾਰ ਉਸੇ ਤਰ੍ਹਾਂ ਇਸਤਰੀ ਨਾਲ ਭੋਗ ਕਰਦਾ ਰਿਹਾ।

ਤਬ ਯੌ ਜਾਰਿ ਕਾਢਿ ਕਰਿ ਦਿਯੋ ॥

ਤਦ ਯਾਰ ਨੇ ਉਸ ਨੂੰ ਬਾਹਰ ਕਢ ਦਿੱਤਾ।

ਮੂਰਖ ਸੀਸ ਨ੍ਯਾਇ ਕਰਿ ਗਯੋ ॥੧੮॥

ਮੂਰਖ ਸਿਰ ਨਿਵਾ ਕੇ ਚਲਾ ਗਿਆ ॥੧੮॥

ਜੜ ਜਾਨ੍ਯੋ ਮੁਹਿ ਗੁਰੂ ਭ੍ਰਮਾਯੋ ॥

ਮੂਰਖ ਨੇ ਸਮਝਿਆ ਕਿ ਮੈਨੂੰ ਗੁਰੂ ਨੇ ਭਰਮਾਇਆ ਹੈ

ਭੇਦ ਅਭੇਦ ਕਛੂ ਨਹਿ ਪਾਯੋ ॥

ਅਤੇ ਭੇਦ ਅਭੇਦ ਨੂੰ ਕੁਝ ਨਾ ਸਮਝਿਆ।

ਇਹ ਚਰਿਤ੍ਰ ਅਬਲਾ ਛਲਿ ਗਈ ॥

ਇਸ ਚਰਿਤ੍ਰ ਨਾਲ ਇਸਤਰੀ ਨੇ ਰਾਜੇ ਨੂੰ ਛਲ ਲਿਆ

ਰਤਿ ਕਰਿ ਮਾਥ ਟਿਕਾਵਤ ਭਈ ॥੧੯॥

ਅਤੇ ਰਤੀ-ਕ੍ਰੀੜਾ ਕਰ ਕੇ (ਉਸ ਤੋਂ) ਮੱਥਾ ਟਿਕਵਾ ਦਿੱਤਾ ॥੧੯॥

ਦੋਹਰਾ ॥

ਦੋਹਰਾ:

ਪਤਿ ਦੇਖਤ ਰਤਿ ਮਾਨਿ ਕੈ ਨ੍ਰਿਪ ਕੋ ਮਾਥ ਟਿਕਾਇ ॥

ਪਤੀ ਦੇ ਵੇਖਦੇ ਹੋਇਆਂ (ਯਾਰ ਨਾਲ) ਕਾਮ-ਕ੍ਰੀੜਾ ਕਰ ਕੇ ਰਾਜੇ ਤੋਂ ਮੱਥਾ ਟਿਕਵਾਇਆ।

ਧਨ ਦੀਨੋ ਸਭ ਪ੍ਰੀਤਮਹਿ ਐਸੇ ਚਰਿਤ ਦਿਖਾਇ ॥੨੦॥

ਇਸ ਤਰ੍ਹਾਂ ਦਾ ਚਰਿਤ੍ਰ ਵਿਖਾ ਕੇ ਪ੍ਰੀਤਮ ਨੂੰ ਬਹੁਤ ਸਾਰਾ ਧਨ ਦਿੱਤਾ ॥੨੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਿਆਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੬॥੩੬੮੯॥ਅਫਜੂੰ॥

ਇਥੇ ਸ੍ਰੀ ਚਰਿਤੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੯੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੯੬॥੩੬੮੯॥ ਚਲਦਾ॥

ਚੌਪਈ ॥

ਚੌਪਈ:

ਤ੍ਰਿਯ ਰਨਰੰਗ ਮਤੀ ਇਕ ਕਹਿਯੈ ॥

ਰਨਰੰਗ ਮਤੀ ਨਾਂ ਦੀ ਇਕ ਇਸਤਰੀ ਦਸੀਂਦੀ ਸੀ।

ਤਾ ਸਮ ਅਵਰ ਨ ਰਾਨੀ ਲਹਿਯੈ ॥

ਉਸ ਵਰਗੀ ਕੋਈ ਹੋਰ ਰਾਣੀ ਨਹੀਂ ਸੀ।

ਅਪ੍ਰਮਾਨ ਤਿਹ ਪ੍ਰਭਾ ਬਿਰਾਜੈ ॥

ਉਸ ਦੀ ਬਹੁਤ ਅਧਿਕ ਸੁੰਦਰਤਾ ਸੀ

ਜਾ ਕੋ ਨਿਰਖ ਚੰਦ੍ਰਮਾ ਲਾਜੈ ॥੧॥

ਜਿਸ ਨੂੰ ਵੇਖ ਕੇ ਚੰਦ੍ਰਮਾ ਵੀ ਲਜਾਉਂਦਾ ਸੀ ॥੧॥

ਏਕ ਦੁਰਗ ਤਿਨ ਬਡੌ ਤਕਾਯੋ ॥

ਉਸ ਨੇ ਇਕ ਬਹੁਤ ਵੱਡਾ ਕਿਲ੍ਹਾ ਵੇਖਿਆ।

ਯਹੈ ਰਾਨਿਯਹਿ ਮੰਤ੍ਰਿ ਉਪਜਾਯੋ ॥

ਰਾਣੀ ਦੇ (ਮਨ ਵਿਚ) ਇਹ ਵਿਚਾਰ ਪੈਦਾ ਹੋਇਆ (ਕਿ ਇਸ ਕਿਲ੍ਹੇ ਨੂੰ ਹਾਸਲ ਕੀਤਾ ਜਾਏ)।

ਡੋਰਾ ਪਾਚ ਸਹੰਸ੍ਰ ਸਵਾਰੇ ॥

(ਉਸ ਨੇ) ਪੰਜ ਹਜ਼ਾਰ ਡੋਲੇ ਤਿਆਰ ਕਰਵਾ ਲਏ

ਤਾ ਮੈ ਪੁਰਖ ਪਾਚ ਸੈ ਡਾਰੈ ॥੨॥

ਅਤੇ ਉਸ ਵਿਚ ਪੰਜ ਸੌ ਪੁਰਸ਼ (ਸਿਪਾਹੀ) ਬਿਠਾ ਦਿੱਤੇ ॥੨॥

ਕਛੂ ਆਪ ਕੌ ਤ੍ਰਾਸ ਜਤਾਯੋ ॥

ਆਪਣਾ ਕੁਝ ਡਰ ਪ੍ਰਗਟ ਕਰਨ ਲਈ

ਏਕ ਦੂਤ ਦ੍ਰੁਗ ਸਾਹਿ ਪਠਾਯੋ ॥

(ਉਸ ਨੇ) ਇਕ ਦੂਤ ਕਿਲ੍ਹੇ ਦੇ ਸੁਆਮੀ ਪਾਸ ਭੇਜਿਆ

ਠਉਰ ਕਬੀਲਨ ਕੌ ਹ੍ਯਾਂ ਪਾਊ ॥

ਕਿ ਜੇ ਮੇਰੇ ਕਬੀਲੇ ਨੂੰ ਇਥੇ ਠਹਿਰਨ ਦੀ ਥਾਂ ਪ੍ਰਾਪਤ ਹੋ ਜਾਏ

ਮੈ ਤੁਰਕਨ ਸੌ ਖੜਗ ਬਜਾਊ ॥੩॥

ਤਾਂ ਮੈਂ ਤੁਰਕਾਂ ਨਾਲ ਚੰਗੀ ਤਰ੍ਹਾਂ ਲੋਹਾ ਲੈ ਸਕਾਂਗੀ ॥੩॥

ਤੇ ਸੁਨਿ ਬੈਨ ਭੂਲਿ ਏ ਗਏ ॥

ਉਸ ਦੀ ਗੱਲ ਸੁਣ ਕੇ ਇਹ ਭੁਲ ਗਏ

ਗੜ ਮੈ ਪੈਠਨ ਡੋਰਾ ਦਏ ॥

(ਕਿ ਇਸ ਵਿਚ ਵੈਰੀ ਦੀ ਕੋਈ ਚਾਲ ਹੀ ਨਾ ਹੋਵੇ)। (ਉਨ੍ਹਾਂ ਨੇ) ਕਿਲ੍ਹੇ ਵਿਚ ਡੋਲਿਆਂ ਨੂੰ ਵੜਨ ਦਿੱਤਾ।

ਕੋਟ ਦ੍ਵਾਰ ਕੇ ਜਬੈ ਉਤਰੇ ॥

(ਉਹ) ਜਦੋਂ ਹੀ ਕਿਲ੍ਹੇ ਦੇ ਦਰਵਾਜ਼ੇ ਉਤੇ ਉਤਰੇ,