ਸ਼੍ਰੀ ਦਸਮ ਗ੍ਰੰਥ

ਅੰਗ - 642


ਆਸਨ ਅਡੋਲ ਮਹਿਮਾ ਅਭੰਗ ॥

(ਉਸ ਦਾ) ਆਸਣ ਅਡੋਲ ਹੈ ਅਤੇ ਨਾ ਭੰਗ ਹੋਣ ਵਾਲੀ ਮਹਿਮਾ ਹੈ।

ਅਨਭਵ ਪ੍ਰਕਾਸ ਸੋਭਾ ਸੁਰੰਗ ॥੮੩॥

(ਉਹ) ਅਨੁਭਵ ਦੁਆਰਾ ਪ੍ਰਕਾਸ਼ਿਤ ਹੁੰਦਾ ਹੈ ਅਤੇ ਉਸ ਦੀ ਬਹੁਤ ਸੁੰਦਰ ਸ਼ੋਭਾ ਹੈ ॥੮੩॥

ਜਿਹ ਸਤ੍ਰੁ ਮਿਤ੍ਰ ਏਕੈ ਸਮਾਨ ॥

ਜਿਸ ਲਈ ਵੈਰੀ ਅਤੇ ਮਿਤਰ ਇਕ ਸਮਾਨ ਹਨ।

ਅਬਿਯਕਤ ਤੇਜ ਮਹਿਮਾ ਮਹਾਨ ॥

(ਜਿਸ ਦਾ) ਤੇਜ ਪ੍ਰਗਟ ਨਹੀਂ ਕੀਤਾ ਜਾ ਸਕਦਾ ਅਤੇ (ਜਿਸ ਦੀ) ਮਹਿਮਾ ਮਹਾਨ ਹੈ।

ਜਿਹ ਆਦਿ ਅੰਤਿ ਏਕੈ ਸਰੂਪ ॥

ਜੋ ਆਦਿ ਤੋਂ ਅੰਤ ਤਕ ਇਕੋ ਹੀ ਸਰੂਪ ਵਾਲਾ ਹੈ।

ਸੁੰਦਰ ਸੁਰੰਗ ਜਗ ਕਰਿ ਅਰੂਪ ॥੮੪॥

(ਉਸ) ਸੁੰਦਰ ਸਰੂਪ ਵਾਲੇ ਨੇ ਅਨੂਪਮ ਜਗਤ ਦੀ ਰਚਨਾ ਕੀਤੀ ਹੈ ॥੮੪॥

ਜਿਹ ਰਾਗ ਰੰਗ ਨਹੀ ਰੂਪ ਰੇਖ ॥

ਜਿਸ ਦਾ ਕੋਈ ਰਾਗ, ਰੰਗ, ਰੂਪ ਅਤੇ ਰੇਖਾ ਨਹੀਂ ਹੈ।

ਨਹੀ ਨਾਮ ਠਾਮ ਅਨਭਵ ਅਭੇਖ ॥

(ਜਿਸ ਦਾ) ਕੋਈ ਨਾਂ ਅਤੇ ਥਾਂ ਨਹੀਂ ਹੈ ਅਤੇ ਜੋ ਸੁਤਹ ਪ੍ਰਮਾਣ ਅਤੇ ਭੇਖ ਰਹਿਤ ਹੈ।

ਆਜਾਨ ਬਾਹਿ ਅਨਭਵ ਪ੍ਰਕਾਸ ॥

(ਉਹ) ਗੋਡਿਆਂ ਤਕ ਲੰਬੀਆਂ ਬਾਂਹਵਾਂ ਵਾਲਾ ਹੈ ਅਤੇ ਅਨੁਭਵ ਦੁਆਰਾ ਪ੍ਰਕਾਸ਼ਿਤ ਹੁੰਦਾ ਹੈ।

ਆਭਾ ਅਨੰਤ ਮਹਿਮਾ ਸੁ ਬਾਸ ॥੮੫॥

(ਉਸ ਦੀ) ਆਭਾ ਅਨੰਤ ਹੈ ਅਤੇ ਮਹਿਮਾ ਦੀ ਸੁੰਦਰ ਸੁਗੰਧ ਹੈ ॥੮੫॥

ਕਈ ਕਲਪ ਜੋਗ ਜਿਨਿ ਕਰਤ ਬੀਤ ॥

ਜਿਨ੍ਹਾਂ ਨੂੰ ਯੋਗ ਸਾਧਨਾ ਕਰਦਿਆਂ ਕਈ ਕਲਪ (ਯੁਗ) ਬੀਤ ਗਏ ਹਨ,

ਨਹੀ ਤਦਿਪ ਤਉਨ ਧਰਿ ਗਏ ਚੀਤ ॥

ਪਰ ਤਾਂ ਵੀ ਉਹ ਉਨ੍ਹਾਂ ਦੇ ਚਿਤ ਵਿਚ ਟਿਕਿਆ ਨਹੀਂ ਹੈ।

ਮੁਨਿ ਮਨ ਅਨੇਕ ਗੁਨਿ ਗਨ ਮਹਾਨ ॥

ਅਨੇਕ ਮੁਨੀਆਂ ਨੇ ਮਨ ਵਿਚ ਮਹਾਨ ਗੁਣਾਂ ਦੇ

ਬਹੁ ਕਸਟ ਕਰਤ ਨਹੀ ਧਰਤ ਧਿਆਨ ॥੮੬॥

ਪੁੰਜ ਦਾ ਧਿਆਨ ਕਰਦਿਆਂ ਬਹੁਤ ਕਸ਼ਟ ਸਹੇ, ਪਰ (ਫਿਰ ਵੀ) ਧਿਆਨ ਵਿਚ ਨਹੀਂ ਧਾਰਿਆ ਜਾ ਸਕਿਆ ॥੮੬॥

ਜਿਹ ਏਕ ਰੂਪ ਕਿਨੇ ਅਨੇਕ ॥

ਜਿਸ ਨੇ ਇਕ ਰੂਪ ਤੋਂ ਅਨੇਕ ਰੂਪ ਕੀਤੇ ਹਨ

ਅੰਤਹਿ ਸਮੇਯ ਫੁਨਿ ਭਏ ਏਕ ॥

ਅਤੇ ਅੰਤ ਵੇਲੇ ਜੋ ਫਿਰ ਇਕ ਰੂਪ ਹੋ ਗਏ ਹਨ।

ਕਈ ਕੋਟਿ ਜੰਤ ਜੀਵਨ ਉਪਾਇ ॥

(ਜਿਸ ਨੇ) ਕਈ ਕਰੋੜ ਜੀਵ ਜੰਤ ਪੈਦਾ ਕੀਤੇ ਹਨ

ਫਿਰਿ ਅੰਤ ਲੇਤ ਆਪਹਿ ਮਿਲਾਇ ॥੮੭॥

ਅਤੇ ਫਿਰ ਅੰਤ ਵਿਚ ਆਪਣੇ ਵਿਚ ਮਿਲਾ ਲੈਂਦਾ ਹੈ ॥੮੭॥

ਜਿਹ ਜਗਤ ਜੀਵ ਸਬ ਪਰੇ ਸਰਨਿ ॥

ਜਿਸ ਦੀ ਸ਼ਰਨ ਵਿਚ ਸਾਰੇ ਜਗਤ ਦੇ ਜੀਵ ਪਏ ਹਨ

ਮੁਨ ਮਨਿ ਅਨੇਕ ਜਿਹ ਜਪਤ ਚਰਨ ॥

ਅਤੇ ਜਿਸ ਦੇ ਚਰਨ ਅਨੇਕ ਮੁਨੀ ਮਨ ਵਿਚ ਜਪ ਰਹੇ ਹਨ।

ਕਈ ਕਲਪ ਤਿਹੰ ਕਰਤ ਧਿਆਨ ॥

ਉਸ ਦਾ ਧਿਆਨ ਧਰਦਿਆਂ ਕਈ ਕਲਪ (ਯੁਗ) ਬੀਤ ਗਏ ਹਨ,

ਕਹੂੰ ਨ ਦੇਖਿ ਤਿਹ ਬਿਦਿਮਾਨ ॥੮੮॥

ਪਰ ਉਸ ਨੂੰ ਕਿਸੇ ਨੇ ਵੀ ਕਿਤੇ ਵਿਦਮਾਨ ਨਹੀਂ ਵੇਖਿਆ ॥੮੮॥

ਆਭਾ ਅਨੰਤ ਮਹਿਮਾ ਅਪਾਰ ॥

(ਉਸ ਦੀ) ਆਭਾ ਅਨੰਤ ਹੈ ਅਤੇ ਮਹਿਮਾ ਅਪਾਰ ਹੈ।

ਮੁਨ ਮਨਿ ਮਹਾਨ ਅਤ ਹੀ ਉਦਾਰ ॥

(ਉਹ) ਅਤਿਅੰਤ ਉਦਾਰ ਅਤੇ ਮੁਨੀਆਂ ਦੇ ਮਨ (ਵਿਚ ਵਸਣ ਵਾਲਾ) ਮਹਾਨ ਹੈ।

ਆਛਿਜ ਤੇਜ ਸੂਰਤਿ ਅਪਾਰ ॥

(ਉਸ ਦਾ) ਤੇਜ ਅਣਛਿਜ ਹੈ ਅਤੇ ਸੂਰਵੀਰਤਾ ਅਪਾਰ ਹੈ।

ਨਹੀ ਸਕਤ ਬੁਧ ਕਰਿ ਕੈ ਬਿਚਾਰ ॥੮੯॥

ਬੁੱਧੀ (ਉਸ ਦਾ) ਵਿਚਾਰ ਨਹੀਂ ਕਰ ਸਕਦੀ ॥੮੯॥

ਜਿਹ ਆਦਿ ਅੰਤਿ ਏਕਹਿ ਸਰੂਪ ॥

ਜਿਸ ਦਾ ਆਦਿ ਤੋਂ ਅੰਤ ਤਕ ਇਕੋ ਜਿਹਾ ਸਰੂਪ ਹੈ।

ਸੋਭਾ ਅਭੰਗ ਮਹਿਮਾ ਅਨੂਪ ॥

(ਜਿਸ ਦੀ) ਸ਼ੋਭਾ ਭੰਗ ਹੋਣ ਵਾਲੀ ਨਹੀਂ ਅਤੇ ਜਿਸ ਦੀ ਮਹਿਮਾ ਅਨੂਪਮ ਹੈ।

ਜਿਹ ਕੀਨ ਜੋਤਿ ਉਦੋਤ ਸਰਬ ॥

ਜਿਸ ਨੇ ਸਾਰੀਆਂ ਜੋਤਾਂ ਨੂੰ ਪ੍ਰਗਟ ਕੀਤਾ ਹੋਇਆ ਹੈ।

ਜਿਹ ਹਤ੍ਰਯੋ ਸਰਬ ਗਰਬੀਨ ਗਰਬ ॥੯੦॥

ਜਿਸ ਨੇ ਸਾਰਿਆਂ ਹੰਕਾਰੀਆਂ ਦਾ ਗਰਬ ਨਸ਼ਟ ਕੀਤਾ ਹੋਇਆ ਹੈ ॥੯੦॥

ਜਿਹ ਗਰਬਵੰਤ ਏਕੈ ਨ ਰਾਖ ॥

ਜਿਸ ਨੇ ਇਕ ਵੀ ਹੰਕਾਰੀ ਨਹੀਂ ਰਹਿਣ ਦਿੱਤਾ।

ਫਿਰਿ ਕਹੋ ਬੈਣ ਨਹੀ ਬੈਣ ਭਾਖ ॥

(ਉਸ ਨੇ) ਕਦੇ ਬਚਨ ਕਹਿ ਕੇ ਫਿਰ ਬਚਨ ਨਹੀਂ ਕਿਹਾ।

ਇਕ ਬਾਰ ਮਾਰਿ ਮਾਰ੍ਯੋ ਨ ਸਤ੍ਰੁ ॥

(ਉਸ ਨੇ) ਵੈਰੀ ਨੂੰ ਇਕ ਵਾਰ ਮਾਰ ਕੇ ਫਿਰ ਨਹੀਂ ਮਾਰਿਆ।

ਇਕ ਬਾਰ ਡਾਰਿ ਡਾਰਿਓ ਨ ਅਤ੍ਰ ॥੯੧॥

(ਜਿਸ ਨੇ) ਇਕ ਵਾਰ ਤੀਰ ('ਅਤ੍ਰ') ਛਡਿਆ, ਫਿਰ ਨਹੀਂ ਛਡਿਆ ॥੯੧॥

ਸੇਵਕ ਥਾਪਿ ਨਹੀ ਦੂਰ ਕੀਨ ॥

(ਉਸ ਨੇ) ਸੇਵਕਾਂ ਨੂੰ ਥਾਪ ਕੇ (ਫਿਰ) ਦੂਰ ਨਹੀਂ ਕੀਤਾ।

ਲਖਿ ਭਈ ਭੂਲ ਮੁਖਿ ਬਿਹਸ ਦੀਨ ॥

(ਜੇ ਉਸ ਦੀ) ਭੁਲ ਵੇਖ ਲਈ ਤਾਂ ਮੂੰਹ ਤੋਂ ਹਸ ਕੇ (ਬਖ਼ਸ਼) ਦਿੱਤੀ।

ਜਿਹ ਗਹੀ ਬਾਹਿਾਂ ਕਿਨੋ ਨਿਬਾਹ ॥

ਜਿਸ ਦੀ ਬਾਂਹ ਪਕੜੀ, ਉਸ ਨੂੰ (ਅੰਤ ਤਕ) ਨਿਭਾ ਦਿੱਤਾ।

ਤ੍ਰੀਯਾ ਏਕ ਬ੍ਯਾਹਿ ਨਹੀ ਕੀਨ ਬ੍ਯਾਹ ॥੯੨॥

ਇਕ ਇਸਤਰੀ ਵਿਆਹੀ, ਤਾਂ (ਫਿਰ ਦੂਜਾ) ਵਿਆਹ ਨਹੀਂ ਕੀਤਾ ॥੯੨॥

ਰੀਝੰਤ ਕੋਟਿ ਨਹੀ ਕਸਟ ਕੀਨ ॥

ਕਰੋੜਾਂ ਕਸ਼ਟਾਂ (ਤਪਾਂ) ਦੇ ਕਰਨ ਨਾਲ ਵੀ ਨਹੀਂ ਰੀਝਦਾ,

ਸੀਝੰਤ ਏਕ ਹੀ ਨਾਮ ਲੀਨ ॥

ਪਰ ਇਕ ਨਾਮ ਲੈਣ ਨਾਲ ਹੀ ਮੁਕਤੀ ('ਸੀਝੰਤ') ਹੋ ਜਾਂਦੀ ਹੈ।

ਅਨਕਪਟ ਰੂਪ ਅਨਭਉ ਪ੍ਰਕਾਸ ॥

(ਉਹ) ਕਪਟ ਰਹਿਤ ਰੂਪ ਵਾਲਾ ਹੈ ਅਤੇ ਅਨੁਭਵ ਦੁਆਰਾ ਪ੍ਰਕਾਸ਼ਿਤ ਹੁੰਦਾ ਹੈ।

ਖੜਗਨ ਸਪੰਨਿ ਨਿਸ ਦਿਨ ਨਿਰਾਸ ॥੯੩॥

(ਉਹ) ਛੇ ਗੁਣਾਂ ਨਾਲ ਪਰਿਪੂਰਣ ਹੈ ਅਤੇ ਰਾਤ ਦਿਨ ਆਸਾਂ ਤੋਂ ਮੁਕਤ ਰਹਿੰਦਾ ਹੈ ॥੯੩॥

ਪਰਮੰ ਪਵਿਤ੍ਰ ਪੂਰਣ ਪੁਰਾਣ ॥

ਉਹ ਪਰਮ ਪਵਿਤ੍ਰ ਅਤੇ ਪੂਰੀ ਤਰ੍ਹਾਂ ਪੁਰਾਣ (ਪੁਰਸ਼) ਹੈ।

ਮਹਿਮਾ ਅਭੰਗ ਸੋਭਾ ਨਿਧਾਨ ॥

(ਉਸ ਦੀ) ਮਹਿਮਾ ਅਭੰਗ ਹੈ ਅਤੇ ਸ਼ੋਭਾ ਦਾ ਖ਼ਜ਼ਾਨਾ ਹੈ।

ਪਾਵਨ ਪ੍ਰਸਿਧ ਪਰਮੰ ਪੁਨੀਤ ॥

ਉਹ ਪਵਿਤ੍ਰ, ਪ੍ਰਸਿੱਧ ਅਤੇ ਪਰਮ ਪੁਨੀਤ ਹੈ।

ਆਜਾਨ ਬਾਹੁ ਅਨਭੈ ਅਜੀਤ ॥੯੪॥

(ਉਸ ਦੀਆਂ) ਬਾਂਹਵਾਂ ਗੋਡਿਆਂ ਤਕ ਲੰਬੀਆਂ ਹਨ, ਭੈ ਰਹਿਤ ਹੈ ਅਤੇ ਜਿਤਿਆ ਨਹੀਂ ਜਾ ਸਕਦਾ ॥੯੪॥

ਕਈ ਕੋਟਿ ਇੰਦ੍ਰ ਜਿਹ ਪਾਨਿਹਾਰ ॥

ਜਿਸ ਦੇ ਕਈ ਕਰੋੜ ਇੰਦਰ ਪਾਣੀ ਭਰਨ ਵਾਲੇ ਹਨ।

ਕਈ ਚੰਦ ਸੂਰ ਕ੍ਰਿਸਨਾਵਤਾਰ ॥

ਕਿਤਨੇ ਹੀ ਚੰਦ੍ਰਮਾ, ਸੂਰਜ ਅਤੇ ਕ੍ਰਿਸ਼ਨ ਅਵਤਾਰ ਹਨ।

ਕਈ ਬਿਸਨ ਰੁਦ੍ਰ ਰਾਮਾ ਰਸੂਲ ॥

ਕਈ ਵਿਸ਼ਣੂ, ਰੁਦ੍ਰ, ਰਾਮ ਅਤੇ ਰਸੂਲ (ਮੁਹੰਮਦ) ਹਨ।

ਬਿਨੁ ਭਗਤਿ ਯੌ ਨ ਕੋਈ ਕਬੂਲ ॥੯੫॥

ਪਰ (ਸੱਚੀ) ਭਗਤੀ ਤੋਂ ਬਿਨਾ ਕੋਈ ਵੀ ਪ੍ਰਵਾਨ ਨਹੀਂ ਹੈ ॥੯੫॥

ਕਈ ਦਤ ਸਤ ਗੋਰਖ ਦੇਵ ॥

ਕਿਤਨੇ ਹੀ ਦੱਤ, ਸੱਤ (ਵਾਦੀ) ਗੋਰਖ ਦੇਵ,

ਮੁਨਮਨਿ ਮਛਿੰਦ੍ਰ ਨਹੀ ਲਖਤ ਭੇਵ ॥

ਮਨਨਸ਼ੀਲ ਮੁਨੀ ਅਤੇ ਮਛਿੰਦ੍ਰ ਵੀ (ਜਿਸ ਦਾ) ਭੇਦ ਨਹੀਂ ਪਾ ਸਕਦੇ।

ਬਹੁ ਭਾਤਿ ਮੰਤ੍ਰ ਮਤ ਕੈ ਪ੍ਰਕਾਸ ॥

(ਉਹ) ਬਹੁਤ ਤਰ੍ਹਾਂ ਦੇ ਮੰਤਰਾਂ ਦੁਆਰਾ (ਆਪਣੇ) ਮਤ ਦਾ ਪ੍ਰਕਾਸ਼ ਕਰਦੇ ਹਨ।

ਬਿਨੁ ਏਕ ਆਸ ਸਭ ਹੀ ਨਿਰਾਸ ॥੯੬॥

ਪਰੰਤੂ ਇਕ ਦੀ ਆਸ ਤੋਂ ਬਿਨਾ ਸਭ ਨਿਰਾਸ ਹੀ ਰਹਿੰਦੇ ਹਨ ॥੯੬॥

ਜਿਹ ਨੇਤਿ ਨੇਤਿ ਭਾਖਤ ਨਿਗਮ ॥

ਜਿਸ ਨੂੰ ਵੇਦ ਨੇਤਿ ਨੇਤਿ ਕਹਿੰਦੇ ਹਨ,

ਕਰਤਾਰ ਸਰਬ ਕਾਰਣ ਅਗਮ ॥

(ਜੋ) ਕਰਤਾਰ ਸਾਰੇ ਕਾਰਨਾਂ ਦੀ ਪਹੁੰਚ ਤੋਂ ਪਰੇ ਹੈ।

ਜਿਹ ਲਖਤ ਕੋਈ ਨਹੀ ਕਉਨ ਜਾਤਿ ॥

ਜਿਸ ਨੂੰ ਕੋਈ ਨਹੀਂ ਜਾਣਦਾ ਕਿ ਕਿਸ ਜਾਤਿ ਦਾ ਹੈ।

ਜਿਹ ਨਾਹਿ ਪਿਤਾ ਭ੍ਰਿਤ ਤਾਤ ਮਾਤ ॥੯੭॥

ਜਿਸ ਦਾ ਕੋਈ ਪਿਤਾ, ਭਰਾ, ਪੁੱਤਰ ਅਤੇ ਮਾਤਾ ਨਹੀਂ ਹੈ ॥੯੭॥

ਜਾਨੀ ਨ ਜਾਤ ਜਿਹ ਰੰਗ ਰੂਪ ॥

ਜਿਸ ਦਾ ਰੰਗ ਰੂਪ ਨਹੀਂ ਜਾਣਿਆ ਜਾਂਦਾ।

ਸਾਹਾਨ ਸਾਹਿ ਭੂਪਾਨ ਭੂਪ ॥

ਜੋ ਸ਼ਾਹਾਂ ਦਾ ਸ਼ਾਹ ਅਤੇ ਰਾਜਿਆਂ ਦਾ ਰਾਜਾ ਹੈ।

ਜਿਹ ਬਰਣ ਜਾਤਿ ਨਹੀ ਕ੍ਰਿਤ ਅਨੰਤ ॥

ਜਿਸ ਦਾ ਵਰਣ ਅਤੇ ਜਾਤਿ ਨਹੀਂ ਹੈ ਅਤੇ ਜਿਸ ਦੀ ਕ੍ਰਿਤ (ਕੀਰਤੀ) ਅਨੰਤ ਹੈ।

ਆਦੋ ਅਪਾਰ ਨਿਰਬਿਖ ਬਿਅੰਤ ॥੯੮॥

ਜੋ ਸ਼ੁਰੂ ਤੋਂ ਹੀ ਅਪਾਰ, ਬੇਅੰਤ ਅਤੇ ਵਿਸ਼ਿਆਂ ਤੋਂ ਮੁਕਤ ਹੈ ॥੯੮॥

ਬਰਣੀ ਨ ਜਾਤਿ ਜਿਹ ਰੰਗ ਰੇਖ ॥

ਜਿਸ ਦੇ ਰੰਗ ਅਤੇ ਰੇਖ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

ਅਤਭੁਤ ਅਨੰਤ ਅਤਿ ਬਲ ਅਭੇਖ ॥

(ਜੋ) ਅਦਭੁਤ, ਅਨੰਤ, ਅਤਿ ਬਲਵਾਨ ਅਤੇ ਭੇਖ ਤੋਂ ਰਹਿਤ ਹੈ।

ਅਨਖੰਡ ਚਿਤ ਅਬਿਕਾਰ ਰੂਪ ॥

(ਜੋ) ਅਖੰਡ ਚਿਤ ਵਾਲਾ ਅਤੇ ਵਿਕਾਰਾਂ ਤੋਂ ਰਹਿਤ ਰੂਪ ਵਾਲਾ ਹੈ।

ਦੇਵਾਨ ਦੇਵ ਮਹਿਮਾ ਅਨੂਪ ॥੯੯॥

(ਜੋ) ਦੇਵਤਿਆਂ ਦਾ ਦੇਵਤਾ ਅਤੇ ਅਨੂਪਮ ਮਹਿਮਾ ਵਾਲਾ ਹੈ ॥੯੯॥

ਉਸਤਤੀ ਨਿੰਦ ਜਿਹ ਇਕ ਸਮਾਨ ॥

ਜਿਸ ਨੂੰ ਉਸਤਤ ਅਤੇ ਨਿੰਦਿਆ ਇਕ ਸਮਾਨ ਹੈ,

ਆਭਾ ਅਖੰਡ ਮਹਿਮਾ ਮਹਾਨ ॥

(ਜਿਸ ਦੀ) ਆਭਾ ਅਖੰਡ ਹੈ ਅਤੇ ਮਹਿਮਾ ਮਹਾਨ ਹੈ।

ਅਬਿਕਾਰ ਚਿਤ ਅਨੁਭਵ ਪ੍ਰਕਾਸ ॥

(ਜਿਸ ਦਾ) ਚਿਤ ਵਿਕਾਰ ਤੋਂ ਰਹਿਤ ਹੈ ਅਤੇ ਅਨੁਭਵ ਦੁਆਰਾ ਪ੍ਰਕਾਸ਼ਿਤ ਹੁੰਦਾ ਹੈ।

ਘਟਿ ਘਟਿ ਬਿਯਾਪ ਨਿਸ ਦਿਨ ਉਦਾਸ ॥੧੦੦॥

(ਜੋ) ਘਟ ਘਟ ਵਿਚ ਵਿਆਪ ਰਿਹਾ ਹੈ ਅਤੇ ਰਾਤ ਦਿਨ ਉਦਾਸ (ਵਿਰਕਤ) ਰਹਿੰਦਾ ਹੈ ॥੧੦੦॥

ਇਹ ਭਾਤਿ ਦਤ ਉਸਤਤਿ ਉਚਾਰ ॥

ਦੱਤ ਨੇ ਇਸ ਤਰ੍ਹਾਂ ਦੀ ਉਸਤਤ ਦਾ ਉਚਾਰਨ ਕੀਤਾ।

ਡੰਡਵਤ ਕੀਨ ਅਤ੍ਰਿਜ ਉਦਾਰ ॥

ਉਦਾਰ ਅਤ੍ਰੀ ਮੁਨੀ ਦੇ ਪੁੱਤਰ (ਦੱਤ) ਨੇ ਦੰਡਵਤ ਪ੍ਰਨਾਮ ਕੀਤਾ।


Flag Counter