ਸ਼੍ਰੀ ਦਸਮ ਗ੍ਰੰਥ

ਅੰਗ - 1025


ਰੋਸ ਕਿਯੋ ਤਾ ਪੈ ਹਜਰਤਿ ਅਤਿ ॥

ਉਸ ਉਤੇ ਬਾਦਸ਼ਾਹ ਨੇ ਬਹੁਤ ਗੁੱਸਾ ਕੀਤਾ।

ਮੁਹਿੰਮ ਸੈਦ ਖਾ ਕਰੀ ਬਿਕਟ ਮਤਿ ॥

ਕਠੋਰ ਮਤ ਵਾਲੇ ਸੈਦ ਖ਼ਾਨ ਨੂੰ (ਉਸ ਨੂੰ ਪਕੜਨ ਲਈ) ਮੁਹਿੰਮ ਉਤੇ ਚੜ੍ਹਾ ਦਿੱਤਾ।

ਤਾਹਿ ਮਿਲਾਇ ਬਹੁਰਿ ਗਹਿ ਲੀਨੋ ॥

ਉਸ ਨੂੰ ਮਿਲ ਕੇ ਫਿਰ ਪਕੜ ਲਿਆ

ਮੁਲਤਾਨ ਓਰ ਪਯਾਨੋ ਕੀਨੋ ॥੨॥

ਅਤੇ ਮੁਲਤਾਨ ਵਲ ਚਲ ਪਿਆ ॥੨॥

ਬੰਧ੍ਰਯੋ ਰਾਵ ਬਾਲਨ ਸੁਨਿ ਪਾਯੋ ॥

ਰਾਜਾ ਪਕੜ ਲਿਆ ਗਿਆ ਹੈ, (ਇਹ ਗੱਲ) ਇਸਤਰੀਆਂ ਨੇ ਸੁਣ ਲਈ।

ਸਕਲ ਪੁਰਖ ਕੋ ਭੇਖ ਬਨਾਯੋ ॥

(ਉਨ੍ਹਾਂ ਨੇ) ਸਾਰਾ ਮਰਦਾਵਾਂ ਭੇਸ ਬਣਾ ਲਿਆ।

ਬਾਲੋਚੀ ਸੈਨਾ ਸਭ ਜੋਰੀ ॥

ਸਾਰੀ ਬਲੋਚੀ ਸੈਨਾ ਨੂੰ ਇਕੱਠਾ ਕਰ ਲਿਆ

ਭਾਤਿ ਭਾਤਿ ਅਰਿ ਪ੍ਰਤਿਨਾ ਤੋਰੀ ॥੩॥

ਅਤੇ ਭਾਂਤ ਭਾਂਤ ਨਾਲ ਵੈਰੀ ਦੀ ਸੈਨਾ ਨੂੰ ਤੋੜ ਦਿੱਤਾ ॥੩॥

ਦੋਹਰਾ ॥

ਦੋਹਰਾ:

ਘੇਰਿ ਸੈਦ ਖਾ ਕੌ ਤ੍ਰਿਯਨ ਐਸੇ ਕਹਿਯੋ ਸੁਨਾਇ ॥

ਸੈਦ ਖ਼ਾਨ ਨੂੰ ਘੇਰ ਕੇ ਇਸਤਰੀਆਂ ਨੇ ਇਸ ਤਰ੍ਹਾਂ ਸੁਣਾ ਕੇ ਕਿਹਾ,

ਕੈ ਹਮਰੋ ਪਤਿ ਛੋਰਿਯੈ ਕੈ ਲਰਿਯੈ ਸਮੁਹਾਇ ॥੪॥

ਜਾਂ ਤਾਂ ਸਾਡਾ ਪਤੀ ਛਡ ਦੇ ਜਾਂ ਫਿਰ ਸਾਡੇ ਨਾਲ ਸਾਹਮਣੇ ਹੋ ਕੇ ਲੜ ॥੪॥

ਅੜਿਲ ॥

ਅੜਿਲ:

ਸੈਦ ਖਾਨ ਐਸੇ ਬਚਨਨ ਸੁਨਿ ਪਾਇ ਕੈ ॥

ਸੈਦ ਖ਼ਾਨ ਅਜਿਹੇ ਬਚਨ ਸੁਣ ਕੇ

ਚੜਿਯੋ ਜੋਰਿ ਦਲੁ ਪ੍ਰਬਲ ਸੁ ਕੋਪ ਬਢਾਇ ਕੈ ॥

ਅਤੇ ਕ੍ਰੋਧਿਤ ਹੋ ਕੇ ਬਹੁਤ ਸਾਰੀ ਸੈਨਾ ਇਕੱਠੀ ਕਰ ਕੇ ਚਲ ਪਿਆ।

ਹੈ ਗੈ ਪੈਦਲ ਬਹੁ ਬਿਧਿ ਦਏ ਸੰਘਾਰਿ ਕੈ ॥

ਹਾਥੀ, ਘੋੜੇ, ਪੈਦਲ ਆਦਿ ਨੂੰ ਸੰਘਾਰ ਕੇ

ਹੋ ਸੂਰਬੀਰ ਬਾਕਨ ਕੌ ਬਾਨ ਪ੍ਰਹਾਰਿ ਕੈ ॥੫॥

ਅਤੇ ਬਾਂਕੇ ਯੋਧਿਆਂ ਨੂੰ ਤੀਰ ਮਾਰ ਕੇ (ਕਈ ਤਰ੍ਹਾਂ ਦਾ ਯੁੱਧ ਕੀਤਾ) ॥੫॥

ਭੁਜੰਗ ਛੰਦ ॥

ਭੁਜੰਗ ਛੰਦ:

ਬਜੀ ਭੇਰ ਭਾਰੀ ਮਹਾ ਸੂਰ ਗਾਜੇ ॥

ਭਾਰੀ ਭੇਰੀ ਵਜੀ ਹੈ ਅਤੇ ਮਹਾਨ ਸੂਰਮੇ ਗੱਜਣ ਲਗੇ ਹਨ।

ਬੰਧੇ ਬੀਰ ਬਾਨਾਨ ਬਾਕੇ ਬਿਰਾਜੇ ॥

ਸੁੰਦਰ ਸੂਰਮੇ ਬਾਣਾਂ ਨੂੰ ਬੰਨ੍ਹ ਕੇ ਆ ਬਿਰਾਜੇ ਹਨ।

ਕਿਤੇ ਸੂਲ ਸੈਥੀਨ ਕੇ ਘਾਇ ਘਾਏ ॥

ਕਿਤੇ ਤ੍ਰਿਸ਼ੂਲਾਂ ਅਤੇ ਸੈਹਥੀਆਂ ਦੇ ਘਾਓ ਲਗੇ ਹਨ।

ਮਰੇ ਜੂਝਿ ਜਾਹਾਨ ਮਾਨੋ ਨ ਆਏ ॥੬॥

ਜੋ (ਯੁੱਧਭੂਮੀ ਵਿਚ) ਜੂਝ ਮਰੇ ਹਨ, ਉਹ ਮਾਨੋ ਇਸ ਸੰਸਾਰ ਵਿਚ ਆਏ ਹੀ ਨਾ ਹੋਣ ॥੬॥

ਗਜੈ ਰਾਜ ਜੂਝੈ ਕਿਤੇ ਬਾਜ ਮਾਰੇ ॥

ਕਿਤੇ ਹਾਥੀ ਮਾਰੇ ਗਏ ਹਨ ਅਤੇ ਕਿਤੇ ਘੋੜੇ ਮਾਰੇ ਗਏ ਹਨ।

ਕਹੂੰ ਰਾਜ ਘੂਮੈ ਕਹੂੰ ਤਾਜ ਡਾਰੇ ॥

ਕਿਤੇ ਰਾਜੇ ਘੁੰਮ ਰਹੇ ਹਨ ਅਤੇ ਕਿਤੇ ਤਾਜ ਪਏ ਹਨ।

ਕਿਤੇ ਪਾਕ ਸਾਹੀਦ ਮੈਦਾਨ ਹੂਏ ॥

ਕਿਤਨੇ ਹੀ ਯੁੱਧ-ਭੂਮੀ ਵਿਚ ਸ਼ਹੀਦ ਹੋ ਕੇ ਪਵਿਤ੍ਰ ਹੋ ਗਏ ਹਨ

ਬਸੇ ਸ੍ਵਰਗ ਮੋ ਜਾਇ ਮਾਨੋ ਨ ਮੂਏ ॥੭॥

ਅਤੇ ਸਵਰਗ ਵਿਚ ਜਾ ਵਸੇ ਹਨ ਮਾਨੋ ਮੋਏ ਹੀ ਨਾ ਹੋਣ ॥੭॥

ਚੌਪਈ ॥

ਚੌਪਈ:

ਖੈਰੀ ਜਾਹਿ ਖਗ ਗਹਿ ਮਾਰੈ ॥

ਖੈਰੀ ਤਲਵਾਰ ਪਕੜ ਕੇ ਜਿਨ੍ਹਾਂ ਨੂੰ ਮਾਰਦੀ ਸੀ,

ਗਿਰੈ ਭੂਮਿ ਨ ਰਤੀਕ ਸੰਭਾਰੈ ॥

ਉਹ ਧਰਤੀ ਉਤੇ ਡਿਗ ਪੈਂਦੇ ਸਨ ਅਤੇ ਰਤੀ ਭਰ ਵੀ ਨਹੀਂ ਸੰਭਲਦੇ ਸਨ।

ਸੰਮੀ ਨਿਰਖਿ ਜਾਹਿ ਸਰ ਛੋਰੈ ॥

ਸੰਮੀ ਜਿਸ ਨੂੰ ਵੇਖ ਕੇ ਬਾਣ ਛਡਦੀ ਸੀ,

ਏਕੈ ਬਾਨ ਮੂੰਡ ਅਰਿ ਤੋਰੈ ॥੮॥

(ਉਹ) ਇਕੋ ਬਾਣ ਨਾਲ ਵੈਰੀ ਦਾ ਸਿਰ ਪਾੜ ਦਿੰਦੀ ਸੀ ॥੮॥

ਸਵੈਯਾ ॥

ਸਵੈਯਾ:

ਖਗ ਪਰੇ ਕਹੂੰ ਖੋਲ ਝਰੇ ਕਹੂੰ ਟੂਕ ਗਿਰੇ ਛਿਤ ਤਾਜਨ ਕੇ ॥

ਕਿਤੇ ਤਲਵਾਰਾਂ ਪਈਆਂ ਹਨ ਕਿਤੇ ਮਿਆਨ ਪਏ ਹਨ, ਕਿਤੇ ਧਰਤੀ ਉਤੇ ਤਾਜਾਂ ਦੇ ਟੁਕੜੇ ਡਿਗੇ ਪਏ ਹਨ।

ਅਰੁ ਬਾਨ ਕਹੂੰ ਬਰਛੀ ਕਤਹੂੰ ਕਹੂੰ ਅੰਗ ਕਟੇ ਬਰ ਬਾਜਨ ਕੇ ॥

ਕਿਤੇ ਬਾਣ, ਕਿਤੇ ਬਰਛੀਆਂ ਅਤੇ ਕਿਤੇ ਘੋੜਿਆਂ ਦੇ ਅੰਗ ਕਟੇ ਹੋਏ ਪਏ ਹਨ।

ਕਹੂੰ ਬੀਰ ਪਰੈ ਕਹੂੰ ਚੀਰ ਦਿਪੈ ਕਹੂੰ ਸੂੰਡ ਗਿਰੇ ਗਜਰਾਜਨ ਕੇ ॥

ਕਿਤੇ ਸੂਰਮੇ ਪਏ ਹਨ ਕਿਤੇ ਬਸਤ੍ਰ ਸ਼ੋਭ ਰਹੇ ਹਨ ਅਤੇ ਕਿਤੇ ਹਾਥੀਆਂ ਦੇ ਸੁੰਡ ਡਿਗੇ ਪਏ ਹਨ।

ਅਤਿ ਮਾਰਿ ਪਰੀ ਨ ਸੰਭਾਰਿ ਰਹੀ ਸਭ ਭਾਜਿ ਚਲੇ ਸੁਤ ਰਾਜਨ ਕੇ ॥੯॥

ਬਹੁਤ ਅਧਿਕ ਮਾਰ ਪਈ ਹੈ, (ਕਿਸੇ ਨੂੰ ਕੋਈ) ਸੰਭਾਲ ਨਹੀਂ ਰਹੀ ਹੈ ਅਤੇ ਸਭ ਰਾਜ ਕੁਮਾਰ ਭਜ ਚਲੇ ਹਨ ॥੯॥

ਚੌਪਈ ॥

ਚੌਪਈ:

ਕੇਤੇ ਬਿਕਟ ਸੁਭਟ ਕਟਿ ਡਾਰੇ ॥

ਕਿਤਨੇ ਹੀ ਭਿਆਨਕ ਸੂਰਮੇ ਕਟ ਦਿੱਤੇ ਗਏ ਹਨ।

ਕੇਤੇ ਕਰੀ ਹਨੇ ਮਤਵਾਰੇ ॥

ਕਈ ਮਸਤ ਹਾਥੀ ਮਾਰੇ ਗਏ ਹਨ।

ਦਲ ਪੈਦਲ ਕੇਤੇ ਰਨ ਘਾਏ ॥

ਕਿਤਨੇ ਹੀ ਪੈਦਲ ਰਣ ਵਿਚ ਮਾਰੇ ਗਏ ਹਨ।

ਜਿਯਤ ਬਚੇ ਲੈ ਪ੍ਰਾਨ ਪਰਾਏ ॥੧੦॥

ਜੋ ਜੀਉਂਦੇ ਬਚ ਗਏ ਹਨ, ਉਹ ਪ੍ਰਾਣ ਬਚਾ ਕੇ ਭਜ ਗਏ ਹਨ ॥੧੦॥

ਖੈਰੀ ਸੰਮੀ ਜਾਤ ਭਈ ਤਹਾ ॥

ਖੈਰੀ ਅਤੇ ਸੰਮੀ ਉਥੇ ਜਾ ਪਹੁੰਚੀਆਂ

ਠਾਢੋ ਸੈਦ ਖਾਨ ਥੋ ਜਹਾ ॥

ਜਿਥੇ ਸੈਦ ਖ਼ਾਨ ਖੜੋਤਾ ਸੀ।

ਨਿਜੁ ਹਥਿਯਹਿ ਜੰਜੀਰਹਿ ਡਾਰੇ ॥

ਆਪਣੇ ਹਾਥੀਆਂ ਦੀਆਂ ਜ਼ੰਜੀਰਾਂ (ਧਰਤੀ ਉਤੇ) ਸੁਟ ਦਿੱਤੀਆਂ

ਤਹੀ ਜਾਇ ਝਾਰੀ ਤਰਵਾਰੈ ॥੧੧॥

ਅਤੇ ਉਥੇ ਜਾ ਕੇ ਤਲਵਾਰਾਂ ਝਾੜੀਆਂ ॥੧੧॥

ਖੁਨਸਿ ਖਗ ਖਤ੍ਰਿਯਹਿ ਪ੍ਰਹਾਰਿਯੋ ॥

ਖੁਣਸ ਖਾ ਕੇ ਛਤ੍ਰੀ ਸੂਰਮੇ ਉਤੇ ਤਲਵਾਰ ਦਾ ਵਾਰ ਕੀਤਾ।

ਪ੍ਰਥਮ ਕਰੀ ਕਰ ਕੌ ਕਟਿ ਡਾਰਿਯੋ ॥

ਪਹਿਲਾਂ ਹਾਥੀ ਦੀ ਸੁੰਡ ਕਟ ਦਿੱਤੀ।

ਬਹੁਰਿ ਖਾਨ ਕੌ ਤੇਗ ਚਲਾਈ ॥

ਫਿਰ ਖ਼ਾਨ ਉਤੇ ਖੜਗ ਦਾ ਹਮਲਾ ਕੀਤਾ।

ਗ੍ਰੀਵਾ ਬਚੀ ਨਾਕ ਪਰ ਆਈ ॥੧੨॥

ਗਰਦਨ ਤਾਂ ਬਚ ਗਈ, ਪਰ ਨੱਕ ਉਤੇ ਆ ਵਜੀ ॥੧੨॥


Flag Counter