ਇਕੋ ਇਕ ਰਾਜੇ ਦੀ ਬਹਾਦਰੀ ਨੂੰ ਵੇਖ ਕੇ, ਯੋਧੇ ਯੁੱਧ ਖੇਤਰ ਵਿਚ ਠਠੰਬਰ ਗਏ ਹਨ ॥੧੫੮੮॥
ਇੰਦਰ ('ਸਤਿਕ੍ਰਿਤ') ਦਾ ਇਕ ਵੱਡਾ ਹਾਥੀ ਕ੍ਰੋਧਵਾਨ ਹੋ ਕੇ ਰਾਜਾ (ਖੜਗ ਸਿੰਘ) ਉਪਰ ਚੜ੍ਹ ਆਇਆ ਹੈ।
ਆਉਂਦਿਆਂ ਹੀ ਬਦਲ ਵਾਂਗ ਗੱਜਣ ਲਗਾ ਹੈ ਅਤੇ ਰਣਖੇਤਰ ਵਿਚ ਆਪਣੇ ਬਹੁਤੇ ਬਲ ਦਾ ਅਹਿਸਾਸ ਕਰਾਉਣ ਲਗਾ ਹੈ।
ਰਾਜੇ ਨੇ ਉਸ ਨੂੰ ਵੇਖ ਕੇ ਹੱਥ ਵਿਚ ਤਲਵਾਰ ਫੜ ਲਈ ਹੈ ਅਤੇ ਉਸੇ ਵੇਲੇ ਉਸ ਦੇ ਸੁੰਡ ਰੂਪ ਹੱਥ ਨੂੰ ਕਟ ਦਿੱਤਾ ਹੈ (ਅਤੇ ਉਹ) ਭਜ ਗਿਆ ਹੈ।
(ਕਵੀ ਦੇ) ਮਨ ਵਿਚ (ਉਸ ਦੀ) ਉਪਮਾ ਇਸ ਤਰ੍ਹਾਂ ਉਪਜੀ ਹੈ ਮਾਨੋ ਹਾਥੀ ਸੁੰਡ ਨੂੰ ਘਰ ਹੀ ਰਖ ਕੇ ਆਇਆ ਹੋਵੇ ॥੧੫੮੯॥
ਦੋਹਰਾ:
(ਕਵੀ) ਸ਼ਿਆਮ ਕਹਿੰਦੇ ਹਨ, ਇਧਰ ਇਸ ਤਰ੍ਹਾਂ ਯੁੱਧ ਹੋ ਰਿਹਾ ਸੀ,
ਉਧਰ ਸ੍ਰੀ ਕ੍ਰਿਸ਼ਨ ਦੀ ਸਹਾਇਤਾ ਲਈ ਪੰਜੇ ਪਾਂਡਵ ਉਥੇ ਆ ਪਹੁੰਚੇ ਹਨ ॥੧੫੯੦॥
(ਉਨ੍ਹਾਂ ਪਾਂਡਵਾਂ ਨੇ) ਰਥ, ਪੈਦਲ, ਘੋੜੇ ਅਤੇ ਹਾਥੀ ਵਾਲੀ ਬਹੁਤ ਸਾਰੀ ਅਛੋਹਣੀ ਸੈਨਾ (ਨਾਲ) ਲਈ ਹੋਈ ਹੈ।
(ਕਵੀ) ਸ਼ਿਆਮ ਕਹਿੰਦੇ ਹਨ, ਕ੍ਰਿਸ਼ਨ ਦੇ ਕੰਮ ਨੂੰ ਸੰਵਾਰਨ ਲਈ ਉਥੇ ਆ ਗਏ ਹਨ ॥੧੫੯੧॥
ਉਸ ਸੈਨਾ ਦੇ ਨਾਲ ਦੋ ਅਛੋਹਣੀਆਂ ਮਲੇਛਾਂ ਦੀਆਂ ਵੀ ਹਨ,
(ਜਿਨ੍ਹਾਂ ਵਿਚ ਕਈ) ਕਵਚ-ਧਾਰੀ ਹਨ, (ਕਈ) ਖੜਗ-ਧਾਰੀ ਹਨ, (ਕਈ) ਸ਼ਕਤੀ-ਧਾਰੀ ਹਨ ਅਤੇ ਲਕ ਨਾਲ ਭੱਥੇ ਕਸੇ ਹੋਏ ਹਨ ॥੧੫੯੨॥
ਸਵੈਯਾ:
ਮੀਰ, ਸੱਯਦ, ਸ਼ੇਖ, ਪਠਾਣ ਆਦਿ ਸਾਰੇ ਰਾਜਾ (ਖੜਗ ਸਿੰਘ) ਦੇ ਉਪਰ ਚੜ੍ਹ ਆਏ ਹਨ।
(ਉਨ੍ਹਾਂ ਨੇ) ਕਵਚ (ਧਾਰਨ ਕੀਤੇ ਹੇਏ ਹਨ) ਅਤੇ ਲੱਕਾਂ ਨਾਲ ਭੱਥੇ ਕਸੇ ਹੋਏ ਹਨ ਅਤੇ ਸਾਰਿਆਂ ਨੇ ਹੱਥਾਂ ਵਿਚ ਸ਼ਸਤ੍ਰ ਲੈ ਕੇ ਕ੍ਰੋਧ ਨੂੰ ਵਧਾਇਆ ਹੋਇਆ ਹੈ।
(ਉਨ੍ਹਾਂ ਨੇ) ਅੱਖਾਂ ਤ੍ਰੇੜ ਕੇ ਅਤੇ ਦੰਦਾਂ ਨਾਲ ਦੋਹਾਂ ਹੋਠਾਂ ਨੂੰ ਪੀਹ ਕੇ ਅਤੇ ਭੌਂਹ ਨਾਲ ਭੌਂਹ ਚੜ੍ਹਾਈ ਹੋਈ ਹੈ।
ਚੌਹਾਂ ਪਾਸਿਆਂ ਤੋਂ ਲਲਕਾਰਾ ਮਾਰ ਕੇ ਆ ਪਏ ਹਨ ਅਤੇ ਉਨ੍ਹਾਂ ਨੇ ਰਾਜੇ ਨੂੰ ਬਹੁਤ ਸਾਰੇ ਘਾਓ ਲਗਾਏ ਹਨ ॥੧੫੯੩॥
ਦੋਹਰਾ:
(ਉਨ੍ਹਾਂ) ਸਾਰਿਆਂ ਵਲੋਂ ਕੀਤੇ ਜ਼ਖ਼ਮਾਂ ਨੂੰ ਸਹਾਰ ਕੇ ਰਾਜੇ ਨੇ ਮਨ ਵਿਚ ਬਹੁਤ ਕ੍ਰੋਧ ਵਧਾ ਲਿਆ
ਅਤੇ ਹੱਥ ਵਿਚ ਧਨੁਸ਼ ਬਾਣ ਪਕੜ ਕੇ ਬਹੁਤ ਸਾਰੇ ਵੈਰੀਆਂ ਨੂੰ ਯਮਲੋਕ ਵਿਚ ਭੇਜ ਦਿੱਤਾ ਹੈ ॥੧੫੯੪॥
ਕਬਿੱਤ:
ਸ਼ੇਰ ਖਾਨ ਨੂੰ ਮਾਰ ਦਿੱਤਾ ਹੈ ਅਤੇ ਸੈਦ ਖਾਨ ਦਾ ਸਿਰ ਕਟ ਕੇ ਸੁਟ ਦਿੱਤਾ ਹੈ। ਇਸ ਤਰ੍ਹਾਂ ਦਾ ਯੁੱਧ ਮਚਾ ਕੇ ਸੱਯਦਾਂ (ਦੀ ਸੈਨਾ) ਵਿਚ ਧਾ ਕੇ ਪੈ ਗਿਆ ਹੈ।
'ਸੈਦ ਮੀਰ' ਨੂੰ ਮਾਰ ਦਿੱਤਾ ਹੈ ਅਤੇ 'ਸੈਦ ਨਾਹਰ' ਦਾ ਬਧ ਕਰ ਦਿੱਤਾ ਹੈ। ਸ਼ੇਖਾਂ ਦੀ ਸੈਨਾ ਦੇ ਪੈਰ ਉਖਾੜ ਦਿੱਤੇ ਹਨ।
ਸੇਖ ਸਾਦਕ ਫ਼ਰੀਦ ਨੇ ਚੰਗੀ ਤਰ੍ਹਾਂ ਯੁੱਧ ਕੀਤਾ ਹੈ ਅਤੇ ਰਾਜੇ ਦੇ ਸ਼ਰੀਰ ਉਤੇ ਘਾਉ ਲਗਾਇਆ ਹੈ ਅਤੇ ਆਪ ਜ਼ਖ਼ਮ ਖਾ ਕੇ ਧਰਤੀ ਉਤੇ ਡਿਗ ਪਿਆ ਹੈ।