ਜਿਨ੍ਹਾਂ ਦੀਆਂ ਦੋਵੇਂ ਭੌਆਂ (ਕਮਾਨ ਵਰਗੀਆਂ) ਹਨ ਅਤੇ ਅੱਖੀਆਂ ਮਾਨੋ ਤੀਰ ਹਨ ਜੋ ਕਾਮ ਦੀ ਸਾਣ ਉਤੇ ਚੜ੍ਹਾ ਕੇ ਤਿਖੇ ਕੀਤੇ ਹੋਏ ਹਨ।
ਜਿਸ ਨੂੰ ਵੇਖ ਕੇ ਬਹੁਤ ਸੁਖ ਹੁੰਦਾ ਹੈ ਅਤੇ ਨਾ ਦੇਖਣ ਨਾਲ ਉਦਾਸੀ ਹੁੰਦੀ ਹੈ।
ਕ੍ਰਿਸ਼ਨ ਤੋਂ ਬਿਨਾ ਮਾਨੋ ਕਮਲ-ਮੁਖੀ ਜਲ ਉਤੇ ਹੁੰਦੀ ਹੋਈ ਵੀ ਸੁਕ ਕੇ ਜ਼ਰਾ ਜਿੰਨੀ ਹੋ ਜਾਂਦੀ ਹੈ ॥੮੧੧॥
ਰਥ ਉਤੇ ਚੜ੍ਹਾ ਕੇ ਸਾਰੇ ਗਵਾਲੇ ਸ੍ਰੀ ਕ੍ਰਿਸ਼ਨ ਨੂੰ ਨਾਲ ਲੈ ਕੇ ਉਧਰ (ਮਥੁਰਾ) ਨੂੰ ਗਏ ਹਨ।
ਗੋਪੀਆਂ ਘਰ ਵਿਚ ਹੀ ਰਹੀਆਂ ਹਨ, ਜਿਨ੍ਹਾਂ ਦੇ ਮਨ ਵਿਚ ਸੋਗ ਪੈਦਾ ਹੋ ਗਿਆ ਹੈ।
ਜਿਥੇ ਗੋਪੀਆਂ ਖੜੋਤੀਆਂ ਉਡੀਕ ਰਹੀਆਂ ਸਨ, ਉਸ ਥਾਂ ਇਹ ਦੋਵੇਂ (ਭਰਾ) ਆ ਗਏ।
ਜਿਨ੍ਹਾਂ ਦੇ ਮੁਖ ਚੰਦ੍ਰਮਾ ਵਰਗੇ ਸੁੰਦਰ ਹਨ ਅਤੇ ਸ਼ਰੀਰ ਸੋਨੇ ਦੇ ਸਮਾਨ ਚਮਕਦੇ ਹਨ ॥੮੧੨॥
ਜਦੋਂ ਹੀ ਬ੍ਰਜ ਦੇ ਸਾਰੇ ਲੋਕ, ਅਕਰੂਰ ਦੇ ਨਾਲ ਜਮਨਾ ਦੇ ਕੰਢੇ ਉਤੇ ਚਲੇ ਗਏ,
ਅਕਰੂਰ ਨੇ ਮਨ ਵਿਚ ਚਿੰਤਾ ਕੀਤੀ ਕਿ ਇਸ ਵੇਲੇ ਮੈਂ ਹੀ ਬਹੁਤ ਵੱਡਾ ਪਾਪ ਕਰ ਰਿਹਾ ਹਾਂ।
ਤਦ ਹੀ ਰਥ ਨੂੰ ਛਡ ਕੇ (ਅਕਰੂਰ) ਸੰਧਿਆ ਕਰਨ ਲਈ ਉਸੇ ਵੇਲੇ ਜਲ ਵਿਚ ਵੜ ਗਿਆ।
'ਇਸ ਨੂੰ ਬਲਵਾਨ ਕੰਸ ਮਰਵਾ ਦੇਵੇਗਾ', ਜਦ (ਜਲ ਵਿਚ) ਇਸ (ਗੱਲ) ਦੀ (ਅਕਰੂਰ ਦੇ ਮਨ ਵਿਚ) ਚਿੰਤਾ ਪੈਦਾ ਹੋ ਗਈ ॥੮੧੩॥
ਦੋਹਰਾ:
ਜਦੋਂ ਅਕਰੂਰ ਨੇ ਇਸ਼ਨਾਨ ਕਰਨ ਵੇਲੇ ਸ੍ਰੀ ਕ੍ਰਿਸ਼ਨ (ਦੇ ਮਾਰ ਦਿੱਤੇ ਜਾਣ ਦਾ) ਵਿਚਾਰ ਕੀਤਾ
ਤਦੋਂ ਉਸ ਨੂੰ ਜਲ ਵਿਚ ਸ੍ਰੀ ਕ੍ਰਿਸ਼ਨ ਨੇ ਦਰਸ਼ਨ ਦਿੱਤੇ ॥੮੧੪॥
ਸਵੈਯਾ:
(ਅਕਰੂਰ ਨੇ ਵੇਖਿਆ ਕਿ ਜਿਸ ਦੇ) ਹਜ਼ਾਰ ਸਿਰ ਹਨ ਅਤੇ ਦਸ ਹਜ਼ਾਰ ਭੁਜਾਵਾਂ ਹਨ ਅਤੇ ਜੋ ਸ਼ੇਸ਼-ਨਾਗ ਦੇ ਆਸਣ ਉਤੇ ਬਿਰਾਜਿਆ ਹੋਇਆ ਹੈ।
ਜਿਸ ਦੇ ਪੀਲੇ ਚਮਕਦੇ ਹੋਏ ਬਸਤ੍ਰ ਹਨ, ਹੱਥ ਵਿਚ ਚੱਕਰ ਹੈ ਅਤੇ (ਦੂਜੇ) ਹੱਥ ਵਿਚ ਨੰਦਗ ਖੜਗ ਸ਼ੋਭਦਾ ਹੈ।
ਉਹ ਤਦੋਂ ਜਮਨਾ ਦੇ ਜਲ ਵਿਚ ਪ੍ਰਗਟ ਹੋ ਗਿਆ ਹੈ ਅਤੇ ਫਿਰ ਸਾਧਾਂ ਦੇ ਡਰ ਨੂੰ ਦੂਰ ਕਰਨਾ (ਉਸ ਦਾ) ਕੰਮ ਹੈ।
ਜਿਸ ਦਾ ਕੀਤਾ ਹੋਇਆ ਸਾਰਾ ਜਗਤ ਹੈ, ਜਿਸ ਨੂੰ (ਕ੍ਰਿਸ਼ਨ ਰੂਪ ਵਿਚ) ਵੇਖ ਕੇ ਸਾਵਣ ਦੇ ਬਦਲ ਲਜਾਉਂਦੇ ਹਨ ॥੮੧੫॥
(ਆਪਣੇ ਆਪ ਨੂੰ) ਜਲ ਵਿਚੋਂ ਕਢ ਕੇ ਅਤੇ ਮਨ ਵਿਚ ਸੁਖ ਪ੍ਰਾਪਤ ਕਰ ਕੇ (ਕ੍ਰਿਸ਼ਨ ਨੂੰ) ਮਥੁਰਾ ਵਲ ਲੈ ਚਲਿਆ ਅਤੇ ਮਨ ਵਿਚ ਆਨੰਦਿਤ ਹੋਇਆ।
(ਰਥ ਨੂੰ) ਭਜਾ ਕੇ ਰਾਜਾ (ਕੰਸ) ਦੇ ਨਗਰ ਵਿਚ ਗਿਆ ਅਤੇ ਕ੍ਰਿਸ਼ਨ ਦੇ ਮਾਰੇ ਜਾਣ ਦੀ ਜ਼ਰਾ ਜਿੰਨੀ ਦੁਚਿਤੀ (ਮਨ ਵਿਚ) ਨਾ ਕੀਤੀ।
ਕ੍ਰਿਸ਼ਨ ਦੇ ਰੂਪ ਨੂੰ ਵੇਖਣ ਲਈ ਮਥੁਰਾ ਦੀ ਸਾਰੀ ਲੁਕਾਈ ਆ ਕੇ ਜੁੜ ਗਈ।
ਜਿਸ ਦੇ ਸ਼ਰੀਰ ਵਿਚ ਕੁਝ ਦੁਖ ਹੈ, ਸ੍ਰੀ ਕ੍ਰਿਸ਼ਨ ਨੂੰ ਵੇਖਣ ਨਾਲ ਹੀ ਉਹ ਦੂਰ ਹੋ ਗਿਆ ਹੈ ॥੮੧੬॥
ਸ੍ਰੀ ਕ੍ਰਿਸ਼ਨ ਦੇ ਆਉਣ ਦੀ ਗੱਲ ਸੁਣ ਕੇ ਮਥੁਰਾ ਦੀਆਂ ਸਾਰੀਆਂ ਇਸਤਰੀਆਂ ਉਠ ਕੇ ਭਜੀਆਂ ਆਈਆਂ।
ਰਥ ਵਿਚ ਚੜ੍ਹ ਕੇ (ਜਿਸ ਪਾਸਿਓਂ) ਸ੍ਰੀ ਕ੍ਰਿਸ਼ਨ ਆ ਰਿਹਾ ਸੀ, ਉਹ (ਇਸਤਰੀਆਂ) ਚਲ ਕੇ ਉਸ ਸਥਾਨ ਤੇ ਪਹੁੰਚ ਗਈਆਂ।
ਕ੍ਰਿਸ਼ਨ ਦੀ ਸੂਰਤ ਵੇਖ ਕੇ ਪ੍ਰਸੰਨ ਹੋ ਰਹੀਆਂ ਹਨ ਅਤੇ (ਉਸ ਦੇ) ਮੁਖ ਵਲ ਹੀ ਲਿਵ ਲਗਾ ਰਹੀਆਂ ਹਨ।
(ਕਵੀ ਨੇ) ਮਨ ਵਿਚ (ਗੋਪੀਆਂ ਦੇ) ਸੋਗ ਦੀ ਜਿਤਨੀ ਕਥਾ ਸੀ, ਇਸ (ਕ੍ਰਿਸ਼ਨ) ਵਲ ਵੇਖ ਕੇ ਭੁਲਾ ਦਿੱਤੀ ਹੈ ॥੮੧੭॥
ਇਥੇ ਸ੍ਰੀ ਦਸਮ ਸਕੰਧ ਪੁਰਾਣ ਦੇ ਬਚਿਤ੍ਰ ਨਾਟਕ ਦੇ ਕ੍ਰਿਸ਼ਨਾਵਤਾਰ ਦੇ ਕਾਨ੍ਹ ਜੀ ਨੇ ਨੰਦ ਅਤੇ ਗਵਾਲਿਆਂ ਨਾਲ ਮਥੁਰਾ ਵਿਚ ਪ੍ਰਵੇਸ਼ ਕਰਨ ਦਾ ਅਧਿਆਇ ਸਮਾਪਤ।
ਕੰਸ ਦੇ ਬੱਧ ਦਾ ਕਥਨ:
ਦੋਹਰਾ:
ਮਥੁਰਾ ਨਗਰ ਦੀ ਸੁੰਦਰਤਾ ਕਵੀ ਨੇ ਮਨ ਵਿਚ ਵਿਚਾਰ ਕੇ ਕਹਿ ਦਿੱਤੀ ਹੈ।
ਜਿਸ ਦੀ ਸ਼ੋਭਾ ਨੂੰ ਵੇਖ ਕੇ (ਕੋਈ) ਕਵੀ ਵਰਣਨ ਨਹੀਂ ਕਰ ਸਕਦਾ ॥੮੧੮॥
ਸਵੈਯਾ:
ਜਿਸ ਵਿਚ ਨਗ ਜੜ੍ਹੇ ਹੋਏ ਹਨ ਅਤੇ ਉਨ੍ਹਾਂ ਦੀ ਚਮਕ ਮਾਨੋ ਬਿਜਲੀ ਵਰਗੀ ਹੈ।
ਜਿਸ ਦੇ ਨੇੜੇ ਸੁੰਦਰ ਜਮਨਾ ਵਗ ਰਹੀ ਹੈ ਅਤੇ ਜਿਸ ਤਰ੍ਹਾਂ ਨਾਲ ਅਟਾਰੀਆਂ ਸੋਭ ਰਹੀਆਂ ਹਨ।
ਜਿਸ ਨੂੰ ਵੇਖ ਕੇ ਬ੍ਰਹਮਾ ਰੀਝ ਰਿਹਾ ਹੈ ਅਤੇ ਉਸ ਨੂੰ ਵੇਖ ਕੇ ਸ਼ਿਵ ਵੀ ਖ਼ੁਸ਼ ਹੋ ਰਿਹਾ ਹੈ।
ਨਗਰ ਦੇ ਘਰ ਇਸ ਤਰ੍ਹਾਂ ਦੀ ਪ੍ਰਭਾ ਵਾਲੇ ਹਨ ਕਿ ਉਹ ਬਦਲਾਂ ਦੀਆਂ ਘਟਾਵਾਂ ਨਾਲ ਗੱਲਾਂ ਕਰ ਰਹੇ ਹਨ ॥੮੧੯॥
ਸ੍ਰੀ ਕ੍ਰਿਸ਼ਨ ਰਸਤੇ ਵਿਚ ਚਲੇ ਆ ਰਹੇ ਸਨ, ਵੈਰੀ ਦੇ ਇਕ ਧੋਬੀ ਨੇ (ਉਨ੍ਹਾਂ ਨੂੰ) ਰਸਤੇ ਵਿਚ ਵੇਖ ਲਿਆ।
ਜਦ ਉਸ ਪਾਸੋਂ ਕ੍ਰਿਸ਼ਨ ਨੇ ਬਸਤ੍ਰ ਪਕੜੇ ਤਾ ਕ੍ਰੋਧ ਕਰ ਕੇ ਉਸ ਨੇ ਰਾਜਾ (ਕੰਸ) ਦਾ ਨਾਂ ਸੁਣਾ ਦਿੱਤਾ।
ਸ੍ਰੀ ਕ੍ਰਿਸ਼ਨ ਨੇ ਉਸ ਵੇਲੇ ਮਨ ਵਿਚ ਕ੍ਰੋਧ ਕਰ ਕੇ ਉਂਗਲੀ ਨਾਲ ਉਸ ਦੇ ਮੂੰਹ ਉਤੇ ਮਾਰਿਆ।
ਉਹ ਧਰਤੀ ਉਤੇ ਇਸ ਤਰ੍ਹਾਂ ਡਿਗ ਪਿਆ ਜਿਵੇਂ ਧੋਬੀ ਨੇ ਬਸਤ੍ਰ ਨੂੰ ਪਟੜੇ ਨਾਲ ਮਾਰਿਆ ਹੁੰਦਾ ਹੈ ॥੮੨੦॥
ਦੋਹਰਾ:
ਸਾਰਿਆਂ ਗਵਾਲਿਆਂ ਨੂੰ ਸ੍ਰੀ ਕ੍ਰਿਸ਼ਨ ਨੇ ਕਿਹਾ ਕਿ ਵੈਰੀ (ਕੰਸ) ਦੇ ਧੋਬੀ ਨੂੰ ਕੁਟਾਪਾ ਚਾੜ੍ਹ ਦਿਓ
ਅਤੇ ਰਾਜਾ (ਕੰਸ) ਦੇ ਜਿਤਨੇ ਬਸਤ੍ਰ ਹਨ, (ਉਨ੍ਹਾਂ) ਸਾਰਿਆਂ ਨੂੰ ਲੁਟ ਲਵੋ ॥੮੨੧॥
ਸੋਰਠਾ:
ਬ੍ਰਜ ਦੇ ਅਜਾਣ ਲੋਕ ਬਸਤ੍ਰ ਪਹਿਨਣਾ ਜਾਣਦੇ ਨਹੀਂ ਸਨ।
(ਕ੍ਰਿਸ਼ਨ ਦੇ) ਕਹਿਣ ਤੇ (ਉਸ) ਧੋਬੀ ('ਬਾਕਾਤਾ') ਦੀ ਇਸਤਰੀ ਨੇ ਆ ਕੇ ਉਨ੍ਹਾਂ ਦੇ ਸ਼ਰੀਰ ਉਤੇ ਬਸਤ੍ਰ ਪਹਿਨਾ ਦਿੱਤੇ ॥੮੨੨॥
ਰਾਜਾ ਪ੍ਰੀਛਤ (ਪਰੀਕਸ਼ਿਤ) ਨੇ ਸੁਕਦੇਵ ਨੂੰ ਕਿਹਾ: