ਸ਼੍ਰੀ ਦਸਮ ਗ੍ਰੰਥ

ਅੰਗ - 3


ਨਮੋ ਸਰਬ ਸੋਖੰ ॥

ਹੇ ਸਭ ਨੂੰ ਸੁਕਾਉਣ (ਨਸ਼ਟ ਕਰਨ) ਵਾਲੇ! ਤੈਨੂੰ ਨਮਸਕਾਰ ਹੈ;

ਨਮੋ ਸਰਬ ਪੋਖੰ ॥

ਹੇ ਸਭ ਦਾ ਪਾਲਨ (ਪੋਸ਼ਣ) ਕਰਨ ਵਾਲੇ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਕਰਤਾ ॥

ਹੇ ਸਭ ਦੇ ਸਿਰਜਨਹਾਰ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਹਰਤਾ ॥੨੭॥

ਹੇ ਸਭ ਨੂੰ ਖ਼ਤਮ (ਹਰਨ) ਕਰਨ ਵਾਲੇ! (ਤੈਨੂੰ) ਨਮਸਕਾਰ ਹੈ ॥੨੭॥

ਨਮੋ ਜੋਗ ਜੋਗੇ ॥

ਹੇ ਜੋਗਾਂ ਦੇ ਵੀ ਜੋਗ! (ਤੈਨੂੰ) ਨਮਸਕਾਰ ਹੈ;

ਨਮੋ ਭੋਗ ਭੋਗੇ ॥

ਹੇ ਭੋਗਾਂ ਦੇ ਵੀ ਭੋਗ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਦਿਆਲੇ ॥

ਹੇ ਸਾਰਿਆਂ ਉਤੇ ਦਇਆ ਕਰਨ ਵਾਲੇ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਪਾਲੇ ॥੨੮॥

ਹੇ ਸਾਰਿਆਂ ਦੀ ਪਾਲਣਾ ਕਰਨ ਵਾਲੇ! (ਤੈਨੂੰ) ਨਮਸਕਾਰ ਹੈ ॥੨੮॥

ਚਾਚਰੀ ਛੰਦ ॥ ਤ੍ਵ ਪ੍ਰਸਾਦਿ ॥

ਚਾਚਰੀ ਛੰਦ: ਤੇਰੀ ਕ੍ਰਿਪਾ ਨਾਲ:

ਅਰੂਪ ਹੈਂ ॥

(ਹੇ ਪ੍ਰਭੂ! ਤੂੰ) ਰੂਪ ਤੋਂ ਰਹਿਤ ਹੈਂ,

ਅਨੂਪ ਹੈਂ ॥

ਉਪਮਾ ਤੋਂ ਰਹਿਤ ਹੈਂ,

ਅਜੂ ਹੈਂ ॥

ਜਨਮ ਤੋਂ ਰਹਿਤ ਹੈਂ,

ਅਭੂ ਹੈਂ ॥੨੯॥

(ਪੰਜ) ਭੂਤਾਂ ਤੋਂ ਰਹਿਤ ਹੈਂ ॥੨੯॥

ਅਲੇਖ ਹੈਂ ॥

(ਤੂੰ) ਲੇਖ-ਰਹਿਤ ਹੈਂ,

ਅਭੇਖ ਹੈਂ ॥

ਭੇਖ-ਰਹਿਤ ਹੈਂ,

ਅਨਾਮ ਹੈਂ ॥

ਨਾਮ-ਰਹਿਤ ਹੈਂ,

ਅਕਾਮ ਹੈਂ ॥੩੦॥

ਕਾਮਨਾ-ਰਹਿਤ ਹੈਂ ॥੩੦॥

ਅਧੇ ਹੈਂ ॥

(ਤੂੰ) ਧਿਆਨ-ਰਹਿਤ ਹੈਂ,

ਅਭੇ ਹੈਂ ॥

ਭੇਦ-ਰਹਿਤ ਹੈਂ,

ਅਜੀਤ ਹੈਂ ॥

ਅਜਿਤ ਹੈਂ,

ਅਭੀਤ ਹੈਂ ॥੩੧॥

ਅਭੈ ਹੈਂ ॥੩੧॥

ਤ੍ਰਿਮਾਨ ਹੈਂ ॥

(ਤੂੰ) ਤਿੰਨਾਂ ਲੋਕਾਂ ਵਿਚ ਮੰਨਣਯੋਗ ਹੈਂ,

ਨਿਧਾਨ ਹੈਂ ॥

(ਸਭ ਦਾ) ਖ਼ਜ਼ਾਨਾ ਹੈਂ,

ਤ੍ਰਿਬਰਗ ਹੈਂ ॥

ਤਿੰਨ ਵਰਗਾਂ (ਧਰਮ, ਅਰਥ ਅਤੇ ਕਾਮ ਜਾਂ ਦੇਵਤਾ, ਦੈਂਤ ਅਤੇ ਮਨੁੱਖ) ਤੋਂ ਰਹਿਤ ਹੈਂ,

ਅਸਰਗ ਹੈਂ ॥੩੨॥

ਉਤਪਤੀ (ਸਰਗ) ਰਹਿਤ ਹੈਂ ॥੩੨॥

ਅਨੀਲ ਹੈਂ ॥

(ਤੂੰ) ਰੰਗ-ਰਹਿਤ (ਅਥਵਾ ਸੰਖਿਆ ਰਹਿਤ) ਹੈਂ,

ਅਨਾਦਿ ਹੈਂ ॥

ਆਦਿ ਰਹਿਤ ਹੈਂ,

ਅਜੇ ਹੈਂ ॥

ਅਜਿਤ ਹੈਂ,

ਅਜਾਦਿ ਹੈਂ ॥੩੩॥

ਬ੍ਰਹਮਾ (ਅਜ) ਤੋਂ ਵੀ ਪਹਿਲਾਂ ਦਾ ਹੈਂ ॥੩੩॥

ਅਜਨਮ ਹੈਂ ॥

(ਤੂੰ) ਜਨਮ-ਰਹਿਤ ਹੈਂ,

ਅਬਰਨ ਹੈਂ ॥

ਰੰਗ (ਵਰਨ) ਰਹਿਤ ਹੈਂ,

ਅਭੂਤ ਹੈਂ ॥

ਤੱਤ੍ਵ (ਭੂਤ) ਰਹਿਤ ਹੈਂ,

ਅਭਰਨ ਹੈਂ ॥੩੪॥

ਪੋਸ਼ਣ (ਭਰਨ) ਰਹਿਤ ਹੈਂ ॥੩੪॥

ਅਗੰਜ ਹੈਂ ॥

(ਤੂੰ) ਨਾਸ਼-ਰਹਿਤ ਹੈਂ,

ਅਭੰਜ ਹੈਂ ॥

ਅਟੁੱਟ ਹੈਂ,

ਅਝੂਝ ਹੈਂ ॥

ਨਿਰਦੁਅੰਦ (ਝਗੜੇ ਤੋਂ ਮੁਕਤ) ਹੈਂ,

ਅਝੰਝ ਹੈਂ ॥੩੫॥

ਅਡੋਲ ਹੈਂ ॥੩੫॥

ਅਮੀਕ ਹੈਂ ॥

(ਤੂੰ) ਅਥਾਹ (ਅਮੀਕ) ਹੈਂ,

ਰਫੀਕ ਹੈਂ ॥

(ਸਭਨਾਂ ਦਾ) ਸਾਥੀ ਹੈਂ,

ਅਧੰਧ ਹੈਂ ॥

ਧੰਧਿਆਂ ਤੋਂ ਰਹਿਤ ਹੈਂ,

ਅਬੰਧ ਹੈਂ ॥੩੬॥

ਬੰਧਨ ਤੋਂ ਰਹਿਤ ਹੈਂ ॥੩੬॥

ਨ੍ਰਿਬੂਝ ਹੈਂ ॥

(ਤੂੰ) ਨਿਰਬੂਝ (ਬੁਝੇ ਜਾਣ ਤੋਂ ਪਰੇ) ਹੈਂ,

ਅਸੂਝ ਹੈਂ ॥

ਅਸੂਝ (ਸਮਝੇ ਜਾਣ ਤੋਂ ਪਰੇ) ਹੈਂ,

ਅਕਾਲ ਹੈਂ ॥

ਕਾਲ-ਰਹਿਤ ਹੈ,

ਅਜਾਲ ਹੈਂ ॥੩੭॥

ਮਾਇਆ-ਜਾਲ ਤੋਂ ਮੁਕਤ ਹੈਂ ॥੩੭॥

ਅਲਾਹ ਹੈਂ ॥

(ਤੂੰ) ਲਾਭ (ਲਾਹ) ਪ੍ਰਾਪਤ ਕਰਨ ਤੋਂ ਮੁਕਤ ਹੈਂ,

ਅਜਾਹ ਹੈਂ ॥

ਬਿਨਾ ਕਿਸੇ ਸਥਾਨ ਦੇ ਹੈਂ,

ਅਨੰਤ ਹੈਂ ॥

ਅੰਤ-ਰਹਿਤ ਹੈਂ,

ਮਹੰਤ ਹੈਂ ॥੩੮॥

ਮਹਾਨਤਾ ਵਾਲਾ ਹੈਂ ॥੩੮॥

ਅਲੀਕ ਹੈਂ ॥

(ਤੂੰ) ਅਸੀਮ (ਲਕੀਰ ਤੋਂ ਮੁਕਤ) ਹੈਂ,

ਨ੍ਰਿਸ੍ਰੀਕ ਹੈਂ ॥

ਲਾ-ਸ਼ਰੀਕ ਹੈਂ,

ਨ੍ਰਿਲੰਭ ਹੈਂ ॥

ਆਸਰਾ-ਰਹਿਤ ਹੈਂ,

ਅਸੰਭ ਹੈਂ ॥੩੯॥

ਜਨਮ ਰਹਿਤ (ਸ੍ਵਯੰਭਵ) ਹੈਂ ॥੩੯॥

ਅਗੰਮ ਹੈਂ ॥

(ਤੂੰ) ਪਹੁੰਚ ਤੋਂ ਪਰੇ ਹੈਂ,

ਅਜੰਮ ਹੈਂ ॥

ਜਨਮ ਤੋਂ ਰਹਿਤ ਹੈਂ,

ਅਭੂਤ ਹੈਂ ॥

ਪੰਜ ਭੌਤਿਕ ਹੋਂਦ ਤੋਂ ਪਰੇ ਹੈਂ,

ਅਛੂਤ ਹੈਂ ॥੪੦॥

ਅਛੋਹ ਹੈਂ ॥੪੦॥

ਅਲੋਕ ਹੈਂ ॥

(ਤੂੰ) ਅਦ੍ਰਿਸ਼ ਹੈਂ,

ਅਸੋਕ ਹੈਂ ॥

ਸੋਗ-ਰਹਿਤ ਹੈਂ,

ਅਕਰਮ ਹੈਂ ॥

ਕਰਮ-ਰਹਿਤ ਹੈਂ,

ਅਭਰਮ ਹੈਂ ॥੪੧॥

ਭਰਮ-ਰਹਿਤ ਹੈਂ ॥੪੧॥

ਅਜੀਤ ਹੈਂ ॥

(ਤੂੰ) ਅਜਿਤ ਹੈਂ,

ਅਭੀਤ ਹੈਂ ॥

ਨਿਡਰ ਹੈਂ,

ਅਬਾਹ ਹੈਂ ॥

ਅਚਲ (ਵਾਹਨ ਦੁਆਰਾ ਚਲਾਏ ਨਾ ਜਾ ਸਕਣ ਵਾਲਾ) ਹੈਂ,

ਅਗਾਹ ਹੈਂ ॥੪੨॥

ਅਥਾਹ (ਸਮੁੰਦਰ ਵਾਂਗ) ਹੈਂ ॥੪੨॥

ਅਮਾਨ ਹੈਂ ॥

(ਤੂੰ) ਅਮਿਤ ਹੈਂ,

ਨਿਧਾਨ ਹੈਂ ॥

(ਸਭ ਦਾ) ਖ਼ਜ਼ਾਨਾ ਹੈਂ,

ਅਨੇਕ ਹੈਂ ॥

ਅਨੇਕ ਰੂਪਾਂ ਵਾਲਾ ਹੈਂ,

ਫਿਰਿ ਏਕ ਹੈਂ ॥੪੩॥

ਪਰ ਫਿਰ ਵੀ ਇਕ ਹੈਂ ॥੪੩॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਨਮੋ ਸਰਬ ਮਾਨੇ ॥

ਹੇ ਸਾਰਿਆਂ ਦੁਆਰਾ ਮੰਨੇ ਜਾਣ ਵਾਲੇ

ਸਮਸਤੀ ਨਿਧਾਨੇ ॥

ਅਤੇ ਸਾਰੀਆਂ ਨਿਧੀਆਂ ਦੇ ਭੰਡਾਰ! (ਤੈਨੂੰ) ਨਮਸਕਾਰ ਹੈ;

ਨਮੋ ਦੇਵ ਦੇਵੇ ॥

ਹੇ ਦੇਵਤਿਆਂ ਦੇ ਦੇਵਤੇ (ਤੈਨੂੰ) ਨਮਸਕਾਰ ਹੈ

ਅਭੇਖੀ ਅਭੇਵੇ ॥੪੪॥

ਅਤੇ ਭੇਖ ਤੇ ਭੇਦ ਤੋਂ ਰਹਿਤ! (ਤੈਨੂੰ) ਨਮਸਕਾਰ ਹੈ ॥੪੪॥

ਨਮੋ ਕਾਲ ਕਾਲੇ ॥

ਹੇ ਕਾਲ ਦੇ ਕਾਲ! (ਤੈਨੂੰ) ਨਮਸਕਾਰ ਹੈ,

ਨਮੋ ਸਰਬ ਪਾਲੇ ॥

ਹੇ ਸਭ ਦੇ ਪਾਲਕ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਗਉਣੇ ॥

ਹੇ ਸਭ ਥਾਂ ਗਵਨ ਕਰਨ ਵਾਲੇ! (ਤੈਨੂੰ) ਨਮਸਕਾਰ ਹੈ,

ਨਮੋ ਸਰਬ ਭਉਣੇ ॥੪੫॥

ਹੇ ਸਾਰਿਆਂ ਭੁਵਨਾਂ (ਲੋਕਾਂ) ਵਿਚ ਰਹਿਣ ਵਾਲੇ! (ਤੈਨੂੰ) ਨਮਸਕਾਰ ਹੈ ॥੪੫॥

ਅਨੰਗੀ ਅਨਾਥੇ ॥

ਹੇ ਦੇਹ (ਅੰਗ) ਰਹਿਤ, ਸੁਆਮੀ (ਨਾਥ) ਰਹਿਤ,

ਨ੍ਰਿਸੰਗੀ ਪ੍ਰਮਾਥੇ ॥

ਸੰਗ-ਸਾਥ ਰਹਿਤ, (ਸਭ ਦਾ) ਨਾਸ਼ ਕਰਨ ਵਾਲੇ

ਨਮੋ ਭਾਨ ਭਾਨੇ ॥

ਅਤੇ ਸੂਰਜਾਂ ਦੇ ਸੂਰਜ,

ਨਮੋ ਮਾਨ ਮਾਨੇ ॥੪੬॥

ਮਾਣਾਂ ਦੇ ਮਾਣ! (ਤੈਨੂੰ) ਨਮਸਕਾਰ ਹੈ ॥੪੬॥

ਨਮੋ ਚੰਦ੍ਰ ਚੰਦ੍ਰੇ ॥

ਹੇ ਚੰਦ੍ਰਮਿਆਂ ਦੇ ਚੰਦ੍ਰਮਾ!

ਨਮੋ ਭਾਨ ਭਾਨੇ ॥

ਹੇ ਸੂਰਜਾਂ ਦੇ ਸੂਰਜ!

ਨਮੋ ਗੀਤ ਗੀਤੇ ॥

ਹੇ ਗੀਤਾਂ ਦੇ ਗੀਤ!

ਨਮੋ ਤਾਨ ਤਾਨੇ ॥੪੭॥

ਹੇ ਤਾਨਾਂ ਦੇ ਤਾਨ! (ਤੈਨੂੰ) ਨਮਸਕਾਰ ਹੈ ॥੪੭॥

ਨਮੋ ਨ੍ਰਿਤ ਨ੍ਰਿਤੇ ॥

ਹੇ ਨਾਚਾਂ ਦੇ ਨਾਚ! (ਤੈਨੂੰ) ਨਮਸਕਾਰ ਹੈ,

ਨਮੋ ਨਾਦ ਨਾਦੇ ॥

ਹੇ ਨਾਦਾਂ ਦੇ ਨਾਦ (ਧ੍ਵਨੀ)! (ਤੈਨੂੰ) ਨਮਸਕਾਰ ਹੈ,

ਨਮੋ ਪਾਨ ਪਾਨੇ ॥

ਹੇ ਹੱਥਾਂ ਦੇ ਹੱਥ! (ਤੈਨੂੰ) ਨਮਸਕਾਰ ਹੈ,

ਨਮੋ ਬਾਦ ਬਾਦੇ ॥੪੮॥

ਹੇ ਵਾਜਿਆਂ ਦੇ ਵਾਜੇ! (ਤੈਨੂੰ) ਨਮਸਕਾਰ ਹੈ ॥੪੮॥

ਅਨੰਗੀ ਅਨਾਮੇ ॥

ਹੇ ਅੰਗ-ਰਹਿਤ, ਨਾਮ-ਰਹਿਤ,

ਸਮਸਤੀ ਸਰੂਪੇ ॥

ਸਭ ਦੇ ਸਰੂਪ,

ਪ੍ਰਭੰਗੀ ਪ੍ਰਮਾਥੇ ॥

ਦੁਖਦਾਇਕਾਂ ਨੂੰ ਨਸ਼ਟ ਕਰਨ ਵਾਲੇ

ਸਮਸਤੀ ਬਿਭੂਤੇ ॥੪੯॥

ਅਤੇ ਸਾਰੀ ਸਾਮਗ੍ਰੀ ਦੇ ਭੰਡਾਰ! (ਤੈਨੂੰ) ਨਮਸਕਾਰ ਹੈ ॥੪੯॥

ਕਲੰਕੰ ਬਿਨਾ ਨੇਕਲੰਕੀ ਸਰੂਪੇ ॥

ਹੇ ਕਲੰਕ-ਰਹਿਤ, ਨਿਸ਼ਕਲੰਕ ਸਰੂਪ ਵਾਲੇ,

ਨਮੋ ਰਾਜ ਰਾਜੇਸ੍ਵਰੰ ਪਰਮ ਰੂਪੇ ॥੫੦॥

ਰਾਜਿਆਂ ਦੇ ਰਾਜੇ ਅਤੇ ਮਹਾਨ ਰੂਪ ਵਾਲੇ! (ਤੈਨੂੰ) ਨਮਸਕਾਰ ਹੈ ॥੫੦॥

ਨਮੋ ਜੋਗ ਜੋਗੇਸ੍ਵਰੰ ਪਰਮ ਸਿਧੇ ॥

ਹੇ ਜੋਗੀਆਂ ਦੇ ਜੋਗੀ, ਸ੍ਰੇਸ਼ਠ ਸਿੱਧ ਸਰੂਪ! (ਤੈਨੂੰ) ਨਮਸਕਾਰ ਹੈ;

ਨਮੋ ਰਾਜ ਰਾਜੇਸ੍ਵਰੰ ਪਰਮ ਬ੍ਰਿਧੇ ॥੫੧॥

ਹੇ ਰਾਜਿਆਂ ਦੇ ਰਾਜੇ, ਮਹਾਨ ਵਡਿਆਈ ਵਾਲੇ! (ਤੈਨੂੰ) ਨਮਸਕਾਰ ਹੈ ॥੫੧॥

ਨਮੋ ਸਸਤ੍ਰ ਪਾਣੇ ॥

ਹੇ ਹੱਥ ਵਿਚ ਸ਼ਸਤ੍ਰ ਧਾਰਨ ਕਰਨ ਵਾਲੇ! (ਤੈਨੂੰ) ਨਮਸਕਾਰ ਹੈ;

ਨਮੋ ਅਸਤ੍ਰ ਮਾਣੇ ॥

ਹੇ ਅਸਤ੍ਰ ਵਰਤਣ ਵਾਲੇ! (ਤੈਨੂੰ) ਨਮਸਕਾਰ ਹੈ;

ਨਮੋ ਪਰਮ ਗਿਆਤਾ ॥

ਹੇ ਸਭ ਕੁਝ ਜਾਣਨ ਵਾਲੇ (ਸਰਵੱਗ)! (ਤੈਨੂੰ) ਨਮਸਕਾਰ ਹੈ;

ਨਮੋ ਲੋਕ ਮਾਤਾ ॥੫੨॥

ਹੇ ਜਗਤ ਦੇ ਮਾਤਾ ਸਰੂਪ! (ਤੈਨੂੰ) ਨਮਸਕਾਰ ਹੈ ॥੫੨॥

ਅਭੇਖੀ ਅਭਰਮੀ ਅਭੋਗੀ ਅਭੁਗਤੇ ॥

ਹੇ ਭੇਖਾਂ ਤੋਂ ਰਹਿਤ, ਭਰਮਾਂ ਤੋਂ ਰਹਿਤ, ਭੋਗਾਂ ਤੋਂ ਰਹਿਤ ਅਤੇ ਨਾ ਭੋਗੇ ਜਾ ਸਕਣ ਵਾਲੇ!

ਨਮੋ ਜੋਗ ਜੋਗੇਸ੍ਵਰੰ ਪਰਮ ਜੁਗਤੇ ॥੫੩॥

ਹੇ ਜੋਗਾਂ ਦੇ ਵੀ ਜੋਗ ਅਤੇ ਸ੍ਰੇਸ਼ਠ ਜੁਗਤ ਵਾਲੇ! (ਤੈਨੂੰ) ਨਮਸਕਾਰ ਹੈ ॥੫੩॥


Flag Counter