ਸ਼੍ਰੀ ਦਸਮ ਗ੍ਰੰਥ

ਅੰਗ - 526


ਠਾਢੈ ਰਹੈ ਦੋਊ ਸੈਨ ਦੋਊ ਹਮ ਮਾਡਿ ਹੈ ਯਾ ਭੂਅ ਬੀਚ ਲਰਾਈ ॥੨੨੬੫॥

ਕਿ ਦੋਵੇਂ ਸੈਨਾਵਾਂ (ਆਪਣੀ ਥਾਂ ਸਿਰ) ਖੜੋਤੀਆਂ ਰਹਿਣ (ਕਿਉਂਕਿ) ਇਸ ਰਣਭੂਮੀ ਵਿਚ ਅਸੀਂ ਦੋਵੇਂ ਹੀ ਯੁੱਧ ਕਰਾਂਗੇ ॥੨੨੬੫॥

ਯਾ ਘਨਿ ਸ੍ਯਾਮ ਕਹਾਯੋ ਸੁਨੋ ਸਭ ਮੈਹੋ ਤੇ ਤੈ ਘਨਿ ਸ੍ਯਾਮ ਕਹਾਯੋ ॥

(ਹੇ ਸੂਰਮਿਓਂ! ਤੁਸੀਂ) ਸਾਰੇ ਸੁਣੋ, ਇਸ ਨੇ (ਆਪਣੇ ਆਪ ਨੂੰ) 'ਘਨਿ ਸ਼ਿਆਮ' ਅਖਵਾਇਆ ਹੈ ਅਤੇ ਮੈਂ ਵੀ 'ਘਨਿ ਸ਼ਿਆਮ' ਅਖਵਾਉਂਦਾ ਹਾਂ।

ਯਾ ਤੇ ਸੈਨ ਸ੍ਰਿਗਾਲ ਲੈ ਆਯੋ ਹੈ ਹਉ ਹੂ ਤਬੈ ਦਲੁ ਲੈ ਸੰਗਿ ਧਾਯੋ ॥

ਇਸ ਲਈ ਸ੍ਰਿਗਾਲ ਸੈਨਾ ਲੈ ਕੇ ਆਇਆ ਹੈ ਅਤੇ ਮੈਂ ਵੀ ਸੈਨਾ ਲੈ ਕੇ ਆ ਪਹੁੰਚਿਆ ਹਾਂ।

ਕਾਹੇ ਕਉ ਸੈਨ ਲਰੈ ਦੋਊ ਆਪ ਮੈ ਕਉਤੁਕ ਦੇਖਹੁ ਠਾਢਿ ਸੁਨਾਯੋ ॥

ਸਚ ਕਹਿੰਦਾ ਹਾਂ ਕਿ ਸੈਨਾਵਾਂ ਕਿਸ ਵਾਸਤੇ ਲੜਨ? ਦੋਵੇਂ ਆਪਣੀ ਆਪਣੀ ਥਾਂ ਉਤੇ ਖੜੋਤੀਆਂ ਹੋਈਆਂ ਕੌਤਕ ਵੇਖਣ।

ਸ੍ਯਾਮ ਭਨੈ ਲਰਬੋ ਰਨ ਮੈ ਹਮਰੋ ਅਰੁ ਯਾਹੀ ਹੀ ਕੋ ਬਨਿ ਆਯੋ ॥੨੨੬੬॥

(ਕਵੀ) ਸ਼ਿਆਮ ਕਹਿੰਦੇ ਹਨ, ਰਣ-ਭੂਮੀ ਵਿਚ ਮੇਰਾ ਅਤੇ ਇਸ ਦਾ ਯੁੱਧ ਕਰਨਾ ਬਣਦਾ ਹੈ ॥੨੨੬੬॥

ਦੋਹਰਾ ॥

ਦੋਹਰਾ:

ਮਾਨਿ ਬਾਤ ਠਾਢੇ ਰਹੇ ਸੈਨ ਦੋਊ ਤਜਿ ਕ੍ਰੁਧ ॥

(ਸ੍ਰੀ ਕ੍ਰਿਸ਼ਨ ਦੀ) ਗੱਲ ਮੰਨ ਕੇ ਅਤੇ ਕ੍ਰੋਧ ਨੂੰ ਤਿਆਗ ਕੇ ਦੋਵੇਂ ਸੈਨਾਵਾਂ ਖੜੋਤੀਆਂ ਰਹੀਆਂ।

ਦੋਊ ਹਰਿ ਆਵਤ ਭਏ ਹਰਿ ਸਮਾਨ ਹਿਤ ਜੁਧ ॥੨੨੬੭॥

ਦੋਵੇਂ ਕ੍ਰਿਸ਼ਨ ਸ਼ੇਰਾਂ ਵਾਂਗ ਯੁੱਧ ਕਰਨ ਲਈ ਆ ਗਏ ॥੨੨੬੭॥

ਸਵੈਯਾ ॥

ਸਵੈਯਾ:

ਆਏ ਹੈ ਮਤਿ ਕਰੀ ਜਨੁ ਦੁਇ ਲਰਬੇ ਕਹੁ ਸਿੰਘ ਦੋਊ ਜਨੁ ਆਏ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਦੋ ਮਸਤ ਹਾਥੀ ਯੁੱਧ ਕਰਨ ਲਈ ਆਏ ਹੋਣ, ਜਾਂ ਮਾਨੋ ਦੋ ਸ਼ੇਰ ਆਏ ਹੋਣ।

ਅੰਤਕਿ ਅੰਤ ਸਮੈ ਜਨੁ ਈਸ ਸਪਛ ਮਨੋ ਗਿਰਿ ਜੂਝਨ ਧਾਏ ॥

ਜਾਂ ਮਾਨੋ ਅੰਤ ਵੇਲੇ ਦੇ ਕਾਲ ਅਤੇ ਸ਼ਿਵ ਹੋਣ। ਜਾਂ ਮਾਨੋ ਦੋ ਖੰਭਾਂ ਵਾਲੇ ਪਰਬਤ ਲੜਨ ਲਈ ਆਏ ਹੋਣ।

ਕੈ ਦੋਊ ਮੇਘ ਪ੍ਰਲੈ ਦਿਨ ਕੇ ਨਿਧਿ ਨੀਰ ਦੋਊ ਕਿਧੋ ਕ੍ਰੋਧ ਬਢਾਏ ॥

ਜਾਂ ਦੋਵੇਂ ਪਰਲੋ ਦੇ ਦਿਨ ਦੇ ਬਦਲ ਹੋਣ, ਜਾਂ ਦੋ ਸਮੁੰਦਰਾਂ ਨੇ ਕ੍ਰੋਧ ਵਧਾਇਆ ਹੋਵੇ।

ਮਾਨਹੁ ਰੁਦ੍ਰ ਹੀ ਕ੍ਰੋਧ ਭਰੇ ਦੋਊ ਹੈ ਮਨ ਮੈ ਲਖਿ ਯੌ ਕਬਿ ਪਾਏ ॥੨੨੬੮॥

ਕਵੀ ਨੇ ਮਨ ਵਿਚ ਇਸ ਤਰ੍ਹਾਂ ਸਮਝਿਆ ਮਾਨੋ ਕ੍ਰੋਧ ਭਰੇ ਦੋ ਰੁਦ੍ਰ ਹੋਣ ॥੨੨੬੮॥

ਕਬਿਤੁ ॥

ਕਬਿੱਤ:

ਜੈਸੇ ਝੂਠ ਸਾਚ ਸੋ ਪਖਾਨ ਜੈਸੇ ਕਾਚ ਸੋ ਅਉ ਪਾਰਾ ਜੈਸੇ ਆਂਚ ਸੋ ਪਤਊਆ ਜਿਉ ਲਹਿਰ ਸੋ ॥

ਜਿਵੇਂ ਝੂਠ ਦਾ ਸਚ ਨਾਲ, ਪੱਥਰ ਦਾ ਕਚ ਨਾਲ, ਪਾਰੇ ਦਾ ਅੱਗ ਨਾਲ ਅਤੇ ਪੱਤਰਾਂ ਦਾ ਲਹਿਰਾਂ ਨਾਲ (ਸੰਘਰਸ਼ ਹੁੰਦਾ ਹੈ)।

ਜੈਸੇ ਗਿਆਨ ਮੋਹ ਸੋ ਬਿਬੇਕ ਜੈਸੇ ਦ੍ਰੋਹ ਸੋ ਤਪਸੀ ਦਿਜ ਧ੍ਰੋਹਿ ਸੋ ਅਨਰ ਜੈਸੇ ਨਰ ਸੋ ॥

ਜਿਵੇਂ ਗਿਆਨ ਦਾ ਮੋਹ ਨਾਲ, ਵਿਵੇਕ ਦਾ ਦ੍ਰੋਹ ਨਾਲ, ਤਪਸੀ ਦਾ ਬ੍ਰਾਹਮਣ-ਦ੍ਰੋਹੀ ਨਾਲ ਅਤੇ ਕਾਇਰ ਦਾ ਸੂਰਮੇ ਨਾਲ (ਯੁੱਧ ਹੁੰਦਾ ਹੈ)।

ਲਾਜ ਜੈਸੇ ਕਾਮ ਸੋ ਸੁ ਸੀਤ ਜੈਸੇ ਘਾਮੁ ਸੋ ਅਉ ਪਾਪ ਰਾਮ ਨਾਮ ਸੋ ਅਛਰ ਜੈਸੇ ਛਰ ਸੋ ॥

ਜਿਵੇਂ ਲਜਿਆ ਦਾ ਕਾਮ ਨਾਲ, ਠੰਡ ਦਾ ਧੁੱਪ ਨਾਲ, ਪਾਪ ਦਾ ਰਾਮ ਨਾਮ ਨਾਲ ਅਤੇ ਅਛਲ ਦਾ ਛਲ ਨਾਲ (ਮੁਕਾਬਲਾ ਹੁੰਦਾ ਹੈ)।

ਸੂਮਤਾ ਜਿਉ ਦਾਨ ਸੋ ਜਿਉ ਕ੍ਰੋਧ ਸਨਮਾਨ ਸੋ ਸੁ ਸ੍ਯਾਮ ਕਬਿ ਐਸੇ ਆਇ ਭਿਰਯੋ ਹਰਿ ਹਰਿ ਸੋ ॥੨੨੬੯॥

ਜਿਵੇਂ ਕੰਜੂਸੀ ਦਾ ਦਾਨ ਨਾਲ, ਜਿਵੇਂ ਕ੍ਰੋਧ ਦਾ ਸਨਮਾਨ ਨਾਲ, ਕਵੀ ਸ਼ਿਆਮ (ਕਹਿੰਦੇ ਹਨ) ਇਸ ਤਰ੍ਹਾਂ (ਇਕ) ਕ੍ਰਿਸ਼ਨ (ਦੂਜੇ) ਕ੍ਰਿਸ਼ਨ (ਸ੍ਰਿਗਾਲ) ਨਾਲ ਆ ਕੇ ਯੁੱਧ ਕਰ ਰਿਹਾ ਹੈ ॥੨੨੬੯॥

ਸਵੈਯਾ ॥

ਸਵੈਯਾ:

ਜੁਧੁ ਭਯੋ ਅਤਿ ਹੀ ਸੁ ਤਹਾ ਤਬ ਸ੍ਰੀ ਬ੍ਰਿਜ ਨਾਇਕ ਚਕ੍ਰ ਸੰਭਾਰਿਯੋ ॥

ਉਥੇ ਬਹੁਤ ਤਕੜਾ ਯੁੱਧ ਹੋਇਆ, ਤਦ ਸ੍ਰੀ ਕ੍ਰਿਸ਼ਨ ਨੇ (ਸੁਦਰਸ਼ਨ) ਚੱਕਰ ਸੰਭਾਲ ਲਿਆ।

ਮਾਰਤ ਹਉ ਤੁਹਿ ਏ ਰੇ ਸ੍ਰਿਗਾਲ ਮੈ ਸ੍ਯਾਮ ਭਨੈ ਇਮ ਸ੍ਯਾਮ ਪਚਾਰਿਯੋ ॥

(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਵੰਗਾਰਿਆ, ਹੇ ਸ੍ਰਿਗਾਲ! ਮੈਂ ਤੈਨੂੰ (ਹੁਣੇ) ਮਾਰ ਰਿਹਾ ਹਾਂ।

ਛੋਰਿ ਸੁਦਰਸਨ ਦੇਤ ਭਯੋ ਸਿਰੁ ਸਤ੍ਰੁ ਕੋ ਮਾਰਿ ਜੁਦਾ ਕਰ ਡਾਰਿਯੋ ॥

(ਇਹ ਕਹਿਣ ਉਪਰੰਤ ਸ੍ਰੀ ਕ੍ਰਿਸ਼ਨ ਨੇ) ਸੁਦਰਸ਼ਨ ਚੱਕਰ ਛੱਡ ਦਿੱਤਾ ਅਤੇ ਵੈਰੀ ਦੇ ਸਿਰ ਉਤੇ ਮਾਰ ਕੇ (ਉਸ ਨੂੰ) ਵਖਰਾ ਕਰ ਦਿੱਤਾ।

ਮਾਨਹੁ ਕੁਮ੍ਰਹਾਰ ਲੈ ਤਾਗਹਿ ਕੋ ਚਕ ਤੇ ਫੁਨਿ ਬਾਸਨ ਕਾਟਿ ਉਤਾਰਿਯੋ ॥੨੨੭੦॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕੁਮ੍ਹਿਆਰ ਨੇ ਧਾਗਾ ਲੈ ਕੇ, ਫਿਰ ਚਕ ਤੋਂ ਭਾਂਡੇ ਨੂੰ ਕਟ ਕੇ ਉਤਾਰ ਲਿਆ ਹੋਵੇ ॥੨੨੭੦॥

ਦੇਖਿ ਸ੍ਰਿਗਾਲ ਹਨਿਯੋ ਰਨ ਮੈ ਇਕ ਕਾਸੀ ਕੋ ਭੂਪ ਹੁਤੋ ਸੋਊ ਧਾਯੋ ॥

ਸ਼੍ਰਿਗਾਲ ਨੂੰ ਯੁੱਧ ਵਿਚ ਮਾਰਿਆ ਗਿਆ ਵੇਖ, (ਤਦ ਉਸ ਥਾਂ ਤੇ) ਇਕ ਕਾਸ਼ੀ ਦਾ ਰਾਜਾ ਸੀ, ਉਸ ਨੇ ਧਾਵਾ ਕਰ ਦਿੱਤਾ।

ਸ੍ਰੀ ਬ੍ਰਿਜਨਾਥ ਸੋ ਸ੍ਯਾਮ ਭਨੈ ਅਤਿ ਹੀ ਤਿਹ ਆਇ ਕੈ ਜੁਧ ਮਚਾਯੋ ॥

(ਕਵੀ) ਸ਼ਿਆਮ ਕਹਿੰਦੇ ਹਨ, ਉਸ ਨੇ ਆ ਕੇ ਸ੍ਰੀ ਕ੍ਰਿਸ਼ਨ ਨਾਲ ਤਕੜਾ ਯੁੱਧ ਮਚਾ ਦਿੱਤਾ।

ਮਾਰਿ ਮਚੀ ਅਤਿ ਜੋ ਤਿਹ ਠਾ ਸੁ ਤਬੈ ਤਿਹ ਸ੍ਯਾਮ ਜੂ ਚਕ੍ਰ ਚਲਾਯੋ ॥

ਉਸ ਥਾਂ ਉਤੇ ਬਹੁਤ ਮਾਰ ਮਚੀ, ਉਸ ਸਮੇਂ ਸ੍ਰੀ ਕ੍ਰਿਸ਼ਨ ਨੇ (ਫਿਰ) ਚੱਕਰ ਚਲਾ ਦਿੱਤਾ।

ਜਿਉ ਅਰਿ ਆਗਲਿ ਕੋ ਕਟਿਯੋ ਸੀਸੁ ਤਿਹੀ ਬਿਧਿ ਯਾਹੀ ਕੋ ਕਾਟਿ ਗਿਰਾਯੋ ॥੨੨੭੧॥

ਜਿਵੇਂ ਪਹਿਲੇ ਵੈਰੀ ਦਾ ਸਿਰ ਕਟਿਆ ਸੀ, ਉਸੇ ਤਰ੍ਹਾਂ ਇਸ ਦਾ (ਸਿਰ) ਵੀ ਕਟ ਕੇ ਸੁਟ ਦਿੱਤਾ ॥੨੨੭੧॥

ਸ੍ਰੀ ਬ੍ਰਿਜ ਨਾਇਕ ਜੂ ਜਬ ਏ ਦੋਊ ਸੈਨ ਕੇ ਦੇਖਤ ਕੋਪਿ ਸੰਘਾਰੇ ॥

ਜਦ ਸ੍ਰੀ ਕ੍ਰਿਸ਼ਨ ਨੇ ਦੋਹਾਂ ਦੀਆਂ ਸੈਨਾਵਾਂ ਦੇ ਵੇਖਦਿਆਂ ਹੋਇਆਂ ਕ੍ਰੋਧਵਾਨ ਹੋ ਕੇ (ਉਨ੍ਹਾਂ ਦੋਹਾਂ ਨੂੰ) ਮਾਰ ਦਿੱਤਾ,

ਫੂਲ ਭਈ ਮਨ ਸਬਨਨ ਕੇ ਤਬ ਬਾਜ ਉਠੀ ਸਹਨਾਇ ਨਗਾਰੇ ॥

ਤਦ ਸਭ ਦਾ ਮਨ (ਖੁਸ਼ੀ ਨਾਲ) ਖਿੜ ਗਿਆ ਅਤੇ ਸ਼ਹਿਨਾਈਆਂ ਅਤੇ ਨਗਾਰੇ ਵਜਣ ਲਗ ਪਏ।

ਅਉਰ ਜਿਤੇ ਅਰਿ ਬੀਰ ਹੁਤੇ ਸਭ ਆਪਨੇ ਆਪਨੇ ਧਾਮਿ ਸਿਧਾਰੇ ॥

ਹੋਰ ਜਿਤਨੇ ਵੀ ਵੈਰੀ ਸੂਰਮੇ ਸਨ, ਸਾਰੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ।

ਫੂਲ ਪਰੇ ਨਭ ਮੰਡਲ ਤੇ ਘਨ ਜਿਉ ਘਨਿ ਸ੍ਯਾਮ ਪੈ ਸ੍ਯਾਮ ਉਚਾਰੇ ॥੨੨੭੨॥

(ਕਵੀ) ਸ਼ਿਆਮ ਕਹਿੰਦੇ ਹਨ, ਆਕਾਸ਼ ਮੰਡਲ ਤੋਂ ਸ੍ਰੀ ਕ੍ਰਿਸ਼ਨ ਉਤੇ ਫੁਲਾਂ ਦੀ ਬਰਖਾ ਹੋਣ ਲਗ ਗਈ ॥੨੨੭੨॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਸ੍ਰਿਗਾਲ ਕਾਸੀ ਕੇ ਭੂਪ ਸਹਤ ਬਧਹ ਧਿਆਇ ਸੰਪੂਰਨੰ ॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਵਾਤਰ ਦੇ ਸ੍ਰਿਗਾਲ ਦਾ ਕਾਸ਼ੀ ਦੇ ਰਾਜੇ ਸਹਿਤ ਬਧ ਅਧਿਆਇ ਸੰਪੂਰਨ।

ਅਥ ਸੁਦਛਨ ਜੁਧੁ ਕਥਨੰ ॥

ਹੁਣ ਸੁਦੱਛਨ ਦੇ ਯੁੱਧ ਦਾ ਕਥਨ:

ਸਵੈਯਾ ॥

ਸਵੈਯਾ:

ਸੈਨ ਭਜਿਯੋ ਜਬ ਸਤ੍ਰਨ ਕੋ ਤਬ ਆਪਨੇ ਸੈਨ ਮੈ ਸ੍ਯਾਮ ਜੂ ਆਏ ॥

ਜਿਸ ਵੇਲੇ ਵੈਰੀ ਦੀ ਸੈਨਾ ਭਜ ਗਈ, ਉਸ ਵੇਲੇ ਸ੍ਰੀ ਕ੍ਰਿਸ਼ਨ ਜੀ ਆਪਣੀ ਸੈਨਾ ਵਿਚ ਆ ਗਏ।

ਆਵਤ ਦੇਵ ਹੁਤੇ ਜਿਤਨੇ ਤਿਤਨੇ ਹਰਿ ਪਾਇਨ ਸੋ ਲਪਟਾਏ ॥

ਜਿਤਨੇ ਵੀ ਦੇਵਤੇ ਸਨ, ਉਹ ਆ ਕੇ ਸ੍ਰੀ ਕ੍ਰਿਸ਼ਨ ਦੇ ਪੈਰਾਂ ਨਾਲ ਲਿਪਟ ਗਏ।

ਦੈ ਕੈ ਪ੍ਰਦਛਨ ਸ੍ਯਾਮ ਸਭੋ ਤਿਨ ਸੰਖ ਬਜਾਇ ਕੈ ਧੂਪ ਜਗਾਏ ॥

ਉਨ੍ਹਾਂ ਸਾਰਿਆਂ ਨੇ ਸ੍ਰੀ ਕ੍ਰਿਸ਼ਨ ਦੀ ਪ੍ਰਦੱਛਣਾ ਕਰ ਕੇ ਅਤੇ ਧੂਪ ਜਗਾ ਕੇ ਸੰਖ ਵਜਾਏ।

ਸ੍ਯਾਮ ਭਨੈ ਸਭ ਹੂ ਮਨ ਮੈ ਬ੍ਰਿਜ ਨਾਇਕ ਬੀਰ ਸਹੀ ਕਰਿ ਪਾਏ ॥੨੨੭੩॥

(ਕਵੀ) ਸ਼ਿਆਮ ਕਹਿੰਦੇ ਹਨ, ਸਾਰਿਆਂ ਨੇ (ਆਪਣੇ) ਮਨ ਵਿਚ ਸ੍ਰੀ ਕ੍ਰਿਸ਼ਨ ਨੂੰ ਸਹੀ ਸੂਰਵੀਰ ਵਜੋਂ ਪਛਾਣ ਲਿਆ ॥੨੨੭੩॥

ਉਤ ਕੈ ਉਪਮਾ ਗ੍ਰਿਹਿ ਦਛ ਗਏ ਇਤਿ ਦ੍ਵਾਰਵਤੀ ਬ੍ਰਿਜ ਨਾਇਕ ਆਯੋ ॥

ਉਧਰ (ਸ੍ਰੀ ਕ੍ਰਿਸ਼ਨ ਦੀ) ਸਿਫਤ ਕਰ ਕੇ (ਰਾਜਾ) ਦੱਛ (ਦਕਸ਼) ਆਪਣੇ ਘਰ ਨੂੰ ਚਲਿਆ ਗਿਆ ਅਤੇ ਇਧਰ ਸ੍ਰੀ ਕ੍ਰਿਸ਼ਨ ਦੁਆਰਿਕਾ ਆ ਗਏ।

ਜਾਇ ਉਤੈ ਸਿਰੁ ਭੂਪ ਕੋ ਕਾਸੀ ਕੇ ਬੀਚ ਪਰਿਯੋ ਪੁਰਿ ਸੋਕ ਜਨਾਯੋ ॥

ਉਧਰ (ਕਾਸ਼ੀ ਦੇ) ਰਾਜੇ ਦਾ ਸਿਰ ਕਾਸ਼ੀ ਵਿਚ ਜਾ ਕੇ ਡਿਗਿਆ, (ਫਲਸਰੂਪ) ਨਗਰ ਵਾਸੀਆਂ ਨੇ ਸੋਗ ਮੰਨਾਇਆ।

ਭਾਖਤ ਭੇ ਸਭ ਯੌ ਬਤੀਯਾ ਸੋਈ ਯੌ ਕਹਿ ਕੈ ਕਬਿ ਸ੍ਯਾਮ ਸੁਨਾਯੋ ॥

ਸਾਰੇ (ਲੋਕ) ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲਗ ਗਏ, ਜਿਨ੍ਹਾਂ ਨੂੰ ਕਵੀ ਸ਼ਿਆਮ ਨੇ ਇਸ ਤਰ੍ਹਾਂ ਕਹਿ ਕੇ ਸੁਣਾਇਆ।

ਸ੍ਯਾਮ ਜੂ ਸੋ ਹਮਰੇ ਜੈਸੇ ਭੂਪਤਿ ਕਾਜ ਕੀਯੋ ਫਲੁ ਤੈਸੋ ਈ ਪਾਯੋ ॥੨੨੭੪॥

ਜਿਸ ਤਰ੍ਹਾਂ ਸਾਡੇ ਰਾਜੇ ਨੇ ਸ੍ਰੀ ਕਿਸ਼ਨ ਨਾਲ ਵਿਵਹਾਰ ਕੀਤਾ ਸੀ, ਉਸੇ ਤਰ੍ਹਾਂ ਦਾ (ਉਸ ਨੇ) ਫਲ ਪ੍ਰਾਪਤ ਕੀਤਾ ਹੈ ॥੨੨੭੪॥

ਜਾ ਚਤੁਰਾਨਨ ਨਾਰਦ ਕੋ ਸਿਵ ਕੋ ਉਠ ਕੈ ਜਗ ਲੋਕ ਧਿਆਵੈ ॥

ਜਿਸ ਬ੍ਰਹਮਾ, ਨਾਰਦ ਅਤੇ ਸ਼ਿਵ ਨੂੰ, ਸੰਸਾਰ ਦੇ ਲੋਕ ਉਠ ਕੇ ਧਿਆਉਂਦੇ ਹਨ।

ਨਾਰ ਨਿਵਾਇ ਭਲੇ ਤਿਨ ਕੋ ਫੁਨਿ ਸੰਖ ਬਜਾਇ ਕੈ ਧੂਪ ਜਗਾਵੈ ॥

ਉਨ੍ਹਾਂ ਨੂੰ ਚੰਗੀ ਤਰ੍ਹਾਂ ਫੁਲ ਚੜ੍ਹਾ ਕੇ, ਸਿਰ ਝੁਕਾ ਕੇ ਅਤੇ ਫਿਰ ਧੂਪ ਜਗਾ ਕੇ ਸੰਖ ਵਜਾਉਂਦੇ ਹਨ।

ਡਾਰ ਕੈ ਫੂਲ ਭਲੀ ਬਿਧਿ ਸੋ ਕਬਿ ਸ੍ਯਾਮ ਭਨੈ ਤਿਹ ਸੋ ਸਿਰ ਨਾਵੈ ॥

ਕਵੀ ਸ਼ਿਆਮ ਕਹਿੰਦੇ ਹਨ ਚੰਗੀ ਤਰ੍ਹਾਂ ਫੁਲ ਚੜ੍ਹਾ ਕੇ, ਉਨ੍ਹਾਂ ਨੂੰ ਸਿਰ ਝੁਕਾਉਂਦੇ ਹਨ।

ਤੇ ਬ੍ਰਿਜਨਾਥ ਕੇ ਸਾਧਨ ਕੋ ਗੁਨ ਗਾਵਤ ਗਾਵਤ ਪਾਰ ਨ ਪਾਵੈ ॥੨੨੭੫॥

ਉਹ ਵੀ ਸ੍ਰੀ ਕ੍ਰਿਸ਼ਨ ਦੇ ਭੇਦ ਨੂੰ ਪਾਣ ਲਈ (ਉਸ ਦੇ) ਗੁਣ ਗਾ ਗਾ ਕੇ ਵੀ, ਅੰਤ ਨੂੰ ਨਹੀਂ ਪਾ ਸਕੇ ॥੨੨੭੫॥

ਕਾਸੀ ਕੇ ਭੂਪ ਕੋ ਪੂਤ ਸੁਦਛਨ ਤਾ ਮਨ ਮੈ ਅਤਿ ਕ੍ਰੋਧ ਬਢਾਯੋ ॥

ਕਾਸ਼ੀ ਦੇ ਰਾਜੇ ਦਾ ਪੁੱਤਰ ਸੁਦੱਛਨ ਨੇ ਆਪਣੇ ਮਨ ਵਿਚ ਬਹੁਤ ਕ੍ਰੋਧ ਵਧਾ ਲਿਆ।

ਮੇਰੇ ਪਿਤਾ ਕੋ ਕੀਯੋ ਬਧੁ ਜਾਇ ਹਉ ਤਾਹਿ ਹਨੋ ਚਿਤ ਬੀਚ ਬਸਾਯੋ ॥

ਮੇਰੇ ਪਿਤਾ ਦਾ ਜਿਸ ਨੇ ਬਧ ਕੀਤਾ ਹੈ, ਮੈਂ ਉਸ ਨੂੰ ਮਾਰਾਂਗਾ, ਮਨ ਵਿਚ (ਇਹ ਗੱਲ) ਵਸਾ ਲਈ।


Flag Counter