ਸ਼੍ਰੀ ਦਸਮ ਗ੍ਰੰਥ

ਅੰਗ - 141


ਨਿਰਤ ਕਰਤ ਚਲੈ ਧਰਾ ਪਰਿ ਕਾਮ ਰੂਪ ਪ੍ਰਭਾਇ ॥

ਜੋ ਧਰਤੀ ਉਤੇ ਨਚਦਾ ਟਪਦਾ ਚਲ ਰਿਹਾ ਸੀ, ਕਾਮ-ਦੇਵ ਵਰਗੀ ਜਿਸ ਦੀ ਸ਼ੋਭਾ ਸੀ।

ਦੇਖਿ ਦੇਖਿ ਛਕੈ ਸਭੈ ਨ੍ਰਿਪ ਰੀਝਿ ਇਉ ਨ੍ਰਿਪਰਾਇ ॥੯॥੧੫੦॥

(ਉਸ ਨੂੰ) ਵੇਖ ਵੇਖ ਕੇ ਸਾਰੇ ਰਾਜੇ ਪ੍ਰਸੰਨ ਹੋ ਰਹੇ ਸਨ, ਇਸੇ ਤਰ੍ਹਾਂ ਰਾਜਾ ਯੁਧਿਸ਼ਠਰ ਵੀ ਖੁਸ਼ ਹੋ ਰਿਹਾ ਸੀ ॥੯॥੧੫੦॥

ਬੀਣ ਬੇਣ ਮ੍ਰਿਦੰਗ ਬਾਜਤ ਬਾਸੁਰੀ ਸੁਰਨਾਇ ॥

ਵੀਣਾ, ਬੇਣ, ਮ੍ਰਿਦੰਗ, ਬੰਸਰੀ, ਭੇਰੀ,

ਮੁਰਜ ਤੂਰ ਮੁਚੰਗ ਮੰਦਲ ਚੰਗ ਬੰਗ ਸਨਾਇ ॥

ਮੁਰਜ, ਤੁਰਹੀਆਂ, ਮੁਚੰਗ, ਮੰਦਲ, ਚੰਗ, ਬੰਗ, ਸ਼ਹਿਨਾਈ,

ਢੋਲ ਢੋਲਕ ਖੰਜਕਾ ਡਫ ਝਾਝ ਕੋਟ ਬਜੰਤ ॥

ਢੋਲ, ਢੋਲਕ, ਖੰਜਰੀ, ਡਫ, ਝਾਂਝ, ਕਰੋੜਾਂ ਦੀ ਗਿਣਤੀ ਵਿਚ ਵਜ ਰਹੇ ਸਨ,

ਜੰਗ ਘੁੰਘਰੂ ਟਲਕਾ ਉਪਜੰਤ ਰਾਗ ਅਨੰਤ ॥੧੦॥੧੫੧॥

ਵੱਡੇ ਟੱਲ ('ਜੰਗ') ਘੁੰਘਰੂ, ਟੱਲੀਆਂ ਆਦਿ (ਦੇ ਵੱਜਣ ਨਾਲ) ਬੇਅੰਤ ਰਾਗ ਪੈਦਾ ਹੋ ਰਹੇ ਸਨ ॥੧੦॥੧੫੧॥

ਅਮਿਤ ਸਬਦ ਬਜੰਤ੍ਰ ਭੇਰਿ ਹਰੰਤ ਬਾਜ ਅਪਾਰ ॥

ਭੇਰੀ ਆਦਿ ਵਾਜਿਆਂ ('ਬਜੰਤ੍ਰ') ਦੀ ਅਸੀਮ ਆਵਾਜ਼ ਨਿਕਲ ਰਹੀ ਸੀ, ਅਤੇ (ਸੈਨਿਕਾਂ ਦੇ) ਬੇਸ਼ੁਮਾਰ ਘੋੜੇ ਹਿਣਕ ਰਹੇ ਸਨ।

ਜਾਤ ਜਉਨ ਦਿਸਾਨ ਕੇ ਪਛ ਲਾਗ ਹੀ ਸਿਰਦਾਰ ॥

ਜਿਸ ਦਿਸ਼ਾ ਵਿਚ (ਉਹ ਯੱਗ-ਘੋੜਾ) ਜਾਂਦਾ ਸੀ (ਉਸ) ਪਿਛੇ (ਫੌਜੀ) ਨਾਇਕ ਲਗ ਤੁਰਦੇ ਸਨ।

ਜਉਨ ਬਾਧ ਤੁਰੰਗ ਜੂਝਤ ਜੀਤੀਐ ਕਰਿ ਜੁਧ ॥

ਜਿਹੜਾ ਘੋੜੇ ਨੂੰ ਬੰਨ੍ਹ ਲੈਂਦਾ ਸੀ, ਉਸ ਨਾਲ (ਸੈਨਾ ਨਾਇਕ) ਜੂਝਦੇ ਸਨ ਅਤੇ ਲੜਾਈ ਕਰ ਕੇ ਜਿਤ ਲੈਂਦੇ ਸਨ।

ਆਨ ਜੌਨ ਮਿਲੈ ਬਚੈ ਨਹਿ ਮਾਰੀਐ ਕਰਿ ਕ੍ਰੁਧ ॥੧੧॥੧੫੨॥

ਜਿਹੜਾ ਆ ਕੇ ਮਿਲ ਪੈਂਦਾ ਸੀ, (ਉਹ) ਬਚ ਜਾਂਦਾ ਸੀ, ਨਹੀਂ ਤਾਂ ਕ੍ਰੋਧ ਕਰ ਕੇ (ਉਸ ਨੂੰ) ਮਾਰ ਦਿੰਦੇ ਸਨ ॥੧੧॥੧੫੨॥

ਹੈਯ ਫੇਰ ਚਾਰ ਦਿਸਾਨ ਮੈ ਸਭ ਜੀਤ ਕੈ ਛਿਤਪਾਲ ॥

ਚੌਹਾਂ ਦਿਸ਼ਾਵਾਂ ਵਿਚ ਘੋੜਾ ਫੇਰ ਕੇ ਅਤੇ ਸਾਰਿਆਂ ਰਾਜਿਆਂ ਨੂੰ ਜਿਤ ਕੇ

ਬਾਜਮੇਧ ਕਰਿਯੋ ਸਪੂਰਨ ਅਮਿਤ ਜਗ ਰਿਸਾਲ ॥

(ਯੁਧਿਸ਼ਠਰ ਨੇ) ਅਸ਼ਵਮੇਧ ਯੱਗ ਸੰਪੂਰਨ ਕੀਤਾ ਜੋ ਬਹੁਤ ਅਸੀਮ ਅਤੇ ਸੁੰਦਰ ਸੀ।

ਭਾਤ ਭਾਤ ਅਨੇਕ ਦਾਨ ਸੁ ਦੀਜੀਅਹਿ ਦਿਜਰਾਜ ॥

ਬ੍ਰਾਹਮਣਾਂ ਨੂੰ ਤਰ੍ਹਾਂ ਤਰ੍ਹਾਂ ਦੇ ਅਨੇਕਾਂ ਦਾਨ ਦਿੱਤੇ ਗਏ

ਭਾਤ ਭਾਤ ਪਟੰਬਰਾਦਿਕ ਬਾਜਿਯੋ ਗਜਰਾਜ ॥੧੨॥੧੫੩॥

(ਜਿਨ੍ਹਾਂ ਵਿਚ) ਕਈ ਤਰ੍ਹਾਂ ਦੇ ਰੇਸ਼ਮੀ ਬਸਤ੍ਰ, ਘੋੜੇ ਅਤੇ ਹਾਥੀ (ਸ਼ਾਮਲ ਸਨ) ॥੧੨॥੧੫੩॥

ਅਨੇਕ ਦਾਨ ਦੀਏ ਦਿਜਾਨਨ ਅਮਿਤ ਦਰਬ ਅਪਾਰ ॥

ਬ੍ਰਾਹਮਣਾਂ ਨੂੰ ਅਨੇਕ ਤਰ੍ਹਾਂ ਦੇ ਦਾਨ ਦਿੱਤੇ ਗਏ (ਜਿਨ੍ਹਾਂ ਵਿਚ) ਬੇਅੰਤ ਅਤੇ ਅਪਾਰ ਧਨ-ਦੌਲਤ ਸੀ;

ਹੀਰ ਚੀਰ ਪਟੰਬਰਾਦਿ ਸੁਵਰਨ ਕੇ ਬਹੁ ਭਾਰ ॥

ਹੀਰੇ, ਕਪੜੇ, ਰੇਸ਼ਮੀ ਬਸਤ੍ਰ ਅਤੇ ਸੋਨੇ ਦੇ ਬਹੁਤ ਭਾਰ ਸਨ।

ਦੁਸਟ ਪੁਸਟ ਤ੍ਰਸੇ ਸਬੈ ਥਰਹਰਿਓ ਸੁਨਿ ਗਿਰਰਾਇ ॥

(ਉਸ ਦਾਨ ਨੂੰ ਵੇਖ ਕੇ) ਸਾਰੇ ਬਲਵਾਨ ਵੈਰੀ ਬਹੁਤ ਡਰ ਗਏ ਅਤੇ ਸੁਮੇਰ ਪਰਬਤ ਵੀ ਸੁਣ ਕੇ ਕੰਬਣ ਲਗਾ

ਕਾਟਿ ਕਾਟਿ ਨ ਦੈ ਦ੍ਵਿਜੈ ਨ੍ਰਿਪ ਬਾਟ ਬਾਟ ਲੁਟਾਇ ॥੧੩॥੧੫੪॥

(ਕਿ ਕਿਤੇ) ਰਾਜਾ (ਯੁਧਿਸ਼ਠਰ) ਕਟ ਕਟ ਕੇ (ਮੈਨੂੰ ਵੀ) ਬ੍ਰਾਹਮਣਾਂ ਵਿਚ ਵੰਡ ਵੰਡ ਕੇ ਲੁਟਾ ਨਾ ਦੇਵੇ ॥੧੩॥੧੫੪॥

ਫੇਰ ਕੈ ਸਭ ਦੇਸ ਮੈ ਹਯ ਮਾਰਿਓ ਮਖ ਜਾਇ ॥

ਸਾਰਿਆਂ ਦੇਸ਼ਾਂ ਵਿਚ (ਘੋੜੇ ਨੂੰ) ਫੇਰ ਕੇ ਯੱਗ-ਸ਼ਾਲਾ ਵਿਚ ਮਾਰ ਦਿੱਤਾ ਗਿਆ।

ਕਾਟਿ ਕੈ ਤਿਹ ਕੋ ਤਬੈ ਪਲ ਕੈ ਕਰੈ ਚਤੁ ਭਾਇ ॥

ਤਦੋਂ ਹੀ ਉਸ ਨੂੰ ਕਟ ਕੇ ਚਾਰ ਹਿੱਸਿਆਂ ਵਿਚ ਵੰਡਿਆ ਗਿਆ।

ਏਕ ਬਿਪ੍ਰਨ ਏਕ ਛਤ੍ਰਨ ਏਕ ਇਸਤ੍ਰਿਨ ਦੀਨ ॥

ਇਕ (ਹਿੱਸਾ) ਬ੍ਰਾਹਮਣਾਂ ਨੂੰ, ਇਕ ਛਤਰੀਆਂ ਨੂੰ ਅਤੇ ਇਕ ਇਸਤਰੀਆਂ ਨੂੰ ਦਿੱਤਾ ਗਿਆ।

ਚਤ੍ਰ ਅੰਸ ਬਚਿਯੋ ਜੁ ਤਾ ਤੇ ਹੋਮ ਮੈ ਵਹਿ ਕੀਨ ॥੧੪॥੧੫੫॥

(ਜੋ) ਚੌਥਾ ਹਿੱਸਾ ਬਚਿਆ, ਉਸ ਦੀ ਹਵਨ ਵਿਚ ਆਹੂਤੀ ਦਿੱਤੀ ਗਈ ॥੧੪॥੧੫੫॥

ਪੰਚ ਸੈ ਬਰਖ ਪ੍ਰਮਾਨ ਸੁ ਰਾਜ ਕੈ ਇਹ ਦੀਪ ॥

ਇਸ ਦੀਪ ਵਿਚ ਪੰਜ ਸੌ ਵਰ੍ਹੇ ਰਾਜ ਕਰਕੇ ਪੰਡੂ ਰਾਜੇ ਦੇ ਪੁੱਤਰ (ਪੰਜ ਪਾਂਡਵ)

ਅੰਤ ਜਾਇ ਗਿਰੇ ਰਸਾਤਲ ਪੰਡ ਪੁਤ੍ਰ ਮਹੀਪ ॥

ਅੰਤ ਨੂੰ ਹਿਮਾਲਾ ਪਰਬਤ ਵਿਚ ਜਾ ਡਿਗੇ।

ਭੂਮ ਭਰਤ ਭਏ ਪਰੀਛਤ ਪਰਮ ਰੂਪ ਮਹਾਨ ॥

(ਉਨ੍ਹਾਂ ਤੋਂ ਬਾਦ) ਪਰਮ ਸੁੰਦਰ ਅਤੇ ਮਹਾਨ ਪਰੀਕਸ਼ਿਤ ਭਾਰਤ-ਭੂਮੀ ਦਾ ਰਾਜਾ ਹੋਇਆ।

ਅਮਿਤ ਰੂਪ ਉਦਾਰ ਦਾਨ ਅਛਿਜ ਤੇਜ ਨਿਧਾਨ ॥੧੫॥੧੫੬॥

(ਉਹ) ਅਸੀਮ ਰੂਪ ਵਾਲਾ, ਉਦਾਰ ਦਾਨੀ ਅਤੇ ਕਦੇ ਨਾ ਛਿਜਣ ਵਾਲੇ ਤੇਜ ਦਾ ਖ਼ਜ਼ਾਨਾ ਸੀ ॥੧੫॥੧੫੬॥

ਸ੍ਰੀ ਗਿਆਨ ਪ੍ਰਬੋਧ ਪੋਥੀ ਦੁਤੀਆ ਜਗ ਸਮਾਪਤੰ ॥

ਸ੍ਰੀ ਗਿਆਨ ਪ੍ਰਬੋਧ ਪੋਥੀ, ਦੂਜਾ ਯੱਗ ਸਮਾਪਤ ॥੨॥

ਅਥ ਰਾਜਾ ਪ੍ਰੀਛਤ ਕੋ ਰਾਜ ਕਥਨੰ ॥

ਹੁਣ ਰਾਜਾ ਪਰੀਕਸ਼ਿਤ ਦੇ ਰਾਜ ਦਾ ਕਥਨ

ਰੁਆਲ ਛੰਦ ॥

ਰੁਆਲ ਛੰਦ:

ਏਕ ਦਿਵਸ ਪਰੀਛਤਹਿ ਮਿਲਿ ਕੀਯੋ ਮੰਤ੍ਰ ਮਹਾਨ ॥

ਇਕ ਦਿਨ ਪਰੀਕਸ਼ਿਤ ਨੇ (ਸਾਰਿਆਂ ਨਾਲ ਰਲ ਕੇ) ਇਕ ਮਹੱਤਵਪੂਰਨ ਸਲਾਹ ਕੀਤੀ

ਗਜਾਮੇਧ ਸੁ ਜਗ ਕੋ ਕਿਉ ਕੀਜੀਐ ਸਵਧਾਨ ॥

ਕਿ ਗਜ-ਮੇਧ ਯੱਗ ਕਿਵੇਂ ਵਿਧੀਪੂਰਵਕ ਕੀਤਾ ਜਾਏ।

ਬੋਲਿ ਬੋਲਿ ਸੁ ਮਿਤ੍ਰ ਮੰਤ੍ਰਨ ਮੰਤ੍ਰ ਕੀਓ ਬਿਚਾਰ ॥

(ਉਸ ਨੇ) ਮਿਤਰਾਂ ਅਤੇ ਮੰਤਰੀਆਂ ਨੂੰ ਬੁਲਾ ਬੁਲਾ ਕੇ ਵਿਚਾਰ ਕੀਤਾ।

ਸੇਤ ਦੰਤ ਮੰਗਾਇ ਕੈ ਬਹੁ ਜੁਗਤ ਸੌ ਅਬਿਚਾਰ ॥੧॥੧੫੭॥

(ਫਿਰ) ਹੋਰ ਵਿਚਾਰਾਂ ਵਿਚ ਨਾ ਪੈ ਕੇ ਬਹੁਤ ਜੁਗਤ ਨਾਲ ਚਿੱਟੇ ਦੰਦਾਂ ਵਾਲਾ ਹਾਥੀ ਮੰਗਵਾ ਲਿਆ ॥੧॥੧੫੭॥

ਜਗ ਮੰਡਲ ਕੋ ਰਚਿਯੋ ਤਹਿ ਕੋਟ ਅਸਟ ਪ੍ਰਮਾਨ ॥

ਉਥੇ ਅੱਠ ਕੋਹਾਂ ਤਕ (ਪਸਰਿਆ) ਯੱਗ-ਮੰਡਲ ਬਣਵਾਇਆ।

ਅਸਟ ਸਹੰਸ੍ਰ ਬੁਲਾਇ ਰਿਤੁਜੁ ਅਸਟ ਲਛ ਦਿਜਾਨ ॥

ਅੱਠ ਹਜ਼ਾਰ ਰਿਤਜ (ਯੱਗ ਕਰਉਣ ਵਾਲੇ ਕਰਮਕਾਂਡੀ) ਅਤੇ ਅੱਠ ਲੱਖ ਬ੍ਰਾਹਮਣ ਬੁਲਾ ਲਏ।

ਭਾਤ ਭਾਤ ਬਨਾਇ ਕੈ ਤਹਾ ਅਸਟ ਸਹੰਸ੍ਰ ਪ੍ਰਨਾਰ ॥

(ਉਸ ਹਵਨਕੁੰਡ ਨਾਲ) ਉਥੇ ਭਾਂਤ ਭਾਂਤ ਦੇ ਅੱਠ ਹਜ਼ਾਰ ਪ੍ਰਨਾਲੇ ਬਣਵਾ ਕੇ

ਹਸਤ ਸੁੰਡ ਪ੍ਰਮਾਨ ਤਾ ਮਹਿ ਹੋਮੀਐ ਘ੍ਰਿਤ ਧਾਰ ॥੨॥੧੫੮॥

ਉਸ ਵਿਚ ਹਾਥੀ ਦੀ ਸੁੰਡ ਜਿੰਨੀ ਘਿਉ ਦੀ ਧਾਰ ਹੋਮ ਹੋਣ ਲਗੀ ॥੨॥੧੫੮॥

ਦੇਸ ਦੇਸ ਬੁਲਾਇ ਕੈ ਬਹੁ ਭਾਤ ਭਾਤ ਨ੍ਰਿਪਾਲ ॥

ਦੇਸ਼ਾਂ ਦੇਸ਼ਾਂ ਤੋਂ ਭਾਂਤ ਭਾਂਤ ਦੇ ਰਾਜੇ ਬੁਲਾ ਲਏ

ਭਾਤ ਭਾਤਨ ਕੇ ਦੀਏ ਬਹੁ ਦਾਨ ਮਾਨ ਰਸਾਲ ॥

ਅਤੇ ਬਹੁਤ ਤਰ੍ਹਾਂ ਦੇ ਸੁੰਦਰ ਦਾਨ ਅਤੇ ਆਦਰ ਮਾਣ ਦਿੱਤੇ।

ਹੀਰ ਚੀਰ ਪਟੰਬਰਾਦਿਕ ਬਾਜ ਅਉ ਗਜਰਾਜ ॥

ਹੀਰੇ, ਕਪੜੇ, ਰੇਸ਼ਮੀ ਬਸਤ੍ਰ, ਘੋੜੇ ਅਤੇ ਹਾਥੀ ਆਦਿਕ ਨੂੰ ਸਜਾ ਕੇ

ਸਾਜ ਸਾਜ ਸਬੈ ਦੀਏ ਬਹੁ ਰਾਜ ਕੌ ਨ੍ਰਿਪਰਾਜ ॥੩॥੧੫੯॥

ਬਹੁਤ ਰਾਜਿਆਂ ਨੂੰ ਮਹਾਰਾਜਾ ਪਰੀਕਸ਼ਿਤ ਨੇ ਦਿੱਤੇ ॥੩॥੧੫੯॥

ਐਸਿ ਭਾਤਿ ਕੀਓ ਤਹਾ ਬਹੁ ਬਰਖ ਲਉ ਤਿਹ ਰਾਜ ॥

ਇਸ ਤਰ੍ਹਾਂ ਨਾਲ ਉਸ ਨੇ ਬਹੁਤ ਵਰ੍ਹਿਆਂ ਤਕ ਉਥੇ ਰਾਜ ਕੀਤਾ।

ਕਰਨ ਦੇਵ ਪ੍ਰਮਾਨ ਲਉ ਅਰ ਜੀਤ ਕੈ ਬਹੁ ਸਾਜ ॥

ਕਰਨ ਦੇਵ ਰਾਜੇ ਵਰਗੇ ਮੰਨਿਆਂ ਪ੍ਰਮੰਨਿਆਂ ਵੈਰੀਆਂ ਨੂੰ ਜਿਤ ਲਿਆ ਅਤੇ ਸਾਮਾਨ (ਖੋਹ ਲਿਆ)।

ਏਕ ਦਿਵਸ ਚੜਿਓ ਨ੍ਰਿਪ ਬਰ ਸੈਲ ਕਾਜ ਅਖੇਟ ॥

ਇਕ ਦਿਨ ਰਾਜਾ (ਪਰੀਕਸ਼ਿਤ) ਸੈਰ ਕਰਨ ਲਈ ਸ਼ਿਕਾਰ ਤੇ ਚੜ੍ਹਿਆ।

ਦੇਖ ਮ੍ਰਿਗ ਭਇਓ ਤਹਾ ਮੁਨਰਾਜ ਸਿਉ ਭਈ ਭੇਟ ॥੪॥੧੬੦॥

ਉਥੇ ਇਕ ਹਿਰਨ ਨੂੰ ਵੇਖ ਕੇ (ਉਸ ਦੇ ਪਿਛੇ) ਹੋ ਲਿਆ ਅਤੇ ਉਥੇ ਇਕ ਮੁਨੀ ਨਾਲ ਉਸ ਦੀ ਭੇਂਟ ਹੋਈ ॥੪॥੧੬੦॥

ਪੈਡ ਯਾਹਿ ਗਯੋ ਨਹੀ ਮ੍ਰਿਗ ਰੇ ਰਖੀਸਰ ਬੋਲ ॥

(ਰਾਜੇ ਨੇ ਰਿਸ਼ੀ ਨੂੰ ਪੁਛਿਆ) ਹੇ ਰਿਸ਼ੀ, ਦਸ ਕਿ ਇਸ ਰਸਤੇ ਤੋਂ ਕੋਈ ਹਿਰਨ ਤਾਂ ਨਹੀਂ ਗਿਆ?

ਉਤ੍ਰ ਭੂਪਹਿ ਨ ਦੀਓ ਮੁਨਿ ਆਖਿ ਭੀ ਇਕ ਖੋਲ ॥

ਮੁਨੀ ਨੇ ਨਾ ਅੱਖ ਖੋਲੀ ਅਤੇ ਨਾ ਰਾਜੇ ਨੂੰ ਕੋਈ ਉੱਤਰ ਦਿੱਤਾ।

ਮ੍ਰਿਤਕ ਸਰਪ ਨਿਹਾਰ ਕੈ ਜਿਹ ਅਗ੍ਰ ਤਾਹ ਉਠਾਇ ॥

(ਉਥੇ ਹੀ ਇਕ) ਮੋਏ ਹੋਏ ਸੱਪ ਨੂੰ ਵੇਖ ਕੇ (ਪਰੀਕਸ਼ਿਤ ਨੇ) (ਕਮਾਨ ਦੇ) ਗੋਸ਼ੇ ('ਅਗ੍ਰ') ਨਾਲ ਉਠਾ ਕੇ,

ਤਉਨ ਕੇ ਗਰ ਡਾਰ ਕੈ ਨ੍ਰਿਪ ਜਾਤ ਭਯੋ ਨ੍ਰਿਪਰਾਇ ॥੫॥੧੬੧॥

ਉਸ (ਮੁਨੀ) ਦੇ ਗਲ ਵਿਚ ਪਾ ਕੇ ਰਾਜਿਆਂ ਦਾ ਰਾਜਾ ਉਥੋਂ ਚਲਿਆ ਗਿਆ ॥੫॥੧੬੧॥

ਆਖ ਉਘਾਰ ਲਖੈ ਕਹਾ ਮੁਨ ਸਰਪ ਦੇਖ ਡਰਾਨ ॥

ਮੁਨੀ ਨੇ ਅੱਖ ਉਘਾੜ ਕੇ ਵੇਖਿਆ ਅਤੇ ਸੱਪ ਨੂੰ ਵੇਖ ਕੇ ਡਰ ਗਿਆ।

ਕ੍ਰੋਧ ਕਰਤ ਭਯੋ ਤਹਾ ਦਿਜ ਰਕਤ ਨੇਤ੍ਰ ਚੁਚਾਨ ॥

ਉਸ ਵੇਲੇ ਮੁਨੀ ਨੇ ਕ੍ਰੋਧ ਕੀਤਾ ਅਤੇ ਉਸ ਦੀਆਂ ਅੱਖਾਂ ਵਿਚੋਂ ਲਹੂ ਚੋਣ ਲਗਿਆ।

ਜਉਨ ਮੋ ਗਰਿ ਡਾਰਿ ਗਿਓ ਤਿਹ ਕਾਟਿ ਹੈ ਅਹਿਰਾਇ ॥

(ਉਹ ਕਹਿਣ ਲਗਿਆ) ਜੋ ਮੇਰੇ ਗਲੇ ਵਿਚ (ਸੱਪ ਨੂੰ) ਪਾ ਗਿਆ ਹੈ, ਉਸ ਨੂੰ ਸੱਪਾਂ ਦਾ ਰਾਜਾ (ਤੱਛਕ) ਕਟੇਗਾ।

ਸਪਤ ਦਿਵਸਨ ਮੈ ਮਰੈ ਯਹਿ ਸਤਿ ਸ੍ਰਾਪ ਸਦਾਇ ॥੬॥੧੬੨॥

ਸੱਤਾਂ ਦਿਨਾਂ ਵਿਚ ਉਹ ਮਰ ਜਾਏਗਾ। (ਮੇਰਾ ਇਹ) ਸ੍ਰਾਪ ਸਦਾ ਹੀ ਸੱਚਾ ਹੈ ॥੬॥੧੬੨॥

ਸ੍ਰਾਪ ਕੋ ਸੁਨਿ ਕੈ ਡਰਿਯੋ ਨ੍ਰਿਪ ਮੰਦ੍ਰ ਏਕ ਉਸਾਰ ॥

(ਮੁਨੀ ਵਲੋਂ ਦਿੱਤੇ) ਸ੍ਰਾਪ (ਦੀ ਗੱਲ) ਨੂੰ ਸੁਣ ਕੇ ਰਾਜਾ ਡਰ ਗਿਆ ਅਤੇ ਇਕ ਘਰ (ਮੰਦਿਰ) ਉਸਰਵਾਇਆ।

ਮਧਿ ਗੰਗ ਰਚਿਯੋ ਧਉਲਹਰਿ ਛੁਇ ਸਕੈ ਨ ਬਿਆਰ ॥

(ਉਹ) ਚਿੱਟਾਂ ਰਾਜ-ਮਹੱਲ ਗੰਗਾ ਦੇ ਵਿਚਾਲੇ ਰਚਿਆ ਗਿਆ (ਜਿਸ ਨੂੰ) ਵਾਯੂ (ਬਿਆਰ) ਵੀ ਛੋਹ ਨਹੀਂ ਸਕਦੀ ਸੀ।

ਸਰਪ ਕੀ ਤਹ ਗੰਮਤਾ ਕੋ ਕਾਟਿ ਹੈ ਤਿਹ ਜਾਇ ॥

ਉਥੇ ਸੱਪ ਦੀ ਪਹੁੰਚ ਕਿਥੇ, ਕਿ ਜਾ ਕੇ ਕੱਟ ਸਕੇ।

ਕਾਲ ਪਾਇ ਕਟ੍ਯੋ ਤਬੈ ਤਹਿ ਆਨ ਕੈ ਅਹਿਰਾਇ ॥੭॥੧੬੩॥

(ਪਰੰਤੂ) ਵਕਤ ਆਉਣ ਤੇ ਸੱਪਾਂ ਦੇ ਰਾਜੇ (ਤੱਛਕ) ਨੇ ਤਦੋਂ ਉਥੇ ਆ ਕੇ ਡਸ ਲਿਆ ॥੭॥੧੬੩॥

ਸਾਠ ਬਰਖ ਪ੍ਰਮਾਨ ਲਉ ਦੁਇ ਮਾਸ ਯੌ ਦਿਨ ਚਾਰ ॥

(ਉਸ ਨੇ) ਸੱਠ ਵਰ੍ਹੇ, ਦੋ ਮਹੀਨੇ ਅਤੇ ਚਾਰ ਦਿਨਾਂ ਤਕ (ਰਾਜ ਕੀਤਾ)

ਜੋਤਿ ਜੋਤਿ ਬਿਖੈ ਰਲੀ ਨ੍ਰਿਪ ਰਾਜ ਕੀ ਕਰਤਾਰ ॥

ਫਿਰ ਰਾਜੇ ਦੀ ਜੋਤਿ ਕਰਤਾਰ ਦੀ ਜੋਤਿ ਨਾਲ ਮਿਲ ਗਈ।

ਭੂਮ ਭਰਥ ਭਏ ਤਬੈ ਜਨਮੇਜ ਰਾਜ ਮਹਾਨ ॥

ਤਦ ਭਰਤ-ਭੂਮੀ ਉਤੇ ਮਹਾਨ ਰਾਜਾ ਜਨਮੇਜਾ ਹੋਇਆ

ਸੂਰਬੀਰ ਹਠੀ ਤਪੀ ਦਸ ਚਾਰ ਚਾਰ ਨਿਧਾਨ ॥੮॥੧੬੪॥

ਜੋ ਸੂਰਵੀਰ, ਹਠੀ, ਤਪਸਵੀ ਅਤੇ ਚਾਰ ਤੇ ਚੌਦਾਂ ਵਿਦਿਆਵਾਂ ਦਾ ਗਿਆਤਾ ਸੀ ॥੮॥੧੬੪॥

ਇਤਿ ਰਾਜਾ ਪ੍ਰੀਛਤ ਸਮਾਪਤੰ ਭਏ ਰਾਜਾ ਜਨਮੇਜਾ ਰਾਜ ਪਾਵਤ ਭਏ ॥

ਇਥੇ ਰਾਜਾ ਪ੍ਰੀਛਤ (ਪਰੀਕਸ਼ਿਤ) ਦਾ ਰਾਜ ਸਮਾਪਤ ਹੋਇਆ। ਰਾਜਾ ਜਨਮੇਜਾ ਨੂੰ ਰਾਜ ਪ੍ਰਾਪਤ ਹੋਇਆ

ਰੂਆਲ ਛੰਦ ॥

ਰੂਆਲ ਛੰਦ:

ਰਾਜ ਕੋ ਗ੍ਰਿਹ ਪਾਇ ਕੈ ਜਨਮੇਜ ਰਾਜ ਮਹਾਨ ॥

ਰਾਜੇ ਦੇ ਘਰ ਜਨਮ ਲੈ ਕੇ ਜਨਮੇਜਾ ਵੱਡਾ ਰਾਜਾ (ਸਿੱਧ ਹੋਇਆ)।

ਸੂਰਬੀਰ ਹਠੀ ਤਪੀ ਦਸ ਚਾਰ ਚਾਰ ਨਿਧਾਨ ॥

(ਉਹ) ਸੂਰਵੀਰ, ਹਠੀ, ਤਪਸਵੀ ਅਤੇ ਚਾਰ ਅਤੇ ੧੪ ਵਿਦਿਆਵਾਂ ਦਾ ਗਿਆਤਾ ਸੀ।

ਪਿਤਰ ਕੇ ਬਧ ਕੋਪ ਤੇ ਸਬ ਬਿਪ੍ਰ ਲੀਨ ਬੁਲਾਇ ॥

(ਉਸ ਨੇ) ਪਿਤਾ ਦੇ ਬੱਧ (ਦਾ ਹਾਲ ਸੁਣ ਕੇ) ਕ੍ਰੋਧਿਤ ਹੋ ਕੇ ਸਾਰਿਆਂ ਬ੍ਰਾਹਮਣਾਂ ਨੂੰ ਬੁਲਾ ਲਿਆ।

ਸਰਪ ਮੇਧ ਕਰਿਯੋ ਲਗੇ ਮਖ ਧਰਮ ਕੇ ਚਿਤ ਚਾਇ ॥੧॥੧੬੫॥

(ਉਨ੍ਹਾਂ ਤੋਂ ਪਿਤਾ ਦੇ ਬੱਧ ਦਾ ਬਦਲਾ ਲੈਣ ਲਈ ਉਪਾ ਪੁਛਿਆ। ਬ੍ਰਾਹਮਣਾਂ ਨੇ ਸਰਪਮੇਧ-ਯੱਗ ਕਰਨ ਦੀ ਸਲਾਹ ਦਿੱਤੀ, ਤਦ ਰਾਜਾ ਜਨਮੇਜਾ) ਸਰਪ-ਮੇਧ ਯੱਗ ਕਰਨ ਵਿਚ ਪੂਰੇ ਸ਼ੌਕ ਨਾਲ ਲਗ ਗਿਆ ॥੧॥੧੬੫॥

ਏਕ ਕੋਸ ਪ੍ਰਮਾਨ ਲਉ ਮਖ ਕੁੰਡ ਕੀਨ ਬਨਾਇ ॥

ਇਕ ਕੋਹ ਤਕ ਦੇ ਖੇਤਰ ਵਿਚ ਉਸ ਨੇ ਯੱਗ-ਕੁੰਡ ਚੰਗੀ ਤਰ੍ਹਾਂ ਤਿਆਰ ਕਰਵਾਇਆ

ਮੰਤ੍ਰ ਸਕਤ ਕਰਨੈ ਲਗੇ ਤਹਿ ਹੋਮ ਬਿਪ੍ਰ ਬਨਾਇ ॥

ਜਿਸ ਵਿਚ ਮੰਤਰ-ਸ਼ਕਤੀ ਨਾਲ ਸਾਰੇ ਬ੍ਰਾਹਮਣ ਲੋਕ ਹੋਮ ਕਰਨ ਲਗੇ।

ਆਨ ਆਨ ਗਿਰੈ ਲਗੇ ਤਹਿ ਸਰਪ ਕੋਟ ਅਪਾਰ ॥

ਉਸ (ਹਵਨ-ਕੁੰਡ ਵਿਚ) ਅਣਗਿਣਤ ਕਰੋੜਾਂ ਸੱਪ ਆ ਆ ਕੇ ਡਿਗਣ ਲਗੇ।

ਜਤ੍ਰ ਤਤ੍ਰ ਉਠੀ ਜੈਤ ਧੁਨ ਭੂਮ ਭੂਰ ਉਦਾਰ ॥੨॥੧੬੬॥

ਜਿਥੇ ਕਿਥੇ ਭੂਮੀ ਉਤੇ ਧਰਮੀ ਰਾਜੇ ਦੀ ਜੈ-ਜੈਕਾਰ ਦੀ ਧੁਨੀ ਉਠਣ ਲਗੀ ॥੨॥੧੬੬॥

ਹਸਤ ਏਕ ਦੂ ਹਸਤ ਤੀਨ ਚਉ ਹਸਤ ਪੰਚ ਪ੍ਰਮਾਨ ॥

ਇਕ ਹੱਥ, ਦੋ ਹੱਥ, ਤਿੰਨ-ਚਾਰ ਹੱਥ, ਪੰਜ ਹੱਥ,