(ਰਾਜਾ) ਬਹੁਤ ਰੂਪਵਾਨ ਅਤੇ ਧਨਵਾਨ ਸੀ।
ਮੰਗਤਿਆਂ ਲਈ ਉਹ ਕਲਪਤਰੂ (ਦੇ ਸਮਾਨ) ਸੀ ਅਤੇ ਦੁਰਜਨਾਂ ਲਈ ਕਾਲ (ਦਾ ਹੀ ਰੂਪ ਸੀ) ॥੧॥
ਮੂੰਗੀ ਪਟਨ ਉਸ ਦਾ ਦੇਸ ਸੀ,
ਜਿਸ ਨੂੰ ਕੋਈ ਵੈਰੀ ਵੀ ਜਿਤ ਨਹੀਂ ਸਕਦਾ ਸੀ।
ਉਸ ਦੀ ਪ੍ਰਭਾ ਅਸੀਮ ਸੀ।
(ਉਸ ਦੇ ਸਾਹਮਣੇ) ਦੇਵਤੇ, ਮਨੁੱਖ, ਨਾਗ ਅਤੇ ਦੈਂਤ ਮਨ ਵਿਚ ਲਜਿਤ ਹੁੰਦੇ ਸਨ ॥੨॥
ਰਾਣੀ ਨੇ ਇਕ ਪੁਰਸ਼ ਨੂੰ ਵੇਖਿਆ
(ਜੋ ਰਾਜੇ ਤੋਂ) ਗੁਣ ਅਤੇ ਤੇਜ ਵਿਚ ਸਵਾਇਆ ਸੀ।
ਉਹ ਮਾਨੋ ਫੁਲਾਂ ਵਿਚੋਂ ਉਤਮ ਫੁਲ ਹੋਵੇ
ਅਤੇ ਇਸਤਰੀਆਂ ਦਾ ਮਾਨੋ ਚਿਤ ਚੁਰਾਉਣ ਵਾਲਾ ਹੋਵੇ ॥੩॥
ਸੋਰਠਾ:
ਰਾਣੀ ਨੇ ਉਸ ਪੁਰਸ਼ ਨੂੰ ਆਪਣੇ ਘਰ ਬੁਲਾਇਆ
ਅਤੇ ਬਹੁਤ ਰੁਚੀ ਵਧਾ ਕੇ ਉਸ ਨਾਲ ਕਾਮ-ਕ੍ਰੀੜਾ ਕੀਤੀ ॥੪॥
ਚੌਪਈ:
ਤਦ ਤਕ ਉਸ ਦਾ ਪਤੀ ਘਰ ਆ ਗਿਆ।
ਇਸਤਰੀ ਨੇ ਯਾਰ ਨੂੰ ਮੰਨ੍ਹੀ (ਪੜਛਤੀ) ਹੇਠਾਂ ਲੁਕਾ ਦਿੱਤਾ।
(ਉਸ ਦੇ) ਅਗੇ ਬਹੁਤ ਸਾਰੀਆਂ ਗਠੜੀਆਂ ਰਖ ਦਿੱਤੀਆਂ
ਤਾਂ ਜੋ ਉਸ ਦਾ (ਕੋਈ) ਅੰਗ ਨਾ ਵੇਖਿਆ ਜਾ ਸਕੇ ॥੫॥
ਰਾਜਾ ਬਹੁਤ ਦੇਰ ਉਥੇ ਬੈਠਾ ਰਿਹਾ
ਅਤੇ ਭਲੇ ਬੁਰੇ ਦਾ ਕੁਝ ਵੀ ਭੇਦ ਨਾ ਪਾ ਸਕਿਆ।
ਜਦੋਂ ਹੀ ਉਠ ਕੇ ਆਪਣੇ ਘਰ ਆਇਆ
ਤਦੋਂ ਹੀ ਇਸਤਰੀ ਨੇ ਮਿਤਰ ਨੂੰ (ਮੰਨ੍ਹੀ ਹੇਠੋਂ ਕਢ ਕੇ) ਘਰ ਭੇਜ ਦਿੱਤਾ ॥੬॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੧੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੧੮॥੬੦੦੭॥ ਚਲਦਾ॥
ਚੌਪਈ:
ਹੇ ਰਾਜਨ! ਸੁਣੋ, (ਤੁਹਾਨੂੰ) ਮੈਂ ਇਕ ਕਥਾ ਸੁਣਾਉਂਦਾ ਹਾਂ।
ਜਿਥੇ ਦੇਵਤਿਆਂ (ਅਤੇ ਦੈਂਤਾਂ) ਨੇ ਮਿਲ ਕੇ ਸਮੁੰਦਰ ਨੂੰ ਮਥਿਆ ਸੀ,
ਉਥੇ ਸੁਬ੍ਰਤ ਨਾਂ ਦਾ ਇਕ ਮੁਨੀ ਰਹਿੰਦਾ ਸੀ।
ਉਸ ਨੂੰ ਸਾਰਾ ਸੰਸਾਰ ਬਹੁਤ ਬ੍ਰਤੀ ਕਹਿੰਦਾ ਸੀ ॥੧॥
ਮੁਨੀ ਦੀ ਇਸਤਰੀ ਰਾਜ ਮਤੀ ਵੀ ਉਥੇ ਰਹਿੰਦੀ ਸੀ।
ਉਸ ਨੂੰ ਸਭ ਬਹੁਤ ਰੂਪਵਾਨ ਕਹਿੰਦੇ ਸਨ।
ਇਹੋ ਜਿਹੀ ਸੁੰਦਰੀ ਕੋਈ ਹੋਰ (ਸੰਸਾਰ ਵਿਚ) ਪੈਦਾ ਨਹੀਂ ਹੋਈ ਸੀ।
ਵਿਧਾਤਾ ਨੇ (ਉਸ ਵਰਗੀ ਸੁੰਦਰ) ਨਾ ਪਹਿਲਾਂ ਸਿਰਜੀ ਹੈ ਅਤੇ ਨਾ ਹੁਣ ਹੀ (ਕੋਈ ਬਣਾਈ ਹੈ) ॥੨॥
ਦੇਵਤੇ ਜਦੋਂ ਸਮੁੰਦਰ ਰਿੜਕਣ ਲਗੇ,
ਤਾਂ ਰਿੜਕਿਆ ਨਾ ਜਾ ਸਕਿਆ ਅਤੇ ਸਾਰੇ ਦੁਖੀ ਹੋ ਗਏ।
ਤਦ ਉਸ ਇਸਤਰੀ ਨੇ ਇਸ ਤਰ੍ਹਾਂ ਕਿਹਾ,
ਹੇ ਦੇਵਤਿਓ! ਮੇਰੀ ਇਕ ਗੱਲ ਸੁਣੋ ॥੩॥
ਜੇ ਬ੍ਰਹਮਾ ਸਿਰ ਉਤੇ ਸੁਰਾਹੀ ਚੁਕੇ
ਅਤੇ ਸਮੁੰਦਰ ('ਜਲ ਰਾਸਿ') ਵਿਚੋਂ ਪਾਣੀ ਭਰੇ।
ਮੇਰੇ ਪੈਰਾਂ ਦੀ ਧੂੜ ਨੂੰ (ਆ ਕੇ) ਧੋਵੇ।
ਤਦ ਇਹ ਮਨੋਰਥ ਸਫਲ ਹੋਵੇਗਾ ॥੪॥
ਅਤਿ ਵਿਆਕੁਲ ਹੋਏ ਬ੍ਰਹਮਾ ਨੇ ਕੁਝ ਵੀ ਵਿਚਾਰ ਨਾ ਕੀਤਾ।
ਸੁਰਾਹੀ ਨੂੰ ਸਿਰ ਉਤੇ ਚੁਕ ਕੇ ਜਲ ਭਰਿਆ।
ਇਨ੍ਹਾਂ ਇਸਤਰੀਆਂ ਦੇ ਚਰਿਤ੍ਰ ਨੂੰ ਵੇਖੋ।
ਇਸ ਤਰ੍ਹਾਂ ਬ੍ਰਹਮਾ ਨੂੰ ਵੀ ਇਨ੍ਹਾਂ ਨੇ ਚਰਿਤ੍ਰ ਵਿਖਾ ਦਿੱਤਾ ॥੫॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੧੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੧੯॥੬੦੧੨॥ ਚਲਦਾ॥
ਚੌਪਈ:
(ਜਦੋਂ) ਧਰਤੀ ਨੇ (ਪਾਪਾਂ ਦੇ) ਭਾਰ ਕਾਰਨ ਬਹੁਤ ਦੁਖ ਪਾਇਆ
ਤਾਂ ਬ੍ਰਹਮਾ ਪਾਸ ਜਾ ਕੇ (ਆਪਣਾ ਦੁਖੜਾ) ਰੋ ਕੇ ਸੁਣਾਇਆ।