ਸ਼੍ਰੀ ਦਸਮ ਗ੍ਰੰਥ

ਅੰਗ - 16


ਨਭ ਕੇ ਉਡੇ ਤੇ ਜੋ ਪੈ ਨਾਰਾਇਣ ਪਾਈਯਤ ਅਨਲ ਅਕਾਸ ਪੰਛੀ ਡੋਲਬੋ ਕਰਤ ਹੈਂ ॥

ਆਕਾਸ਼ ਵਿਚ ਉਡਣ ਨਾਲ ਜੇ ਨਾਰਾਇਣ ਪ੍ਰਾਪਤ ਹੋ ਸਕਦਾ ਹੋਵੇ ਤਾਂ ਅਨਲ ਪੰਛੀ (ਸਦਾ) ਆਕਾਸ਼ ਵਿਚ ਹੀ ਉਡਾਰੀਆਂ ਲਗਾਉਂਦਾ ਰਹਿੰਦਾ ਹੈ।

ਆਗ ਮੈ ਜਰੇ ਤੇ ਗਤਿ ਰਾਂਡ ਕੀ ਪਰਤ ਕਰ ਪਤਾਲ ਕੇ ਬਾਸੀ ਕਿਉ ਭੁਜੰਗ ਨ ਤਰਤ ਹੈਂ ॥੧੪॥੮੪॥

ਜੇ ਅੱਗ ਵਿਚ ਸੜਨ ਨਾਲ ਮੁਕਤੀ ਮਿਲਦੀ ਹੁੰਦੀ (ਤਾਂ) ਅੱਗ ਵਿਚ ਵਿਧਵਾ ਨੂੰ ਪਤੀ ਨਾਲ ਸਤੀ ਹੋਣ ਤੇ ਮੁਕਤੀ ਮਿਲਣੀ ਚਾਹੀਦੀ ਹੈ (ਅਤੇ ਜੇ ਗੁਫਾ ਵਿਚ ਰਹਿਣ ਨਾਲ ਮੁਕਤੀ ਮਿਲਦੀ ਹੋਵੇ ਤਾਂ) ਪਾਤਾਲ ਵਿਚ ਨਿਵਾਸ ਕਰਨ ਵਾਲੇ ਸੱਪ ਕਿਉਂ ਮੁਕਤ ਨਹੀਂ ਹੁੰਦੇ ॥੧੪॥੮੪॥

ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ ॥

ਕੋਈ (ਰਾਮਾਨੰਦੀ) ਬੈਰਾਗੀ ਬਣਿਆ ਹੋਇਆ ਹੈ, ਕੋਈ ਸੰਨਿਆਸੀ ਅਤੇ ਕੋਈ ਜੋਗੀ ਬਣ ਗਿਆ ਹੈ, ਕੋਈ ਬ੍ਰਹਮਚਾਰੀ ਅਤੇ ਕੋਈ ਜਤੀ ਦਿਸਦਾ ਹੈ।

ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ॥

ਕੋਈ ਹਿੰਦੂ ਹੈ, ਕੋਈ ਤੁਰਕ, ਕੋਈ ਸ਼ੀਆ ('ਰਾਫ਼ਜੀ') ਹੈ ਅਤੇ ਕੋਈ ਸੁੰਨੀ ('ਇਮਾਮਸਾਫੀ') (ਪਰ) ਸਾਰੇ ਮਨੁੱਖ ਦੀ ਪੈਦਾਇਸ਼ ਅਥਵਾ ਜਾਤਿ ਹਨ (ਇਸ ਲਈ ਇਨ੍ਹਾਂ ਸਾਰਿਆਂ ਨੂੰ) ਇਕੋ ਜਿਹਾ ਸਮਝਣਾ ਚਾਹੀਦਾ ਹੈ।

ਕਰਤਾ ਕਰੀਮ ਸੋਈ ਰਾਜਕ ਰਹੀਮ ਓਈ ਦੂਸਰੋ ਨ ਭੇਦ ਕੋਈ ਭੂਲ ਭ੍ਰਮ ਮਾਨਬੋ ॥

(ਸਭ ਦਾ) ਕਰਤਾ ਉਹੀ ਕ੍ਰਿਪਾਲੂ ਹੈ ਅਤੇ ਰੋਜ਼ੀ ਦੇਣ ਵਾਲਾ ਦਿਆਲੂ ਵੀ ਉਹੀ ਹੈ। (ਇਨ੍ਹਾਂ ਵਿਚ) ਹੋਰ ਕੋਈ ਅੰਤਰ ਸਮਝਣ ਦੇ ਭਰਮ ਵਿਚ ਨਹੀਂ ਪੈਣਾ ਚਾਹੀਦਾ।

ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ ॥੧੫॥੮੫॥

ਇਕੋ ਦੀ ਹੀ ਸੇਵਾ (ਕਰੋ) (ਕਿਉਂਕਿ) ਸਭ ਦਾ (ਉਹ) ਗੁਰੂ ਇਕੋ ਹੀ ਹੈ, ਸਾਰੇ ਇਕੋ ਦਾ ਸਰੂਪ ਹਨ, (ਸਾਰਿਆਂ ਵਿਚ) ਇਕੋ ਜੋਤਿ ਸਮਝਣੀ ਚਾਹੀਦੀ ਹੈ ॥੧੫॥੮੫॥

ਦੇਹਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ ॥

ਮੰਦਿਰ ਅਤੇ ਮਸਜਿਦ ਉਹੀ ਹੈ ਅਤੇ ਪੂਜਾ ਅਤੇ ਨਮਾਜ਼ ਵੀ ਉਹੀ ਹੈ, ਮਨੁੱਖ ਸਾਰੇ ਇਕ ਹਨ, ਪਰ ਅਨੇਕਤਾ ਦਾ ਭੁਲੇਖਾ ਪੈਂਦਾ ਹੈ।

ਦੇਵਤਾ ਅਦੇਵ ਜਛ ਗੰਧ੍ਰਬ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ ॥

ਦੇਵਤੇ, ਦੈਂਤ, ਯਕਸ਼, ਗੰਧਰਬ, ਮੁਸਲਮਾਨ ਅਤੇ ਹਿੰਦੂ (ਜੋ ਭਿੰਨ ਭਿੰਨ ਪ੍ਰਤੀਤ ਹੁੰਦੇ ਹਨ, ਇਸ ਦਾ ਕਾਰਨ ਅਸਲ ਵਿਚ) ਵਖਰੇ ਵਖਰੇ ਦੇਸਾਂ ਦੇ ਪਹਿਰਾਵੇ ਦਾ ਪ੍ਰਭਾਵ ਹੈ।


Flag Counter