ਸ਼੍ਰੀ ਦਸਮ ਗ੍ਰੰਥ

ਅੰਗ - 467


ਚਉਦਹ ਲੋਕਨ ਬੀਚ ਕਹਿਯੋ ਪ੍ਰਭਿ ਤੋ ਸਮ ਰਾਜ ਨ ਕੋਊ ਬਨਾਯੋ ॥

ਕਿਹਾ ਜਾਂਦਾ ਹੈ ਕਿ ਪ੍ਰਭੂ ਨੇ ਚੌਦਾਂ ਲੋਕਾਂ ਵਿਚ ਤੇਰੇ ਵਰਗਾ ਰਾਜਾ ਨਹੀਂ ਬਣਾਇਆ।

ਤਾਹੀ ਤੇ ਬੀਰਨ ਕੀ ਮਨਿ ਤੈ ਸੁ ਭਲੋ ਕੀਯੋ ਸ੍ਯਾਮ ਸੋ ਜੁਧ ਮਚਾਯੋ ॥

ਹੇ ਵੀਰਾਂ ਦੇ ਸ਼ਿਰੋਮਣੀ! ਇਸ ਲਈ ਨੂੰ ਚੰਗਾ ਕੀਤਾ ਹੈ ਕਿ ਸ੍ਰੀ ਕ੍ਰਿਸ਼ਨ ਨਾਲ ਯੁੱਧ ਮਚਾਇਆ ਹੈ।

ਸ੍ਯਾਮ ਕਹੈ ਮੁਨਿ ਕੀ ਬਤੀਆ ਸੁਨਿ ਭੂਪ ਘਨੋ ਮਨ ਮੈ ਸੁਖੁ ਪਾਯੋ ॥੧੬੯੩॥

(ਕਵੀ) ਸ਼ਿਆਮ ਕਹਿੰਦੇ ਹਨ, ਮੁਨੀ ਦੀ ਇਹ ਗੱਲ ਸੁਣ ਕੇ ਰਾਜੇ ਨੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ ਹੈ ॥੧੬੯੩॥

ਦੋਹਰਾ ॥

ਦੋਹਰਾ:

ਅਭਿਬੰਦਨ ਭੂਪਤਿ ਕੀਯੋ ਨਾਰਦ ਕੋ ਪਹਿਚਾਨਿ ॥

ਨਾਰਦ ਨੂੰ ਪਛਾਣ ਕੇ ਰਾਜੇ ਨੇ ਬੰਦਨਾ ਕੀਤੀ।

ਮੁਨਿਪਤਿ ਇਹ ਉਪਦੇਸ ਦੀਆ ਜੁਧ ਕਰੋ ਬਲਵਾਨ ॥੧੬੯੪॥

ਸ੍ਰੇਸ਼ਠ ਮੁਨੀ ਨੇ ਇਹ ਉਪਦੇਸ਼ ਦਿੱਤਾ ਕਿ ਹੇ ਬਲਵਾਨ! (ਚੰਗੀ ਤਰ੍ਹਾਂ) ਯੁੱਧ ਕਰੋ ॥੧੬੯੪॥

ਇਤ ਭੂਪਤਿ ਨਾਰਦ ਮਿਲੇ ਪ੍ਰੇਮੁ ਭਗਤਿ ਕੀ ਖਾਨ ॥

ਇਧਰ ਰਾਜੇ ਨੂੰ ਪ੍ਰੇਮ ਭਗਤੀ ਦੀ ਖਾਣ ਰੂਪ ਨਾਰਦ ਮਿਲੇ ਹਨ

ਉਤ ਮਹੇਸ ਚਲਿ ਤਹ ਗਏ ਜਹ ਠਾਢੇ ਭਗਵਾਨ ॥੧੬੯੫॥

ਅਤੇ ਉਧਰ ਸ਼ਿਵ ਚਲ ਕੇ ਉਥੇ ਗਿਆ ਜਿਥੇ ਸ੍ਰੀ ਕ੍ਰਿਸ਼ਨ ਖੜੋਤੇ ਹਨ ॥੧੬੯੫॥

ਚੌਪਈ ॥

ਚੌਪਈ:

ਇਤੇ ਰੁਦ੍ਰ ਮਨਿ ਮੰਤ੍ਰ ਬਿਚਾਰਿਓ ॥

ਇਧਰ ਰੁਦ੍ਰ ਨੇ ਮਨ ਵਿਚ ਵਿਚਾਰ ਕੀਤਾ

ਸ੍ਰੀ ਜਦੁਪਤਿ ਕੇ ਨਿਕਟਿ ਉਚਾਰਿਓ ॥

ਅਤੇ ਸ੍ਰੀ ਕ੍ਰਿਸ਼ਨ ਦੇ ਕੋਲ ਜਾ ਕੇ ਕਹਿ ਦਿੱਤਾ

ਅਬ ਹੀ ਮ੍ਰਿਤਹਿ ਆਇਸ ਦੀਜੈ ॥

ਕਿ ਹੁਣੇ ਹੀ ਮ੍ਰਿਤੂ-ਦੇਵ ਨੂੰ ਆਗਿਆ ਦਿਓ,

ਤਬ ਇਹ ਭੂਪ ਮਾਰਿ ਕੈ ਲੀਜੈ ॥੧੬੯੬॥

ਤਾਂ ਜੋ (ਉਹ) ਇਸ ਰਾਜੇ ਨੂੰ ਮਾਰ ਲਏ ॥੧੬੯੬॥

ਦੋਹਰਾ ॥

ਦੋਹਰਾ:

ਸਰ ਅਪਨੇ ਮੈ ਮ੍ਰਿਤੁ ਧਰਿ ਇਹ ਤੁਮ ਕਰਹੁ ਉਪਾਇ ॥

ਆਪਣੇ ਬਾਣ ਵਿਚ ਮ੍ਰਿਤੂ-ਦੇਵ ਨੂੰ ਧਰ ਕੇ (ਧਨੁਸ਼ ਦਾ ਚਿਲਾ ਚੜ੍ਹਾ ਦਿਓ); ਤੁਸੀਂ ਇਹੀ ਉਪਾ ਕਰੋ।

ਅਬ ਕਸਿ ਕੈ ਧਨੁ ਛਾਡੀਏ ਭੂਲੇ ਬਡਿ ਅਨਿਆਇ ॥੧੬੯੭॥

ਹੁਣ ਕਸ ਕੇ ਧਨੁਸ਼ ਛਡ ਦਿਓ (ਅਤੇ ਇਹ) ਭੁਲ ਜਾਓ ਕਿ ਇਹ ਬਹੁਤ ਅਨਿਆਂ ਹੈ ॥੧੬੯੭॥

ਚੌਪਈ ॥

ਚੌਪਈ:

ਸੋਈ ਕਾਮ ਸ੍ਯਾਮ ਜੂ ਕੀਨੋ ॥

ਸ੍ਰੀ ਕ੍ਰਿਸ਼ਨ ਨੇ ਓਹੀ ਕੰਮ ਕੀਤਾ ਹੈ

ਜਿਹ ਬਿਧਿ ਸੋ ਸਿਵ ਜੂ ਕਹਿ ਦੀਨੋ ॥

ਜਿਸ ਤਰ੍ਹਾਂ ਸ਼ਿਵ ਜੀ ਨੇ ਕਿਹਾ ਹੈ।

ਤਬ ਚਿਤਵਨ ਹਰਿ ਮ੍ਰਿਤ ਕੋ ਕੀਯੋ ॥

ਤਦ ਕ੍ਰਿਸ਼ਨ ਨੇ ਮ੍ਰਿਤੂ-ਦੇਵ ਨੂੰ ਯਾਦ ਕੀਤਾ

ਮੀਚ ਆਇ ਕੈ ਦਰਸਨੁ ਦੀਯੋ ॥੧੬੯੮॥

ਅਤੇ ਮ੍ਰਿਤੂ ਨੇ ਆਕੇ ਦਰਸ਼ਨ ਦਿੱਤੇ ॥੧੬੯੮॥

ਦੋਹਰਾ ॥

ਦੋਹਰਾ:

ਕਹਿਓ ਮ੍ਰਿਤ ਕੋ ਕ੍ਰਿਸਨ ਜੂ ਮੋ ਸਰ ਮੈ ਕਰ ਬਾਸੁ ॥

ਸ੍ਰੀ ਕ੍ਰਿਸ਼ਨ ਨੇ ਮ੍ਰਿਤੂ-ਦੇਵ ਨੂੰ ਕਿਹਾ, ਤੂੰ ਮੇਰੇ ਬਾਣ ਵਿਚ ਨਿਵਾਸ ਕਰ।

ਅਬ ਛਾਡਤ ਹੋ ਸਤ੍ਰ ਪੈ ਜਾਇ ਕਰਹੁ ਤਿਹ ਨਾਸੁ ॥੧੬੯੯॥

ਹੁਣ (ਮੈਂ) ਵੈਰੀ ਉਤੇ ਛਡਦਾ ਹਾਂ, ਉਸ ਦਾ ਜਾ ਕੇ ਵਿਨਾਸ਼ ਕਰ ॥੧੬੯੯॥

ਸਵੈਯਾ ॥

ਸਵੈਯਾ:

ਦੇਵ ਬਧੂਨ ਕੈ ਨੈਨ ਕਟਾਛ ਬਿਲੋਕਤ ਹੀ ਨ੍ਰਿਪ ਚਿਤ ਲੁਭਾਯੋ ॥

ਦੇਵ-ਇਸਤਰੀਆਂ ਦੇ ਨੈਣਾਂ ਦੇ ਕਟਾਖ ਵੇਖਦਿਆਂ ਹੀ ਰਾਜੇ ਦਾ ਚਿਤ ਲੁਭਾਇਮਾਨ ਹੋ ਗਿਆ।

ਨਾਰਦ ਬ੍ਰਹਮ ਦੁਹੂੰ ਮਿਲ ਕੈ ਰਨ ਮੈ ਸੰਗਿ ਬਾਤਨ ਕੇ ਉਰਝਾਯੋ ॥

ਨਾਰਦ ਅਤੇ ਬ੍ਰਹਮਾ ਦੋਹਾਂ ਨੇ ਰਣ-ਭੂਮੀ ਵਿਚ ਗੱਲਾਂ ਨਾਲ ਰਾਜੇ ਨੂੰ ਉਲਝਾ ਲਿਆ।

ਸ੍ਯਾਮ ਤਬੈ ਲਖਿ ਘਾਤ ਭਲੀ ਅਰਿ ਮਾਰਨ ਕੋ ਮ੍ਰਿਤ ਬਾਨ ਚਲਾਯੋ ॥

ਸ੍ਰੀ ਕ੍ਰਿਸ਼ਨ ਨੂੰ ਉਸੇ ਵੇਲੇ ਚੰਗਾ ਮੌਕਾ ਵੇਖ ਕੇ ਵੈਰੀ ਨੂੰ ਮਾਰਨ ਲਈ ਮ੍ਰਿਤੂ ਦੇਵ ਵਾਲਾ ਬਾਣ ਛਡ ਦਿੱਤਾ।

ਮੰਤ੍ਰਨਿ ਕੇ ਬਲ ਸੋ ਛਲ ਸੋ ਤਬ ਭੂਪਤਿ ਕੋ ਸਿਰੁ ਕਾਟਿ ਗਿਰਾਯੋ ॥੧੭੦੦॥

ਮੰਤਰਾਂ ਦੇ ਜ਼ੋਰ ਨਾਲ ਅਤੇ ਛਲ ਪੂਰਵਕ ਤਦ ਰਾਜੇ ਦਾ ਸਿਰ ਕਟ ਕੇ ਸੁਟ ਦਿੱਤਾ ॥੧੭੦੦॥

ਜਦਿਪਿ ਸੀਸ ਕਟਿਓ ਨ ਹਟਿਓ ਗਹਿ ਕੇਸਨਿ ਤੇ ਹਰਿ ਓਰਿ ਚਲਾਯੋ ॥

(ਖੜਗ ਸਿੰਘ ਦਾ) ਭਾਵੇਂ ਸਿਰ ਕਟਿਆ ਗਿਆ ਹੈ, (ਪਰ ਯੁੱਧ ਤੋਂ) ਟਲਿਆ ਨਹੀਂ ਹੈ। (ਆਪਣੇ ਸਿਰ ਨੂੰ) ਕੇਸਾਂ ਤੋਂ ਪਕੜ ਕੇ ਸ੍ਰੀ ਕ੍ਰਿਸ਼ਨ ਵਲ ਸੁਟ ਦਿੱਤਾ ਹੈ।

ਮਾਨਹੁ ਪ੍ਰਾਨ ਚਲਿਯੋ ਦਿਵਿ ਆਨਨ ਕਾਜ ਬਿਦਾ ਬ੍ਰਿਜਰਾਜ ਪੈ ਆਯੋ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਪ੍ਰਾਣ ਦੇਵ-ਲੋਕ ਚਲੇ ਹੋਣ ਅਤੇ ਮੂੰਹ ਸ੍ਰੀ ਕ੍ਰਿਸ਼ਨ ਪਾਸੋਂ ਵਿਦਾਇਗੀ ਲੈਣ ਲਈ ਆਇਆ ਹੋਵੇ।

ਸੋ ਸਿਰੁ ਲਾਗ ਗਯੋ ਹਰਿ ਕੇ ਉਰਿ ਮੂਰਛ ਹ੍ਵੈ ਪਗੁ ਨ ਠਹਰਾਯੋ ॥

ਉਹ ਸਿਰ ਸ੍ਰੀ ਕ੍ਰਿਸ਼ਨ ਦੀ ਛਾਤੀ ਵਿਚ ਵਜਿਆ ਹੈ ਅਤੇ (ਉਹ) ਮੂਰਛਿਤ ਹੋ ਕੇ (ਡਿਗ ਪਏ ਹਨ) ਅਤੇ ਪੈਰਾਂ ਉਤੇ ਸਥਿਰ ਨਹੀਂ ਰਹਿ ਸਕੇ ਹਨ।

ਦੇਖਹੁ ਪਉਰਖ ਭੂਪ ਕੇ ਮੁੰਡ ਕੋ ਸ੍ਯੰਦਨ ਤੇ ਪ੍ਰਭੁ ਭੂਮਿ ਗਿਰਾਯੋ ॥੧੭੦੧॥

ਰਾਜੇ ਦੇ ਸਿਰ ਦਾ ਬਲ ਵੇਖੋ (ਕਿ ਉਸ ਨੇ) ਸ੍ਰੀ ਕ੍ਰਿਸ਼ਨ ਨੂੰ ਰਥ ਤੋਂ ਭੂਮੀ ਉਤੇ ਸੁਟ ਦਿੱਤਾ ਹੈ ॥੧੭੦੧॥

ਭੂਪਤ ਜੈਸੋ ਸੁ ਪੌਰਖ ਕੀਨੋ ਹੈ ਤੈਸੀ ਕਰੀ ਨ ਕਿਸੀ ਕਰਨੀ ॥

ਜਿਸ ਪ੍ਰਕਾਰ ਦੀ ਬਹਾਦਰੀ ਰਾਜੇ ਨੇ ਕੀਤੀ ਹੈ, ਓਹੋ ਜਿਹੀ 'ਕਰਨੀ' ਕਿਸੇ (ਹੋਰ) ਨੇ ਨਹੀਂ ਕੀਤੀ ਹੈ।

ਲਖਿ ਜਛਨਿ ਕਿਨਰੀ ਰੀਝ ਰਹੀ ਨਭ ਮੈ ਸਭ ਦੇਵਨ ਕੀ ਘਰਨੀ ॥

(ਉਸ ਵੀਰਤਾ ਨੂੰ) ਵੇਖ ਕੇ ਯਕਸ਼-ਇਸਤਰੀਆਂ, ਕਿੰਨਰ-ਇਸਤਰੀਆਂ ਅਤੇ ਸਾਰਿਆਂ ਦੇਵਤਿਆਂ ਦੀਆਂ ਘਰ ਵਾਲੀਆਂ ਆਕਾਸ਼ ਵਿਚ ਰੀਝ ਰਹੀਆਂ ਹਨ

ਮ੍ਰਿਦ ਬਾਜਤ ਬੀਨ ਮ੍ਰਿਦੰਗ ਉਪੰਗ ਮੁਚੰਗ ਲੀਏ ਉਤਰੀ ਧਰਨੀ ॥

ਅਤੇ ਬੀਨ, ਮ੍ਰਿਦੰਗ, ਉਪੰਗ, ਮੁਚੰਗ ਨੂੰ (ਹੱਥ ਵਿਚ ਲਏ ਹੋਇਆਂ) ਕੋਮਲ ਧੁਨ ਕਢਦੀਆਂ ਧਰਤੀ ਉਤੇ ਉਤਰੀਆਂ ਹਨ।

ਨਭ ਨਾਚਤ ਗਾਵਤ ਰੀਝਿ ਰਿਝਾਵਤ ਯੌ ਉਪਮਾ ਕਬਿ ਨੇ ਬਰਨੀ ॥੧੭੦੨॥

ਸਾਰੀਆਂ ਨਚਦੀਆਂ ਅਤੇ ਗਾਉਂਦੀਆਂ ਹੋਈਆਂ ਪ੍ਰਸੰਨ ਹੋ ਰਹੀਆਂ ਹਨ ਅਤੇ ਹੋਰਨਾਂ ਨੂੰ ਵੀ ਰਿਝਾ ਰਹੀਆਂ ਹਨ। ਇਸ ਤਰ੍ਹਾਂ ਦੀ ਉਪਮਾ ਕਵੀ ਨੇ ਵਰਣਨ ਕੀਤੀ ਹੈ ॥੧੭੦੨॥

ਦੋਹਰਾ ॥

ਦੋਹਰਾ:

ਨਭ ਤੇ ਉਤਰੀ ਸੁੰਦਰੀ ਸਕਲ ਲੀਏ ਸੁਰ ਸਾਜ ॥

ਦੇਵਤਿਆਂ ਦੇ ਸਾਰੇ ਸਾਜ਼ ਲੈ ਕੇ ਆਕਾਸ਼ ਤੋਂ ਸੁੰਦਰੀਆਂ ਉਤਰੀਆਂ ਹਨ।

ਕਵਨ ਹੇਤ ਕਬਿ ਸ੍ਯਾਮ ਕਹਿ ਭੂਪਤਿ ਬਰਬੇ ਕਾਜ ॥੧੭੦੩॥

ਕਿਸ ਲਈ ਉਤਰੀਆਂ ਹਨ? ਕਵੀ ਸ਼ਿਆਮ ਕਹਿੰਦੇ ਹਨ, ਰਾਜੇ ਨੂੰ ਵਿਆਹੁਣ ਦੇ ਕਾਰਜ ਲਈ (ਉਤਰੀਆਂ ਹਨ) ॥੧੭੦੩॥

ਸਵੈਯਾ ॥

ਸਵੈਯਾ:

ਮੁੰਡ ਬਿਨਾ ਤਬ ਰੁੰਡ ਸੁ ਭੂਪਤਿ ਕੋ ਚਿਤ ਮੈ ਅਤਿ ਕੋਪ ਬਢਾਯੋ ॥

ਤਦ ਸਿਰ ਤੋਂ ਬਿਨਾ ਰਾਜੇ ਦੇ ਧੜ ਨੇ ਚਿਤ ਵਿਚ ਬਹੁਤ ਕ੍ਰੋਧ ਵਧਾ ਲਿਆ ਹੈ।

ਦ੍ਵਾਦਸ ਭਾਨੁ ਜੁ ਠਾਢੇ ਹੁਤੇ ਕਬਿ ਸ੍ਯਾਮ ਕਹੈ ਤਿਹ ਊਪਰਿ ਧਾਯੋ ॥

ਕਵੀ ਸ਼ਿਆਮ ਕਹਿੰਦੇ ਹਨ, ਜਿਥੇ ਬਾਰ੍ਹਾਂ ਸੂਰਜ ਖੜੋਤੇ ਹੋਏ ਸਨ, ਉਥੇ ਉਨ੍ਹਾਂ ਉਤੇ ਹਮਲਾ ਕਰ ਕੇ ਜਾ ਪਿਆ।

ਭਾਜਿ ਗਏ ਕਰਿ ਤ੍ਰਾਸ ਸੋਊ ਸਿਵ ਠਾਢੋ ਰਹਿਯੋ ਤਿਹ ਊਪਰ ਆਯੋ ॥

ਉਹ (ਸਾਰੇ) ਡਰ ਕੇ ਭਜ ਗਏ ਹਨ। (ਫਿਰ ਜਿਥੇ) ਸ਼ਿਵ ਖੜੋਤਾ ਸੀ, ਉਸ ਉਪਰ ਧਾ ਕੇ ਪਿਆ ਹੈ।

ਸੋ ਨ੍ਰਿਪ ਬੀਰ ਮਹਾ ਰਨਧੀਰ ਚਟਾਕਿ ਚਪੇਟ ਦੈ ਭੂਮਿ ਗਿਰਾਯੋ ॥੧੭੦੪॥

ਉਸ ਰਾਜੇ ਨੇ ਮਹਾਨ ਸੂਰਵੀਰਾਂ ਅਤੇ ਰਣਧੀਰਾਂ ਨੂੰ ਚਟਾਕ ਚਪੇੜ ਮਾਰ ਕੇ ਧਰਤੀ ਉਤੇ ਸੁਟ ਦਿੱਤਾ ਹੈ ॥੧੭੦੪॥

ਏਕਨ ਮਾਰਿ ਚਪੇਟਨ ਸਿਉ ਅਰੁ ਏਕਨ ਕੋ ਧਮਕਾਰ ਗਿਰਾਵੈ ॥

ਇਕਨਾਂ ਨੂੰ ਚਪੇੜਾਂ ਮਾਰ ਕੇ ਅਤੇ ਇਕਨਾਂ ਨੂੰ ਧਮਕਾਉਣ ਨਾਲ ਡਿਗਾ ਦਿੱਤਾ ਹੈ।

ਚੀਰ ਕੈ ਏਕਨਿ ਡਾਰਿ ਦਏ ਗਹਿ ਏਕਨ ਕੋ ਨਭਿ ਓਰਿ ਚਲਾਵੈ ॥

ਇਕਨਾਂ ਨੂੰ ਚੀਰ ਕੇ ਸੁਟ ਦਿੱਤਾ ਹੈ ਅਤੇ ਇਕਨਾਂ ਨੂੰ ਫੜ ਕੇ ਆਕਾਸ਼ ਵਲ ਵਗਾ ਮਾਰਿਆ ਹੈ।

ਬਾਜ ਸਿਉ ਬਾਜਨ ਲੈ ਰਥ ਸਿਉ ਰਥ ਅਉ ਗਜ ਸਿਉ ਗਜਰਾਜ ਬਜਾਵੈ ॥

(ਉਹ) ਘੋੜੇ ਨਾਲ ਘੋੜਾ, ਰਥ ਨਾਲ ਰਥ ਅਤੇ ਹਾਥੀ ਨਾਲ ਹਥੀ ਟਕਰਾਉਂਦਾ ਹੈ।


Flag Counter