ਦੈਂਤਾਂ ਦੀ ਹਜ਼ਾਰ ਅਛੋਹਣੀ ਸੈਨਾ,
ਅੱਖਾਂ ਲਾਲ ਕਰ ਕੇ ਅਗੇ ਵੱਧ ਚਲੀ।
ਅਮਿਤ (ਸੈਨਾ ਦਲ) ਕ੍ਰੋਧ ਕਰ ਕੇ ਚੜ੍ਹ ਪਏ
ਅਤੇ ਪ੍ਰਿਥਵੀ ਦੇ ਛੇ ਪਟ (ਧੂੜ ਬਣ ਕੇ) ਉਡ ਗਏ ॥੭੮॥
ਧਰਤੀ ਕੇਵਲ ਇਕ ਪੁੜ ਰਹਿ ਗਈ।
ਛੇ ਪਟ ਘੋੜਿਆਂ ਦੇ ਖੁਰਾਂ ਨਾਲ ਹੀ ਉਡ ਗਏ।
(ਇੰਜ ਲਗਦਾ ਸੀ) ਮਾਨੋ ਵਿਧਾਤਾ ਨੇ ਇਕੋ ਪਾਤਾਲ ਹੀ ਰਚਿਆ ਹੋਵੇ
ਅਤੇ ਤੇਰ੍ਹਾਂ ਆਕਾਸ਼ਾਂ ਦੀ ਰਚਨਾ ਕੀਤੀ ਹੋਵੇ ॥੭੯॥
ਮਹਾਦੇਵ ਆਸਣ ਤੋਂ ਡੋਲ ਗਿਆ।
ਬ੍ਰਹਮਾ ਭੈ ਭੀਤ ਹੋ ਕੇ ਬੂਟੇ (ਭਾਵ ਕਮਲ ਨਾਭ) ਵਿਚ ਵੜ ਗਿਆ।
ਰਣ-ਭੂਮੀ ਨੂੰ ਵੇਖ ਕੇ ਵਿਸ਼ਣੂ ਵੀ ਬਹੁਤ ਡਰ ਗਿਆ
ਅਤੇ ਲਾਜ ਦਾ ਮਾਰਿਆ ਸਮੁੰਦਰ ਵਿਚ ਜਾ ਛੁਪਿਆ ॥੮੦॥
ਖ਼ੂਬ ਮਾਰ ਕਾਟ ਦਾ ਭਿਆਨਕ ਯੁੱਧ ਮਚਿਆ
ਜਿਸ ਨੂੰ ਅਨੇਕ ਦੇਵਤੇ ਅਤੇ ਦੈਂਤ ਵੇਖ ਰਹੇ ਸਨ।
ਉਥੇ ਬਹੁਤ ਭਿਅੰਕਰ ਯੁੱਧ ਹੋਇਆ।
ਧਰਤੀ ਕੰਬ ਗਈ ਅਤੇ ਆਕਾਸ਼ ਥਰਥਰਾ ਗਿਆ ॥੮੧॥
ਯੁੱਧ ਨੂੰ ਵੇਖ ਕੇ ਵਿਸ਼ਣੂ ('ਕਮਲੇਸਾ') ਕੰਬ ਗਿਆ।
ਇਸ ਕਰ ਕੇ ਇਸਤਰੀ ਦਾ ਭੇਸ ਧਾਰਨ ਕਰ ਲਿਆ।
ਲੜਾਈ ਨੂੰ ਵੇਖ ਕੇ ਸ਼ਿਵ ਵੀ ਡਰ ਗਿਆ
ਅਤੇ ਜੋਗੀ ਅਖਵਾ ਕੇ ਜੰਗਲ ਵਿਚ ਜਾ ਵਸਿਆ ॥੮੨॥
ਕਾਰਤਿਕੇਯ ਬਿਹੰਡਲ (ਨੜ ਅਥਵਾ ਨਪੁੰਸਕ) ਬਣ ਕੇ ਰਹਿ ਗਿਆ।
ਬ੍ਰਹਮਾ ਘਰ ਛਡ ਕੇ ਕਮੰਡਲ ਵਿਚ ਜਾ ਲੁਕਿਆ।
ਤਦ ਤੋਂ ਹੀ ਪਹਾੜ ਪੈਰਾਂ ਨਾਲ ਪਿਸ ਗਏ
ਅਤੇ ਸਾਰੇ ਉੱਤਰ ਦਿਸ਼ਾ ਵਿਚ ਜਾ ਵਸੇ ॥੮੩॥
ਧਰਤੀ ਡਗਡੋਲ ਗਈ ਅਤੇ ਆਕਾਸ਼ ਗਰਜਣ ਲਗਾ।
ਘੋੜਿਆਂ ਦੇ ਖੁਰਾਂ ਨਾਲ ਪਰਬਤ ਪਿਸ ਗਏ।
ਬਾਣਾਂ (ਦੇ ਅਧਿਕ ਛਾ ਜਾਣ ਨਾਲ) ਅੰਧ ਗ਼ੁਬਾਰ ਛਾ ਗਿਆ
ਅਤੇ ਆਪਣਾ ਹੱਥ ਵੀ ਵੇਖਿਆ ਨਹੀਂ ਜਾ ਰਿਹਾ ॥੮੪॥
ਯੁੱਧ ਵਿਚ ਬਿਛੂਏ, ਬਾਣ, ਬਜ੍ਰ ਆਦਿ ਵਰ੍ਹਨ ਲਗੇ
ਅਤੇ ਸੂਰਮੇ ਰੋਹ ਵਿਚ ਆ ਆ ਕੇ ਧੁਨਸ਼ਾਂ ਨੂੰ ਤਣਨ ਲਗੇ।
(ਉਹ) ਨਿਸ਼ਾਣਾ ਬੰਨ੍ਹ ਬੰਨ੍ਹ ਕੇ ਅਤੇ ਰੋਹ ਨਾਲ ਭਰੇ ਹੋਏ ਤੀਰ ਚਲਾਉਂਦੇ ਸਨ,
ਜੋ ਕਵਚਾਂ ('ਤ੍ਰਾਨ ਤਨ') ਨੂੰ ਵਿੰਨ੍ਹ ਕੇ ਪਾਰ ਨਿਕਲ ਜਾਂਦੇ ਸਨ ॥੮੫॥
ਜਦ ਯੁੱਧ-ਭੂਮੀ ਵਿਚ ਬਹੁਤ ਅਧਿਕ ਯੋਧੇ (ਇਕਤ੍ਰ) ਹੋ ਗਏ,
ਤਾਂ ਮਹਾ ਕਾਲ ਦਾ ਕ੍ਰੋਧ ਵੱਧ ਗਿਆ।
(ਉਸ ਨੇ) ਬਹੁਤ ਅਧਿਕ ਕ੍ਰੋਧ ਕਰ ਕੇ ਬਾਣ ਚਲਾਏ
ਅਤੇ ਬਹੁਤ ਜ਼ਿਆਦਾ ਵੈਰੀ ਛਿਣ ਵਿਚ ਮਾਰ ਦਿੱਤੇ ॥੮੬॥
ਤਦ ਧਰਤੀ ਉਤੇ ਬਹੁਤ ਲਹੂ ਡਿਗਿਆ।
ਉਸ ਤੋਂ ਬਹੁਤ ਸਾਰੇ ਦੈਂਤਾ ਨੇ ਸ਼ਰੀਰ ਧਾਰਨ ਕਰ ਲਏ।
(ਉਨ੍ਹਾਂ) ਸਾਰਿਆਂ ਨੇ ਇਕ ਇਕ ਤੀਰ ਚਲਾਇਆ।
ਉਨ੍ਹਾਂ ਤੋਂ ਅਨੇਕ ਦੈਂਤ ਪੈਦਾ ਹੋ ਕੇ ਪੈ ਗਏ ॥੮੭॥
ਜਿਤਨੇ ਵੀ (ਅਗੇ) ਆਏ, ਉਤਨੇ ਹੀ (ਮਹਾ ਕਾਲ ਨੇ) ਮਾਰ ਦਿੱਤੇ।
ਧਰਤੀ ਉਤੇ ਲਹੂ ਦੇ ਪਰਨਾਲੇ ਵਗ ਪਏ।
ਉਸ ਤੋਂ ਬੇਸ਼ੁਮਾਰ ਦੈਂਤਾਂ ਨੇ ਸ਼ਰੀਰ ਧਾਰਨ ਕੀਤੇ,
ਜਿਨ੍ਹਾਂ ਦਾ ਮੇਰੇ ਤੋਂ ਵਿਚਾਰ ਨਹੀਂ ਕੀਤਾ ਜਾਂਦਾ ॥੮੮॥
ਚੌਦਾਂ ਲੋਕ ਡਗਮਗਾ ਗਏ
ਅਤੇ ਦੈਂਤਾਂ ਨਾਲ ਸਾਰੇ ਭਰ ਗਏ।
ਬ੍ਰਹਮਾ ਅਤੇ ਵਿਸ਼ਣੂ ਆਦਿ ਸਾਰੇ ਡਰ ਗਏ
ਅਤੇ ਮਹਾ ਕਾਲ ਦੀ ਸ਼ਰਨ (ਵਿਚ ਆਣ) ਲਈ ਚਲ ਪਏ ॥੮੯॥