ਨਗਰ ਦੀ ਇਕ ਗਊ ਵੀ ਨਹੀਂ ਬਚੀ, ਦੁੱਧ ਦੇਣ ਵਾਲੀਆਂ ਵੱਛਿਆਂ ਸਮੇਤ ਅਤੇ ਫੰਡਰਾਂ ਸਭ ਮਰ ਗਈਆਂ ਹਨ।
ਸ੍ਰੀ ਕ੍ਰਿਸ਼ਨ ਦੇ ਸਾਹਮਣੇ ਇਉਂ ਰੋਂਦੇ ਹਨ ਜਿਉਂ ਹੀਰ ਆਪਣੇ ਪਤੀ ਰਾਂਝੇ ਨੂੰ ਵੇਖੇ ਬਿਨਾ ਰੋਂਦੀ ਹੈ ॥੩੫੬॥
ਕਬਿੱਤ:
ਹੇ ਕਾਲੀ (ਨਾਗ) ਨੂੰ ਨੱਥਣ ਵਾਲੇ! ਹੇ ਕੇਸੀ ਦੇ ਵੈਰੀ! ਹੇ ਕਮਲ ਵਰਗੀਆਂ ਅੱਖਾਂ ਵਾਲੇ! ਹੇ ਕਮਲ-ਨਾਭ! ਹੇ ਕਮਲਾ ਦੇ ਪਤੀ! (ਸਾਡੀ) ਇਹ ਬੇਨਤੀ ਸੁਣ ਲਵੋ।
ਹੇ ਕਾਮਦੇਵ ਦੇ ਸਰੂਪ ਵਾਲੇ! ਹੇ ਕੰਸ ਨੂੰ ਮਾਰਨ ਵਾਲੇ! ਹੇ ਕਾਰਜਾਂ ਨੂੰ ਕਰਨ ਵਾਲੇ ਪ੍ਰਭੂ! ਹੇ ਕਾਮ ਨਾਲ ਬਿਹਬਲ ਹੋਈ ਇਸਤਰੀ ਦੇ ਕਾਮ ਨੂੰ ਨਿਵਾਰਨ ਵਾਲੇ! (ਸਾਡਾ ਇਹ) ਕੰਮ ਕਰੋ।
ਹੇ ਬ੍ਰਹਮਾ ਦੇ ਸੁਆਮੀ! ਹੇ ਕੁੰਭਕਰਨ ਨੂੰ ਮਾਰਨ ਵਾਲੇ! ਹੇ ਕਾਲ-ਨੇਮ ਨੂੰ ਕਤਲ ਕਰਨ ਵਾਲੇ! (ਕੋਈ) ਅਜਿਹੀ (ਜੁਗਤ) ਕਰੋ, ਜਿਸ ਕਰ ਕੇ (ਅਸੀਂ) ਜੀ ਸਕੀਏ।
ਹੇ ਕਲੰਕ ਨੂੰ ਦੂਰ ਕਰਨ ਵਾਲੇ! ਤੁਸੀਂ (ਸਾਰਿਆਂ) ਕੰਮਾਂ ਦੇ ਸਾਧਕ ਹੋ। (ਇਸ ਲਈ) ਹੇ ਕ੍ਰਿਪਾ-ਨਿਧਾਨ (ਅਸਾਂ) ਦਾਸਾਂ ਦੀ ਬੇਨਤੀ ਨੂੰ ਸੁਣ ਲਵੋ ॥੩੫੭॥
ਸਵੈਯਾ:
ਜਦੋਂ ਕ੍ਰੋਧਵਾਨ (ਬਦਲਾਂ ਦੀਆਂ) ਤੀਰਾਂ ਦੇ ਸਮਾਨ ਬੂੰਦਾਂ ਬ੍ਰਜ ਨਗਰ ਉਪਰ ਪਈਆਂ,
ਉਹ ਕਿਸੇ ਤੋਂ ਸਹੀਆਂ ਨਾ ਗਈਆਂ ਅਤੇ ਘਰਾਂ ਨੂੰ ਵਿੰਨ੍ਹ ਕੇ ਧਰਤੀ ਵਿਚ ਧਸ ਗਈਆਂ,
ਉਨ੍ਹਾਂ (ਬੂੰਦਾਂ) ਨੂੰ ਅੱਖਾਂ ਨਾਲ ਵੇਖ ਕੇ ਗਵਾਲਿਆਂ ਨੇ ਸ੍ਰੀ ਕ੍ਰਿਸ਼ਨ ਪਾਸ ਪਹੁੰਚ ਕੇ ਬੇਨਤੀ ਕੀਤੀ
ਕਿ ਇੰਦਰ ਸਾਡੇ ਉਤੇ ਕ੍ਰੋਧ ਨਾਲ ਭਰਿਆ ਹੋਇਆ ਹੈ, ਹੇ ਸੁਆਮੀ! ਤੁਸੀਂ ਉਠ ਕੇ ਸਾਡੀ ਰਖਿਆ ਕਰੋ ॥੩੫੮॥
ਕਿਤੇ ਵੀ ਸੂਰਜ ਚੜ੍ਹਿਆ ਹੋਇਆ ਨਜ਼ਰੀਂ ਨਹੀਂ ਪੈਂਦਾ, ਦਸਾਂ ਦਿਸ਼ਾਵਾਂ ਤੋਂ ਬਦਲ ਘੇਰਾ ਪਾ ਕੇ ਆ ਗਏ ਹਨ।
ਕ੍ਰੋਧ ਨਾਲ ਭਰੇ ਹੋਏ ਮਾਨੋ ਸ਼ੇਰ ਵਾਂਗ ਗਜਦੇ ਹੋਣ ਅਤੇ ਬਿਜਲੀ ਰੂਪ ਦੰਦ ਕਢ ਕੇ ਵਿਖਾਉਂਦੇ ਹੋਣ।
ਗਵਾਲਿਆਂ ਨੇ ਕ੍ਰਿਸ਼ਨ ਕੋਲ ਜਾ ਕੇ ਬੇਨਤੀ ਕੀਤੀ, ਹੇ ਪ੍ਰਭੂ! (ਸਾਡੀ ਬੇਨਤੀ) ਸੁਣ ਲਵੋ (ਅਤੇ ਫਿਰ ਓਹੀ ਕਰਿਓ) ਜੋ ਤੁਹਾਨੂੰ ਚੰਗਾ ਲਗੇ।
(ਤੁਹਾਡੇ ਹੁੰਦਿਆਂ ਇਹ ਗੱਲ ਹੋਈ ਜਿਵੇਂ) ਸ਼ੇਰ ਦੇ ਵੇਖਦਿਆਂ ਸ਼ੇਰਨੀ ਨੂੰ ਗਿਦੜ ਕ੍ਰੋਧ ਨਾਲ ਕਹੇ ਕਿ (ਮੈਂ ਤੈਨੂੰ) ਯਮਲੋਕ ਭੇਜ ਦਿਆਂਗਾ ॥੩੫੯॥
(ਇੰਦਰ ਨੇ) ਕ੍ਰੋਧ ਨਾਲ ਭਰ ਕੇ, ਸਾਡੇ ਨਗਰ ਉਤੇ ਬਹੁਤ ਸਾਰੇ ਬਦਲਾਂ ਦਾ ਘੇਰਾ ਪਾ ਦਿੱਤਾ ਹੈ।
ਜਿਸ (ਇੰਦਰ) ਦੇ ਵਾਹਨ ਨੂੰ ਲੋਕ ਹਾਥੀ ਕਹਿੰਦੇ ਹਨ ਅਤੇ ਜਿਸ ਨੇ ਕ੍ਰੋਧ ਕਰ ਕੇ ਪਰਬਤਾਂ ਦੇ ਖੰਭ ਕਟ ਦਿੱਤੇ ਸਨ।
(ਹੇ ਸ੍ਰੀ ਕ੍ਰਿਸ਼ਨ!) ਤੁਸੀਂ ਹੀ ਸਾਰੇ ਸੰਸਾਰ ਦੇ ਕਰਤਾ ਹੋ, ਤੁਸੀਂ ਹੀ (ਰਾਮ ਰੂਪ ਵਿਚ) ਰਾਵਣ ਦੇ ਸਿਰ ਕਟੇ ਸਨ,
ਫਿਰ ਤੁਹਾਡੇ ਵਰਗੇ (ਸਰਬ ਸਮਰਥ ਦੇ) ਵੇਖਦੇ ਹੋਇਆਂ ਕ੍ਰੋਧ ਨਾਲ ਭਰੇ ਹੋਏ ਕਾਲੇ ਬਦਲ ਗਵਾਲਿਆਂ ਨੂੰ ਡਰਾਉਂਦੇ ਹਨ ॥੩੬੦॥
ਹੇ ਸ੍ਰੀ ਕ੍ਰਿਸ਼ਨ! ਸੁਣੋ, (ਤੁਸੀਂ) ਵੱਡੇ ਹੋ। ਅੱਠੇ ਪਹਿਰ ਲੋਕੀਂ ਤੁਹਾਡਾ ਹੀ ਜਾਪ ਕਰਦੇ ਹਨ।
ਜਲ, ਅਗਨੀ, ਧਰਤੀ ਅਤੇ ਪਰਬਤਾਂ ਦੀ ਸਥਾਪਨਾ ਕਰ ਕੇ ਤੁਸੀਂ ਹੀ, ਹੇ ਪ੍ਰਭੂ! ਬਨਸਪਤੀ (ਸਿਰਜੀ ਹੈ)।
ਹੇ ਪਿਆਰੇ! ਜਦੋਂ ਜਗਤ ਵਿਚ ਗਿਆਨ ਦਾ ਘਾਟਾ ਪੈ ਗਿਆ, ਤਦੋਂ ਤੁਸੀਂ ਹੀ ਵੇਦ ਪ੍ਰਦਾਨ ਕੀਤੇ ਸਨ।
ਸਮੁੰਦਰ ਨੂੰ ਰਿੜਕਣ ਵੇਲੇ, ਤੁਸੀਂ ਹੀ ਮੋਹਿਨੀ ਰੂਪ ਹੋ ਕੇ ਦੇਵਤਿਆਂ ਅਤੇ ਦੈਂਤਾਂ ਵਿਚ ਅੰਮ੍ਰਿਤ ਵੰਡ ਦਿੱਤਾ ਸੀ ॥੩੬੧॥
ਗਵਾਲਿਆਂ ਨੇ ਫਿਰ ਮੂੰਹ ਤੋਂ (ਇਹ ਗੱਲ) ਕਹੀ ਕਿ (ਹੇ ਕ੍ਰਿਸ਼ਨ!) ਤੇਰੇ ਬਿਨਾ ਸਾਡਾ ਹੋਰ ਕੋਈ ਸਹਾਰਾ ਨਹੀਂ ਹੈ।
(ਤੁਸੀਂ) ਬਦਲਾਂ ਨੂੰ ਮਾਰ ਕੇ ਖਿੰਡਾ ਸੁਟੋ, ਜਿਵੇਂ ਬਾਲਕ ਰੂਪ ਵਿਚ ਕ੍ਰੋਧਵਾਨ ਹੋ ਕੇ ਤੁਸੀਂ ਗਡਾਸੁਰ ਨੂੰ (ਟੋਟੇ ਟੋਟੇ ਕਰ ਦਿੱਤਾ ਸੀ)।
ਮੇਘਾਂ ਦਾ ਭਿਆਨਕ ਰੂਪ ਵੇਖ ਕੇ ਸਾਡਾ ਜੀਉ ਬਹੁਤ ਡਰ ਰਿਹਾ ਹੈ।
ਹੇ ਕਾਨ੍ਹ! ਇਸ ਵੇਲੇ ਪੋਸਤੀਨ (ਖਲ੍ਹ ਦਾ ਬਣਿਆ ਕੋਟ) ਹੋ ਕੇ ਸਾਰਿਆਂ ਗਵਾਲਾਂ ਦਾ ਡਰ ਰੂਪੀ ਪਾਲਾ ਦੂਰ ਕਰ ਦਿਓ ॥੩੬੨॥
ਇੰਦਰ ਦੀ ਆਗਿਆ ਪ੍ਰਾਪਤ ਕਰ ਕੇ ਬਦਲਾਂ ਦੀ ਕਾਲੀ ਘਟਾ ਚੌਹਾਂ ਪਾਸਿਆਂ ਤੋਂ ਘਿਰੀ ਆਉਂਦੀ ਹੈ।
ਮਨ ਵਿਚ ਕ੍ਰੋਧ ਕਰ ਕੇ ਬ੍ਰਜ-ਭੂਮੀ ਉਤੇ ਆ ਕੇ ਬਹੁਤ ਬਲ ਪ੍ਰਦਰਸ਼ਨ ਕਰਦੇ ਹਨ।
ਬਿਜਲੀ ਬਹੁਤ ਚਮਕਦੀ ਹੈ ਅਤੇ ਬਹੁਤ ਬੂੰਦਾਂ ਰੂਪੀ ਤੀਰਾਂ ਦੀ ਬਰਖਾ ਕਰਦੇ ਹਨ।
ਗਵਾਲੇ ਕਹਿੰਦੇ ਹਨ ਕਿ ਸਾਡੇ ਤੋਂ ਕੋਈ ਭੁਲ ਹੋ ਗਈ ਹੈ, ਇਸੇ ਕਰ ਕੇ ਸਾਨੂੰ ਗੱਜ ਕੇ ਡਰਾਉਂਦੇ ਹਨ ॥੩੬੩॥
ਅਜ ਬਹੁਤ ਉਪਦ੍ਰਵ ਹੋਇਆ ਹੈ, (ਜਿਸ ਦਾ) ਡਰ ਮੰਨ ਕੇ ਸਾਰੇ ਗਵਾਲ ਸ੍ਰੀ ਕ੍ਰਿਸ਼ਨ ਪਾਸ ਪੁਕਾਰ ਕਰ ਰਹੇ ਹਨ।
ਸਾਡੇ ਉਤੇ ਇੰਦਰ ਨੇ ਕ੍ਰੋਧ ਕੀਤਾ ਹੈ, ਇਸੇ ਕਰ ਕੇ ਬ੍ਰਜ ਉਤੇ ਬਦਲ ਬਹੁਤ ਬਰਖਾ ਕਰਦੇ ਹਨ।
(ਹੇ ਕਾਨ੍ਹ!) ਤੁਸੀਂ ਇਸ ਦਾ ਭੋਜਨ ਖਾ ਲਿਆ ਹੈ, ਇਸ ਲਈ ਕ੍ਰੋਧ ਕਰ ਕੇ ਬ੍ਰਜ ਦੇ ਲੋਕਾਂ ਨੂੰ ਮਾਰ ਦੇਣਾ ਚਾਹੁੰਦਾ ਹੈ।
ਹੇ ਰਖਿਆ ਕਰਨ ਵਾਲੇ! ਤੁਸੀਂ ਸਾਰੇ ਜਗਤ ਦੇ ਰਖਿਅਕ ਹੋ, ਸਾਡੀ ਵੀ ਰਖਿਆ ਕਰੋ ॥੩੬੪॥
ਹੇ ਭਗਵਾਨ! ਹੁਣ ਕ੍ਰਿਪਾਲੂ ਹੋਵੋ ਅਤੇ ਕ੍ਰਿਪਾ ਕਰ ਕੇ ਇਨ੍ਹਾਂ (ਬਦਲਾਂ) ਨੂੰ ਤੁਸੀਂ (ਬ੍ਰਜ-ਭੂਮੀ ਵਿਚੋਂ) ਬਾਹਰ ਕਢ ਦਿਓ।
ਸਾਡੇ ਉਤੇ ਇੰਦਰ ਨੇ ਕ੍ਰੋਧ ਕੀਤਾ ਹੈ, ਇਸ ਲਈ ਇਥੇ ਸੱਤ ਦਿਨ ਬਹੁਤ ਬਰਖਾ ਹੋਈ ਹੈ।
ਬਲਰਾਮ ਭਰਾਤਾ ਇਨ੍ਹਾਂ (ਗਵਾਲਿਆਂ) ਦੀ ਰਖਿਆ ਲਈ ਕ੍ਰੋਧਵਾਨ ਹੋ ਕੇ ਤੁਰਤ ਉਠ ਖੜੋਤਾ।
(ਫਲਸਰੂਪ) ਬਦਲਾਂ ਦਾ ਜੀਉ ਘਟ ਗਿਆ ਅਤੇ ਸਾਰੇ ਗਵਾਲਿਆਂ ਦੇ ਮਨ ਵਿਚ ਆਨੰਦ ਵਧ ਗਿਆ ॥੩੬੫॥
ਗਵਾਲਿਆਂ ਦੀ ਬੇਨਤੀ ਸੁਣ ਕੇ ਸ੍ਰੀ ਕ੍ਰਿਸ਼ਨ ਨੇ ਸਾਰੇ ਗਵਾਲਿਆਂ ਨੂੰ ਆਪਣਾ ਕਰ ਕੇ ਜਾਣ ਲਿਆ।
ਜੋ ਸਾਰੇ ਵਿਸ਼ਵ ਦਾ ਕਰਤਾ ਹੈ, (ਉਹ) ਕ੍ਰਿਸ਼ਨ ਬਦਲਾਂ ਨੂੰ ਨਸ਼ਟ ਕਰਨ ਲਈ ਉਠ ਕੇ ਚਲ ਪਿਆ।
ਉਸ ਛਬੀ ਦੇ ਮਹਾਨ ਯਸ਼ ਨੂੰ ਕਵੀ ਨੇ ਆਪਣੇ ਮਨ ਵਿਚ ਇਸ ਤਰ੍ਹਾਂ ਵਿਚਾਰਿਆ
ਕਿ ਜਿਵੇਂ ਹਿਰਨੀ ਨੂੰ ਵੇਖ ਕੇ ਸ਼ੇਰ ਮੂੰਹ ਅਡ ਕੇ ਆ ਗਿਆ ਹੈ ॥੩੬੬॥
ਬਦਲਾਂ ਦਾ ਵਿਨਾਸ਼ ਕਰਨ ਲਈ ਬੀਰ ਰਸ ਵਿਚ ਰੱਤਾ ਹੋਇਆ (ਉਹ) ਭਗਵਾਨ (ਕ੍ਰਿਸ਼ਨ) ਚਲ ਪਿਆ,
(ਜੋ) ਤ੍ਰੇਤਾ ਯੁਗ ਵਿਚ ਰਾਮ ਰੂਪ ਵਿਚ ਪ੍ਰਗਟ ਹੋਇਆ ਸੀ ਅਤੇ ਜਿਸ ਨੇ ਤਕੜਾ ਯੁੱਧ ਕਰ ਕੇ ਰਾਵਣ ਨੂੰ ਮਾਰਿਆ ਸੀ,
ਜਿਸ ਨੇ (ਦੁਆਪੁਰ ਯੁਗ ਵਿਚ) ਇਸਤਰੀ ਨੂੰ ਵਿਆਹੁਣ ਲਈ ਅਯੋਧਿਆ ਵਿਚ ਕ੍ਰੋਧ ਕਰ ਕੇ ਸੱਤਾਂ ਬਲਦਾਂ ਨੂੰ ਇਕੋ ਵਾਰ ਨੱਥ ਲਿਆ ਸੀ,
(ਉਹੀ ਭਗਵਾਨ) ਗਵਾਲਿਆਂ ਅਤੇ ਗਊਆਂ ਦੀ ਰਖਿਆ ਕਰਨ ਲਈ ਅਤੇ ਉਨ੍ਹਾਂ (ਬਦਲਾਂ ਨੂੰ ਨਸ਼ਟ ਕਰਨ) ਲਈ ਮਦ-ਮਸਤ ਹਾਥੀ ਵਾਂਗ ਚਲਿਆ ਹੈ ॥੩੬੭॥