ਸ਼੍ਰੀ ਦਸਮ ਗ੍ਰੰਥ

ਅੰਗ - 1187


ਸੁਨੁ ਸਰਦਾਰ ਪਰੀ ਜੁ ਹਮ ਜਿਹ ਹਿਤ ਅਤਿ ਸ੍ਰਮ ਕੀਨ ॥

(ਸਖੀ ਪਰੀ ਸ਼ਾਹ ਪਰੀ ਨੂੰ ਕਹਿਣ ਲਗੀ।) ਹੇ ਸ਼ਾਹ ਪਰੀ! ਸੁਣ। ਜਿਸ ਲਈ ਮੈਂ ਬਹੁਤ ਯਤਨ ਕੀਤਾ ਹੈ,

ਅਬ ਤੈ ਯਾਹਿ ਬਰਿਯੋ ਚਹਤ ਮਿਲਨ ਨ ਤਾ ਕਹ ਦੀਨ ॥੪੪॥

ਹੁਣ ਤੂੰ ਉਸ ਨੂੰ ਵਰਨਾ ਚਾਹੁੰਦੀ ਹੈਂ ਅਤੇ ਉਸ ਨੂੰ (ਰਾਜ ਕੁਮਾਰੀ ਨਾਲ) ਮਿਲਣ ਵੀ ਨਹੀਂ ਦਿੰਦੀ ॥੪੪॥

ਚੌਪਈ ॥

ਚੌਪਈ:

ਸਖਿ ਸਰਦਾਰ ਪਰੀ ਕ੍ਯਾ ਕਰੈ ॥

ਹੇ ਸਖੀ! ਸ਼ਾਹ ਪਰੀ ਵੀ ਕੀ ਕਰੇ।

ਬਿਰਹ ਤਾਪ ਤਨ ਛਤਿਯਾ ਜਰੈ ॥

(ਇਸ ਦੇ) ਵਿਯੋਗ ਵਿਚ (ਮੇਰਾ) ਸ਼ਰੀਰ ਅਤੇ ਛਾਤੀ ਸੜ ਰਹੀ ਹੈ।

ਜਬ ਮੈ ਯਾ ਕੋ ਰੂਪ ਨਿਹਾਰਿਯੋ ॥

ਜਦ ਦਾ ਮੈਂ ਇਸ ਦਾ ਰੂਪ ਵੇਖਿਆ ਹੈ,

ਸ੍ਵਰਗ ਬਿਖੈ ਕੋ ਬਾਸ ਬਿਸਾਰਿਯੋ ॥੪੫॥

ਤਾਂ ਸਵਰਗ ਵਿਚ ਰਹਿਣ ਦਾ ਵਿਚਾਰ ਹੀ ਛਡ ਦਿੱਤਾ ਹੈ ॥੪੫॥

ਦੋਹਰਾ ॥

ਦੋਹਰਾ:

ਕਹਾ ਕਰੋ ਮੈ ਜਾਉ ਕਤ ਲਗੈ ਨਿਗੋਡੇ ਨੈਨ ॥

ਕੀ ਕਰਾਂ, ਮੈਂ ਕਿਥੇ ਜਾਵਾਂ? (ਮੇਰੇ) ਭੈੜੇ ਨੈਣ ਲਗ ਗਏ ਹਨ।

ਬਿਨੁ ਹੇਰੇ ਕਲ ਨ ਪਰੈ ਨਿਰਖਤ ਲਾਗਤ ਚੈਨ ॥੪੬॥

(ਉਸ ਨੂੰ) ਬਿਨਾ ਦੇਖਿਆਂ ਚੈਨ ਨਹੀਂ ਪੈਂਦਾ ਅਤੇ ਵੇਖਣ ਨਾਲ ਸੁਖ ਦਾ ਅਨੁਭਵ ਹੁੰਦਾ ਹੈ ॥੪੬॥

ਬਿਨ ਦੇਖੇ ਮਹਬੂਬ ਕੇ ਪਲਕ ਲਗਤ ਹੈ ਜਾਮ ॥

ਬਿਨਾ ਮਹਿਬੂਬ ਨੂੰ ਵੇਖੇ ਇਕ ਪਲਕ ਵੀ ਪਹਿਰ ਜਿੰਨਾ ਲਗਦਾ ਹੈ।

ਤਬ ਸਰਦਾਰ ਪਰੀ ਹੁਤੀ ਅਬ ਇਹ ਭਈ ਗੁਲਾਮ ॥੪੭॥

ਤਦੋਂ ਇਹ ਸ਼ਾਹ ਪਰੀ ਸੀ, ਹੁਣ ਇਹ ਗ਼ੁਲਾਮ ਬਣ ਕੇ ਰਹਿ ਗਈ ਹੈ ॥੪੭॥

ਕਹਾ ਕਰੌ ਕਾ ਸੌ ਕਹੌ ਕਹੇ ਨ ਆਵਤ ਬੈਨ ॥

(ਮੈਂ) ਕੀ ਕਰਾਂ, ਕਿਸ ਨੂੰ ਕਹਾਂ? (ਮੈਥੋਂ) ਗੱਲ ਨਹੀਂ ਕੀਤੀ ਜਾ ਰਹੀ।

ਬਿਨੁ ਦੇਖੇ ਮਹਬੂਬ ਕੇ ਭਏ ਜਹਮਤੀ ਨੈਨ ॥੪੮॥

ਬਿਨਾ ਮਹਿਬੂਬ ਨੂੰ ਵੇਖਿਆਂ ਨੈਣ ਰੋਗੀ ('ਜਹਮਤੀ') ਹੋ ਗਏ ਹਨ ॥੪੮॥

ਅੜਿਲ ॥

ਅੜਿਲ:

ਪਲਕ ਨ ਇਤ ਉਤ ਜਾਇ ਨੈਨ ਐਸੇ ਲਗੇ ॥

ਨੈਣ ਅਜਿਹੇ ਲਗੇ ਹਨ ਕਿ ਪਲ ਭਰ ਲਈ ਵੀ ਇਧਰ ਉਧਰ ਨਹੀਂ ਜਾਂਦੇ (ਭਾਵ ਵੇਖਦੇ)।

ਪਿਯ ਦੇਖਨ ਕੇ ਪ੍ਰੇਮ ਦੋਊ ਇਹ ਬਿਧਿ ਪਗੇ ॥

ਪ੍ਰੀਤਮ ਨੂੰ ਵੇਖਣ ਲਈ ਇਹ ਦੋਵੇਂ ਉਸ ਦੇ ਪ੍ਰੇਮ ਵਿਚ ਮਗਨ ਹੋ ਗਏ ਹਨ।

ਲਗਨ ਲਾਗਿ ਮੁਰਿ ਗਈ ਨਿਗੋਡਿ ਨ ਛੂਟਈ ॥

ਮੇਰੀ (ਅਜਿਹੀ) ਲਗਨ ਲਗ ਗਈ ਹੈ ਕਿ ਭੈੜੀ ਛੁਟਦੀ ਹੀ ਨਹੀਂ।

ਹੋ ਨੈਕੁ ਨਿਹਾਰੇ ਬਿਨੁ ਸਖਿ ਪ੍ਰਾਨ ਨਿਖੂਟਈ ॥੪੯॥

ਹੇ ਸਖੀ! ਉਸ ਨੂੰ ਜ਼ਰਾ ਜਿੰਨਾ ਵੇਖੇ ਬਿਨਾ (ਮੇਰੇ) ਪ੍ਰਾਣ ਨਿਕਲਦੇ ਜਾ ਰਹੇ ਹਨ ॥੪੯॥

ਛੁਟਤ ਛੁਟਾਏ ਨਾਹਿ ਨਿਗੋਡੇ ਜਹ ਲਗੇ ॥

ਭੈੜੇ ਅਜਿਹੇ ਲਗੇ ਹਨ ਕਿ ਹਟਾਇਆ ਹਟਦੇ ਨਹੀਂ ਹਨ।

ਪਲਕ ਨ ਇਤ ਉਤ ਹੋਇ ਪ੍ਰੇਮ ਪਿਯ ਕੇ ਪਗੇ ॥

ਪ੍ਰੀਤਮ ਦੇ ਪ੍ਰੇਮ ਵਿਚ ਮਗਨ ਹੋਣ ਕਾਰਨ ਪਲਕ ਭਰ ਵੀ ਇਧਰ ਉਧਰ ਨਹੀਂ ਜਾਂਦੇ।

ਜਹਾ ਲਗੇ ਏ ਨੈਨ ਤਹੀ ਕੈ ਹ੍ਵੈ ਰਹੇ ॥

ਜਿਥੇ ਵੀ ਇਹ ਨੈਣ ਲਗ ਗਏ ਹਨ, ਉਥੋਂ ਦੀ ਹੀ ਹੋ ਕੇ ਰਹਿ ਗਏ ਹਨ।

ਹੋ ਫਿਰਿ ਆਵਨ ਕੇ ਨਾਹਿ ਕਬਿਨ ਐਸੇ ਕਹੇ ॥੫੦॥

ਕਵੀਆਂ ਨੇ ਇਸ ਤਰ੍ਹਾਂ ਕਿਹਾ ਹੈ (ਕਿ ਇਹ ਜਿਥੇ ਲਗ ਗਏ) ਫਿਰ ਉਥੋਂ ਪਰਤਦੇ ਨਹੀਂ ਹਨ ॥੫੦॥

ਦੋਹਰਾ ॥

ਦੋਹਰਾ:

ਥਰਹਰਾਇ ਥਿਰ ਨ ਰਹਹਿ ਪਲਕ ਨਹੀ ਠਹਰਾਹਿ ॥

ਇਹ ਥਰਥਰਾ ਰਹੇ ਹਨ, ਸਥਿਰ ਨਹੀਂ ਹੁੰਦੇ, ਪਲ ਭਰ ਵੀ ਟਿਕ ਨਹੀਂ ਰਹੇ।

ਜਹ ਲਾਗੇ ਏ ਲੋਇਨਾ ਫਿਰਿ ਆਵਨ ਕੇ ਨਾਹਿ ॥੫੧॥

ਜਿਥੇ ਇਹ ਨੈਣ ਹੁਣ ਲਗ ਗਏ, ਫਿਰ (ਉਥੋਂ) ਪਰਤਣ ਵਾਲੇ ਨਹੀਂ ॥੫੧॥

ਨਿਰਖਿ ਨੈਨ ਮਹਬੂਬ ਕੇ ਨੈਨ ਗਡੇ ਤਿਨ ਮਾਹਿ ॥

ਪ੍ਰੇਮੀ ਦੇ ਨੈਣ ਵੇਖ (ਮੇਰੇ) ਨੈਣ ਉਨ੍ਹਾਂ ਵਿਚ ਗਡ ਗਏ ਹਨ।

ਉਡੈ ਅਘਾਨੇ ਬਾਜ ਜ੍ਯੋ ਫਿਰ ਆਵਨ ਕੇ ਨਾਹਿ ॥੫੨॥

ਰਜੇ ਹੋਏ ਬਾਜ ਵਾਂਗ ਉਡ ਗਏ ਹਨ, ਫਿਰ ਮੁੜਨ ਵਾਲੇ ਨਹੀਂ ਹਨ ॥੫੨॥

ਜਹਾ ਲਗੇ ਏ ਲੋਇਨਾ ਤਹ ਹੀ ਕੇ ਸੁ ਭਏ ॥

ਜਿਥੇ ਇਹ ਨੈਣ ਲਗ ਗਏ, (ਫਿਰ) ਉਥੋਂ ਦੇ ਹੀ ਹੋ ਗਏ।

ਬਹਰੀ ਜ੍ਯੋਂ ਕਹਰੀ ਦੋਊ ਗਏ ਸੁ ਗਏ ਗਏ ॥੫੩॥

ਬਹਿਰੀ (ਸ਼ਿਕਾਰੀ ਪੰਛੀ) ਵਾਂਗ ਇਹ ਦੋਵੇਂ ਕਹਿਰਵਾਨ ਹਨ, (ਇਕ ਵਾਰ) ਗਏ ਤਾਂ ਫਿਰ ਸਦਾ ਲਈ ਚਲੇ ਗਏ ॥੫੩॥

ਅੜਿਲ ॥

ਅੜਿਲ:

ਜਿਤ ਲਾਗੇ ਏ ਨੈਨ ਸੁ ਤਿਤਹੀ ਕੇ ਭਏ ॥

ਇਹ ਨੈਣ ਜਿਥੇ ਲਗ ਗਏ, (ਫਿਰ) ਉਥੋਂ ਦੇ ਹੋ ਕੇ ਰਹਿ ਗਏ।

ਕਰਿ ਹਾਰੀ ਹੌ ਜਤਨ ਨ ਭੂਲਿ ਇਤੈ ਅਏ ॥

ਮੈਂ ਬਹੁਤ ਯਤਨ ਕਰ ਥਕੀ ਹਾਂ, (ਇਹ) ਭੁਲ ਕੇ ਵੀ ਇਧਰ ਨਹੀਂ ਆਏ।

ਛੁਟੀ ਬਾਤ ਮੁਰਿ ਕਰ ਤੇ ਕਹੋ ਹੌ ਕ੍ਯਾ ਕਰੌ ॥

ਮੇਰੇ ਹੱਥੋਂ ਗੱਲ ਨਿਕਲ ਗਈ ਹੈ (ਭਾਵ ਮੇਰੇ ਵਸ ਹੁਣ ਕੁਝ ਨਹੀਂ ਰਿਹਾ) ਦਸੋ, ਮੈਂ ਕੀ ਕਰਾਂ?

ਹੋ ਮਦਨ ਤਾਪ ਤਨ ਤਈ ਸਦਾ ਜਿਯ ਮੈ ਜਰੌ ॥੫੪॥

ਕਾਮ ਨਾਲ ਤਪੀ ਹੋਈ (ਮੈਂ) ਸਦਾ ਹਿਰਦੇ ਵਿਚ ਸੜ ਰਹੀ ਹਾਂ ॥੫੪॥

ਚੌਪਈ ॥

ਚੌਪਈ:

ਕੋਟਿ ਜਤਨ ਕਰਿ ਰਹੀ ਸਖੀ ਸਬ ॥

ਸਾਰੀਆਂ ਸਖੀਆਂ ਬਹੁਤ ਯਤਨ ਕਰ ਥਕੀਆਂ,

ਲਗਨ ਨਿਗੌਡੀ ਲਾਗਿ ਗਈ ਜਬ ॥

ਪਰ ਭੈੜੀ ਪ੍ਰੇਮ ਲਗਨ ਜਦ ਲਗ ਹੀ ਗਈ।

ਤਬ ਤਿਨ ਪਰੀ ਉਪਾਇ ਬਿਚਾਰੋ ॥

ਤਦ ਉਨ੍ਹਾਂ ਪਰੀਆਂ ਨੇ ਇਕ ਉਪਾ ਵਿਚਾਰਿਆ

ਰਾਜ ਪੁਤ੍ਰ ਸੌ ਜਾਇ ਉਚਾਰੋ ॥੫੫॥

ਅਤੇ ਰਾਜ ਕੁਮਾਰ ਕੋਲ ਜਾ ਕੇ ਕਿਹਾ ॥੫੫॥

ਰਾਜ ਕੁਅਰ ਤੈ ਜਿਹ ਬਰ ਲਾਇਕ ॥

ਹੇ ਰਾਜ ਕੁਮਾਰ! ਜਿਸ ਦੇ ਤੁਸੀਂ ਯੋਗ ਵਰ ਹੋ,

ਜਾ ਕੀ ਪਰੀ ਲਗਹਿ ਸਭ ਪਾਇਕ ॥

ਉਸ ਦੇ ਸਾਰੀਆਂ ਪਰੀਆਂ ਪੈਰੀਂ ਪੈਂਦੀਆਂ ਹਨ।

ਅਬ ਤੁਹਿ ਬਰਿਯੋ ਚਹਤ ਹਮਰੀ ਪਤਿ ॥

ਹੁਣ ਸਾਡੀ ਸਰਦਾਰਨੀ (ਸ਼ਾਹ ਪਰੀ) ਤੁਹਾਨੂੰ ਵਰਨਾ ਚਾਹੁੰਦੀ ਹੈ।

ਕਹਾ ਤਿਹਾਰੇ ਆਵਤ ਹੈ ਮਤਿ ॥੫੬॥

ਤੁਹਾਡੀ ਸੋਚ ਵਿਚ ਕੀ ਆਉਂਦਾ ਹੈ (ਸਾਨੂੰ ਦਸੋ) ॥੫੬॥

ਰਾਜ ਕੁਅਰ ਇਹ ਭਾਤਿ ਸੁਨਾ ਜਬ ॥

ਰਾਜ ਕੁਮਾਰ ਨੇ ਜਦ ਇਸ ਤਰ੍ਹਾਂ ਸੁਣਿਆ,

ਬਚਨ ਪਰੀ ਸੋ ਕਹੇ ਬਿਹਸਿ ਤਬ ॥

ਤਦ ਪਰੀ ਨੂੰ ਹਸ ਕੇ ਕਿਹਾ,

ਮੈ ਸਰਦਾਰ ਪਰਿਹਿ ਨਹਿ ਬਰਿ ਹੌਂ ॥

ਮੈਂ ਸ਼ਾਹ ਪਰੀ ਨਾਲ ਵਿਆਹ ਨਹੀਂ ਕਰਾਂਗਾ

ਲਾਗਿ ਬਿਰਹ ਸੁ ਕੁਅਰਿ ਕੇ ਮਰਿ ਹੌਂ ॥੫੭॥

ਅਤੇ ਉਸ ਰਾਜ ਕੁਮਾਰੀ ਦੇ ਵਿਯੋਗ ਵਿਚ ਮਰ ਜਾਵਾਂਗਾ ॥੫੭॥


Flag Counter