ਸ਼੍ਰੀ ਦਸਮ ਗ੍ਰੰਥ

ਅੰਗ - 17


ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ ਖਾਕ ਬਾਦ ਆਤਸ ਔ ਆਬ ਕੋ ਰਲਾਉ ਹੈ ॥

(ਸਭ ਦੀਆਂ) ਅੱਖਾਂ ਇਕੋ ਜਿਹੀਆਂ ਹਨ, ਕੰਨ ਇਕੋ ਜਿਹੇ ਹਨ, ਸ਼ਰੀਰ ਇਕੋ ਜਿਹੇ ਹਨ ਅਤੇ ਬੋਲਣ ਸ਼ਕਤੀ ਇਕ ਸਮਾਨ ਹੈ (ਕਿਉਂਕਿ ਸਾਰਿਆਂ ਦੀ ਰਚਨਾ) ਮਿੱਟੀ, ਪੌਣ (ਬਾਦ) ਅਗਨੀ ਅਤੇ ਜਲ ਦੇ ਮੇਲ ਨਾਲ ਹੋਈ ਹੈ।

ਅਲਹ ਅਭੇਖ ਸੋਈ ਪੁਰਾਨ ਔ ਕੁਰਾਨ ਓਈ ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ ॥੧੬॥੮੬॥

ਅੱਲਾਹ (ਇਸਲਾਮੀ ਪਰਮ ਸੱਤਾ) ਅਤੇ ਅਭੇਖ (ਹਿੰਦੂ ਪਰਮ ਸੱਤਾ) ਉਹੀ ਹੈ, ਕੁਰਾਨ ਅਤੇ ਪੁਰਾਣ ਵੀ ਉਹੀ ਹੈ (ਕਿਉਂਕਿ) ਇਹ ਸਾਰੇ ਇਕ ਦਾ ਹੀ ਸਰੂਪ ਹਨ ਅਤੇ ਸਾਰਿਆਂ ਦੀ ਬਨਾਵਟ ਇਕ-ਸਮਾਨ ਹੈ ॥੧੬॥੮੬॥

ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉਠੇ ਨਿਆਰੇ ਨਿਆਰੇ ਹੁਇ ਕੈ ਫੇਰਿ ਆਗ ਮੈ ਮਿਲਾਹਿਂਗੇ ॥

ਜਿਵੇਂ ਅੱਗ ਤੋਂ ਕਰੋੜਾਂ ਚਿਣਗਾਂ ('ਕਨੂਕਾ') ਪੈਦਾ ਹੁੰਦੀਆਂ ਹਨ ਅਤੇ ਵੱਖਰੀ ਵੱਖਰੀ ਹੋਂਦ ਦਰਸਾ ਕੇ ਫਿਰ ਅੱਗ ਵਿਚ ਹੀ ਮਿਲ ਜਾਂਦੀਆਂ ਹਨ;

ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ ਧੂਰ ਕੇ ਕਨੂਕਾ ਫੇਰ ਧੂਰ ਹੀ ਸਮਾਹਿਂਗੇ ॥

ਜਿਵੇਂ ਧੂੜ ਵਿਚੋਂ ਅਨੇਕ ਜ਼ੱਰੇ ਪੈਦਾ ਹੁੰਦੇ ਹਨ ਅਤੇ ਧੂੜ ਦੇ ਉਹ ਜ਼ੱਰੇ ਫਿਰ ਧੂੜ ਵਿਚ ਹੀ ਸਮਾ ਜਾਂਦੇ ਹਨ;

ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈਂ ਪਾਨ ਕੇ ਤਰੰਗ ਸਬੈ ਪਾਨ ਹੀ ਕਹਾਹਿਂਗੇ ॥

ਜਿਵੇਂ ਇਕ ਸਮੁੰਦਰ ਤੋਂ ਕਰੋੜਾਂ ਤਰੰਗਾਂ ਪੈਦਾ ਹੁੰਦੀਆਂ ਹਨ, ਪਰ ਪਾਣੀ ਦੀਆਂ ਸਾਰੀਆਂ ਲਹਿਰਾਂ ਪਾਣੀ ਹੀ ਅਖਵਾਉਂਦੀਆਂ ਹਨ;

ਤੈਸੇ ਬਿਸ੍ਵ ਰੂਪ ਤੇ ਅਭੂਤ ਭੂਤ ਪ੍ਰਗਟ ਹੁਇ ਤਾਹੀ ਤੇ ਉਪਜ ਸਬੈ ਤਾਹੀ ਮੈ ਸਮਾਹਿਂਗੇ ॥੧੭॥੮੭॥

ਤਿਵੇਂ ਉਸ ਵਿਰਾਟ ਪਰਮਾਤਮਾ ਤੋਂ ਸੂਖਮ ਅਤੇ ਸਥੂਲ (ਜੜ-ਚੇਤਨ) ਪੈਦਾ ਹੋ ਕੇ, ਉਸ ਤੋਂ ਉਪਜ ਕੇ ਫਿਰ ਉਸੇ ਵਿਚ ਸਮਾ ਜਾਂਦੇ ਹਨ ॥੧੭॥੮੭॥

ਕੇਤੇ ਕਛ ਮਛ ਕੇਤੇ ਉਨ ਕਉ ਕਰਤ ਭਛ ਕੇਤੇ ਅਛ ਵਛ ਹੁਇ ਸਪਛ ਉਡ ਜਾਹਿਂਗੇ ॥

ਕਿਤਨੇ ਹੀ ਕੱਛੂ ਅਤੇ ਮੱਛ ਹਨ, ਕਿਤਨੇ ਹੀ ਉਨ੍ਹਾਂ ਨੂੰ ਖਾਣ ਵਾਲੇ ਹਨ, ਕਿਤਨੇ ਹੀ ਗਰੁੜ, ਅਨਲ ਆਦਿ ਪੰਛੀ, ਖੰਭਾਂ ਵਾਲੇ ਹੋ ਕੇ ਉਡ ਜਾਣਗੇ।

ਕੇਤੇ ਨਭ ਬੀਚ ਅਛ ਪਛ ਕਉ ਕਰੈਂਗੇ ਭਛ ਕੇਤਕ ਪ੍ਰਤਛ ਹੁਇ ਪਚਾਇ ਖਾਇ ਜਾਹਿਂਗੇ ॥

ਕਿਤਨੇ ਹੀ ਆਕਾਸ਼ ਵਿਚ ਗਰੁੜ, ਅਨਲ ਆਦਿ ਪੰਛੀਆਂ ਦਾ ਭੱਛਣ ਕਰਨਗੇ ਅਤੇ ਕਿਨੇ ਹੀ ਪ੍ਰਗਟ ਹੋ ਕੇ (ਉਨ੍ਹਾਂ ਨੂੰ) ਖਾ ਕੇ ਪਚਾ ਜਾਣਗੇ।


Flag Counter