ਸ਼੍ਰੀ ਦਸਮ ਗ੍ਰੰਥ

ਅੰਗ - 1238


ਸਾਹੁ ਤਵਨ ਕੀ ਬਾਤ ਨ ਮਾਨੀ ॥

ਸ਼ਾਹ ਨੇ ਉਸ ਇਸਤਰੀ ਦੀ ਗੱਲ ਨਾ ਮੰਨੀ।

ਅਧਿਕ ਮੰਗਲਾ ਭਈ ਖਿਸਾਨੀ ॥

(ਇਸ ਤੇ) ਮੰਗਲਾ ਬਹੁਤ ਖਿਝ ਗਈ।

ਅਧਿਕ ਕੋਪ ਕਰਿ ਹੇਤੁ ਬਿਸਾਰਾ ॥

(ਉਸ ਨੇ) ਬਹੁਤ ਕ੍ਰੋਧ ਕਰ ਕੇ ਪਿਆਰ ਨੂੰ ਭੁਲਾ ਦਿੱਤਾ

ਅਰਧਾ ਅਰਧ ਚੀਰ ਤਿਹ ਡਾਰਾ ॥੮॥

ਅਤੇ ਉਸ ਨੂੰ ਅਧੋ ਅਧ ਚੀਰ ਸੁਟਿਆ ॥੮॥

ਲੂਟਿ ਲਯੋ ਤਾ ਕੋ ਸਭ ਹੀ ਧਨ ॥

ਉਸ ਦਾ ਸਾਰਾ ਧਨ ਲੁਟ ਲਿਆ (ਅਤੇ ਕਿਹਾ ਕਿ)

ਘੋਰ ਅਪ੍ਰਾਧ ਕਿਯੋ ਪਾਪੀ ਇਨ ॥

ਇਸ ਪਾਪੀ ਨੇ ਬਹਤੁ ਵੱਡਾ ਪਾਪ ਕੀਤਾ ਹੈ।

ਯਾ ਕਹ ਚੀਰਿ ਮਤ ਗਜ ਡਾਰਾ ॥

(ਫਿਰ ਕਹਿਣ ਲਗੀ) ਇਸ ਨੂੰ ਮਸਤ ਹਾਥੀ ਨੇ ਚੀਰਿਆ ਹੈ।

ਕਿਨਹੂੰ ਪੁਰਖ ਨ ਕਰੀ ਨਿਵਾਰਾ ॥੯॥

ਕਿਸੇ ਵਿਅਕਤੀ ਨੇ ਵੀ ਹਾਥੀ ('ਕਰੀ') ਨੂੰ ਨਹੀਂ ਹਟਾਇਆ ॥੯॥

ਵਾਰਸ ਭਈ ਆਪੁ ਤਾ ਕੀ ਤਿਯ ॥

(ਉਹ) ਇਸਤਰੀ ਆਪ ਉਸ ਦੀ ਵਾਰਸ ਬਣ ਗਈ।

ਮਾਤ੍ਰਾ ਲਈ ਮਾਰਿ ਤਾ ਕੋ ਜਿਯ ॥

ਉਸ ਨੂੰ ਜਾਨੋ ਮਾਰ ਕੇ ਸਾਰੀ ਦੌਲਤ ('ਮਾਤ੍ਰਾ') ਲੈ ਲਈ।

ਭੇਦ ਅਭੇਦ ਨ ਕਿਨੂੰ ਬਿਚਾਰਾ ॥

ਕਿਸੇ ਨੇ ਵੀ ਭੇਦ ਅਭੇਦ ਨਹੀਂ ਵਿਚਾਰਿਆ।

ਭੋਗ ਨ ਕਿਯਾ ਤਿਸੈ ਕੌ ਮਾਰਾ ॥੧੦॥

(ਉਸ ਸ਼ਾਹ ਨੇ) ਭੋਗ ਕਰਨਾ ਨਾ ਮੰਨਿਆ, (ਇਸ ਲਈ) ਉਸ ਨੂੰ ਮਾਰ ਦਿੱਤਾ ॥੧੦॥

ਦੋਹਰਾ ॥

ਦੋਹਰਾ:

ਇਹ ਛਲ ਮਾਰਾ ਤਾਹਿ ਕੌ ਜੌ ਨ ਰਮਾ ਤਿਹ ਸੰਗ ॥

ਇਸ ਛਲ ਨਾਲ ਉਸ ਨੂੰ ਮਾਰ ਦਿੱਤਾ, ਜੋ ਉਸ ਨਾਲ ਨਾ ਰਮਿਆ।

ਸੁ ਕਬਿ ਸ੍ਯਾਮ ਪੂਰਨ ਭਯੋ ਤਬ ਹੀ ਕਥਾ ਪ੍ਰਸੰਗ ॥੧੧॥

ਕਵੀ ਸਿਆਮ ਅਨੁਸਾਰ ਤਦ ਹੀ ਕਥਾ ਪ੍ਰਸੰਗ ਪੂਰਾ ਹੋ ਗਿਆ ॥੧੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛ੍ਰਯਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੬॥੫੬੪੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੯੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੯੬॥੫੬੪੯॥ ਚਲਦਾ॥

ਚੌਪਈ ॥

ਚੌਪਈ:

ਬਿਜੈ ਸੂਰ ਖਤ੍ਰੀ ਇਕ ਰਹੈ ॥

ਇਕ ਬਿਜੈ ਸੂਰ ਨਾਂ ਖਤ੍ਰੀ (ਛਤ੍ਰੀ) ਰਹਿੰਦਾ ਸੀ।

ਸਿਧ ਪਾਲ ਤਾ ਕਹ ਜਗ ਕਹੈ ॥

ਉਸ ਨੂੰ ਸਾਰਾ ਜਗਤ ਸਿਧ ਪਾਲ ਕਹਿੰਦਾ ਸੀ।

ਸਮਸਦੀਨ ਦਿਲੀਸ ਦਿਵਾਨਾ ॥

(ਉਹ) ਦਿੱਲੀ ਦੇ ਬਾਦਸ਼ਾਹ ਸ਼ਮਸਦੀਨ ਦਾ ਦੀਵਾਨ ਸੀ

ਜਾਨਤ ਸਕਲ ਰਾਵ ਅਰੁ ਰਾਨਾ ॥੧॥

ਜਿਸ ਨੂੰ ਸਾਰੇ ਰਾਜੇ ਅਤੇ ਰਾਣੇ ਜਾਣਦੇ ਸਨ ॥੧॥

ਲਛਿਮਨ ਸੈਨ ਧਾਮ ਸੁਤ ਸੁਭ ਮਤਿ ॥

(ਉਸ ਦੇ) ਘਰ ਲਛਿਮਨ ਸੈਨ ਨਾਂ ਦਾ ਇਕ ਸ਼ੁਭ ਮਤਿ ਵਾਲਾ ਪੁੱਤਰ ਸੀ

ਬਜ੍ਰ ਸੈਨ ਦੂਸਰੋ ਬਿਕਟ ਮਤਿ ॥

ਅਤੇ ਬਜ੍ਰ ਸੈਨ ਨਾਂ ਵਾਲਾ ਦੂਜਾ ਭੈੜੀ ਮਤਿ ਵਾਲਾ (ਪੁੱਤਰ) ਸੀ।

ਸਕੁਚ ਮਤੀ ਦੁਹਿਤਾ ਇਕ ਤਾ ਕੇ ॥

ਉਸ ਦੀ ਸਕੁਚ ਮਤੀ ਨਾਂ ਦੀ ਇਕ ਪੁੱਤਰੀ ਸੀ,

ਨਰੀ ਨਾਗਨੀ ਸਮ ਨਹਿ ਜਾ ਕੇ ॥੨॥

ਜਿਸ ਵਰਗੀ ਕੋਈ ਨਰੀ ਜਾਂ ਨਾਗਨੀ ਨਹੀਂ ਸੀ ॥੨॥

ਸਮਸਦੀਨ ਦਿਲੀਸ ਜੁਵਾਨਾ ॥

ਦਿੱਲੀ ਦਾ ਬਾਦਸ਼ਾਹ ਸ਼ਮਸਦੀਨ ਜਵਾਨ ਸੀ।

ਮਾਨਤ ਆਨਿ ਦੇਸ ਜਿਹ ਨਾਨਾ ॥

ਬਹੁਤ ਸਾਰੇ ਦੇਸ ਉਸ ਦੀ ਈਨ ਮੰਨਦੇ ਸਨ।

ਏਕ ਦਿਵਸ ਵਹੁ ਗਯੋ ਸਿਕਾਰਾ ॥

ਇਕ ਦਿਨ ਉਹ ਸ਼ਿਕਾਰ ਉਤੇ ਉਸ ਦਿਸ਼ਾ ਵਲ ਗਿਆ

ਜਾ ਦਿਸ ਹੁਤੀ ਕੇਹਰੀ ਬਾਰਾ ॥੩॥

ਜਿਥੇ ਸ਼ੇਰਾਂ ਦੀ ਬਾਰ (ਜੰਗਲ) ਸੀ। (ਉਥੇ ਉਸ ਨੇ ਇਕ ਸ਼ੇਰਨੀ ਵੇਖੀ) ॥੩॥

ਤਹੀ ਦਿਲੀਸ ਆਪੁ ਚਲਿ ਗਯੋ ॥

ਉਥੇ ਬਾਦਸ਼ਾਹ ਆਪ ਵੀ ਸ਼ਿਕਾਰ ਲਈ ਚਲ ਕੇ ਗਿਆ

ਜਹਾ ਸਿੰਘਨੀ ਚਿਤਵਤ ਭਯੋ ॥

ਜਿਥੇ (ਉਸ ਨੇ) ਸ਼ੇਰਨੀ ਨੂੰ ਵੇਖਿਆ।

ਸਿਧ ਪਾਲ ਲੀਏ ਅਪਨੇ ਸੰਗਾ ॥

ਉਸ ਨੇ ਸਿਧ ਪਾਲ ਨੂੰ ਆਪਣੇ ਨਾਲ ਲਿਆ

ਔਰ ਲੀਏ ਅਨਗਨ ਚਤੁਰੰਗਾ ॥੪॥

ਅਤੇ ਚੌਹਾਂ ਤਰ੍ਹਾਂ ਦੇ ਹੋਰ ਅਣਗਿਣਤ ਸੈਨਿਕ ਵੀ ਲੈ ਲਏ ॥੪॥

ਤਾ ਪਰ ਕਰੀ ਝੁਕਾਵਤ ਭਯੋ ॥

(ਉਸ ਨੇ ਆਪਣੇ) ਹਾਥੀ ('ਕਰੀ') ਨੂੰ ਉਸ (ਸ਼ੇਰਨੀ) ਵਲ ਪ੍ਰੇਰਿਆ।

ਕੇਹਰਿ ਸਮੈ ਜਨਮ ਤਬ ਲਯੋ ॥

ਉਸ ਵੇਲੇ (ਸ਼ੇਰਨੀ ਦੀ ਕੁਖ ਵਿਚੋਂ) ਸ਼ੇਰ ਨੇ ਜਨਮ ਲਿਆ।

ਅਰਧ ਰਹਾਤਨ ਮਾਤ ਕੁਖੂਤਰ ॥

(ਉਹ ਅਜੇ) ਅੱਧਾ ਮਾਂ ਦੀ ਕੁੱਖ ਵਿਚ ਹੀ ਸੀ

ਅਰਧਹ ਨਾਕਰ ਗਜ ਮਸਤਕ ਪਰ ॥੫॥

ਕਿ ਹਾਥੀ ਦੇ ਮਸਤਕ ਵਿਚ ਨਾਖੁਨ (ਗਡ ਦਿੱਤੇ) ॥੫॥

ਤਹ ਇਕ ਭਾਟ ਕੌਤਕ ਅਸ ਲਹਾ ॥

ਉਥੇ ਇਕ ਭਾਟ ਨੇ ਇਹ ਕੌਤਕ ਵੇਖਿਆ

ਹਜਰਤਿ ਸੁਨਤ ਦੋਹਰਾ ਕਹਾ ॥

ਅਤੇ ਬਾਦਸ਼ਾਹ ਨੂੰ ਸੁਣਾਣ ਲਈ ਇਕ ਦੋਹਰਾ ਕਿਹਾ।

ਸੁ ਮੈ ਕਹਤ ਹੋ ਸੁਨਹੁ ਪ੍ਯਾਰੇ ॥

ਹੇ ਪਿਆਰੇ! ਮੈਂ ਉਹ ਕਹਿੰਦਾ ਹਾਂ

ਜੋ ਤਿਨ ਸਾਹ ਨ ਚਿਤ ਤੇ ਟਾਰੇ ॥੬॥

ਜੋ ਉਸ ਬਾਦਸ਼ਾਹ ਨੇ ਕਦੇ ਚਿਤ ਤੋਂ ਭੁਲਾਇਆ ਨਹੀਂ ॥੬॥

ਦੋਹਰਾ ॥

ਦੋਹਰਾ:

ਸਿੰਘ ਸਾਪੁਰਸ ਪਦਮਿਨੀ ਇਨ ਕਾ ਇਹੈ ਸੁਭਾਉ ॥

ਸ਼ੇਰ, ਸੱਚਾ ਪੁਰਸ਼ ('ਸਾਪੁਰਸ') ਅਤੇ ਪਦਮਿਨੀ ਇਨ੍ਹਾਂ ਦਾ ਇਹੀ ਸੁਭਾ ਹੈ।

ਜ੍ਯੋਂ ਜ੍ਯੋਂ ਦੁਖ ਗਾੜੋ ਪਰੈ ਤ੍ਯੋਂ ਤ੍ਯੋਂ ਆਗੇ ਪਾਉ ॥੭॥

(ਇਨ੍ਹਾਂ ਉਤੇ) ਜਿਉਂ ਜਿਉਂ ਬਹੁਤ ਦੁਖ ਪੈਂਦਾ ਹੈ, ਤਿਉਂ ਤਿਉਂ ਇਨ੍ਹਾਂ ਦਾ ਕਦਮ ਅਗੇ ਵਧਦਾ ਹੈ ॥੭॥

ਚੌਪਈ ॥

ਚੌਪਈ:

ਭਾਟ ਜਬੈ ਇਹ ਭਾਤਿ ਉਚਾਰਾ ॥

ਜਦ ਭਾਟ ਨੇ ਇਸ ਤਰ੍ਹਾਂ ਉਚਾਰਿਆ

ਹਜਰਤਿ ਬਚਨ ਸ੍ਰਵਨ ਇਹ ਧਾਰਾ ॥

ਅਤੇ (ਤਦ) ਇਸ ਬਚਨ ਨੂੰ ਹਜ਼ਰਤ ਨੇ ਸੁਣਿਆ।

ਜਬ ਅਪਨੇ ਮਹਲਨ ਮਹਿ ਆਯੋ ॥

ਜਦ ਉਹ ਆਪਣੇ ਮੱਹਲਾਂ ਵਿਚ ਆਇਆ

ਸਿਧ ਪਾਲ ਕਹ ਬੋਲ ਪਠਾਯੋ ॥੮॥

ਤਾਂ ਸਿਧ ਪਾਲ ਨੂੰ ਬੁਲਵਾ ਲਿਆ ॥੮॥

ਤਾ ਸੋ ਇਹ ਬਿਧਿ ਨਾਥ ਬਖਾਨਾ ॥

ਬਾਦਸ਼ਾਹ ਨੇ ਉਸ ਨੂੰ ਇਸ ਤਰ੍ਹਾਂ ਕਿਹਾ,

ਤੈ ਹੈਂ ਮੋਰ ਵਜੀਰ ਸ੍ਯਾਨਾ ॥

ਤੂੰ ਮੇਰਾ ਸਿਆਣਾ ਵਜ਼ੀਰ ਹੈਂ।

ਅਬ ਕਛੁ ਅਸ ਤੁਮ ਕਰਹੁ ਉਪਾਈ ॥

ਹੁਣ ਤੂੰ ਕੁਝ ਅਜਿਹਾ ਉਪਾ ਕਰ,

ਜਾ ਤੇ ਮਿਲੈ ਪਦੁਮਿਨਿ ਆਈ ॥੯॥

ਜਿਸ ਕਰ ਕੇ ਮੈਨੂੰ ਪਦਮਿਨੀ (ਇਸਤਰੀ) ਆ ਮਿਲੇ ॥੯॥

ਸਿਧ ਪਾਲ ਇਹ ਭਾਤਿ ਉਚਾਰਾ ॥

ਸਿਧ ਪਾਲ ਨੇ ਇਸ ਤਰ੍ਹਾਂ ਕਿਹਾ,

ਸੁਨ ਹਜਰਤਿ ਜੂ ਬਚਨ ਹਮਾਰਾ ॥

ਹੇ ਬਾਦਸ਼ਾਹ! ਮੇਰੀ ਗੱਲ ਸੁਣੋ।

ਸਭ ਅਪਨੀ ਤੁਮ ਸੈਨ ਬੁਲਾਵੋ ॥

ਤੁਸੀਂ ਆਪਣੀ ਸਾਰੀ ਸੈਨਾ ਬੁਲਾਓ

ਮੋਹਿ ਸਿੰਗਲਾਦੀਪ ਪਠਾਵੋ ॥੧੦॥

ਅਤੇ ਮੈਨੂੰ ਸਿੰਗਲਾਦੀਪ ਭੇਜੋ ॥੧੦॥

ਜੌ ਤੁਮਰੀ ਆਗ੍ਯਾ ਕਹ ਪਾਊ ॥

ਜੇ ਤੁਹਾਡੀ ਆਗਿਆ ਹੋ ਜਾਵੇ,

ਅਮਿਤ ਸੈਨ ਲੈ ਤਹਾ ਸਿਧਾਊ ॥

ਤਾਂ ਬੇਸ਼ੁਮਾਰ ਸੈਨਾ ਲੈ ਕੇ ਉਥੇ ਜਾਵਾਂ।

ਖੜਗ ਸਿੰਗਲਾਦੀਪ ਮਚੈਹੋ ॥

ਸਿੰਗਲਾਦੀਪ ਵਿਚ (ਜਾ ਕੇ) ਤਲਵਾਰ ਚਲਾਵਾਂ (ਭਾਵ ਯੁੱਧ ਕਰਾਂ)

ਜ੍ਯੋਂ ਤ੍ਯੋਂ ਕੈ ਪਦੁਮਿਨਿ ਲੈ ਐਹੋ ॥੧੧॥

ਅਤੇ ਜਿਵੇਂ ਕਿਵੇਂ ਪਦਮਿਨੀ ਨੂੰ ਲੈ ਆਵਾਂ ॥੧੧॥

ਯੌ ਕਹਿ ਗਯੋ ਧਾਮ ਜਬ ਰਾਜਾ ॥

ਜਦ ਰਾਜਾ ਇਸ ਤਰ੍ਹਾਂ ਕਹਿ ਕੇ ਘਰ ਗਿਆ

ਬਾਜਤ ਭਾਤ ਅਨੇਕਨ ਬਾਜਾ ॥

ਤਾਂ ਕਈ ਤਰ੍ਹਾਂ ਦੇ ਵਾਜੇ ਵਜਣ ਲਗੇ।

ਬੈਰੀ ਹੁਤੋ ਤਹਾ ਇਕ ਤਾ ਕੋ ॥

ਉਥੇ ਉਸ (ਸਿਧ ਪਾਲ) ਦਾ ਇਕ ਵੈਰੀ ਹੁੰਦਾ ਸੀ।

ਭੇਦ ਕਹਾ ਹਜਰਤਿ ਪੈ ਵਾ ਕੋ ॥੧੨॥

ਉਸ ਨੇ ਬਾਦਸ਼ਾਹ ਨੂੰ ਉਸ (ਸਿਧ ਪਾਲ) ਦਾ ਭੇਦ ਦਸ ਦਿੱਤਾ ॥੧੨॥

ਏਕ ਧਾਮ ਦੁਹਿਤਾ ਹੈ ਯਾ ਕੇ ॥

ਇਸ (ਸਿਧ ਪਾਲ) ਦੇ ਘਰ ਇਕ ਪੁੱਤਰੀ ਹੈ।

ਪਰੀ ਪਦਮਿਨਿ ਤੁਲਿ ਨ ਤਾ ਕੇ ॥

ਉਸ ਦੇ ਬਰਾਬਰ ਪਰੀ ਅਤੇ ਪਦਮਿਨੀ ਵੀ ਨਹੀਂ ਹੈ।

ਪਠੈ ਮਨੁਛ ਤਿਹ ਹੇਰਿ ਮੰਗਾਵਹੁ ॥

ਬੰਦਾ ਭੇਜ ਕੇ ਉਸ ਨੂੰ ਮੰਗਵਾ ਕੇ ਵੇਖੋ।

ਤਿਹ ਪਾਛੇ ਪਦੁਮਿਨਿ ਖੁਜਾਵਹੁ ॥੧੩॥

ਉਸ ਤੋਂ ਬਾਦ ਪਦਮਿਨੀ (ਦੀ ਸਿੰਗਲਾਦੀਪ ਤੋਂ) ਖੋਜ ਕਰਵਾਓ ॥੧੩॥

ਹਜਰਤਿ ਸੁਨਤ ਜਬੈ ਸੇ ਭਯੋ ॥

ਜਦ ਹਜ਼ਰਤ ਨੇ ਇਹ ਸੁਣ ਲਿਆ,

ਤਤਛਿਨ ਦੂਤੀ ਤਹਾ ਪਠਯੋ ॥

(ਤਦ) ਤੁਰਤ ਦੂਤੀ ਉਥੇ ਭੇਜ ਦਿੱਤੀ।

ਚਤੁਰਿ ਚਿਤੇਰੀ ਰੂਪ ਉਜਿਯਾਰੀ ॥

(ਉਹ ਦੂਤੀ) ਚਤੁਰ, ਚਿਤੇਰੀ (ਚਿਤ੍ਰਕਾਰ) ਅਤੇ ਉਜਲੇ ਰੂਪ ਵਾਲੀ ਸੀ,


Flag Counter