ਸ਼੍ਰੀ ਦਸਮ ਗ੍ਰੰਥ

ਅੰਗ - 613


ਕਲਿ ਤਾਸੁ ਆਗਿਆ ਦੀਨ ॥

(ਜਦ) ਕਾਲ ਪੁਰਖ ਨੇ ਉਸ ਨੂੰ ਆਗਿਆ ਦਿੱਤੀ

ਤਬ ਬੇਦ ਬ੍ਰਹਮਾ ਕੀਨ ॥

ਤਦ ਬ੍ਰਹਮਾ ਨੇ ਵੇਦਾਂ ਨੂੰ ਉਚਾਰਿਆ।

ਤਬ ਤਾਸੁ ਬਾਢ੍ਯੋ ਗਰਬ ॥

ਤਦ ਉਸ ਨੂੰ ਹੰਕਾਰ ਹੋ ਗਿਆ (ਤਾਂ ਉਸ ਨੇ)

ਸਰਿ ਆਪੁ ਜਾਨ ਨ ਸਰਬ ॥੨੨॥

ਆਪਣੇ ਸਮਾਨ ਸਾਰਿਆਂ ਨੂੰ ਨਾ ਸਮਝਿਆ ॥੨੨॥

ਸਰਿ ਮੋਹ ਕਬਿ ਨਹਿ ਕੋਇ ॥

ਮੇਰੇ ਵਰਗਾ ਹੋਰ ਕੋਈ ਕਵੀ ਨਹੀਂ ਹੈ।

ਇਕ ਆਪ ਹੋਇ ਤ ਹੋਇ ॥

ਇਕ (ਮੈਂ) ਆਪ (ਆਪਣੇ ਵਰਗਾ) ਹੋਵਾਂ ਤਾਂ ਹੋਵਾਂ।

ਕਛੁ ਕਾਲ ਕੀ ਭੂਅ ਬਕ੍ਰ ॥

(ਉਸ ਦੀ ਅਜਿਹੀ ਮਨੋ-ਸਥਿਤੀ ਕਰ ਕੇ) ਕਾਲ ਪੁਰਖ ਦੀਆਂ ਭਵਾਂ ਟੇਢੀਆਂ ਹੋ ਗਈਆਂ

ਛਿਤਿ ਡਾਰੀਆ ਜਿਮ ਸਕ੍ਰ ॥੨੩॥

ਅਤੇ ਇੰਦਰ ('ਸਕ੍ਰ') ਵਾਂਗ ਧਰਤੀ ਉਤੇ ਸੁਟ ਦਿੱਤਾ ॥੨੩॥

ਜਬ ਗਿਰ੍ਯੋ ਭੂ ਤਰਿ ਆਨਿ ॥

ਜਦ ਉਹ ਧਰਤੀ ਉਤੇ ਆ ਕੇ ਡਿਗਿਆ,

ਮੁਖ ਚਾਰ ਬੇਦ ਨਿਧਾਨ ॥

(ਤਦ) ਚਾਰ ਮੂੰਹਾਂ ਵਾਲੇ ਅਤੇ ਵੇਦਾਂ (ਦੇ ਗਿਆਨ) ਦੇ ਖ਼ਜ਼ਾਨੇ ਬ੍ਰਹਮਾ ਨੇ

ਉਠਿ ਲਾਗਿਆ ਫਿਰ ਸੇਵ ॥

ਫਿਰ ਸੇਵਾ ਸ਼ੁਰੂ ਕਰ ਦਿੱਤੀ

ਜੀਅ ਜਾਨਿ ਦੇਵਿ ਅਭੇਵ ॥੨੪॥

ਜੀ ਜਾਨ ਨਾਲ ਅਭੇਵ ਪ੍ਰਭੂ ਦੀ ॥੨੪॥

ਦਸ ਲਖ ਬਰਖ ਪ੍ਰਮਾਨ ॥

ਦਸ ਲੱਖ ਵਰ੍ਹਿਆਂ ਤਕ (ਉਸ ਨੇ)

ਕੀਅ ਦੇਵਿ ਸੇਵ ਮਹਾਨ ॥

ਮਹਾਨ ਦੇਵ (ਪ੍ਰਭੂ) ਦੀ ਸੇਵਾ ਕੀਤੀ

ਕਿਮਿ ਹੋਇ ਮੋਹਿ ਉਧਾਰ ॥

ਮੇਰਾ ਜਿਵੇਂ ਕਿਵੇਂ ਉਧਾਰ ਹੋਵੇ

ਅਸ ਦੇਹੁ ਦੇਵ ਬਿਚਾਰ ॥੨੫॥

(ਅਤੇ ਕਿਹਾ) ਹੇ ਦੇਵ! (ਮੈਨੂੰ) ਅਜਿਹਾ ਵਿਚਾਰ ਦਿਓ ॥੨੫॥

ਦੇਵੋ ਵਾਚ ਬ੍ਰਹਮਾ ਪ੍ਰਤਿ ॥

ਦੇਵ (ਪ੍ਰਭੂ) ਨੇ ਬ੍ਰਹਮਾ ਨੂੰ ਕਿਹਾ,

ਮਨ ਚਿਤ ਕੈ ਕਰਿ ਸੇਵ ॥

(ਹੇ ਬ੍ਰਹਮਾ! ਤੂੰ) ਮਨ ਚਿਤ ਲਗਾ ਕੇ ਸੇਵਾ ਕਰ,

ਤਬ ਰੀਝਿ ਹੈ ਗੁਰਦੇਵ ॥

ਤਦ ਗੁਰੂਦੇਵ ਤੇਰੇ ਉਤੇ ਪ੍ਰਸੰਨ ਹੋਣਗੇ।

ਤਬ ਹੋਇ ਨਾਥ ਸਨਾਥ ॥

ਤਦ (ਤੂੰ) ਉਸ ਨਾਥ (ਨੂੰ ਪ੍ਰਾਪਤ ਕਰ ਕੇ) ਸਨਾਥ (ਸਮਰਥ) ਹੋਵੇਂਗਾ

ਜਗਨਾਥ ਦੀਨਾ ਨਾਥ ॥੨੬॥

ਜੋ ਜਗਤ ਦਾ ਨਾਥ ਅਤੇ ਦੀਨਾਂ ਦਾ ਨਾਥ ਹੈ, ॥੨੬॥

ਸੁਨਿ ਬੈਨ ਯੌ ਮੁਖਚਾਰ ॥

ਬ੍ਰਹਮਾ ਨੇ ਇਸ ਤਰ੍ਹਾਂ ਦੇ ਬਚਨ ਸੁਣ ਕੇ

ਕੀਅ ਚਉਕ ਚਿਤਿ ਬਿਚਾਰ ॥

ਅਤੇ ਚੌਂਕ ਕੇ ਚਿਤ ਵਿਚ ਵਿਚਾਰ ਕੀਤਾ।

ਉਠਿ ਲਾਗਿਆ ਹਰਿ ਸੇਵ ॥

(ਫਿਰ) ਉਠ ਕੇ ਹਰਿ ਦੀ ਸੇਵਾ ਵਿਚ ਲਗ ਗਿਆ

ਜਿਹ ਭਾਤਿ ਭਾਖ੍ਯੋ ਦੇਵ ॥੨੭॥

ਜਿਸ ਤਰ੍ਹਾਂ ਦੇਵ (ਪ੍ਰਭੂ) ਨੇ ਕਿਹਾ ਸੀ ॥੨੭॥

ਪਰਿ ਪਾਇ ਚੰਡਿ ਪ੍ਰਚੰਡ ॥

ਪ੍ਰਚੰਡ ਚੰਡੀ ਦੇ ਪੈਰੀਂ ਪੈ ਗਿਆ

ਜਿਹ ਮੰਡ ਦੁਸਟ ਅਖੰਡ ॥

ਜਿਸ ਨੇ ਨਾ ਖੰਡੇ ਜਾ ਸਕਣ ਵਾਲੇ ਦੁਸ਼ਟਾਂ ਨਾਲ (ਰਣ) ਮੰਡਿਆ ਸੀ

ਜ੍ਵਾਲਾਛ ਲੋਚਨ ਧੂਮ ॥

ਅਤੇ ਜਿਸ ਨੇ ਜ੍ਵਾਲਾਛ ਅਤੇ ਧੂਮ੍ਰਲੋਚਨ ਨੂੰ

ਹਨਿ ਜਾਸੁ ਡਾਰੇ ਭੂਮਿ ॥੨੮॥

ਮਾਰ ਕੇ ਭੂਮੀ ਉਤੇ ਸੁਟ ਦਿੱਤਾ ਸੀ ॥੨੮॥

ਤਿਸੁ ਜਾਪਿ ਹੋ ਜਬ ਜਾਪ ॥

ਚੰਡੀ ਨੇ ਕਿਹਾ, ਜਦੋਂ ਉਸ ਦਾ ਜਾਪ ਜਪੋਗੇ

ਤਬ ਹੋਇ ਪੂਰਨ ਸ੍ਰਾਪ ॥

ਤਦ ਸਰਾਪ ਪੂਰਾ (ਭਾਵ ਖ਼ਤਮ) ਹੋ ਜਾਵੇਗਾ।

ਉਠਿ ਲਾਗ ਕਾਲ ਜਪੰਨ ॥

(ਇਹ ਸੁਣ ਕੇ ਬ੍ਰਹਮਾ) ਕਾਲ ਪੁਰਖ ਦਾ ਜਾਪ ਕਰਨ ਲਗ ਗਿਆ

ਹਠਿ ਤਿਆਗ ਆਵ ਸਰੰਨ ॥੨੯॥

ਅਤੇ ਹਠ ਨੂੰ ਤਿਆਗ ਕੇ ਸ਼ਰਨ ਵਿਚ ਆ ਗਿਆ ॥੨੯॥

ਜੇ ਜਾਤ ਤਾਸੁ ਸਰੰਨਿ ॥

ਜੋ ਉਸ ਦੀ ਸ਼ਰਨ ਵਿਚ ਜਾਂਦੇ ਹਨ,

ਤੇ ਹੈ ਧਰਾ ਮੈ ਧਨਿ ॥

ਉਹ ਧਰਤੀ ਉਤੇ ਧੰਨ ਹਨ।

ਤਿਨ ਕਉ ਨ ਕਉਨੈ ਤ੍ਰਾਸ ॥

ਉਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਹੈ

ਸਬ ਹੋਤ ਕਾਰਜ ਰਾਸ ॥੩੦॥

ਅਤੇ ਉਨ੍ਹਾਂ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ ॥੩੦॥

ਦਸ ਲਛ ਬਰਖ ਪ੍ਰਮਾਨ ॥

ਦਸ ਲਖ ਵਰ੍ਹਿਆਂ ਤਕ

ਰਹ੍ਯੋ ਠਾਢ ਏਕ ਪਗਾਨ ॥

(ਬ੍ਰਹਮਾ) ਇਕ ਪੈਰ ਉਤੇ ਖੜੋਤਾ ਰਿਹਾ।

ਚਿਤ ਲਾਇ ਕੀਨੀ ਸੇਵ ॥

(ਇਸ ਤਰ੍ਹਾਂ) ਚਿਤ ਲਗਾ ਕੇ ਸੇਵਾ ਕੀਤੀ,

ਤਬ ਰੀਝਿ ਗੇ ਗੁਰਦੇਵ ॥੩੧॥

ਤਦ (ਜਾ ਕੇ) ਗੁਰੂਦੇਵ ਪ੍ਰਸੰਨ ਹੋਏ ॥੩੧॥

ਜਬ ਭੇਤ ਦੇਵੀ ਦੀਨ ॥

ਜਦ ਦੇਵੀ ਨੇ (ਕਾਲ ਪੁਰਖ ਦੀ ਸੇਵਾ ਦਾ) ਭੇਦ ਦਸ ਦਿੱਤਾ,

ਤਬ ਸੇਵ ਬ੍ਰਹਮਾ ਕੀਨ ॥

ਤਦ ਬ੍ਰਹਮਾ ਨੇ (ਚਿਤ ਲਗਾ ਕੇ) ਸੇਵਾ ਕੀਤੀ।

ਜਬ ਸੇਵ ਕੀ ਚਿਤ ਲਾਇ ॥

ਜਦ ਚਿਤ ਲਗਾ ਕੇ ਸੇਵਾ ਕੀਤੀ,

ਤਬ ਰੀਝਿ ਗੇ ਹਰਿ ਰਾਇ ॥੩੨॥

ਤਦ ਹਰਿ ਰਾਇ (ਪ੍ਰਭੂ) ਪ੍ਰਸੰਨ ਹੋ ਗਏ ॥੩੨॥

ਤਬ ਭਯੋ ਸੁ ਐਸ ਉਚਾਰ ॥

ਤਦ ਇਸ ਤਰ੍ਹਾਂ (ਦੀ ਬਾਣੀ) ਦਾ ਉਚਾਰ ਹੋਇਆ

ਹਉ ਆਹਿ ਗ੍ਰਬ ਪ੍ਰਹਾਰ ॥

(ਭਾਵ-ਆਕਾਸ਼ ਬਾਣੀ ਹੋਈ) (ਹੇ ਬ੍ਰਹਮਾ!) ਮੈਂ ਹੰਕਾਰ ਨੂੰ ਖ਼ਤਮ ਕਰਨ ਵਾਲਾ ਹਾਂ।

ਮਮ ਗਰਬ ਕਹੂੰ ਨ ਛੋਰਿ ॥

ਮੈਂ ਕਿਸੇ ਦਾ ਹੰਕਾਰ ਨਹੀਂ ਛਡਿਆ ਹੈ।

ਸਭ ਕੀਨ ਜੇਰ ਮਰੋਰਿ ॥੩੩॥

ਸਭ ਨੂੰ ਮਰੋੜ ਕੇ ਆਪਣੇ ਅਧੀਨ ਕਰ ਲਿਆ ਹੈ ॥੩੩॥

ਤੈ ਗਰਬ ਕੀਨ ਸੁ ਕਾਹਿ ॥

ਤੂੰ ਕਿਸ ਲਈ ਹੰਕਾਰ ਕੀਤਾ ਹੈ।

ਨਹਿ ਮੋਹ ਭਾਵਤ ਤਾਹਿ ॥

ਇਸ ਲਈ (ਤੂੰ) ਮੈਨੂੰ ਚੰਗਾ ਨਹੀਂ ਲਗਾ।

ਅਬ ਕਹੋ ਏਕ ਬਿਚਾਰ ॥

ਹੁਣ ਇਕ ਵਿਚਾਰ (ਜੁਗਤ) ਕਹਿੰਦਾ ਹਾਂ,

ਜਿਮਿ ਹੋਇ ਤੋਹਿ ਉਧਾਰ ॥੩੪॥

ਜਿਸ ਤਰ੍ਹਾਂ ਤੇਰਾ ਉੱਧਾਰ ਹੋਵੇਗਾ ॥੩੪॥

ਧਰਿ ਸਪਤ ਭੂਮਿ ਵਤਾਰ ॥

(ਤੂੰ) ਧਰਤੀ ਉਤੇ ਜਾ ਕੇ ਸੱਤ ਅਵਤਾਰ ਧਾਰਨ ਕਰ,

ਤਬ ਹੋਇ ਤੋਹਿ ਉਧਾਰਿ ॥

ਤਦ ਤੇਰਾ ਉੱਧਾਰ ਹੋਵੇਗਾ।

ਸੋਈ ਮਾਨ ਬ੍ਰਹਮਾ ਲੀਨ ॥

ਉਹ (ਆਗਿਆ) ਬ੍ਰਹਮਾ ਨੇ ਮੰਨ ਲਈ

ਧਰਿ ਜਨਮ ਜਗਤਿ ਨਵੀਨ ॥੩੫॥

ਅਤੇ ਜਗਤ ਵਿਚ ਨਵੇਂ ਜਨਮ ਧਾਰਨ ਕੀਤੇ ॥੩੫॥

ਮੁਰਿ ਨਿੰਦ ਉਸਤਤਿ ਤੂਲਿ ॥

ਮੇਰੇ ਲਈ ਨਿੰਦਿਆ ਅਤੇ ਉਸਤਤ ਇਕ-ਸਮਾਨ ਹਨ।

ਇਮਿ ਜਾਨਿ ਜੀਯ ਜਿਨਿ ਭੂਲਿ ॥

ਇਸ ਤਰ੍ਹਾਂ ਚਿਤ ਵਿਚ ਜਾਣ ਲੈ, ਭੁਲੀਂ ਨਾਂ।

ਇਕ ਕਹੋ ਔਰ ਬਿਚਾਰ ॥

ਇਕ ਹੋਰ ਵਿਚਾਰ ਕਹਿੰਦਾ ਹਾਂ।

ਸੁਨਿ ਲੇਹੁ ਬ੍ਰਹਮ ਕੁਮਾਰ ॥੩੬॥

ਹੇ ਬ੍ਰਹਮਾ ਪੁੱਤਰ! (ਧਿਆਨ ਨਾਲ) ਸੁਣ ਲੈ ॥੩੬॥

ਇਕ ਬਿਸਨੁ ਮੋਹਿ ਧਿਆਨ ॥

ਇਕ ਵਿਸ਼ਣੂ (ਨਾਂ ਦੇ ਦੇਵਤਾ) ਨੇ ਵੀ ਮੇਰਾ ਧਿਆਨ (ਕੀਤਾ ਸੀ)

ਬਹੁ ਸੇਵਿ ਮੋਹਿ ਰਿਝਾਨ ॥

ਅਤੇ ਬਹੁਤ ਸੇਵਾ ਕਰ ਕੇ ਮੈਨੂੰ ਰਿਝਾਇਆ ਸੀ।

ਤਿਨਿ ਮਾਗਿਆ ਬਰ ਐਸ ॥

ਉਸ ਨੇ ਇਸ ਤਰ੍ਹਾਂ ਦਾ ਵਰ ਮੰਗਿਆ ਸੀ

ਮਮ ਦੀਨ ਤਾ ਕਹੁ ਤੈਸ ॥੩੭॥

ਅਤੇ ਮੈਂ ਉਸ ਨੂੰ ਉਸੇ ਤਰ੍ਹਾਂ ਦਾ (ਵਰ) ਦੇ ਦਿੱਤਾ ਸੀ ॥੩੭॥

ਮਮ ਤਾਸ ਭੇਦ ਨ ਕੋਇ ॥

ਮੇਰੇ ਅਤੇ ਉਸ ਵਿਚ ਕੋਈ ਭੇਦ ਨਹੀਂ ਹੈ।

ਸਬ ਲੋਕ ਜਾਨਤ ਸੋਇ ॥

ਇਸ (ਤੱਥ) ਨੂੰ ਸਾਰੇ ਲੋਕ ਜਾਣਦੇ ਹਨ।

ਤਿਹ ਜਾਨ ਹੈ ਕਰਤਾਰ ॥

ਉਸੇ ਨੂੰ (ਲੋਕੀਂ) ਸਾਰੇ ਲੋਕ-ਪਰਲੋਕ

ਸਬ ਲੋਕ ਅਲੋਕ ਪਹਾਰ ॥੩੮॥

ਅਤੇ ਪਰਬਤਾਂ ਦਾ ਕਰਤਾ ਸਮਝਦੇ ਹਨ ॥੩੮॥

ਜਬ ਜਬ ਧਰੇ ਬਪੁ ਸੋਇ ॥

ਜਦੋਂ ਜਦੋਂ ਉਹ (ਵਿਸ਼ਣੂ) ਕੋਈ ਸ਼ਰੀਰ (ਅਵਤਾਰ) ਧਾਰਨ ਕਰੇਗਾ

ਜੋ ਜੋ ਪਰਾਕ੍ਰਮ ਹੋਇ ॥

ਅਤੇ ਜੋ ਜੋ ਪਰਾਕ੍ਰਮ ਕਰੇਗਾ,

ਸੋ ਸੋ ਕਥੌ ਅਬਿਚਾਰ ॥

(ਤੂੰ) ਬਿਨਾ ਸੋਚੇ ਉਸ ਉਸ (ਪਰਾਕ੍ਰਮ) ਦਾ ਕਥਨ ਕਰ।