ਸ਼੍ਰੀ ਦਸਮ ਗ੍ਰੰਥ

ਅੰਗ - 293


ਸਵੈਯਾ ॥

ਸਵੈਯਾ:

ਆਵਤ ਕੋ ਸੁਨਿ ਕੈ ਬਸੁਦੇਵਹਿ ਰੂਪ ਸਜੇ ਅਪੁਨੇ ਤਨਿ ਨਾਰੀ ॥

ਬਸੁਦੇਵ ਦਾ (ਜੰਞ ਨਾਲ) ਆਉਣਾ ਸੁਣ ਕੇ ਇਸਤਰੀਆਂ ਨੇ ਆਪਣੇ ਸ਼ਰੀਰਾਂ ਨੂੰ ਸਜਾ ਲਿਆ।

ਗਾਵਤ ਗੀਤ ਬਜਾਵਤ ਤਾਲਿ ਦਿਵਾਵਤਿ ਆਵਤ ਨਾਗਰਿ ਗਾਰੀ ॥

(ਉਹ) ਸੁਘੜ ਨਾਰੀਆਂ ਗੀਤ ਗਾਉਂਦੀਆਂ, ਤਾੜੀਆਂ ਵਜਾਉਂਦੀਆਂ (ਅਤੇ ਸਿਠਣੀਆਂ) ਦਿੰਦੀਆਂ ਦਿਵਾਉਂਦੀਆਂ ਆ ਰਹੀਆਂ ਸਨ।

ਕੋਠਨ ਪੈ ਨਿਰਖੈ ਚੜਿ ਤਾਸਨਿ ਤਾ ਛਬਿ ਕੀ ਉਪਮਾ ਜੀਅ ਧਾਰੀ ॥

(ਕਈ) ਕੋਠਿਆਂ ਉਤੇ ਚੜ੍ਹ ਕੇ ਉਨ੍ਹਾਂ ਨੂੰ ਵੇਖਦੀਆਂ ਸਨ, ਉਸ ਦ੍ਰਿਸ਼ ਦੀ ਉਪਮਾ (ਕਵੀ ਨੇ ਆਪਣੇ) ਮਨ ਵਿਚ (ਇਸ ਤਰ੍ਹਾਂ) ਧਾਰਨ ਕੀਤੀ

ਬੈਠਿ ਬਿਵਾਨ ਕੁਟੰਬ ਸਮੇਤ ਸੁ ਦੇਖਤ ਦੇਵਨ ਕੀ ਮਹਤਾਰੀ ॥੨੭॥

(ਮਾਨੋ) ਦੇਵਤਿਆਂ ਦੀਆਂ ਮਾਂਵਾਂ ਕੁਟੰਬਾਂ ਸਮੇਤ ਵਿਮਾਨਾਂ ਵਿਚ ਬੈਠ ਕੇ ਵੇਖਣ (ਲਈ ਆਈਆਂ ਹੋਣ) ॥੨੭॥

ਕਬਿਤੁ ॥

ਕਬਿੱਤ:

ਬਾਸੁਦੇਵ ਆਇਓ ਰਾਜੈ ਮੰਡਲ ਬਨਾਇਓ ਮਨਿ ਮਹਾ ਸੁਖ ਪਾਇਓ ਤਾ ਕੋ ਆਨਨ ਨਿਰਖ ਕੈ ॥

(ਜਦੋਂ) ਬਸੁਦੇਵ ਆਇਆ (ਤਾਂ) ਉਗ੍ਰਸੈਨ ਨੇ ਸਭਾ-ਸਥਾਨ ਬਣਾਇਆ ਅਤੇ ਉਸ ਦਾ ਮੂੰਹ ਵੇਖ ਕੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ।

ਸੁਗੰਧਿ ਲਗਾਯੋ ਰਾਗ ਗਾਇਨਨ ਗਾਯੋ ਤਿਸੈ ਬਹੁਤ ਦਿਵਾਯੋ ਬਰ ਲਿਆਯੋ ਜੋ ਪਰਖ ਕੈ ॥

ਅਤਰ ਆਦਿ ਲਗਾਇਆ ਗਿਆ ਅਤੇ ਗਵੱਈਆਂ ਨੇ ਗੀਤ ਗਾਏ। (ਉਗ੍ਰਸੈਨ ਨੇ) ਉਸ ਨੂੰ ਬਹੁਤ ਸਾਰਾ (ਧਨ) ਦਿਵਾਇਆ (ਜੋ) ਵਰ ਨੂੰ ਪਰਖ ਕੇ ਲਿਆਇਆ ਸੀ।

ਛਾਤੀ ਹਾਥ ਲਾਯੋ ਸੀਸ ਨਿਆਯੋ ਉਗ੍ਰਸੈਨ ਤਬੈ ਆਦਰ ਪਠਾਯੋ ਪੂਜ ਮਨ ਮੈ ਹਰਖ ਕੈ ॥

ਉਗ੍ਰਸੈਨ ਨੇ ਸਤਿਕਾਰ ਲਈ) ਛਾਤੀ ਉਤੇ ਹੱਥ ਰਖਿਆ ਅਤੇ ਸਿਰ ਨਿਵਾਇਆ। (ਫਿਰ) ਉਗ੍ਰਸੈਨ ਨੇ ਆਦਰ (ਨਾਲ ਬਸੁਦੇਵ ਨੂੰ) ਭੇਜ ਦਿੱਤਾ ਅਤੇ ਮਨ ਵਿਚ ਪ੍ਰਸੰਨ ਹੋ ਕੇ ਪੂਜਾ ਅਰਚਨਾ ਕੀਤੀ।

ਭਯੋ ਜਨੁ ਮੰਗਨ ਨ ਭੂਮਿ ਪਰ ਬਾਦਰ ਸੋ ਰਾਜਾ ਉਗ੍ਰਸੈਨ ਗਯੋ ਕੰਚਨ ਬਰਖ ਕੈ ॥੨੮॥

ਮੁੜ (ਕੋਈ) ਵਿਅਕਤੀ ਮੰਗਤਾ ਨਹੀਂ ਹੋਇਆ, (ਕਿਉਂਕਿ) ਰਾਜੇ ਉਗ੍ਰਸੈਨ ਨੇ ਬਦਲ ਬਣ ਕੇ ਧਰਤੀ ਉਤੇ ਸੋਨੇ ਦਾ ਮੀਂਹ ਵਸਾ ਦਿੱਤਾ ॥੨੮॥

ਦੋਹਰਾ ॥

ਦੋਹਰਾ:

ਉਗ੍ਰਸੈਨ ਤਬ ਕੰਸ ਕੋ ਲਯੋ ਹਜੂਰਿ ਬੁਲਾਇ ॥

ਉਗ੍ਰਸੈਨ ਨੇ ਕੰਸ ਨੂੰ ਕੋਲ ਬੁਲਾ ਲਿਆ

ਕਹਿਓ ਸਾਥ ਤੁਮ ਜਾਇ ਕੈ ਦੇਹੁ ਭੰਡਾਰੁ ਖੁਲਾਇ ॥੨੯॥

ਅਤੇ ਕਿਹਾ, ਤੂੰ ਨਾਲ ਜਾ ਕੇ ਭੰਡਾਰ ਖੁਲ੍ਹਵਾ ਦੇ ॥੨੯॥

ਅਉਰ ਸਮਗਰੀ ਅੰਨ ਕੀ ਲੈ ਜਾ ਤਾ ਕੇ ਪਾਸਿ ॥

ਅੰਨ (ਆਦਿ) ਹੋਰ ਸਾਮਗ੍ਰੀ ਉਨ੍ਹਾਂ ਦੇ ਕੋਲ ਲੈ ਜਾ।

ਕਰਿ ਪ੍ਰਨਾਮੁ ਤਾ ਕੋ ਤਬੈ ਇਉ ਕਰਿਯੋ ਅਰਦਾਸਿ ॥੩੦॥

(ਪਹਿਲਾਂ) ਉਨ੍ਹਾਂ ਨੂੰ ਪ੍ਰਣਾਮ ਕਰੀਂ, (ਫਿਰ) ਇਸ ਤਰ੍ਹਾਂ ਬੇਨਤੀ ਕਰੀਂ ॥੩੦॥

ਕਾਲ ਰਾਤ੍ਰ ਕੋ ਬ੍ਯਾਹ ਹੈ ਕੰਸਹਿ ਕਹੀ ਸੁਨਾਇ ॥

ਕੰਸ ਨੇ (ਬਸੁਦੇਵ ਨੂੰ ਇਹ ਗੱਲ) ਸੁਣਾ ਕੇ ਆਖੀ ਕਿ ਕਲ ਰਾਤ ਨੂੰ ਵਿਆਹ ਹੈ।

ਬਾਸੁਦੇਵ ਪੁਰੋਹਿਤ ਕਹੀ ਭਲੀ ਜੁ ਤੁਮੈ ਸੁਹਾਇ ॥੩੧॥

(ਅਗੋਂ) ਬਸੁਦੇਵ ਦੇ ਪ੍ਰੋਹਿਤ ਨੇ ਕਿਹਾ, ਜੋ ਤੁਹਾਨੂੰ ਭਾਉਂਦੀ ਹੈ, (ਉਹੀ) ਠੀਕ ਹੈ ॥੩੧॥

ਕੰਸ ਕਹਿਓ ਕਰਿ ਜੋਰਿ ਤਬ ਸਬੈ ਬਾਤ ਕੋ ਭੇਵ ॥

ਕੰਸ ਨੇ ਹੱਥ ਜੋੜ ਕੇ ਸਾਰੀ ਗੱਲ ਦਾ ਭੇਦ ਕਹਿ (ਅਰਥਾਤ ਸਮਝਾ) ਦਿੱਤਾ।

ਸਾਧਿ ਸਾਧਿ ਪੰਡਿਤ ਕਹਿਯੋ ਅਸ ਮਾਨੀ ਬਸੁਦੇਵ ॥੩੨॥

(ਬਸੁਦੇਵ ਦੇ) ਪ੍ਰੋਹਿਤ ਨੇ (ਹਰ ਗੱਲ ਨੂੰ) ਭਲਾ ਭਲਾ ਕਿਹਾ ਅਤੇ ਬਸੁਦੇਵ ਨੇ ਵੀ ਇਸੇ ਤਰ੍ਹਾਂ ਮੰਨ ਲਿਆ ॥੩੨॥

ਸਵੈਯਾ ॥

ਸਵੈਯਾ:

ਰਾਤਿ ਬਿਤੀਤ ਭਈ ਅਰ ਪ੍ਰਾਤਿ ਭਈ ਫਿਰਿ ਰਾਤਿ ਤਬੈ ਚੜਿ ਆਏ ॥

ਰਾਤ ਬੀਤ ਗਈ ਅਤੇ ਸਵੇਰ ਹੋ ਗਈ, ਫਿਰ (ਜਦ) ਰਾਤ ਹੋਈ, ਤਦੋਂ (ਜਾਂਞੀ) ਚੜ੍ਹ ਆਏ।

ਛਾਡਿ ਦਏ ਹਥਿ ਫੂਲ ਹਜਾਰ ਦੋ ਊਭੁਚ ਪ੍ਰਯੋਧਰ ਐਸਿ ਫਿਰਾਏ ॥

ਦੋ ਹਜ਼ਾਰ ਹੱਥਾਂ ਵਿਚ ਫੁਲਝੜੀਆਂ ਚਲਦੀਆਂ ਸਨ ਅਤੇ ਆਤਿਸ਼ਬਾਜੀ ਦੇ ਬੁਰਜ ('ਊਭੁਚ') ਬਦਲਾਂ ਵਾਂਗੂ (ਆਕਾਸ਼ ਵਿਚ) ਫਿਰਦੇ ਸਨ।

ਅਉਰ ਹਵਾਈ ਚਲੀ ਨਭ ਕੋ ਉਪਮਾ ਤਿਨ ਕੀ ਕਬਿ ਸ੍ਯਾਮ ਸੁਨਾਏ ॥

ਇਸ ਤੋਂ ਇਲਾਵਾ ਆਕਾਸ਼ ਵਲ ਹਵਾਈਆਂ ਚਲਦੀਆਂ ਸਨ, ਉਨ੍ਹਾਂ ਦੀ ਉਪਮਾ ਸ਼ਿਆਮ ਕਵੀ ਸੁਣਾਉਂਦੇ ਹਨ

ਦੇਖਹਿ ਕਉਤਕ ਦੇਵ ਸਬੈ ਤਿਹ ਤੇ ਮਨੋ ਕਾਗਦ ਕੋਟਿ ਪਠਾਏ ॥੩੩॥

ਕਿ (ਇਸ) ਕੌਤਕ ਨੂੰ ਸਾਰੇ ਦੇਵਤੇ ਵੇਖ ਲੈਣ, (ਇਸ ਲਈ) ਮਾਨੋ ਕਾਗਦ ਦੇ ਕਿਲੇ (ਉਨ੍ਹਾਂ ਵਲ) ਭੇਜੇ ਗਏ ਹੋਣ ॥੩੩॥

ਲੈ ਬਸੁਦੇਵ ਕੋ ਅਗ੍ਰ ਪੁਰੋਹਿਤ ਕੰਸਹਿ ਕੇ ਚਲਿ ਧਾਮ ਗਏ ਹੈ ॥

ਬਸੁਦੇਵ ਨੂੰ ਅਗੇ ਕਰ ਕੇ ਪ੍ਰੋਹਿਤ ਕੰਸ ਦੇ ਘਰ ਚਲ ਕੇ ਗਏ।

ਆਗੇ ਤੇ ਨਾਰਿ ਭਈ ਇਕ ਲੇਹਿਸ ਗਾਗਰ ਪੰਡਿਤ ਡਾਰਿ ਦਏ ਹੈ ॥

ਅਗੋਂ ਇਕ ਇਸਤਰੀ (ਪਾਣੀ ਦੀ) ਗਾਗਰ ਲੈ ਕੇ ਆਈ ਅਤੇ ਪੰਡਿਤ ਉਤੇ ਪਾ ਦਿੱਤੀ।

ਡਾਰਿ ਦਏ ਲਡੂਆ ਗਹਿ ਝਾਟਨਿ ਤਾ ਕੋ ਸੋਊ ਵੇ ਤੋ ਭਛ ਗਏ ਹੈ ॥

(ਫਿਰ) ਉਨ੍ਹਾਂ ਦੀ (ਝੋਲੀ ਵਿਚ) ਕਾਲੇ ਵਾਲਾਂ ਨਾਲ (ਗਲੇਫੇ) ਲਡੂ ਪਾ ਦਿੱਤੇ ਜਿਨ੍ਹਾਂ ਨੂੰ ਉਹ ਖਾ ਗਏ।

ਜਾਦਵ ਬੰਸ ਦੁਹੂੰ ਦਿਸ ਤੇ ਸੁਨਿ ਕੈ ਸੁ ਅਨੇਕਿਕ ਹਾਸ ਭਏ ਹੈ ॥੩੪॥

(ਇਹ ਗੱਲ) ਸੁਣ ਕੇ ਦੋਹਾਂ ਪਾਸਿਆਂ ਦੇ ਯਾਦਵਾਂ ਨੇ ਅਨੇਕ ਤਰ੍ਹਾਂ ਦੇ ਹਾਸੇ ਠੱਠੇ ਕੀਤੇ ॥੩੪॥

ਕਬਿਤੁ ॥

ਕਬਿੱਤ:

ਗਾਵਤ ਬਜਾਵਤ ਸੁ ਗਾਰਨ ਦਿਵਾਖਤ ਆਵਤ ਸੁਹਾਵਤ ਹੈ ਮੰਦ ਮੰਦ ਗਾਵਤੀ ॥

ਗਾਉਂਦੀਆਂ ਵਜਾਉਂਦੀਆਂ ਅਤੇ ਗਾਲ੍ਹੀਆਂ ਦਿੰਦੀਆਂ ਅਨੇਕ ਇਸਤਰੀਆਂ ਆਉਂਦੀਆਂ ਹਨ (ਜੋ) ਹੌਲੀ ਸੁਰ ਵਿਚ ਗਾਉਂਦੀਆਂ ਹੋਈਆਂ ਸ਼ੋਭਾ ਪਾ ਰਹੀਆਂ ਹਨ।

ਕੇਹਰਿ ਸੀ ਕਟਿ ਅਉ ਕੁਰੰਗਨ ਸੇ ਦ੍ਰਿਗ ਜਾ ਕੇ ਗਜ ਕੈਸੀ ਚਾਲ ਮਨ ਭਾਵਤ ਸੁ ਆਵਤੀ ॥

ਜਿਨ੍ਹਾਂ ਦੇ ਸ਼ੇਰ ਵਰਗੇ (ਪਤਲੇ) ਲਕ ਅਤੇ ਹਿਰਨਾਂ ਵਰਗੀਆਂ ਚੰਚਲ ਅੱਖਾਂ ਹਨ, (ਉਨ੍ਹਾਂ ਦੀ) ਤੋਰ ਹਾਥੀ ਵਰਗੀ ਮਸਤ ਹੈ।

ਮੋਤਿਨ ਕੇ ਚਉਕਿ ਕਰੇ ਲਾਲਨ ਕੇ ਖਾਰੇ ਧਰੇ ਬੈਠੇ ਤਬੈ ਦੋਊ ਦੂਲਹਿ ਦੁਲਹੀ ਸੁਹਾਵਤੀ ॥

ਉਹ ਆਉਂਦੀਆਂ ਹੋਈਆਂ ਮਨ ਨੂੰ ਚੰਗੀਆਂ ਲਗਦੀਆਂ ਹਨ। (ਪੰਡਿਤਾਂ ਨੇ) ਮੋਤੀਆਂ ਦਾ ਚੌਂਕ ਪੂਰਿਆ ਹੈ ਅਤੇ ਲਾਲਾਂ ਦੇ ਖਾਰੇ ਰਖੇ ਹਨ (ਜਿਨ੍ਹਾਂ ਉਤੇ) ਬੈਠੇ ਦੋਵੇਂ ਲਾੜਾ-ਲਾੜੀ ਸ਼ੋਭਾ ਪਾ ਰਹੇ ਹਨ।

ਬੇਦਨ ਕੀ ਧੁਨਿ ਕੀਨੀ ਬਹੁ ਦਛਨਾ ਦਿਜਨ ਦੀਨੀ ਲੀਨੀ ਸਾਤ ਭਾਵਰੈ ਜੋ ਭਾਵਤੇ ਸੋਭਾਵਤੀ ॥੩੫॥

(ਪੰਡਿਤਾਂ ਨੇ) ਵੇਦ ਮੰਤ੍ਰਾਂ ਦੀ ਧੁਨ ਕੀਤੀ ਹੈ ਅਤੇ (ਉਗ੍ਰਸੈਨ) ਨੇ ਪੰਡਿਤਾਂ ਨੂੰ ਬਹੁਤ ਦੱਛਣਾਂ ਦਿੱਤੀਆਂ ਹਨ। (ਇਸ ਤਰ੍ਹਾਂ ਨਾਲ) 'ਸੱਤ ਫੇਰੇ' ਲਏ ਹਨ, ਜੋ ਸੁਭਾਵਿਕ ਹੀ ਸਭ ਨੂੰ ਚੰਗੇ ਲਗੇ ਹਨ ॥੩੫॥

ਦੋਹਰਾ ॥

ਦੋਹਰਾ:

ਰਾਤਿ ਭਏ ਬਸੁਦੇਵ ਜੂ ਕੀਨੋ ਤਹਾ ਬਿਲਾਸ ॥

(ਜਦੋਂ) ਰਾਤ ਹੋਈ ਤਾਂ ਬਸੁਦੇਵ ਜੀ ਨੇ ਉਥੇ (ਅਨੇਕ ਤਰ੍ਹਾਂ ਦੇ) ਹਾਸ ਬਿਲਾਸ ਕੀਤੇ।

ਪ੍ਰਾਤ ਭਏ ਉਠ ਕੈ ਤਬੈ ਗਇਓ ਸਸੁਰ ਕੇ ਪਾਸਿ ॥੩੬॥

(ਜਦੋਂ) ਦਿਨ ਚੜ੍ਹਿਆ ਤਾਂ ਉਠ ਕੇ ਸੌਹਰੇ ਉਗ੍ਰਸੈਨ ਕੋਲ ਚਲਾ ਗਿਆ ॥੩੬॥

ਸਵੈਯਾ ॥

ਸਵੈਯਾ:

ਸਾਜ ਸਮੇਤ ਦਏ ਗਜ ਆਯੁਤ ਸੁ ਅਉਰ ਦਏ ਤ੍ਰਿਗੁਣੀ ਰਥਨਾਰੇ ॥

(ਉਗ੍ਰਸੈਨ ਨੇ ਦਾਜ ਵਿਚ) ਸਾਜਾਂ ਸਮੇਤ ਦਸ ਹਜ਼ਾਰ ਹਾਥੀ ਦਿੱਤੇ ਅਤੇ ਨਾਲ ਹੀ (ਉਨ੍ਹਾਂ ਤੋਂ) ਤਿੰਨ ਗੁਣਾ ਅਧਿਕ ਰਥ ਦਿੱਤੇ।

ਲਛ ਭਟੰ ਦਸ ਲਛ ਤੁਰੰਗਮ ਊਟ ਅਨੇਕ ਭਰੇ ਜਰ ਭਾਰੇ ॥

ਇਕ ਲੱਖ ਯੋਧੇ ਦਿੱਤੇ, ਦਸ ਲੱਖ ਘੋੜੇ ਦਿੱਤੇ ਅਤੇ ਅਨੇਕ (ਤਰ੍ਹਾਂ ਦੀ) ਦੌਲਤ ਨਾਲ ਲਦੇ ਹੋਏ ਊਠ ਦਿੱਤੇ।

ਛਤੀਸ ਕੋਟ ਦਏ ਦਲ ਪੈਦਲ ਸੰਗਿ ਕਿਧੋ ਤਿਨ ਕੇ ਰਖਵਾਰੇ ॥

ਛੱਤੀ ਕ੍ਰੋੜ ਪੈਦਲ ਸਿਪਾਹੀ ਦਿੱਤੇ, ਜਿਵੇਂ ਉਨ੍ਹਾਂ ਦੀ ਰਖਿਆ ਲਈ ਨਾਲ ਤੋਰੇ ਹੋਣ।

ਕੰਸ ਤਬੈ ਤਿਹ ਰਾਖਨ ਕਉ ਮਨੋ ਆਪ ਭਏ ਰਥ ਕੇ ਹਕਵਾਰੇ ॥੩੭॥

ਉਸ ਵੇਲੇ ਕੰਸ ਉਨ੍ਹਾਂ ਦੀ ਰਖਿਆ ਲਈ ਮਾਨੋ ਆਪ ਰਥ ਨੂੰ ਹਕਣ ਵਾਲਾ (ਰਥਵਾਨ) ਬਣਿਆ ॥੩੭॥

ਦੋਹਰਾ ॥

ਦੋਹਰਾ:

ਕੰਸ ਲਵਾਏ ਜਾਤ ਤਿਨਿ ਸਕਲ ਪ੍ਰਬਲ ਦਲ ਸਾਜਿ ॥

(ਜਿਸ ਵੇਲੇ) ਕੰਸ ਉਨ੍ਹਾਂ ਨੂੰ ਸਾਰੀ ਬਲਸ਼ਾਲੀ ਸੈਨਾ ਅਤੇ ਸਾਜ ਸਮੇਤ ਆਪਣੇ ਨਾਲ ਲਈ ਜਾ ਰਿਹਾ ਸੀ,

ਆਗੇ ਤੇ ਸ੍ਰਵਨਨ ਸੁਨੀ ਬਿਧ ਕੀ ਅਸੁਭ ਅਵਾਜ ॥੩੮॥

ਉਦੋਂ ਸਾਹਮਣਿਓ (ਉਸ ਨੇ) ਕੰਨਾਂ ਨਾਲ ਵਿਧਾਤਾ ਦੀ ਕਹੀ ਹੋਈ ਅਸ਼ੁਭ ਬਾਣੀ ਸੁਣ ਲਈ ॥੩੮॥

ਨਭਿ ਬਾਨੀ ਬਾਚ ਕੰਸ ਸੋ ॥

ਆਕਾਸ਼-ਬਾਣੀ ਨੇ ਕੰਸ ਪ੍ਰਤਿ ਕਿਹਾ

ਕਬਿਤੁ ॥

ਕਬਿੱਤ:

ਦੁਖ ਕੋ ਹਰਿਨ ਬਿਧ ਸਿਧਿ ਕੇ ਕਰਨ ਰੂਪ ਮੰਗਲ ਧਰਨ ਐਸੋ ਕਹਿਯੋ ਹੈ ਉਚਾਰ ਕੈ ॥

ਦੁਖਾਂ ਦੇ ਹਰਨ ਵਾਲੇ, ਸਿੱਧੀਆਂ ਨੂੰ ਵਧਾਉਣ ਵਾਲੇ ਅਤੇ ਮੰਗਲ ਕਰਨ ਵਾਲੇ (ਪ੍ਰਭੂ ਨੇ) ਆਕਾਸ਼ ਬਾਣੀ ਰਾਹੀਂ ਇਸ ਤਰ੍ਹਾਂ ਉਚਾਰ ਕੇ ਕਿਹਾ,

ਲੀਏ ਕਹਾ ਜਾਤ ਤੇਰੋ ਕਾਲ ਹੈ ਰੇ ਮੂੜ ਮਤਿ ਆਠਵੋ ਗਰਭ ਯਾ ਕੋ ਤੋ ਕੋ ਡਾਰੈ ਮਾਰਿ ਹੈ ॥

ਹੇ ਮੂਰਖ ਮਤ (ਵਾਲੇ ਕੰਸ!) ਤੂੰ ਇਸ ਨੂੰ ਕਿਥੇ ਲਈ ਜਾਂਦਾ ਹੈਂ? (ਇਹ ਤਾਂ) ਤੇਰਾ ਕਾਲ ਹੈ, (ਕਿਉਂਕਿ ਇਸ ਦਾ) ਅੱਠਵਾਂ ਬੱਚਾ ('ਗਰਭ') ਤੈਨੂੰ ਮਾਰ ਦੇਵੇਗਾ।


Flag Counter