ਹੇ ਰਾਜਨ! ਸੁਣੋ, ਇਸ ਜਗਤ ਵਿਚ ਹਰਿ ਦੇ ਸੰਤ (ਹਰਿ-ਜਨ) ਸਦਾ ਦੁਖੀ ਰਹਿੰਦੇ ਹਨ।
(ਪਰ) ਅੰਤ ਨੂੰ ਮੁਕਤੀ ਰੂਪ ਫਲ ਹਾਸਲ ਕਰਦੇ ਹਨ ਅਤੇ ਭਗਵਾਨ ਨੂੰ ਪ੍ਰਾਪਤ ਕਰ ਲੈਂਦੇ ਹਨ ॥੨੪੫੫॥
ਸੋਰਠਾ:
ਰੁਦ੍ਰ ਦੇ ਭਗਤ ਸੰਸਾਰ ਵਿਚ ਸਦਾ ਸੁਖ ਦੇ ਦਿਨ ਭੋਗਦੇ ਹਨ। (ਪਰ ਉਹ) ਮਰਦੇ ਹਨ,
ਫਿਰ ਆਉਂਦੇ ਜਾਂਦੇ ਹਨ ਅਤੇ ਮੁਕਤ ਰੂਪ ਫਲ ਕਦੇ ਵੀ ਨਹੀਂ ਲੈ ਸਕਦੇ ॥੨੪੫੬॥
ਸਵੈਯਾ:
(ਹੇ ਰਾਜਨ!) ਸੁਣੋ, ਇਕ ਭਸਮਾਂਗਦ ਦੈਂਤ ਹੁੰਦਾ ਸੀ, ਉਸ ਨੇ ਜਦੋਂ ਨਾਰਦ ਤੋਂ ਇਹ ਸੁਣ ਲਿਆ।
(ਤਾਂ ਉਸ ਨੇ) ਬਹੁਤ ਦਿਨਾਂ ਤਕ ਰੁਦ੍ਰ ਦੀ ਰੁਚੀ ਪੂਰਵਕ ਸੇਵਾ ਕੀਤੀ ਅਤੇ ਉਸ ਨੂੰ ਪ੍ਰਸੰਨ ਕਰ ਲਿਆ।
(ਉਸ ਨੇ) ਆਪਣਾ ਮਾਸ ਕਟ ਕਟ ਕੇ ਅਗਨੀ ਵਿਚ ਹੋਮ ਕਰ ਦਿੱਤਾ ਅਤੇ ਰਤੀ ਜਿੰਨਾ ਵੀ ਨਾ ਡਰਿਆ।
'(ਮੈਂ) ਜਿਸ ਦੇ ਸਿਰ ਉਪਰ ਹੱਥ ਧਰਾਂ, ਉਹ ਸੁਆਹ ਹੋ ਕੇ ਉਡ ਜਾਵੇ', ਉਸ ਨੇ ਇਹ ਵਰ ਪ੍ਰਾਪਤ ਕਰ ਲਿਆ ॥੨੪੫੭॥
'ਜਿਸ ਦੇ ਸਿਰ ਉਤੇ ਹੱਥ ਧਰਾਂ, ਉਹ ਸੁਆਹ ਹੋ ਕੇ ਉਡ ਜਾਵੇ', ਜਦ ਉਸ ਨੇ (ਇਹ) ਵਰ ਪ੍ਰਾਪਤ ਕਰ ਲਿਆ।
(ਤਦ) ਉਸ ਮੂਰਖ ਨੇ ਪਹਿਲਾਂ ਰੁਦ੍ਰ ਨੂੰ ਹੀ ਮਾਰ ਕੇ ਉਸ ਦੀ ਇਸਤਰੀ ਨੂੰ ਹਥਿਆਉਣਾ ਚਾਹਿਆ।
ਰੁਦ੍ਰ ਭਜ ਚਲਿਆ। ਤਦ ਕ੍ਰਿਸ਼ਨ ਜੀ ਆ ਗਏ ਅਤੇ ਛਲ ਪੂਰਵਕ ਉਸ ਨੂੰ ਸੜਵਾ ਦਿੱਤਾ।
ਹੇ ਰਾਜਨ! ਹੁਣ ਤੁਸੀਂ ਹੀ ਦਸੋ, ਉਹ (ਰੁਦ੍ਰ) ਵੱਡਾ ਹੈ ਜਾਂ ਕ੍ਰਿਸ਼ਨ ਵੱਡਾ ਹੈ ਜਿਸ ਨੇ ਉਸ ਨੂੰ ਸੜਨ ਤੋਂ ਬਚਾ ਲਿਆ ਹੈ ॥੨੪੫੮॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਭਸਮਾਂਗਦ ਦੈਂਤ ਦੇ ਬਧ ਦੇ ਪ੍ਰਸੰਗ ਦੀ ਸਮਾਪਤੀ।
ਹੁਣ ਭ੍ਰਿਗਲਤਾ ਦੇ ਪ੍ਰਸੰਗ ਦਾ ਕਥਨ:
ਸਵੈਯਾ:
ਉਥੇ ਸੱਤ ਰਿਸ਼ੀ ਇਕੱਠੇ ਬੈਠੇ ਸਨ, ਉਨ੍ਹਾਂ ਦੇ ਮਨ ਵਿਚ ਇਸ ਤਰ੍ਹਾਂ ਆਇਆ
ਕਿ ਰੁਦ੍ਰ ਚੰਗਾ ਹੈ, ਜਾਂ ਬ੍ਰਹਮਾ ਜਾਂ ਵਿਸ਼ਣੂ, ਜਿਸ ਨੂੰ ਪਹਿਲਾਂ ਮੰਨਿਆ ਜਾਵੇ।
ਤਿੰਨੋ ਅਨੰਤ ਹਨ, (ਇਨ੍ਹਾਂ ਦਾ) ਕੁਝ ਅੰਤ ਨਹੀਂ ਹੈ ਅਤੇ ਨਾ ਹੀ ਕਿਸੇ ਨੇ (ਇਨ੍ਹਾਂ ਨੂੰ) ਪਾਇਆ ਹੈ।
ਉਨ੍ਹਾਂ ਵਿਚ (ਇਕ) ਭ੍ਰਿਗੂ (ਨਾਂ ਦਾ ਰਿਸ਼ੀ) ਬੈਠਾ ਹੋਇਆ ਸੀ। (ਉਸ ਨੇ ਦਾਵਾ ਕੀਤਾ ਕਿ ਮੈਂ) ਇਨ੍ਹਾਂ ਦਾ ਭੇਦ ਪਾ ਲਵਾਂਗਾ। (ਇਸ ਲਈ ਇਨ੍ਹਾਂ ਨੂੰ) ਵੇਖਣ ਲਈ ਉਹ ਤੁਰ ਪਿਆ ॥੨੪੫੯॥
(ਪਹਿਲਾਂ) ਰੁਦ੍ਰ ਦੇ ਘਰ ਗਿਆ (ਅਤੇ ਉਸ ਨੂੰ) ਕਿਹਾ, ਤੁਸੀਂ ਜੀਵਾਂ ਨੂੰ ਮਾਰਦੇ ਹੋ। (ਇਸ ਗੱਲ ਤੇ ਵਿਗੜ ਕੇ) ਰੁਦ੍ਰ ਨੇ ਤ੍ਰਿਸ਼ੂਲ ਸੰਭਾਲ ਲਿਆ (ਅਤੇ ਮਾਰਨ ਲਈ ਦੌੜਿਆ)।
(ਭ੍ਰਿਗੂ) ਚਲ ਕੇ ਬ੍ਰਹਮਾ (ਦੇ ਘਰ) ਗਿਆ (ਅਤੇ ਕਿਹਾ) ਇਹ ਵੇਦ ਪੜ੍ਹਦਾ ਹੈ, ਪਰ ਇਨ੍ਹਾਂ ਦਾ (ਭੇਦ) ਨਹੀਂ ਜਾਣਿਆ।
(ਬ੍ਰਹਮਾ ਦੇ ਔਖੇ ਹੋ ਜਾਣ ਤੋਂ ਬਾਦ ਉਹ) ਵਿਸ਼ਣੂ ਦੇ ਲੋਕ ਵਿਚ ਗਿਆ। (ਉਹ) ਸੁਖ ਪੂਰਵਕ ਸੁਤਾ ਪਿਆ ਸੀ। ਰਿਸ਼ੀ ਨੇ ਕ੍ਰੋਧਿਤ ਹੋ ਕੇ (ਉਸ ਨੂੰ) ਲਤ ਮਾਰੀ।