ਸਾਰਿਆਂ ਦੇਵਤਿਆਂ ਨੇ ਮਿਲ ਕੇ ਵਿਚਾਰ ਕੀਤਾ
ਅਤੇ (ਮਨ ਵਿਚ) ਨਿਸ਼ਚਾ ਕਰ ਕੇ ਛੀਰ ਸਮੁੰਦਰ ਨੂੰ ਚਲ ਪਏ।
(ਉਥੇ ਜਾ ਕੇ) 'ਕਾਲ ਪੁਰਖ' ਦੀ ਵਡਿਆਈ ਕੀਤੀ।
ਉਥੋਂ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਆਗਿਆ ਹੋਈ ॥੩॥
ਜਮਦਗਨਿ ਨਾਂ ਦਾ ਮੁਨੀ (ਦਿਜ) ਜਗਤ ਵਿਚ ਬਿਰਾਜਦਾ ਹੈ।
(ਉਹ) ਨਿੱਤ ਉਠ ਕੇ (ਸਾਧਨਾ ਰਾਹੀਂ) ਸਾਰਿਆਂ ਪਾਪਾਂ ਨੂੰ ਨਸ਼ਟ ਕਰਦਾ ਹੈ।
ਹੇ ਵਿਸ਼ਣੂ! ਤੁਸੀਂ ਉਸ ਦੇ (ਘਰ) ਜਾ ਕੇ ਅਵਤਾਰ ਧਾਰਨ ਕਰੋ
ਅਤੇ ਇੰਦਰ ਦੇ ਵੈਰੀਆਂ ਨੂੰ ਚੰਗੀ ਤਰ੍ਹਾਂ ਮਾਰ ਦਿਓ ॥੪॥
ਭੁਜੰਗ ਪ੍ਰਯਾਤ ਛੰਦ:
ਜਮਦਗਨਿ ਬ੍ਰਾਹਮਣ ਦੇ ਘਰ (ਵਿਸ਼ਣੂ) ਨੇ ਅਵਤਾਰ ਲਿਆ।
(ਉਹ) ਕਵਚ ਅਤੇ ਕੁਹਾੜਾ (ਧਾਰਨ ਕਰਨ ਵਾਲਾ) ਰੇਣਕਾ (ਦੀ ਕੁੱਖ ਤੋਂ) ਹੋਇਆ ਸੀ।
(ਇਉਂ ਪ੍ਰਤੀਤ ਹੁੰਦਾ ਸੀ ਕਿ) ਛਤਰੀਆਂ ਨੂੰ ਮਾਰਨ ਲਈ ਕਾਲ ਨੇ ਹੀ (ਇਹ) ਰੂਪ ਧਾਰਨ ਕੀਤਾ ਹੋਵੇ
ਜਿਸ ਨੇ ਸਹਸ੍ਰਬਾਹੁ ਰਾਜੇ ਨੂੰ ਮਾਰਿਆ ਸੀ ॥੫॥
ਇਤਨੀ ਮੇਰੀ ਸਮਰਥਾ ਨਹੀਂ ਕਿ ਸਾਰੀ ਕਥਾ ਸੁਣਾਵਾਂ,
ਕਥਾ ਵੱਧ ਨਾ ਜਾਏ, ਇਸ ਲਈ ਥੋੜੀ ਗੱਲ ਹੀ ਦਸਦਾ ਹਾਂ।
ਅਪਾਰ ਛਤਰੀ ਰਾਜੇ ਹੰਕਾਰ ਨਾਲ ਭਰੇ ਹੋਏ ਸਨ।
ਉਨ੍ਹਾਂ ਦੇ ਨਾਸ਼ ਲਈ (ਪਰਸ਼ੁਰਾਮ ਨੇ ਆਪਣੇ) ਹੱਥ ਵਿਚ ਕੁਹਾੜਾ ਧਾਰਨ ਕੀਤਾ ॥੬॥
(ਘਟਨਾ ਦਾ ਪਿਛੋਕੜ ਇਹ ਸੀ ਕਿ) ਕਾਮਧੇਨੁ ਗਊ ਦੀ ਨੰਦਨੀ ਨਾਂ ਦੀ ਪੁੱਤਰੀ ਸੀ।
ਉਸ ਨੂੰ ਸਹਸ੍ਰਬਾਹੁ ਛਤਰੀ (ਜਮਦਗਨਿ ਪਾਸੋਂ) ਮੰਗ ਮੰਗ ਕੇ ਥਕ ਗਿਆ।
(ਮੌਕਾ ਤਾੜ ਕੇ) ਉਸ ਨੇ ਗਊ ਖੋਹ ਲਹੀ ਅਤੇ ਪਾਰਸ਼ੁਰਾਮ ਦੇ ਪਿਤਾ (ਜਮਦਗਨਿ) ਨੂੰ ਮਾਰ ਦਿੱਤਾ।
ਉਸੇ ਵੈਰ ਕਰ ਕੇ (ਪਰਸ਼ੁਰਾਮ ਨੇ) ਸਾਰਿਆਂ (ਛਤਰੀ) ਰਾਜਿਆਂ ਦਾ (ਇੱਕੀ ਵਾਰ) ਨਾਸ਼ ਕੀਤਾ ॥੭॥
ਇਸ ਕਰ ਕੇ (ਜਮਦਗਨਿ ਦੀ) ਪਤਨੀ (ਬਨ ਵਿਚ) ਗਈ ਅਤੇ (ਪਰਸ਼ੁਰਾਮ ਨੂੰ) ਲਭ ਲਿਆ।
(ਉਸ ਨੂੰ ਸਾਰੀ ਗੱਲ ਦਸੀ। ਉੱਤਰ ਵਿਚ ਪਰਸ਼ੁਰਾਮ ਨੇ ਕਿਹਾ) ਜਿਸ ਨੇ ਮੇਰੇ ਪਿਤਾ ਨੂੰ ਮਾਰਿਆ ਹੈ, ਉਸ ਦਾ ਨਾਂ ਦਸੋ। (ਰੇਣੁਕਾ ਨੇ ਨਾਂ ਦਸਿਆ।
ਜਦੋਂ ਪਰਸ਼ੁਰਾਮ ਨੇ) ਸਹਸ੍ਰਬਾਹੁ ਰਾਜੇ ਦਾ ਨਾਂ ਕੰਨਾਂ ਨਾਲ ਸੁਣਿਆ,
ਤਾਂ ਅਸਤ੍ਰ-ਸ਼ਸਤ੍ਰ ਪਕੜ ਕੇ ਉਸ ਦੇ ਠਿਕਾਣੇ ਨੂੰ ਤੁਰ ਪਿਆ ॥੮॥
(ਉਥੇ ਪਹੁੰਚ ਕੇ ਪਰਸ਼ੁਰਾਮ ਨੇ ਸਹਸ੍ਰਬਾਹੁ ਨੂੰ ਪੁਛਿਆ) "ਹੇ ਰਾਜਨ! ਦਸੋ, (ਤੁਸੀਂ) ਮੇਰੇ ਪਿਤਾ ਨੂੰ ਕਿਵੇਂ ਮਾਰਿਆ?
ਹੁਣੇ (ਮੈਂ ਤੈਨੂੰ) ਯੁੱਧ ਵਿਚ ਜਿਤਾਂਗਾ ਅਤੇ ਉਸੇ ਤਰ੍ਹਾਂ ਮਾਰਾਂਗਾ।
ਹੇ ਮੂਰਖ (ਰਾਜੇ)! (ਤੂੰ) ਕਿਸ ਲਈ ਬੈਠਾ ਹੈਂ? ਅਸਤ੍ਰ ਸੰਭਾਲ,
ਨਹੀਂ ਤਾਂ ਸਾਰੇ ਸ਼ਸਤ੍ਰ ਸੁਟ ਕੇ ਭਜ ਜਾ" ॥੯॥
(ਪਰਸ਼ੁਰਾਮ ਦੇ ਜਦੋਂ ਇਸ ਤਰ੍ਹਾਂ ਦੇ) ਕੋੜੇ ਬਚਨ ਸੁਣੇ, ਤਾਂ ਰਾਜਾ ਕ੍ਰੋਧ ਨਾਲ ਭਰ ਗਿਆ
ਅਤੇ ਸਿਧੀ ਤਲਵਾਰ ਲੈ ਕੇ ਸ਼ੇਰ ਵਾਂਗ ਉਠਿਆ।
(ਰਾਜਾ) ਹਠ ਕਰਕੇ ਖਲੋ ਗਿਆ ਕਿ (ਹੁਣੋ) ਖੂਨੀ ਬ੍ਰਾਹਮਣ ਨੂੰ ਯੁੱਧ-ਭੂਮੀ ਵਿਚ ਮਾਰਦਾ ਹਾਂ
ਕਿਉਂਕਿ ਇਹ ਅਜ ਹੀ ਮੇਰੇ ਨਾਲ ਯੁੱਧ ਮਚਾਉਣਾ ਚਾਹੁੰਦਾ ਹੈ ॥੧੦॥
ਰਾਜੇ ਦੇ ਬੋਲ ਸੁਣ ਕੇ ਸਾਰੇ ਸੂਰਮੇ ਚਲ ਪਏ।
ਯੁੱਧ ਲਈ (ਉਨ੍ਹਾਂ ਨੂੰ) ਕ੍ਰੋਧ ਚੜ੍ਹ ਗਿਆ ਅਤੇ ਸਾਰਾ ਸਾਜ਼-ਸਾਮਾਨ ਸਜਾ ਲਿਆ।
(ਉਨ੍ਹਾਂ ਨੇ) ਗਦਾ, ਸੈਹੱਥੀ, ਤ੍ਰਿਸ਼ੂਲ ਅਤੇ ਬਰਛੇ ਸੰਭਾਲ ਲਏ।
ਵੱਡੇ ਵੱਡੇ ਛਤਰਧਾਰੀ (ਯੋਧੇ) ਯੁੱਧ ਕਰਨ ਲਈ ਚੜ੍ਹ ਚਲੇ ॥੧੧॥
ਨਰਾਜ ਛੰਦ:
ਤਲਵਾਰ ਨੂੰ ਹੱਥ ਵਿਚ ਫੜ ਕੇ,
ਸੂਰਮੇ ਲਲਕਾਰਦੇ ਹੋਏ ਚਲ ਪਏ।
ਉਹ 'ਮਾਰੋ' 'ਮਾਰੋ' ਬੋਲ ਰਹੇ ਸਨ
ਅਤੇ (ਉਨ੍ਹਾਂ ਦੇ) ਤੀਰ ਲਹੂ ਚਖ ਰਹੇ ਸਨ ॥੧੨॥
ਕਵਚ (ਸ਼ਰੀਰ ਉਤੇ ਧਾਰਨ ਕਰਕੇ ਅਤੇ ਹੱਥਾਂ ਵਿਚ) ਸੈਹੱਥੀਆ ਲੈ ਕੇ,
ਕ੍ਰੋਧਵਾਨ ਹੋ ਕੇ ਸੂਰਮੇ ਚੜ੍ਹ ਚਲੇ।
(ਘੋੜਿਆਂ ਦੀਆਂ) ਚਾਬੁਕਾਂ ਚਟਾਖ ਚਟਾਖ ਕਰਨ ਲਗੀਆਂ
ਅਤੇ ਹਜ਼ਾਰਾਂ ਤੀਰ ਵਰ੍ਹਨ ਲਗੇ ॥੧੩॥
ਰਸਾਵਲ ਛੰਦ:
(ਸਾਰੇ ਸੂਰਮੇ) ਇਕ ਥਾਂ ਤੇ ਇਕੱਠੇ ਹੋ ਗਏ