ਮੇਰੀ ਪਿੱਠ ਠੋਕ ਦਿਓ (ਤਾਂ ਬੂਟੀ ਦੀ ਕੀ ਗੱਲ)
ਮੈਂ ਅੱਜ ਸੁਅਰਗ ਲੋਕ ਵਿੱਚੋਂ ਦੇਵਤਿਆਂ ਕੋਲੋਂ ਅੰਮ੍ਰਿਤ ਵੀ ਖੋਹ ਲਿਆਵਾਂ ॥੫੮੦॥
(ਹਨੂਮਾਨ ਨੇ) ਇਸ ਤਰ੍ਹਾਂ ਕਿਹਾ ਅਤੇ ਉੱਡ ਗਿਆ।
ਮਾਨੋ ਝੱਟ ਹੀ ਆਕਾਸ਼ ਵਿੱਚ ਹੀ ਮਿਲ ਗਿਆ ਹੋਵੇ।
ਨਿਰਾਸ਼ ਬੈਠੇ ਰਾਮ ਨੂੰ
ਲੱਛਮਣ ਦੇ ਜਿਊਣ ਦੀ ਆਸ ਹੋ ਗਈ ॥੫੮੧॥
(ਹਨੂਮਾਨ ਦੇ) ਅੱਗੇ ਜੋ ਕੋਈ (ਆਇਆ)
ਉਸ ਨੂੰ ਮਾਰ ਦਿੱਤਾ।
ਤਲਾਉ ਵਿੱਚ (ਇਕ) ਵਿਸ਼ਾਲ ਤੰਦੂਆ ਸੀ,
(ਉਸ ਨੂੰ ਵੀ ਹਨੂਮਾਨ ਨੇ) ਮਾਰ ਦਿੱਤਾ ॥੫੮੨॥
ਇਕ ਦਾਨੇ (ਜੋ ਮੁਨੀ ਦੇ ਭੇਸ ਵਿੱਚ) ਲੁਕਿਆ ਹੋਇਆ ਸੀ,
ਉਸ ਨੂੰ ਵੀ (ਹਨੂਮਾਨ ਨੇ) ਚੀਰ ਸੁੱਟਿਆ।
(ਅੱਗੇ ਜਾ ਕੇ) ਬੂਟੀਆਂ ਵੇਖੀਆਂ,
ਜੋ ਇਕ ਨਾਲ ਇਕ ਜੁੜੀ ਹੋਈ ਸੀ ॥੫੮੩॥
ਮਹਾਨ ਤੇਜ ਵਾਲਾ ਯੋਧਾ ਹਨੂਮਾਨ (ਸਾਰੀਆਂ ਬੂਟੀਆਂ ਨੂੰ ਦੇਖ ਕੇ)
ਚੌਂਕਿਆ (ਅਤੇ ਸੋਚੀਂ ਪੈ ਗਿਆ ਕਿ ਕਿਹੜੀ ਬੂਟੀ ਲੈ ਕੇ ਜਾਵਾਂ,
ਇਸ ਲਈ) ਪਹਾੜ ਹੀ ਪੁੱਟ ਲਿਆ
ਅਤੇ (ਇਉਂ) ਬੂਟੀ ਲੈ ਕੇ ਚਲ ਪਿਆ ॥੫੮੪॥
ਸ੍ਰੀ ਰਾਮ ਜੀ ਜਿੱਥੇ ਰਣ-ਭੂਮੀ ਵਿੱਚ ਬੈਠੇ ਸਨ
ਅਤੇ ਉਨ੍ਹਾਂ ਦਾ ਵੀਰ ਬੇਸੁੱਧ ਪਿਆ ਸੀ, (ਹਨੂਮਾਨ ਪਹਾੜ ਸਮੇਤ) ਉਥੇ ਆ ਗਿਆ।
(ਉਸ ਦੇ ਮੂੰਹ ਵਿੱਚ) 'ਬਿਸਰਯਾ' ਬੂਟੀ ਪਾ ਦਿੱਤੀ
(ਜਿਸ ਨਾਲ ਉਹ) ਸੁਖੀ ਹੋ ਗਿਆ ॥੫੮੫॥
(ਲੱਛਮਣ ਦੇ ਸੁਖੀ ਹੋਣ ਨਾਲ) ਸਾਰੇ ਸੂਰਮੇ ਜਾਗ ਪਏ
ਅਤੇ ਹੂਰਾਂ (ਆਕਾਸ਼ ਵਿੱਚ) ਘੁੰਮਣ ਲੱਗੀਆਂ।
ਨਾਦ ਨਿਕਲਣ ਲੱਗ ਪਿਆ
ਨਗਾਰਿਆਂ ਅਤੇ ਵਾਜਿਆਂ ਵਿੱਚੋਂ ॥੫੮੬॥
ਤੀਰ ਚਲਣ ਲੱਗ ਪਏ
ਅਤੇ ਗਾਜ਼ੀ (ਲੋਕ ਯੁੱਧ ਵਿੱਚ) ਜੁੱਟ ਗਏ।
ਜੋ ਰਣ-ਭੂਮੀ ਵਿੱਚ (ਬੇਸੁੱਧ) ਸੁੱਤੇ ਪਏ ਹਨ,
ਓਹੀ ਪਵਿੱਤਰ ਸ਼ਹੀਦ ਹੋਏ ਹਨ ॥੫੮੭॥
ਕਲਸ:
ਪ੍ਰਚੰਡ ਸੂਰਬੀਰ (ਆਪਸ ਵਿੱਚ) ਗੁੱਥਮ-ਗੁੱਥਾ ਹੋ ਗਏ ਹਨ।
ਭੂਤ ਪ੍ਰੇਤ ਅਤੇ ਬੈਤਾਲ (ਰਣ-ਭੂਮੀ ਵਿੱਚ) ਨਚ ਰਹੇ ਹਨ।
ਕਰੋੜਾਂ ਤਲਵਾਰਾਂ ਝਮ-ਝਮ ਕਰਕੇ ਲਿਸ਼ਕਣ ਲੱਗੀਆਂ ਹਨ।
ਕ੍ਰਿਪਾਨਾਂ ਦੀਆਂ ਚਿੱਟੀਆਂ ਧਾਰਾਵਾਂ ਹਿਲਦੀਆਂ ਹੋਈਆਂ ਝਿਲਮਿਲ ਕਰਦੀਆਂ ਹਨ ॥੫੮੮॥
ਤ੍ਰਿਭੰਗੀ ਛੰਦ
ਤਲਵਾਰ ਦੀ ਚਿੱਟੀ ਧਾਰ ਬਹੁਤ ਅਧਿਕ ਲਿਸ਼ਕਦੀ ਹੈ ਅਤੇ ਲੜਾਈ ਕਰਨ ਵਾਲੀ ਤਦੇ ਸੁੰਦਰਤਾ ਨੂੰ ਧਾਰਨ ਕਰਨ ਵਾਲੀ ਹੈ।
ਜਿਸ ਦੀ ਨੇਕ ਸੂਏ ਵਾਂਗ ਸ਼ੋਭਦੀ ਹੈ। ਵੱਡੀ ਛਬੀ ਨੂੰ ਧਾਰਦੀ ਹੈ, ਚੰਗੇ ਉਪਾਅ ਬਣਾਉਣ ਵਾਲੀ ਹੈ ਅਤੇ ਵੈਰੀ ਨੂੰ ਗਾਲਣ ਵਾਲੀ ਹੈ।
'ਜੈ-ਪਤ੍ਰ' ਦੇਣ ਵਾਲੀ ਹੈ। ਮਸਤ ਕਰਨ ਵਾਲੀ ਹੈ, ਲਹੂ ਨਾਲ ਲਾਲ ਹੈ ਅਤੇ ਜਿੱਤ ਕਰਨ ਵਾਲੀ ਹੈ।
ਦੁਰਜਨਾਂ ਦੇ ਦਲਾਂ ਨੂੰ ਨਸ਼ਟ ਕਰਨ ਵਾਲੀ ਹੈ, ਨਿਸ਼ਕਪਟ ਜਿੱਤ ਦਿਵਾਉਣ ਵਾਲੀ ਹੈ, ਪਾਪਾਂ ਨੂੰ ਖ਼ਤਮ ਕਰਨ ਵਾਲੀ ਹੈ ਅਤੇ ਡਰ ਨੂੰ ਹਰਨ ਵਾਲੀ ਹੈ ॥੫੮੯॥
ਕਲਸ:
ਹੱਲਾ ਗੁੱਲਾ ਮਚਣ ਨਾਲ ਸੂਰਮੇ ਰਣ ਵਿੱਚ ਭੱਜ ਰਹੇ ਹਨ।
ਲੋਹੇ ਨਾਲ ਮੜ੍ਹੇ ਹੋਏ ਸਰੀਰਾਂ ਵਾਲੇ (ਰਣ ਵਿਕ੍ਰਮ) ਵੀ ਥਰ-ਥਰ ਕੰਬਣ ਲੱਗ ਪਏ ਹਨ।
ਤਬਲੇ ਅਤੇ ਤੂਰ ਜ਼ੋਰ ਨਾਲ ਵੱਜ ਰਹੇ ਹਨ।
ਸੂਰਮਿਆਂ ਨੂੰ ਵੇਖਣ ਲਈ ਰਣ ਵਿੱਚ ਹੂਰਾਂ ਘੁੰਮਣ ਲੱਗੀਆਂ ਹਨ ॥੫੯੦॥
ਤ੍ਰਿਭੰਗੀ ਛੰਦ
ਰਣ-ਭੂਮੀ ਉੱਤੇ ਹੂਰਾਂ ਫਿਰਦੀਆਂ ਹਨ (ਮਾਨੋ) ਆਕਾਸ਼ ਵਿੱਚ ਪੂਰੀ ਤਰ੍ਹਾਂ ਝੜ ਹੋ ਗਿਆ ਹੋਵੇ। ਸੂਰਮਿਆਂ ਨੂੰ ਵੇਖ-ਵੇਖ ਕੇ (ਹੂਰਾਂ ਦਾ) ਮਨ ਮੋਹਿਆ ਜਾਂਦਾ ਹੈ।
(ਉਨ੍ਹਾਂ ਨੇ) ਸਰੀਰ ਉੱਤੇ ਲਾਲ ਰੰਗ ਦੇ ਬਾਣੇ ਧਾਰੇ ਹੋਏ ਹਨ। ਉਨ੍ਹਾਂ ਦੀ ਸੁੰਦਰਤਾ ਬੇ-ਮਿਸਾਲ ਹੈ। (ਸੱਚਮੁੱਚ ਉਨ੍ਹਾਂ ਦੇ) ਸਰੀਰ ਸੁੰਦਰਤਾ ਦੀ ਅਦੁੱਤੀ ਖਾਣ ਹਨ।