ਸ਼੍ਰੀ ਦਸਮ ਗ੍ਰੰਥ

ਅੰਗ - 714


ਚੇਤ ਰੇ ਚੇਤ ਅਚੇਤ ਮਹਾ ਜੜ ਭੇਖ ਕੇ ਕੀਨੇ ਅਲੇਖ ਨ ਪੈ ਹੈ ॥੧੯॥

ਹੇ ਮਹਾ ਮੂਰਖ ਅਤੇ ਬੇਸਮਝ! (ਹੁਣ ਵੀ ਤੂੰ) ਚੇਤੇ ਕਰ ਲੈ (ਕਿਉਂਕਿ) ਭੇਖ ਦੇ ਕੀਤਿਆਂ ਅਲੇਖ (ਪ੍ਰਭੂ) ਨੂੰ ਪ੍ਰਾਪਤ ਨਹੀਂ ਕਰ ਸਕੇਂਗਾ ॥੧੯॥

ਕਾਹੇ ਕਉ ਪੂਜਤ ਪਾਹਨ ਕਉ ਕਛੁ ਪਾਹਨ ਮੈ ਪਰਮੇਸਰ ਨਾਹੀ ॥

ਕਿਸ ਲਈ ਪੱਥਰਾਂ ਨੂੰ ਪੂਜ ਰਿਹਾ ਹੈ? (ਇਨ੍ਹਾਂ) ਪੱਥਰਾਂ ਵਿਚ ਪਰਮੇਸ਼ਵਰ (ਆਦਿ) ਕੁਝ ਨਹੀਂ ਹੈ।

ਤਾਹੀ ਕੋ ਪੂਜ ਪ੍ਰਭੂ ਕਰਿ ਕੇ ਜਿਹ ਪੂਜਤ ਹੀ ਅਘ ਓਘ ਮਿਟਾਹੀ ॥

ਉਸੇ ਨੂੰ ਪ੍ਰਭੂ ਮੰਨ ਕੇ ਪੂਜਾ ਕਰ, ਜਿਸ ਨੂੰ ਪੂਜਣ ਨਾਲ ਪਾਪ ਦਾ ਸਮੂਹ ਮਿਟ ਜਾਂਦੇ ਹਨ।

ਆਧਿ ਬਿਆਧਿ ਕੇ ਬੰਧਨ ਜੇਤਕ ਨਾਮ ਕੇ ਲੇਤ ਸਬੈ ਛੁਟਿ ਜਾਹੀ ॥

ਆਧਿ ਅਤੇ ਬਿਆਧਿ (ਆਦਿਕ) ਜਿਤਨੇ ਵੀ ਬੰਧਨ ਹਨ, (ਉਸ ਦੇ) ਨਾਮ ਲੈਂਦਿਆਂ ਹੀ ਸਭ ਨਸ਼ਟ ਹੋ ਜਾਂਦੇ ਹਨ।

ਤਾਹੀ ਕੋ ਧਯਾਨੁ ਪ੍ਰਮਾਨ ਸਦਾ ਇਨ ਫੋਕਟ ਧਰਮ ਕਰੇ ਫਲੁ ਨਾਹੀ ॥੨੦॥

ਸਦਾ ਉਸ ਦੇ ਧਿਆਨ ਵਿਚ ਮਗਨ ਰਹਿ, (ਕਿਉਂਕਿ) ਇਨ੍ਹਾਂ ਵਿਅਰਥ ਦੇ ਧਰਮਾਂ ਨੂੰ ਕਰਨ ਨਾਲ (ਕੋਈ) ਫਲ ਪ੍ਰਾਪਤ ਨਹੀਂ ਮਿਲਦਾ ॥੨੦॥

ਫੋਕਟ ਧਰਮ ਭਯੋ ਫਲ ਹੀਨ ਜੁ ਪੂਜ ਸਿਲਾ ਜੁਗਿ ਕੋਟਿ ਗਵਾਈ ॥

(ਤੂੰ) ਪੱਥਰਾਂ ਦੀ ਪੂਜਾ ਕਰਕੇ ਕਰੋੜਾਂ ਯੁਗ ਨਸ਼ਟ ਕਰ ਲਏ ਹਨ, ਉਹ ਫੋਕਟ ਧਰਮ ਫਲੁਹੀਨ ਸਿੱਧ ਹੋਏ ਹਨ।

ਸਿਧਿ ਕਹਾ ਸਿਲ ਕੇ ਪਰਸੈ ਬਲੁ ਬ੍ਰਿਧ ਘਟੀ ਨਵ ਨਿਧਿ ਨ ਪਾਈ ॥

ਸਿਲਾ (ਮੂਰਤੀ) ਨੂੰ ਪੂਜਣ ਨਾਲ ਕਿਹੜੀ ਸਿੱਧੀ (ਪ੍ਰਾਪਤ ਹੋਈ ਹੈ) (ਅਜਿਹਾ ਕਰਨ ਨਾਲ) ਬਲ ਅਤੇ ਵ੍ਰਿਧੀ ਘਟੀ ਹੈ ਅਤੇ ਨੌਂ ਨਿਧੀਆਂ ਦੀ ਪ੍ਰਾਪਤੀ ਨਹੀਂ ਹੋਈ ਹੈ।

ਆਜ ਹੀ ਆਜੁ ਸਮੋ ਜੁ ਬਿਤਯੋ ਨਹਿ ਕਾਜਿ ਸਰਯੋ ਕਛੁ ਲਾਜਿ ਨ ਆਈ ॥

ਅਜ ਹੀ ਅਜ ਕਰਦਿਆਂ ਜਿਹੜਾ ਸਮਾਂ ਬੀਤ ਗਿਆ ਹੈ, ਉਸ ਵਿਚ ਨਾ ਕੁਝ ਸੰਵਰਿਆ ਹੈ ਅਤੇ ਨਾ ਹੀ ਕੁਝ ਲੱਜਾ ਆਈ ਹੈ।

ਸ੍ਰੀ ਭਗਵੰਤ ਭਜਯੋ ਨ ਅਰੇ ਜੜ ਐਸੇ ਹੀ ਐਸੇ ਸੁ ਬੈਸ ਗਵਾਈ ॥੨੧॥

ਹੇ ਮੂਰਖ! (ਤੂੰ) ਸ੍ਰੀ ਭਗਵਾਨ ਦਾ ਭਜਨ ਨਹੀਂ ਕੀਤਾ ਅਤੇ ਵਿਅਰਥ (ਸਾਰੀ) ਉਮਰ ਗੰਵਾ ਦਿੱਤੀ ਹੈ ॥੨੧॥

ਜੌ ਜੁਗ ਤੇ ਕਰ ਹੈ ਤਪਸਾ ਕੁਛ ਤੋਹਿ ਪ੍ਰਸੰਨੁ ਨ ਪਾਹਨ ਕੈ ਹੈ ॥

ਜੇ (ਤੂੰ) ਯੁਗਾਂ ਤਕ ਤਪਸਿਆ ਕਰਦਾ ਰਹੇਂ, (ਪਰ) ਤੈਨੂੰ (ਇਹ) ਪੱਥਰ ਕੁਝ ਵੀ ਪ੍ਰਸੰਨ ਨਹੀਂ ਕਰਨਗੇ।

ਹਾਥਿ ਉਠਾਇ ਭਲੀ ਬਿਧਿ ਸੋ ਜੜ ਤੋਹਿ ਕਛੂ ਬਰਦਾਨੁ ਨ ਦੈ ਹੈ ॥

ਹੇ ਮੂਰਖ! ਚੰਗੀ ਤਰ੍ਹਾਂ ਹੱਥ ਉਠਾ ਕੇ (ਉਹ ਪੱਥਰ) ਤੈਨੂੰ ਕੁਝ ਵਰਦਾਨ ਨਹੀਂ ਦੇਣਗੇ।

ਕਉਨ ਭਰੋਸੋ ਭਯਾ ਇਹ ਕੋ ਕਹੁ ਭੀਰ ਪਰੀ ਨਹਿ ਆਨਿ ਬਚੈ ਹੈ ॥

ਦਸ, ਇਨ੍ਹਾਂ ਦਾ ਕੀ ਭਰੋਸਾ ਹੋਇਆ, ਭੀੜ ਪੈਣ ਤੇ ਆ ਕੇ ਨਹੀਂ ਬਚਾਉਣਗੇ।

ਜਾਨੁ ਰੇ ਜਾਨੁ ਅਜਾਨ ਹਠੀ ਇਹ ਫੋਕਟ ਧਰਮ ਸੁ ਭਰਮ ਗਵੈ ਹੈ ॥੨੨॥

ਹੇ ਬੇਸਮਝ ਅਤੇ ਹਠੀਲੇ! ਸੰਭਲ ਜਾ, ਇਨ੍ਹਾਂ ਫੋਕਟ ਧਰਮਾਂ ਦੇ ਭਰਮ ਵਿਚ (ਤੂੰ) ਗਵਾਚ ਰਿਹਾ ਹੈਂ ॥੨੨॥

ਜਾਲ ਬਧੇ ਸਬ ਹੀ ਮ੍ਰਿਤ ਕੇ ਕੋਊ ਰਾਮ ਰਸੂਲ ਨ ਬਾਚਨ ਪਾਏ ॥

ਸਾਰੇ ਹੀ ਮੌਤ ਦੇ ਜਾਲ ਵਿਚ ਬੰਨ੍ਹੇ ਹੋਏ ਹਨ, ਕੋਈ ਰਾਮ ਅਤੇ ਰਸੂਲ ਵੀ (ਉਸ ਤੋਂ) ਬਚ ਨਹੀਂ ਸਕਿਆ ਹੈ।

ਦਾਨਵ ਦੇਵ ਫਨਿੰਦ ਧਰਾਧਰ ਭੂਤ ਭਵਿਖ ਉਪਾਇ ਮਿਟਾਏ ॥

ਦੈਂਤ, ਦੇਵ ਤੇ ਸ਼ੇਸ਼ਨਾਗ, ਧਰਾਧਰ (ਪਰਬਤ) ਭੂਤ ਕਾਲ ਵਿਚ ਪੈਦਾ ਕੀਤੇ ਹਨ ਅਤੇ ਭਵਿਸ਼ਤ ਵਿਚ ਮਿਟਾ ਦੇਵੇਗਾ।

ਅੰਤ ਮਰੇ ਪਛੁਤਾਇ ਪ੍ਰਿਥੀ ਪਰਿ ਜੇ ਜਗ ਮੈ ਅਵਤਾਰ ਕਹਾਏ ॥

ਜੋ ਜਗਤ ਵਿਚ ਆਪਣੇ ਆਪ ਨੂੰ ਅਵਤਾਰ ਅਖਵਾਉਂਦੇ ਸਨ, ਉਹ ਵੀ ਅੰਤ ਵਿਚ ਪਛਤਾਉਂਦੇ ਹੋਏ ਪ੍ਰਿਥਵੀ ਉਤੇ ਮਰ ਗਏ ਹਨ।

ਰੇ ਮਨ ਲੈਲ ਇਕੇਲ ਹੀ ਕਾਲ ਕੇ ਲਾਗਤ ਕਾਹਿ ਨ ਪਾਇਨ ਧਾਏ ॥੨੩॥

ਹੇ ਮੰਦ ਭਾਗੇ ਮਨ (ਤੂੰ) ਭਜ ਕੇ ਇਕਲੇ ਕਾਲ (ਪਰਮ ਸੱਤਾ) ਦੇ ਚਰਨੀ ਹੀ ਕਿਉਂ ਨਹੀਂ ਲਗ ਜਾਂਦਾ ॥੨੩॥

ਕਾਲ ਹੀ ਪਾਇ ਭਇਓ ਬ੍ਰਹਮਾ ਗਹਿ ਦੰਡ ਕਮੰਡਲ ਭੂਮਿ ਭ੍ਰਮਾਨਯੋ ॥

ਕਾਲ (ਦੀ ਆਗਿਆ) ਪ੍ਰਾਪਤ ਕਰਕੇ ਬ੍ਰਹਮਾ ਹੋਂਦ ਵਿਚ ਆਇਆ ਹੈ, ਜੋ ਡੰਡਾ ਅਤੇ ਕਮੰਡਲ ਪਕੜ ਕੇ ਸਾਰੀ ਧਰਤੀ ਉਤੇ ਫਿਰਦਾ ਰਿਹਾ ਹੈ।

ਕਾਲ ਹੀ ਪਾਇ ਸਦਾ ਸਿਵ ਜੂ ਸਭ ਦੇਸ ਬਦੇਸ ਭਇਆ ਹਮ ਜਾਨਯੋ ॥

ਕਾਲ (ਦੀ ਆਗਿਆ) ਪ੍ਰਾਪਤ ਕਰਕੇ ਸਦਾ ਸ਼ਿਵ ਜੀ ਸਾਰੇ ਦੇਸਾਂ ਬਿਦੇਸਾਂ ਵਿਚ ਫਿਰਦਾ ਰਿਹਾ ਹੈ, (ਇਹ) ਅਸੀਂ ਜਾਣਦੇ ਹਾਂ।

ਕਾਲ ਹੀ ਪਾਇ ਭਯੋ ਮਿਟ ਗਯੋ ਜਗ ਯਾ ਹੀ ਤੇ ਤਾਹਿ ਸਭੋ ਪਹਿਚਾਨਯੋ ॥

ਕਾਲ (ਦੀ ਆਗਿਆ) ਪ੍ਰਾਪਤ ਕਰਕੇ ਜਗਤ ਹੋਂਦ ਵਿਚ ਆਇਆ ਹੈ ਅਤੇ ਮਿਟਦਾ ਰਿਹਾ ਹੈ। ਇਸ ਲਈ ਉਸ ਦੇ ਸਬਾਰੇ (ਰੂਪ) ਪਛਾਣੇ ਹਨ।

ਬੇਦ ਕਤੇਬ ਕੇ ਭੇਦ ਸਬੈ ਤਜਿ ਕੇਵਲ ਕਾਲ ਕ੍ਰਿਪਾਨਿਧਿ ਮਾਨਯੋ ॥੨੪॥

ਵੇਦਾਂ ਅਤੇ ਕਤੇਬਾਂ ਵਿਚ ਦਸੇ ਸਾਰੇ ਭੇਦਾਂ (ਫਰਕਾਂ) ਨੂੰ ਤਿਆਗ ਕੇ ਕੇਵਲ ਕਾਲ (ਪਰਮ-ਸੱਤਾ) ਨੂੰ ਹੀ ਕ੍ਰਿਪਾ ਨਿਧੀ ਮੰਨਿਆ ਹੈ ॥੨੪॥

ਕਾਲ ਗਯੋ ਇਨ ਕਾਮਨ ਸਿਉ ਜੜ ਕਾਲ ਕ੍ਰਿਪਾਲ ਹੀਐ ਨ ਚਿਤਾਰਯੋ ॥

ਹੇ ਮੂਰਖ! ਇਨ੍ਹਾਂ ਕੰਮਾਂ ਕਰਕੇ ਹੀ ਸਾਰਾ ਸਮਾਂ ਬੀਤ ਗਿਆ ਹੈ ਅਤੇ ਕ੍ਰਿਪਾਲੂ ਕਾਲ (ਪ੍ਰਭੂ) ਨੂੰ (ਕਦੇ) ਹਿਰਦੇ ਵਿਚ ਯਾਦ ਨਹੀਂ ਕੀਤਾ।

ਲਾਜ ਕੋ ਛਾਡਿ ਨ੍ਰਿਲਾਜ ਅਰੇ ਤਜਿ ਕਾਜਿ ਅਕਾਜ ਕੇ ਕਾਜ ਸਵਾਰਯੋ ॥

ਹੇ (ਮੂਰਖ!) ਲਾਜ ਨੂੰ ਛਡ ਕੇ ਨਿਰਲਜ (ਹੋ ਰਿਹਾ ਹੈਂ) ਅਤੇ ਚੰਗੇ ਕੰਮਾਂ ਨੂੰ ਛਡ ਕੇ ਮਾੜੇ ਕੰਮਾਂ ਨੂੰ ਕਰ ਕੇ ਕੰਮ ਸੰਵਾਰਨ ਦਾ ਯਤਨ ਕਰ ਰਿਹਾ ਹੈਂ।

ਬਾਜ ਬਨੇ ਗਜਰਾਜ ਬਡੇ ਖਰ ਕੋ ਚੜਿਬੋ ਚਿਤ ਬੀਚ ਬਿਚਾਰਯੋ ॥

(ਉਹੀ ਗੱਲ ਹੋਈ ਕਿ) ਵੱਡੇ ਸੁੰਦਰ ਘੋੜਿਆਂ ਅਤੇ ਰਾਜ-ਹਾਥੀਆਂ ਨੂੰ ਛਡ ਕੇ (ਤੂੰ) ਚਿੱਤ ਵਿਚ ਖੋਤੇ ਉਤੇ ਚੜ੍ਹਨ ਦਾ ਵਿਚਾਰ ਕੀਤਾ ਹੈ।


Flag Counter