ਰਾਧਾ ਪ੍ਰੇਮ ਵਿਚ ਬਹੁਤ ਮਗਨ ਸੀ ਅਤੇ ਮਨ ਵਿਚ ਕ੍ਰਿਸ਼ਨ ਦਾ ਧਿਆਨ ਲਗਿਆ ਹੋਇਆ ਸੀ।
ਬਹੁਤ ਦੁਖ ਕਾਰਨ ਰੋਣ ਲਗ ਗਈ ਅਤੇ ਹੰਝੂਆਂ ਨਾਲ ਕਜਲਾ ਵੀ ਢਲ ਕੇ ਡਿਗ ਰਿਹਾ ਸੀ।
ਉਸ ਛਬੀ ਦਾ ਉੱਚਾ ਅਤੇ ਮਹਾਨ ਯਸ਼ ਕਵੀ ਸ਼ਿਆਮ ਨੇ ਮੁਖ ਤੋਂ ਇਸ ਤਰ੍ਹਾਂ ਉਮਗ ਕੇ ਕਿਹਾ।
ਮਾਨੋ ਚੰਦ੍ਰਮਾ ਨੂੰ ਲਗਿਆ ਕਲੰਕ ਨੈਣਾਂ ਦੇ ਰਸਤੇ ਨਿਚੁੜ ਚਲਿਆ ਹੋਵੇ ॥੯੪੦॥
ਧੀਰਜ ਧਾਰਨ ਕਰ ਕੇ ਰਾਧਾ ਨੇ ਊਧਵ ਨਾਲ ਇਸ ਤਰ੍ਹਾਂ ਬਚਨ ਉਚਾਰੇ।
ਬ੍ਰਜ ਵਾਸੀ ਗੋਪੀਆਂ ਨਾਲ ਨੇਹੁੰ ਤਿਆਗ ਦਿੱਤਾ, ਇਸ ਤੋਂ ਸੋਚ ਹੁੰਦੀ ਹੈ (ਕਿ ਉਸ ਨੇ ਸਾਡੇ ਵਿਚ) ਕੁਝ ਦੋਸ਼ ਜਾਣ ਲਿਆ ਹੈ।
(ਜਦੋਂ) ਆਪ ਰਥ ਵਿਚ ਬੈਠ ਗਏ ਤਾਂ ਉਨ੍ਹਾਂ ਨੇ ਇਨ੍ਹਾਂ ਵਲ ਤਕਿਆ ਹੀ ਨਹੀਂ।
ਬ੍ਰਜ ਨੂੰ ਤਿਆਗ ਕੇ ਮਥੁਰਾ (ਚਲੇ ਗਏ ਹਨ) ਲਗਦਾ ਹੈ ਸਾਡੇ ਭਾਗ ਮਾੜੇ ਹਨ ॥੯੪੧॥
(ਹੇ ਊਧਵ!) ਜਦੋਂ ਮਥੁਰਾ ਵਿਚ ਜਾਓਗੇ, (ਤਾਂ) ਕ੍ਰਿਸ਼ਨ ਨੂੰ ਕਹਿਣਾ ਅਤੇ ਸਾਡੀ ਇਹ ਬੇਨਤੀ ਕਰਨਾ।
ਦਸ ਘੜੀਆਂ ਤਕ (ਉਨ੍ਹਾਂ ਦੇ) ਪੈਰ ਪਕੜੀ ਰਖਣਾ, ਫਿਰ ਮੇਰਾ ਨਾਂ ਲੈਣਾ,
ਉਸ ਤੋਂ ਬਾਦ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਕੇ ਇਸ ਤਰ੍ਹਾਂ ਕਹਿਣਾ।
(ਮੈਂ) ਜਾਣਦੀ ਹਾਂ, (ਤੁਸੀਂ ਅਸਾਂ ਨਾਲੋਂ) ਪ੍ਰੇਮ ਛਡ ਗਏ ਹੋ, ਪਰ ਕਦੇ ਤਾਂ ਸਾਡੇ ਪ੍ਰੇਮ ਨਾਲ ਭਿਜ ਜਾਓ ॥੯੪੨॥
ਊਧਵ ਨਾਲ ਰਾਧਾ ਨੇ ਇਸ ਤਰ੍ਹਾਂ ਨਾਲ ਬਚਨ ਕਹੇ ਹਨ।
ਜਦ ਦਾ ਮਨ ਕ੍ਰਿਸ਼ਨ ਦੇ ਪ੍ਰੇਮ ਨਾਲ ਭਰਿਆ ਗਿਆ ਹੈ, ਹੋਰ ਸਾਰੀ ਕਥਾ ਤਿਆਗ ਦਿੱਤੀ ਹੈ।
ਉਸ ਨਾਲ ਓਹੀ ਗੱਲ ਕਹਿ ਦੇਣਾ ਜੋ ਬਨ ਵਿਚ ਮੇਰੇ ਨਾਲ ਅੜ ਖੜੋਤਾ ਸੀ।
(ਉਦੋਂ) ਮੈਂ ਤੁਹਾਡੇ ਨਾਲ ਰੋਸਾ ('ਮਾਨ') ਕੀਤਾ ਸੀ, (ਹੁਣ) ਤੁਸੀਂ ਮੇਰੇ ਨਾਲ ਰੋਸਾ ਕਰ ਲਿਆ ਹੈ ॥੯੪੩॥
ਬਨ ਵਿਚ (ਤੁਸੀਂ) ਮੇਰੇ ਨਾਲ ਖੇਡਾਂ ਖੇਡੀਆਂ ਸਨ, ਹੇ ਕ੍ਰਿਸ਼ਨ! ਹੁਣ ਮਨ ਵਿਚ ਉਨ੍ਹਾਂ ਨੂੰ ਯਾਦ ਕਰੋ।
ਮੇਰੇ ਨਾਲ ਜੋ ਪ੍ਰੇਮ ਦੀਆਂ ਗੱਲਾਂ ਕੀਤੀਆਂ ਸਨ, ਉਨ੍ਹਾਂ ਨੂੰ ਆਪਣੇ ਚਿੱਤ ਵਿਚ ਵੇਖੋ।
ਉਨ੍ਹਾਂ ਦਾ ਧਿਆਨ ਕਰੋ। ਕਿਸ ਲਈ ਬ੍ਰਜ ਨੂੰ ਤਿਆਗਿਆ ਹੈ ਅਤੇ ਮਥੁਰਾ ਨੂੰ ਚਲੇ ਗਏ ਹੋ।
(ਮੈਂ) ਜਾਣਦੀ ਹਾਂ ਕਿ ਤੇਰੇ ਵਿਚ ਕੁਝ ਦੋਸ਼ ਨਹੀਂ ਹੈ, ਮੇਰੇ ਵਿਚ ਹੀ ਕੁਝ ਮਾੜੇ ਭਾਗ ਹਨ ॥੯੪੪॥
ਇਸ ਤਰ੍ਹਾਂ ਸੁਣ ਕੇ ਊਧਵ ਨੇ ਉੱਤਰ ਦਿੱਤਾ ਕਿ ਕ੍ਰਿਸ਼ਨ ਦੀ ਤੇਰੇ ਨਾਲ ਬਹੁਤ ਨਿਘੀ ਪ੍ਰੀਤ ਹੈ।
(ਮੈਂ) ਜਾਣਦਾ ਹਾਂ ਕਿ ਹੁਣ (ਉਹ) ਆਵੇਗਾ (ਤੇਰੇ ਮਨ ਵਿਚ) ਇਹ ਸੋਚ ਪੈਦਾ ਹੋ ਰਹੀ ਹੈ, ਮੇਰਾ ਮਨ ਕਹਿੰਦਾ ਹੈ।
ਉਹ ਮਥੁਰਾ ਛਡ ਕੇ ਕਿਉਂ ਆਵੇਗਾ ਜੋ ਗੋਪੀਆਂ ਦੇ ਮੋੜਨ ਤੇ ਵੀ ਨਹੀਂ ਮੁੜਿਆ ਸੀ।
(ਰਾਧਾ ਕਹਿਣ ਲਗੀ ਮੈਂ) ਜਾਣਦੀ ਹਾਂ ਕਿ ਮੇਰੇ ਭਾਗ ਮਾੜੇ ਹਨ, ਇਸ ਲਈ ਕਿ ਸ੍ਰੀ ਕ੍ਰਿਸ਼ਨ ਫਿਰ (ਆਪਣੇ) ਡੇਰੇ ਵਿਚ ਨਹੀਂ ਆਉਣਗੇ ॥੯੪੫॥
ਇਹ ਕਹਿ ਕੇ ਲਲਨਾ (ਰਾਧਾ) ਰੋਣ ਲਗ ਗਈ ਅਤੇ ਆਪਣੇ ਮਨ ਵਿਚ ਬਹੁਤ ਸ਼ੋਕ ਵਧਾ ਲਿਆ।
ਘੁੰਮੇਰੀ ਖਾ ਕੇ ਉਹ ਧਰਤੀ ਉਤੇ ਡਿਗ ਪਈ ਅਤੇ ਹਿਰਦੇ ਵਿਚ (ਜਿਤਨਾ) ਆਨੰਦ ਸੀ, ਉਹ (ਸਾਰਾ) ਭੁਲਾ ਦਿੱਤਾ।
ਹੋਰ ਸਾਰੀ ਸੁਧ-ਬੁਧ ਭੁਲ ਗਈ ਅਤੇ ਮਨ ਨੂੰ ਸ੍ਰੀ ਕ੍ਰਿਸ਼ਨ ਦੇ ਧਿਆਨ ਵਿਚ ਲਗਾ ਦਿੱਤਾ।
ਇਸ ਤਰ੍ਹਾਂ ਕਹਿ ਕੇ ਉਸ ਨੇ ਊਧਵ ਨੂੰ ਪੁਕਾਰ ਕੇ ਕਿਹਾ, ਹਾਇ, ਮੇਰੇ ਘਰ ਵਿਚ (ਅਜੇ ਤਕ) ਸ੍ਰੀ ਕ੍ਰਿਸ਼ਨ ਨਹੀਂ ਆਇਆ ਹੈ ॥੯੪੬॥
(ਹੇ ਊਧਵ!) ਸੁਣੋ, ਜਿਸ ਨਾਲ ਮਿਲ ਕੇ ਅਸੀਂ ਕੁੰਜ ਗਲੀਆਂ ਵਿਚ ਖੇਡਾਂ ਖੇਡੀਆਂ ਸਨ।
ਉਹ ਉਸ ਸਥਾਨ ਉਤੇ ਗਾਉਣ ਲਗ ਗਿਆ ਸੀ ਅਤੇ ਅਸਾਂ ਵੀ ਮਿਲ ਕੇ ਮੰਗਲਮਈ ਗੀਤ ਗਾਇਆ ਸੀ।
ਉਹ (ਸ੍ਰੀ ਕ੍ਰਿਸ਼ਨ) ਬ੍ਰਜ ਨੂੰ ਤਿਆਗ ਕੇ ਮਥੁਰਾ ਚਲਾ ਗਿਆ ਹੈ ਅਤੇ ਇਨ੍ਹਾਂ ਗੋਪੀਆਂ ਤੋਂ ਮਨ ਉਚਾਟ ਕਰ ਲਿਆ ਹੈ।
ਇਸ ਤਰ੍ਹਾਂ ਕਹਿ ਕੇ ਉਸ ਨੇ ਊਧਵ ਨੂੰ ਪੁਕਾਰ ਕੇ ਕਿਹਾ, ਹਾਇ, (ਅਜੇ ਤਕ) ਮੇਰੇ ਘਰ ਵਿਚ ਸ੍ਰੀ ਕ੍ਰਿਸ਼ਨ ਨਹੀਂ ਆਇਆ ॥੯੪੭॥
ਬ੍ਰਜ ਨੂੰ ਤਿਆਗ ਕੇ ਮਥੁਰਾ ਚਲੇ ਗਏ ਹਨ ਅਤੇ ਸ੍ਰੀ ਕ੍ਰਿਸ਼ਨ ਨੇ ਮਨ ਤੋਂ (ਅਸਾਂ) ਸਭ ਨੂੰ ਭੁਲਾ ਦਿੱਤਾ ਹੈ।
ਕਵੀ ਸ਼ਿਆਮ ਕਹਿੰਦੇ ਹਨ, ਸ਼ਹਿਰਨਾਂ ਨਾਲ ਰਚ-ਮਿਚ ਗਏ ਹਨ ਅਤੇ ਉਨ੍ਹਾਂ ਨੂੰ ਹੀ ਪਿਆਰਾ ਜਾਣ ਲਿਆ ਹੈ।
ਹੇ ਊਧਵ ਜੀ! (ਸਾਡੀ) ਦੁਖ ਭਰੀ ਹਾਲਤ ਸੁਣੋ, ਜਿਸ ਕਰ ਕੇ ਸਾਰੀਆਂ ਬ੍ਰਜ-ਨਾਰੀਆਂ ਅਤਿ ਵਿਆਕੁਲ ਹੋ ਰਹੀਆਂ ਹਨ।
ਜਿਵੇਂ ਸੱਪ ਕੁੰਜ ਨੂੰ ਛਡ ਦਿੰਦਾ ਹੈ, ਉਵੇਂ ਹੀ ਸ੍ਰੀ ਕ੍ਰਿਸ਼ਨ ਨੇ ਬ੍ਰਜ-ਨਾਰੀਆਂ ਨੂੰ ਛਡ ਦਿੱਤਾ ਹੈ ॥੯੪੮॥
ਕਵੀ ਸ਼ਿਆਮ ਕਹਿੰਦੇ ਹਨ, ਰਾਧਾ ਨੇ ਊਧਵ ਨਾਲ ਫਿਰ (ਇਸ ਤਰ੍ਹਾਂ) ਕਿਹਾ,
ਜਿਸ ਦੇ ਮੁਖ ਵਰਗੀ ਚੰਦ੍ਰਮਾ ਦੀ ਚਮਕ ਹੈ ਅਤੇ ਤਿੰਨਾਂ ਲੋਕਾਂ ਵਿਚ ਜੋ ਰੂਪਮਈ ਹੈ।
ਸ੍ਰੀ ਕ੍ਰਿਸ਼ਨ ਬ੍ਰਜ ਨੂੰ ਛਡ ਕੇ ਚਲੇ ਗਏ ਹਨ, ਉਸੇ ਕਰ ਕੇ (ਉਹ) ਚਿੱਤ ਵਿਚ ਬਹੁਤ ਵਿਆਕੁਲ ਹੈ।
ਜਿਸ ਦਿਨ ਦੇ (ਸ੍ਰੀ ਕ੍ਰਿਸ਼ਨ) ਮਥੁਰਾ ਵਿਚ ਗਏ ਹਨ, ਤੇਰੇ ਤੋਂ ਬਿਨਾ ਕਿਸੇ ਨੇ ਵੀ ਸਾਡੀ ਖ਼ਬਰ ਸਾਰ ਨਹੀਂ ਲਈ ॥੯੪੯॥
ਜਿਸ ਦਿਨ ਦੇ ਬ੍ਰਜ ਨੂੰ ਤਿਆਗ ਕੇ ਗਏ ਹਨ, ਤੇਰੇ ਬਿਨਾ ਕਿਸੇ (ਹੋਰ ਬੰਦੇ) ਨੂੰ (ਉਨ੍ਹਾਂ ਸਾਡੇ ਕੋਲ) ਨਹੀਂ ਭੇਜਿਆ।
ਕਵੀ ਸ਼ਿਆਮ ਕਹਿੰਦੇ ਹਨ, ਇਨ੍ਹਾਂ (ਗੋਪੀਆਂ) ਉਪਰ ਜਿਤਨਾ (ਸ੍ਰੀ ਕ੍ਰਿਸ਼ਨ ਦਾ) ਪ੍ਰੇਮ ਸੀ, ਉਹ ਸਾਰਾ (ਉਸ ਨੇ) ਵਿਸਾਰ ਦਿੱਤਾ ਹੈ।
ਆਪ ਸ਼ਹਿਰਨਾਂ ਨਾਲ ਰਚ ਮਿਚ ਗਏ ਹਨ ਅਤੇ ਇਨ੍ਹਾਂ (ਗੋਪੀਆਂ) ਨੂੰ ਦੁਖ ਦੇ ਕੇ ਉਨ੍ਹਾਂ ਨੂੰ ਰਿਝਾ ਰਹੇ ਹਨ।
(ਹੇ ਊਧਵ!) ਉਨ੍ਹਾਂ ਪਾਸ ਜਾ ਕੇ ਇਸ ਤਰ੍ਹਾਂ ਕਹਿਣਾ ਕਿ ਹੇ ਕ੍ਰਿਸ਼ਨ ਜੀ! ਤੁਹਾਡੇ ਮਨ ਵਿਚ ਕੀ ਆ ਗਿਆ ਹੈ ॥੯੫੦॥
(ਜਿਸ ਦਿਨ ਦੇ) ਬ੍ਰਜ ਨੂੰ ਛਡ ਕੇ ਮਥੁਰਾ ਚਲੇ ਗਏ ਹੋ, (ਉਸ ਦਿਨ ਦੇ) ਆਪ ਬ੍ਰਜ ਵਿਚ ਨਹੀਂ ਆਏ ਹੋ।
ਕਵੀ ਸ਼ਿਆਮ ਕਹਿੰਦੇ ਹਨ, (ਤੁਸੀਂ) ਸ਼ਹਿਰਨਾਂ ਵਿਚ ਰਚ ਮਿਚ ਗਏ ਹੋ ਅਤੇ ਮਨ ਵਿਚ ਆਨੰਦ ਪ੍ਰਾਪਤ ਕਰ ਰਹੇ ਹੋ।
ਹੇ ਊਧਵ! ਇਨ੍ਹਾਂ (ਗੋਪੀਆਂ ਨੂੰ) (ਕ੍ਰਿਸ਼ਨ) ਦੁਖ ਦੇ ਗਿਆ ਹੈ ਅਤੇ ਫਿਰ (ਇਨ੍ਹਾਂ ਦੇ) ਮਨ ਵਿਚ ਹੁਲਾਸ ਵਧਿਆ ਹੀ ਨਹੀਂ ਹੈ।
ਉਹ ਆਪ ਇਨ੍ਹਾਂ ਤੋਂ ਬ੍ਰਜ ਵਿਚ ਨਹੀਂ ਉਪਜੇ ਸਨ, (ਇਸ ਲਈ) ਉਹ ਛਿਣ ਭਰ ਵਿਚ ਪਰਾਏ ਹੋ ਗਏ ਹਨ ॥੯੫੧॥