ਇਲ ਦਾ ਰੂਪ ਛਡ ਕੇ ਇਸਤਰੀ ਦਾ ਬਹੁਤ ਸੁੰਦਰ ਰੂਪ ਬਣਾ ਲਿਆ।
ਉਸ ਨੂੰ ਮੋਢੇ ਤੋਂ ਉਤਾਰ ਕੇ, ਉਸ ਦੇ ਮੋਢੇ ਉਤੇ ਪੀਲਾ ਬਸਤ੍ਰ ਧਰ ਦਿੱਤਾ।
ਜਿਥੇ (ਸ੍ਰੀ ਕ੍ਰਿਸ਼ਨ ਦੀਆਂ) ਸਾਰੀਆਂ ਸੋਲ੍ਹਾਂ ਹਜ਼ਾਰ ਇਸਤਰੀਆਂ ਸਨ, ਉਸ ਨੇ ਖੜੋ ਕੇ (ਆਪਣਾ) ਰੂਪ ਵਿਖਾਇਆ।
ਉਹ ਸਾਰੀਆਂ (ਆਪਣੇ) ਚਿਤ ਵਿਚ ਸੰਗ ਗਈਆਂ (ਕਿਉਂਕਿ ਉਨ੍ਹਾਂ ਨੇ) ਇਸ ਤਰ੍ਹਾਂ ਸਮਝਿਆ (ਮਾਨੋ) ਸ੍ਰੀ ਕ੍ਰਿਸ਼ਨ ਹੀ ਆ ਗਏ ਹੋਣ ॥੨੦੩੨॥
ਸਵੈਯਾ:
ਉਸ ਦੀ ਸ੍ਰੀ ਕ੍ਰਿਸ਼ਨ ਵਰਗੀ ਸੂਰਤ ਵੇਖ ਕੇ ਸਾਰੀਆਂ ਇਸਤਰੀਆਂ ਮਨ ਵਿਚ ਝਿਝਕੀਆਂ।
(ਇਕ) ਸਖੀ (ਦੂਜੀ) ਸਖੀ ਦੀ ਬਾਂਹ ਪਕੜ ਕੇ ਕਹਿੰਦੀ ਹੈ ਕਿ (ਕ੍ਰਿਸ਼ਨ) ਕੋਈ ਹੋਰ ਬਧੂ ਨੂੰ ਵਿਆਹ ਲਿਆਇਆ ਹੈ।
ਇਕ (ਸਖੀ) ਉਸ ਦੀ ਛਾਤੀ ਵਲ ਵੇਖ ਕੇ ਕਹਿੰਦੀ ਹੈ ਕਿ ਮਨ ਵਿਚ ਚੰਗੀ ਤਰ੍ਹਾਂ ਵਿਚਾਰ ਕਰ ਲਵੋ,
ਇਸ ਦੇ ਹੋਰ ਸਾਰੇ ਲੱਛਣ ਤਾਂ ਕ੍ਰਿਸ਼ਨ ਵਰਗੇ ਹਨ, ਪਰ ਛਾਤੀ ਉਤੇ ਇਕ ਭ੍ਰਿਗੂ-ਲਤਾ (ਦਾ ਚਿੰਨ੍ਹ) ਨਹੀਂ ਹੈ ॥੨੦੩੩॥
ਉਸ ਨੂੰ ਵੇਖਦਿਆਂ ਹੀ ਰੁਕਮਨੀ ਦੇ ਥਣ ਦੁੱਧ ਨਾਲ ਭਰ ਗਏ। ਚਿਤ ਵਿਚ ਬਹੁਤ ਮੋਹ ਵਧ ਗਿਆ
ਅਤੇ ਕਰੁਣ ਰਸ ਨਾਲ ਭਰੇ ਹੋਏ ਬਚਨ (ਕਹਿ ਕੇ) ਸੁਣਾਏ।
(ਰੁਕਮਨੀ ਨੇ) ਕਿਹਾ, ਹੇ ਸਖੀ! ਇਸ ਤਰ੍ਹਾਂ ਦਾ ਹੀ ਮੇਰਾ ਪੁੱਤਰ ਸੀ (ਜੋ) ਪ੍ਰਭੂ (ਸ੍ਰੀ ਕ੍ਰਿਸ਼ਨ) ਨੇ ਮੈਨੂੰ ਦੇ ਕੇ, (ਫਿਰ) ਮੇਰੇ ਪਾਸੋਂ ਖੋਹ ਲਿਆ।
ਇਸ ਤਰ੍ਹਾਂ ਕਹਿ ਕੇ ਹੌਕਾ ਭਰਿਆ, ਕਵੀ ਸ਼ਿਆਮ ਕਹਿੰਦੇ ਹਨ, ਦੋਹਾਂ ਨੈਣਾਂ ਤੋਂ (ਹੰਝੂ) ਵਗਾ ਦਿੱਤੇ ॥੨੦੩੪॥
ਇਧਰੋਂ ਸ੍ਰੀ ਕ੍ਰਿਸ਼ਨ ਆ ਗਏ ਅਤੇ ਇਸ ਦੀ ਸ਼ਕਲ ਵਲ ਇਕ ਟਕ ਵੇਖਣ ਲਗੇ।
ਉਦੋਂ ਹੀ ਨਾਰਦ ਆ ਗਿਆ। ਉਸ ਨੇ ਸਾਰੀ ਵਿਥਿਆ ਕਹਿ ਕੇ ਸੁਣਾ ਦਿੱਤੀ, ਕ੍ਰਿਸ਼ਨ ਜੀ! ਇਹ ਤੁਹਾਡਾ ਹੀ ਪੁੱਤਰ ਹੈ।
ਇਸ (ਗੱਲ) ਨੂੰ ਸੁਣ ਕੇ ਨਗਰ ਵਿਚ ਖੁਸ਼ੀ ਦੇ ਵਾਜੇ ਵਜਣ ਲਗੇ। (ਕਵੀ) ਸ਼ਿਆਮ ਕਹਿੰਦੇ ਹਨ,
(ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ) ਮਾਨੋ ਸ੍ਰੀ ਕ੍ਰਿਸ਼ਨ ਨੇ ਅਜ ਦੇ ਦਿਨ ਭਾਗਾਂ ਦਾ ਭੰਡਾਰ ਪ੍ਰਾਪਤ ਕਰ ਲਿਆ ਹੋਵੇ ॥੨੦੩੫॥
ਇਥੇ ਸ੍ਰੀ ਦਸਮ ਸਕੰਧ ਬਚਿਤ੍ਰ ਨਾਟਕ ਦੇ ਕ੍ਰਿਸਨਾਵਤਾਰ ਦੇ ਪਰਦਮਨ ਸੰਬਰ ਦੈਂਤ ਦਾ ਬਧ ਕਰ ਕੇ ਰੁਕਮਨੀ ਅਤੇ ਕਾਨ੍ਹ ਜੀ ਨੂੰ ਆ ਕੇ ਮਿਲੇ ਅਧਿਆਇ ਦੀ ਸਮਾਪਤੀ।
ਹੁਣ ਸਤ੍ਰਾਜਿਤ ਸੂਰਜ ਤੋਂ ਮਣੀ ਲਿਆਏ ਅਤੇ ਜਾਮਵੰਤ ਦੇ ਬਧ ਦਾ ਕਥਨ:
ਦੋਹਰਾ:
ਇਧਰ ਬਲਵਾਨ ਯੋਧੇ ਸਤ੍ਰਾਜਿਤ ਨੇ ਸੂਰਜ ਦੀ (ਬਹੁਤ) ਸੇਵਾ ਕੀਤੀ।
(ਪ੍ਰਸੰਨ ਹੋ ਕੇ) ਸੂਰਜ ਨੇ ਉਸ ਨੂੰ ਆਪਣੇ ਵਰਗੀ ਉਜਲੀ ਮਣੀ ਪ੍ਰਦਾਨ ਕੀਤੀ ॥੨੦੩੬॥
ਸਵੈਯਾ:
ਸੂਰਜ ਤੋਂ ਮਣੀ ਲੈ ਕੇ ਸਤ੍ਰਾਜਿਤ ਉਸੇ ਦਿਨ ਘਰ ਆਇਆ ਸੀ।
ਕਵੀ ਸ਼ਿਆਮ ਕਹਿੰਦੇ ਹਨ, (ਉਸ ਨੇ) ਸੂਰਜ ਦੀ ਬਹੁਤ ਸੇਵਾ ਕਰ ਕੇ ਉਸ ਦਾ ਮਨ ਖੁਸ਼ ਕੀਤਾ
ਅਤੇ ਪ੍ਰੇਮ ਪੂਰਵਕ ਉਸ ਦੀ ਕਠੋਰ ਤਪਸਿਆ ਕਰ ਕੇ ਜਦ ਉਸ (ਦੇ ਯਸ਼ ਨੂੰ) ਗਾਇਆ (ਤਾਂ ਉਸ ਨੇ ਰੀਝ ਕੇ ਮਣੀ ਬਖ਼ਸ਼ੀ)।
ਉਹ ਸਾਰੀ ਵਿਥਿਆ ਸੁਣ ਕੇ, ਫਿਰ ਨਗਰ ਵਾਸੀਆਂ ਨੇ ਜਾ ਕੇ ਸ੍ਰੀ ਕ੍ਰਿਸ਼ਨ ਨੂੰ ਸੁਣਾ ਦਿੱਤੀ ॥੨੦੩੭॥
ਕ੍ਰਿਸ਼ਨ ਜੀ ਨੇ ਕਿਹਾ:
ਸਵੈਯਾ:
ਕ੍ਰਿਸ਼ਨ ਨੇ ਸਤ੍ਰਾਜਿਤ ('ਅਰੰਜਿਤ') ਨੂੰ ਬੁਲਾ ਲਿਆ ਅਤੇ ਹਸ ਕੇ ਮੂੰਹ ਤੋਂ ਇਹ ਆਗਿਆ ਦਿੱਤੀ
ਅਤੇ ਕਿਹਾ ਕਿ ਸੂਰਜ ਨੂੰ ਰਿਝਾ ਕੇ ਜੋ ਧਨ ਪ੍ਰਾਪਤ ਕੀਤਾ ਹੈ, ਉਹ ਰਾਜਾ (ਉਗ੍ਰਸੈਨ) ਨੂੰ ਹੁਣੇ ਹੀ ਭੇਟਾ ਕਰ ਦਿਓ।
ਜੋ ਬਿਜਲੀ ਦੀ ਚਮਕ ਵਾਲੀ (ਮਣੀ ਹੈ) ਚਿਤ ਵਿਚ ਖ਼ੁਸ਼ (ਹੋ ਕੇ ਦੇ ਦਿਓ)। (ਸ੍ਰੀ ਕ੍ਰਿਸ਼ਨ ਨੇ) ਇਸ ਤਰ੍ਹਾਂ ਕਹਿ ਦਿੱਤਾ, (ਪਰ) ਉਸ ਨੇ (ਇਸ ਤਰ੍ਹਾਂ) ਬਿਲਕੁਲ ਨਾ ਕੀਤਾ।
(ਸਤ੍ਰਾਜਿਤ) ਚੁਪ ਧਾਰ ਕੇ (ਉਸੇ ਥਾਂ ਉਤੇ) ਬੈਠਾ ਰਿਹਾ ਅਤੇ ਸ੍ਰੀ ਕ੍ਰਿਸ਼ਨ ਨੂੰ ਬਿਲਕੁਲ ਉੱਤਰ ਨਾ ਦਿੱਤਾ ॥੨੦੩੮॥
ਸ੍ਰੀ ਕ੍ਰਿਸ਼ਨ ਇਹ ਗੱਲ ਕਹਿ ਕੇ ਬੈਠੇ ਰਹੇ, ਪਰ ਉਸ (ਸਤ੍ਰਾਜਿਤ) ਦਾ ਭਰਾ ਸ਼ਿਕਾਰ ਖੇਡਣ ਲਈ ਚਲਾ ਗਿਆ।
ਉਸ ਸ੍ਰੇਸ਼ਠ ਮਣੀ ਨੂੰ (ਉਸ ਨੇ) ਸਿਰ ਉਤੇ ਬੰਨ੍ਹ ਲਿਆ (ਜਿਸ ਨੂੰ ਵੇਖ ਕੇ) ਸਾਰਿਆਂ ਲੋਕਾਂ ਨੇ ਉਸ ਨੂੰ ਦੂਜਾ ਸੂਰਜ ਸਮਝ ਲਿਆ।
ਜਦ ਉਹ ਬਨ ਵਿਚ ਗਿਆ (ਤਾਂ) ਉਸ ਨੇ ਇਕ ਬਹੁਤ ਵੱਡਾ ਸ਼ੇਰ ਵੇਖਿਆ।
(ਉਸ ਨੂੰ ਨਿਸ਼ਾਣਾ ਬਣਾ ਕੇ) ਖਿਚ ਕੇ ਬਾਣ ਚਲਾ ਦਿੱਤਾ। ਉਸ ਨੇ (ਬਾਣ) ਨੂੰ ਸਹਿ ਕੇ, ਫਿਰ ਇਸ ਨੂੰ ਮਾਰ ਦਿੱਤਾ ॥੨੦੩੯॥
ਚੌਪਈ:
ਜਦ ਉਸ ਨੇ ਸ਼ੇਰ ਨੂੰ ਬਾਣ ਮਾਰਿਆ,
ਤਦ ਸ਼ੇਰ ਨੇ ਆਪਣੇ ਬਲ ਨੂੰ ਸੰਭਾਲਿਆ।
ਚੌਂਕ ਕੇ ਇਕ ਚਪੇੜ ਉਸ ਨੂੰ ਮਾਰੀ
ਅਤੇ ਮਣੀ ਸਮੇਤ ਉਸ ਦੀ ਪਗੜੀ ਉਤਾਰ ਲਈ ॥੨੦੪੦॥
ਦੋਹਰਾ:
ਉਸ ਨੂੰ ਮਾਰ ਕੇ ਅਤੇ ਮਣੀ ਤੇ ਪਗੜੀ ਨੂੰ ਲੈ ਕੇ ਸ਼ੇਰ ਬਨ ਵਿਚ ਜਾ ਵੜਿਆ।
(ਉਥੇ) ਇਕ ਬਹੁਤ ਵੱਡਾ ਰਿਛ ਹੁੰਦਾ ਸੀ, ਉਸ ਨੇ ਸ਼ੇਰ ਨੂੰ ਵੇਖ ਲਿਆ ॥੨੦੪੧॥
ਸਵੈਯਾ:
ਰਿਛ ਨੇ ਮਣੀ ਦੀ ਚਮਕ ਨੂੰ ਵੇਖ ਕੇ ਸਮਝਿਆ ਕਿ ਸ਼ੇਰ ਕੋਈ ਫਲ ਲੈ ਆਇਆ ਹੈ।
'ਇਸ ਫਲ ਨੂੰ ਹੁਣ ਖਾ ਲਵਾਂ', ਉਹ ਭੁਖ ਨਾਲ ਆਤੁਰ ਹੋ ਕੇ ਉਸ ਨੂੰ ਖਾਣ ਲਈ ਭਜਿਆ।