ਸ਼੍ਰੀ ਦਸਮ ਗ੍ਰੰਥ

ਅੰਗ - 160


ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਤਬੈ ਕੋਪ ਗਰਜਿਯੋ ਬਲੀ ਸੰਖ ਬੀਰੰ ॥

ਤਦੋਂ ਸੰਖ (ਨਾਂ ਦਾ) ਬਲਵਾਨ ਸੂਰਵੀਰ ਗੁੱਸੇ ਨਾਲ ਗਜਿਆ।

ਧਰੇ ਸਸਤ੍ਰ ਅਸਤ੍ਰੰ ਸਜੇ ਲੋਹ ਚੀਰੰ ॥

(ਉਸ ਨੇ) ਆਪਣੇ ਆਪ ਨੂੰ) ਸ਼ਸਤ੍ਰਾਂ-ਅਸਤ੍ਰਾਂ ਅਤੇ ਲੋਹੇ ਦੇ ਕਵਚ ਨਾਲ ਸਜਾਇਆ।

ਚਤੁਰ ਬੇਦ ਪਾਤੰ ਕੀਯੋ ਸਿੰਧੁ ਮਧੰ ॥

(ਉਸ ਨੇ) ਚੌਹਾਂ ਵੇਦਾਂ ਨੂੰ ਸਮੁੰਦਰ ਵਿਚ ਡਬੋ ਦਿੱਤਾ ਸੀ।

ਤ੍ਰਸ੍ਰਯੋ ਅਸਟ ਨੈਣੰ ਕਰਿਯੋ ਜਾਪੁ ਸੁਧੰ ॥੪੧॥

(ਇਸੇ ਲਈ) ਅੱਠਾਂ ਨੈਣਾਂ ਵਾਲੇ (ਬ੍ਰਹਮਾ) ਨੇ ਸ਼ੁੱਧ-ਸਰੂਪ (ਪਰਮ-ਸੱਤਾ) ਦਾ ਜਾਪ ਕੀਤਾ ॥੪੧॥

ਤਬੈ ਸੰਭਰੇ ਦੀਨ ਹੇਤੰ ਦਿਆਲੰ ॥

ਤਦੋਂ ਕਿਰਪਾਲੂ (ਅਵਤਾਰ) ਨੇ ਦੀਨਾਂ ਦੇ ਹਿਤ ਨੂੰ ਸਾਹਮਣੇ ਰਖਿਆ

ਧਰੇ ਲੋਹ ਕ੍ਰੋਹੰ ਕ੍ਰਿਪਾ ਕੈ ਕ੍ਰਿਪਾਲੰ ॥

ਅਤੇ ਕ੍ਰਿਪਾਲੂ ਨੇ ਕ੍ਰਿਪਾ ਪੂਰਵਕ ਕ੍ਰੋਧਵਾਨ ਹੋ ਕੇ ਸ਼ਸਤ੍ਰਾਂ ਨੂੰ ਧਾਰਨ ਕੀਤਾ।

ਮਹਾ ਅਸਤ੍ਰ ਪਾਤੰ ਕਰੇ ਸਸਤ੍ਰ ਘਾਤੰ ॥

ਬਹੁਤ ਅਸਤ੍ਰ ਵਰ੍ਹਨ ਲਗੇ ਅਤੇ ਸ਼ਸਤ੍ਰਾਂ ਦੇ ਪ੍ਰਹਾਰ ਹੋਣ ਲਗੇ।

ਟਰੇ ਦੇਵ ਸਰਬੰ ਗਿਰੇ ਲੋਕ ਸਾਤੰ ॥੪੨॥

ਸਾਰੇ ਦੇਵਤੇ (ਆਪਣੇ ਸਥਾਨਾਂ ਤੋਂ) ਹਿਲ ਗਏ ਅਤੇ ਸੱਤੇ ਲੋਕ (ਮੂਰਛਿਤ ਹੋ ਕੇ) ਡਿਗ ਪਏ ॥੪੨॥

ਭਏ ਅਤ੍ਰ ਘਾਤੰ ਗਿਰੇ ਚਉਰ ਚੀਰੰ ॥

ਅਸਤ੍ਰਾਂ ਦੇ ਪ੍ਰਹਾਰ ਹੋਣ ਲਗ ਗਏ ਸਨ ਅਤੇ ਬਸਤ੍ਰ ਅਤੇ ਚੌਰ ਡਿਗ ਰਹੇ ਸਨ,

ਰੁਲੇ ਤਛ ਮੁਛੰ ਉਠੇ ਤਿਛ ਤੀਰੰ ॥

(ਸੂਰਮੇ) ਕਟੇ ਵਢੇ ਰੁਲ ਰਹੇ ਸਨ ਅਤੇ ਤੀਰਾਂ ਦੇ ਫੰਡੇ ਹੋਏ ਉਠ ਰਹੇ ਸਨ।

ਗਿਰੇ ਸੁੰਡ ਮੁੰਡੰ ਰਣੰ ਭੀਮ ਰੂਪੰ ॥

(ਕਿਤੇ) ਰਣਭੂਮੀ ਵਿਚ ਬਹੁਤ ਵੱਡੇ ਆਕਾਰ ਵਾਲੇ (ਹਾਥੀਆਂ ਦੇ) ਸਿਰ ਅਤੇ ਸੁੰਡ ਡਿਗੇ ਪਏ ਸਨ,

ਮਨੋ ਖੇਲ ਪਉਢੇ ਹਠੀ ਫਾਗੁ ਜੂਪੰ ॥੪੩॥

ਮਾਨੋ ਹਠੀਲੇ (ਵੀਰ) ਹੋਲੀ ਖੇਡ ਕੇ ਸੁੱਤੇ ਹੋਣ ॥੪੩॥

ਬਹੇ ਖਗਯੰ ਖੇਤ ਖਿੰਗੰ ਸੁ ਧੀਰੰ ॥

ਯੁੱਧ-ਭੂਮੀ ਵਿਚ ਘੋੜਿਆਂ ਉਤੇ ਚੜ੍ਹੇ ਧੀਰਜਵਾਨ ਸੂਰਮਿਆਂ ਦੀਆਂ ਤਲਵਾਰਾਂ ਚਲਣ ਲਗੀਆਂ ਸਨ

ਸੁਭੈ ਸਸਤ੍ਰ ਸੰਜਾਨ ਸੋ ਸੂਰਬੀਰੰ ॥

ਅਤੇ ਸੂਰਵੀਰ ਸ਼ਸਤ੍ਰਾਂ ਅਤੇ ਕਵਚਾਂ ਨਾਲ ਸ਼ੁਭਾਇਮਾਨ ਸਨ।

ਗਿਰੇ ਗਉਰਿ ਗਾਜੀ ਖੁਲੇ ਹਥ ਬਥੰ ॥

ਵੱਡੇ ਸੂਰਮੇ ਖੁਲ੍ਹਿਆਂ ਹੱਥਾਂ ਨਾਲ ਡਿਗੇ ਪਏ ਸਨ।

ਨਚਿਯੋ ਰੁਦ੍ਰ ਰੁਦ੍ਰੰ ਨਚੇ ਮਛ ਮਥੰ ॥੪੪॥

ਰੂਦਰ ਭਿਆਨਕ ਰੂਪ ਨਾਲ ਨਚ ਰਿਹਾ ਸੀ ਅਤੇ ਮੱਛ ਸਮੁੰਦਰ ਨੂੰ ਨਚ ਨਚ ਕੇ ਮੱਥ ਰਿਹਾ ਸੀ ॥੪੪॥

ਰਸਾਵਲ ਛੰਦ ॥

ਰਸਾਵਲ ਛੰਦ:

ਮਹਾ ਬੀਰ ਗਜੇ ॥

ਮਹਾਵੀਰ (ਯੋਧੇ) ਗਜ ਰਹੇ ਸਨ।

ਸੁਭੰ ਸਸਤ੍ਰ ਸਜੇ ॥

(ਉਹ ਸਾਰੇ) ਸ਼ਸਤ੍ਰਾਂ ਨਾਲ ਸੁਸਜਿਤ ਸਨ।

ਬਧੇ ਗਜ ਗਾਹੰ ॥

(ਉਨ੍ਹਾਂ ਨੇ ਸਿਰ ਉਤੇ) ਕਲਗ਼ੀ ਵਰਗੇ ਭੂਸ਼ਣ ਸਜਾਏ ਹੋਏ ਸਨ

ਸੁ ਹੂਰੰ ਉਛਾਹੰ ॥੪੫॥

(ਜਿਨ੍ਹਾਂ ਨੂੰ ਵੇਖ ਕੇ) ਹੂਰਾਂ ਉਤਸਾਹਿਤ ਹੋ ਰਹੀਆਂ ਸਨ ॥੪੫॥

ਢਲਾ ਢੁਕ ਢਾਲੰ ॥

ਢਾਲਾਂ (ਦੇ ਵਜਣ ਨਾਲ) ਢਕ-ਢਕ ਦੀ (ਆਵਾਜ਼ ਹੋ ਰਹੀ ਸੀ)

ਝਮੀ ਤੇਗ ਕਾਲੰ ॥

ਕਾਲੇ ਬਦਲਾਂ (ਵਿਚ ਬਿਜਲੀ ਵਾਂਗ) ਤਲਵਾਰਾਂ ਚਮਕ ਰਹੀਆਂ ਸਨ।

ਕਟਾ ਕਾਟ ਬਾਹੈ ॥

(ਤਲਵਾਰਾਂ) ਕਟ-ਕਟ (ਆਵਾਜ਼ ਨਾਲ) ਚਲ ਰਹੀਆਂ ਸਨ।

ਉਭੈ ਜੀਤ ਚਾਹੈ ॥੪੬॥

ਦੋਵੇਂ (ਪਾਸੇ) ਆਪਣੀ ਆਪਣੀ ਜਿਤ ਦੀ ਇੱਛਾ ਕਰ ਰਹੇ ਸਨ ॥੪੬॥

ਮੁਖੰ ਮੁਛ ਬੰਕੀ ॥

(ਬਹਾਦਰ ਸੈਨਿਕਾਂ ਦੇ) ਮੂੰਹ ਉਤੇ ਕੁੰਡਲੀਆਂ ਮੁੱਛਾਂ

ਤਮੰ ਤੇਗ ਅਤੰਕੀ ॥

(ਅਤੇ ਹੱਥਾਂ ਵਿਚ) ਭਿਆਨਕ ਚਮਕਦੀਆਂ ਤਲਵਾਰਾਂ (ਸੁਭਾਇਮਾਨ ਸਨ)।

ਫਿਰੈ ਗਉਰ ਗਾਜੀ ॥

(ਯੁੱਧ-ਭੂਮੀ ਵਿਚ) ਤਕੜੇ ਤਕੜੇ ਸੂਰਮੇ (ਗਾਜ਼ੀ) ਘੁੰਮ ਰਹੇ ਸਨ

ਨਚੈ ਤੁੰਦ ਤਾਜੀ ॥੪੭॥

ਅਤੇ ਤੇਜ਼ ਚਾਲ ਵਾਲੇ ਘੋੜੇ ਨਚ ਰਹੇ ਸਨ ॥੪੭॥

ਭੁਜੰਗ ਛੰਦ ॥

ਭੁਜੰਗ ਛੰਦ:

ਭਰਿਯੋ ਰੋਸ ਸੰਖਾਸੁਰੰ ਦੇਖ ਸੈਣੰ ॥

(ਦੇਵਤਿਆਂ ਦੀ) ਸੈਨਾ ਵੇਖ ਕੇ ਸੰਖਾਸੁਰ ਗੁੱਸੇ ਨਾਲ ਭਰ ਗਿਆ

ਤਪੇ ਬੀਰ ਬਕਤ੍ਰੰ ਕੀਏ ਰਕਤ ਨੈਣੰ ॥

ਅਤੇ (ਉਸ) ਸੂਰਵੀਰ ਦਾ ਮੂੰਹ ਤਪ ਗਿਆ ਅਤੇ (ਉਸ ਨੇ) ਅੱਖਾਂ ਲਾਲ ਕਰ ਲਈਆਂ।

ਭੁਜਾ ਠੋਕ ਭੂਪੰ ਕਰਿਯੋ ਨਾਦ ਉਚੰ ॥

(ਦੈਂਤਾਂ ਦੇ) ਰਾਜੇ (ਸੰਖਾਸੁਰ) ਨੇ ਭੁਜਾਵਾਂ ਠੋਕ ਕੇ ਲਲਕਾਰਾ ਮਾਰਿਆ

ਸੁਣੇ ਗਰਭਣੀਆਨ ਕੇ ਗਰਭ ਮੁਚੰ ॥੪੮॥

(ਜਿਸ ਨੂੰ) ਸੁਣ ਕੇ ਗਰਭਵਤੀਆਂ ਦੇ ਗਰਭ ਡਿਗ ਗਏ ॥੪੮॥

ਲਗੇ ਠਾਮ ਠਾਮੰ ਦਮਾਮੰ ਦਮੰਕੇ ॥

(ਸਾਰੇ ਆਪਣੇ ਆਪਣੇ) ਸਥਾਨ ਉਤੇ ਡਟ ਗਏ ਅਤੇ ਨਗਾਰੇ ਵਜਣ ਲਗੇ।

ਖੁਲੇ ਖੇਤ ਮੋ ਖਗ ਖੂਨੀ ਖਿਮੰਕੇ ॥

ਮੈਦਾਨੇ-ਜੰਗ ਵਿਚ ਲਹੂ ਭਰੀਆਂ ਕ੍ਰਿਪਾਨਾਂ ਚਮਕਣ ਲਗੀਆਂ।

ਭਏ ਕ੍ਰੂਰ ਭਾਤੰ ਕਮਾਣੰ ਕੜਕੇ ॥

(ਯੋਧੇ) ਭਿਆਨਕ ਤਰ੍ਹਾਂ ਦੇ ਹੋ ਗਏ ਅਤੇ ਕਮਾਨਾਂ ਕੜਕਣ ਲਗੀਆਂ।

ਨਚੇ ਬੀਰ ਬੈਤਾਲ ਭੂਤੰ ਭੁੜਕੇ ॥੪੯॥

ਭੂਤ, ਪ੍ਰੇਤ, ਬੀਰ, ਬੈਤਾਲ ਭੁੜਕ ਕੇ ਨਚਣ ਲਗੇ ॥੪੯॥

ਗਿਰਿਯੋ ਆਯੁਧੰ ਸਾਯੁਧੰ ਬੀਰ ਖੇਤੰ ॥

(ਕਈ) ਵੀਰ ਯੋਧੇ ਅਸਤ੍ਰਾਂ ਸ਼ਸਤ੍ਰਾਂ ਸਮੇਤ ਯੁੱਧ-ਭੂਮੀ ਵਿਚ ਡਿਗਣ ਲਗ ਗਏ ਸਨ।

ਨਚੇ ਕੰਧਹੀਣੰ ਕਮਧੰ ਅਚੇਤੰ ॥

(ਕਿਤੇ) ਕੰਧ (ਗਰਦਨ) ਤੋਂ ਬਿਨਾ ਧੜ ਅਚੇਤ ਅਵਸਥਾ ਵਿਚ ਨਚ ਰਹੇ ਸਨ।

ਖੁਲੇ ਖਗ ਖੂਨੀ ਖਿਆਲੰ ਖਤੰਗੰ ॥

ਖੂਨੀ ਨੰਗੀਆਂ ਤਲਵਾਰਾਂ ਅਤੇ ਤੀਰਾਂ ਦਾ ਖ਼ਿਆਲ ਕਰ ਕੇ ਕਾਇਰ ਭਜੀ ਜਾ ਰਹੇ ਸਨ

ਭਜੇ ਕਾਤਰੰ ਸੂਰ ਬਜੇ ਨਿਹੰਗੰ ॥੫੦॥

ਅਤੇ ਨਿਡਰ ਸੂਰਮੇ ਲਲਕਾਰ ਰਹੇ ਸਨ ॥੫੦॥

ਕਟੇ ਚਰਮ ਬਰਮੰ ਗਿਰਿਯੋ ਸਤ੍ਰ ਸਸਤ੍ਰੰ ॥

(ਸ਼ੂਰਵੀਰਾਂ ਦੇ) ਕਵਚ ('ਬਰਮੰ') ਅਤੇ ਢਾਲਾਂ ਕਟ ਰਹੀਆਂ ਸਨ ਅਤੇ ਸ਼ਸਤ੍ਰ ਤੇ ਅਸਤ੍ਰ ਡਿਗ ਰਹੇ ਸਨ।

ਭਕੈ ਭੈ ਭਰੇ ਭੂਤ ਭੂਮੰ ਨ੍ਰਿਸਤ੍ਰੰ ॥

ਭੈ-ਭੀਤ ਹੋ ਕੇ ਭੂਤ ਨਿਹੱਥੇ ਰਣ-ਭੂਮੀ ਵਿਚ ਬੋਲ ਰਹੇ ਸਨ।

ਰਣੰ ਰੰਗ ਰਤੇ ਸਭੀ ਰੰਗ ਭੂਮੰ ॥

ਰਣ-ਭੂਮੀ ਵਿਚ ਸਾਰੇ (ਸੂਰਵੀਰ) ਯੁੱਧ ਦੇ ਰੰਗ ਵਿਚ ਰੰਗੇ ਹੋਏ ਸਨ

ਗਿਰੇ ਜੁਧ ਮਧੰ ਬਲੀ ਝੂਮਿ ਝੂਮੰ ॥੫੧॥

ਅਤੇ ਬਲਵਾਨ (ਯੋਧੇ) ਝੂਮ ਝੂਮ ਕੇ ਯੁੱਧ-ਭੂਮੀ ਵਿਚ ਡਿਗ ਰਹੇ ਸਨ ॥੫੧॥

ਭਯੋ ਦੁੰਦ ਜੁਧੰ ਰਣੰ ਸੰਖ ਮਛੰ ॥

ਰਣ-ਭੂਮੀ ਵਿਚ ਸੰਖਾਸੁਰ ਅਤੇ ਮੱਛ ਦਾ ਦੁਅੰਦ ਯੂੱਧ ਹੋਣ ਲਗਿਆ