ਸ਼ੇਰ ਦੀ ਖਲ੍ਹ ਨਾਲ ਰਥ ਮੜ੍ਹਿਆ ਹੋਇਆ ਹੈ ਅਤੇ ਭੈ-ਰਹਿਤ ਹੈ,
ਹੇ ਨਾਥ! ਉਸ ਨੂੰ ਹੱਠੀ 'ਇੰਦਰਜੀਤ' (ਮੇਘਨਾਦ) ਜਾਣ ਲਵੋ ॥੩੯੯॥
ਜਿਸ ਦੇ ਰਥ ਨੂੰ ਭੂਰੇ ਰੰਗ ਦੇ ਘੋੜੇ ਜੁਤੇ ਹੋਏ ਸ਼ੋਭਦੇ ਹਨ,
ਜਿਸ ਦੀ ਵੱਡੀ ਦੇਹ ਨੂੰ ਵੇਖ ਕੇ ਸਾਰੇ ਦੇਵਤੇ ਭੈ-ਭੀਤ ਹੁੰਦੇ ਹਨ,
ਜੋ ਵੱਡੇ ਧਨੁਸ਼ਧਾਰੀ ਦੇਵਤਿਆਂ ਦਾ ਸਾਰਾ ਗਰਬ ਦੂਰ ਕਰਦਾ ਹੈ,
(ਹੇ ਨਾਥ!) ਉਸ ਮਹਾਂਬੀਰ ਦਾ ਨਾਂ 'ਮਹਾਂਕਾਇ' ਹੈ ॥੪੦੦॥
ਜਿਸ ਦੇ ਰਥ ਨਾਲ ਮੋਰ ਦੇ ਰੰਗ ਵਰਗੇ ਘੋੜੇ ਲੱਗੇ ਹੋਏ ਹਨ,
ਜੋ ਮੂੰਹ ਤੋਂ ਮਾਰੋ-ਮਾਰੋ ਬਕਦਾ ਹੈ, ਤੀਰਾਂ ਦੀ ਝੜੀ ਲਗਾ ਰਿਹਾ ਹੈ,
ਉਹਨੂੰ ਵੱਡਾ ਯੁੱਧ ਕਰਨ ਵਾਲਾ 'ਮਹੋਦਰ' ਸਮਝੋ
ਹੇ ਰਾਮ! ਜੋ ਮਹਾਂ ਯੁੱਧ ਦੀ ਖਾਣ ਹੈ ॥੪੦੧॥
ਜਿਸ ਦੇ ਸੁੰਦਰ ਰਥ ਅੱਗੇ ਚੂਹੇ ਰੰਗੇ ਘੋੜੇ ਲੱਗੇ ਹੋਏ ਹਨ,
ਜੋ ਚੌਹਾਂ ਦਿਸ਼ਾਵਾਂ ਦੀ ਪੌਣ ਦੀ ਚਾਲ ਦਾ ਵੀ ਹਾਸਾ ਉਡਾਉਂਦੇ ਹਨ,
ਜਿਸ ਨੇ ਹੱਥ ਵਿੱਚ ਤੀਰ ਫੜਿਆ ਹੋਇਆ ਹੈ ਅਤੇ ਜੋ ਕਾਲ ਦਾ ਹੀ ਰੂਪ ਹੈ,
ਹੇ ਰਾਮ! ਉਸ ਨੂੰ ਸਹੀ ਕਰਕੇ ਦੈਂਤਾਂ ਦਾ ਰਾਜਾ (ਰਾਵਣ) ਸਮਝੋ ॥੪੦੨॥
ਜਿਸ ਉੱਤੇ ਮੋਰ ਦੇ ਖੰਭਾਂ ਦਾ ਸੁੰਦਰ ਚੌਰ ਝੁਲਦਾ ਹੈ,
ਜਿਸ ਦੇ ਅੱਗੇ ਪਿੱਛੇ ਬੇਅੰਤ ਬੰਦੀ-ਜਨ ਯਸ਼ ਕਰਦੇ ਹਨ,
ਜਿਸ ਦੇ ਰਥ ਨੂੰ ਸੋਨੇ ਦੇ ਸੁੰਦਰ ਘੁੰਘਰੂ ਲੱਗੇ ਹੋਏ ਹਨ,
ਜਿਸ ਦੇ ਮਹਾਂ ਤੇਜ਼ ਨੂੰ ਦੇਖ ਕੇ ਦੇਵ-ਕੰਨਿਆਵਾਂ ਮੋਹਿਤ ਹੋ ਜਾਂਦੀਆਂ ਹਨ ॥੪੦੩॥
ਜਿਸ ਦੇ ਝੰਡੇ ਵਿੱਚ ਬੱਬਰ ਸ਼ੇਰ (ਦਾ ਚਿੰਨ੍ਹ) ਲੱਗਾ ਹੋਇਆ ਸ਼ੋਭ ਰਿਹਾ ਹੈ,
ਇਹੋ ਹੀ ਬੁਰਿਆਈ ਅਤੇ ਦਗ਼ੇ ਦੀ ਜੜ੍ਹ ਅਤੇ ਦੈਂਤਾਂ ਦਾ ਰਾਜਾ ਰਾਵਣ ਹੈ।
ਜਿਸ ਦੇ ਸਿਰ ਉੱਪਰ ਮੁਕਟ ਚਮਕਦਾ ਹੈ, ਜੋ ਚੰਦਰਮਾ ਦੀ ਚਮਕ ਨੂੰ ਫਿੱਕਾ ਕਰਦਾ ਹੈ,
ਹੇ ਰਮਾ-ਨਾਥ! ਉਸ ਨੂੰ ਦਸਾਂ ਸਿਰਾਂ ਵਾਲਾ (ਰਾਵਣ) ਪਛਾਣ ਲਵੋ ॥੪੦੪॥
ਦੋਹਾਂ ਪਾਸਿਆਂ ਤੋਂ ਅਪਾਰਾਂ ਵਾਜੇ ਵੱਜਣ ਲੱਗ ਪਏ,
ਜਿਸ ਕਰਕੇ ਵੱਡੇ ਸ਼ਸਤ੍ਰਧਾਰੀ ਸੂਰਵੀਰ ਮਸਤ ਹੋ ਗਏ।
(ਉਹ) ਅਸਤ੍ਰ ਨੂੰ ਚਲਾ ਕੇ ਸੂਰਮਿਆਂ ਨੂੰ ਮਾਰੀ ਜਾਂਦੇ ਹਨ।
ਯੁੱਧ ਵਿੱਚ ਭਿਆਨਕ ਧੜ ਉਠ ਰਹੇ ਹਨ ॥੪੦੫॥
ਅਪਾਰਾਂ ਹੀ ਧੜ, ਸਿਰ ਅਤੇ ਸੁੰਡ ਡਿੱਗੇ ਪਏ ਹਨ।
ਅਨੇਕਾਂ ਹੀ ਜੁਝਾਰੂ ਯੋਧਿਆਂ ਦੇ ਕਟੇ ਹੋਏ ਅੰਗ ਰੁਲ ਰਹੇ ਹਨ।
ਰਣ-ਭੂਮੀ ਵਿੱਚ ਕੂਕਾਂ ਪੈ ਰਹੀਆਂ ਹਨ। ਜਿਸ ਕਰਕੇ ਭਿਆਨਕ ਨਾਦ ਉਠਦਾ ਹੈ।
ਸੂਰਬੀਰ ਇਸ ਤਰ੍ਹਾਂ ਖੂਬ ਜੁੱਟੇ ਹੋਏ ਹਨ, ਜਾਣੋ ਸ਼ਰਾਬ ਨਾਲ ਮਸਤ ਹੋਣ ॥੪੦੬॥
ਸੂਰਵੀਰ ਘਾਉ ਖਾਣ ਉਪਰੰਤ ਘੁਮੇਰੀ ਖਾ ਕੇ ਧਰਤੀ ਉੱਤੇ ਡਿੱਗ ਰਹੇ ਹਨ।
ਭਿਆਨਕ ਸ਼ਬਦ ਹੁੰਦਾ ਹੈ ਜਿਸ ਨਾਲ ਸੂਰਮਿਆਂ ਦੇ ਚਿੱਤ ਵਿੱਚ ਚਾਉ ਚੜ੍ਹਦਾ ਹੈ।
(ਕਈ) ਇਕ ਸੂਰਮੇ ਅਨੇਕ ਤਰ੍ਹਾਂ ਨਾਲ ਲੜ-ਲੜ ਕੇ ਸ਼ਹੀਦ ਹੁੰਦੇ ਹਨ।
ਉਨ੍ਹਾਂ ਦੇ ਯੁੱਧ ਵਿੱਚ ਅੰਗ ਕੱਟੇ ਗਏ ਹਨ, (ਤਾਂ ਵੀ ਮੂੰਹੋਂ) ਮਾਰੋ-ਮਾਰੋ ਬੋਲਦੇ ਹਨ ॥੪੦੭॥
(ਸੂਰਮਿਆਂ ਦੇ) ਹੱਥਾਂ ਵਿੱਚੋਂ ਤੀਰ ਛੁੱਟਦੇ ਹਨ, (ਜਿਨ੍ਹਾਂ ਦਾ) ਭਿਆਨਕ ਸ਼ਬਦ ਨਿਕਲਦਾ ਹੈ।
ਉਸ ਨਾਲ ਬੇਹੱਦ ਸੂਰਮੇ ਘੁਮੇਰੀ ਖਾ ਕੇ ਧਰਤੀ ਉੱਤੇ ਰੁਲਦੇ ਜਾਂਦੇ ਹਨ।
ਯੁੱਧ ਦੇ ਰੰਗ ਵਿੱਚ ਮਸਤ ਹੋਏ ਧਮਾਰ ਪਾਉਂਦੇ ਹਨ।
ਹੱਥਾਂ ਵਿੱਚੋਂ ਘੋੜਿਆਂ ਦੀਆਂ ਰੱਸੀਆਂ (ਲਗਾਮਾਂ) ਛੁੱਟ ਗਈਆਂ ਹਨ ਅਤੇ ਉਹ ਖਾਲੀ ਫਿਰ ਰਹੇ ਹਨ ॥੪੦੮॥
ਰਣ-ਭੂਮੀ ਵਿੱਚ ਕਈ ਅੰਕੁਸ਼, ਹਾਥੀ ਅਤੇ ਸੂਰਵੀਰ ਡਿੱਗੇ ਪਏ ਹਨ।
ਸਿਰ ਤੋਂ ਬਿਨਾਂ ਧੜ ਬੇਸੁਧ ਹੋ ਕੇ ਨੱਚ ਰਹੇ ਹਨ।
ਅਠਾਹਠ (ਚੌਂਸਠ ਅਤੇ ਚਾਰ) ਜੋਗਣਾਂ ਲਹੂ ਦੇ) ਖੱਪਰ ਭਰਦੀਆਂ ਹਨ।
ਸਾਰੇ ਮਾਸ ਖਾਣ ਵਾਲੇ ਜੀਵ ਆਨੰਦਿਤ ਹੋ ਕੇ ਚਲੇ ਜਾ ਰਹੇ ਹਨ ॥੪੦੯॥
ਬਾਂਕੇ ਸੂਰਮੇ ਘੋੜਿਆਂ ਦੀਆਂ ਪਿੱਠਾਂ ਉੱਤੇ ਡਿੱਗੇ ਪਏ ਹਨ।
(ਕਦੀ) ਹਾਥੀਆਂ ਵਾਲੇ (ਧਰਤੀ ਉੱਤੇ) ਡਿੱਗੇ ਪਏ ਹਨ, (ਜਿਨ੍ਹਾਂ ਦੇ) ਸੁੰਦਰ ਕੇਸ ਖੁਲ੍ਹ ਗਏ ਹਨ।
ਕਈ (ਯੁੱਧ ਦੀ) ਮਰਿਯਾਦਾ ਕਾਇਮ ਕਰਨ ਵਾਲੇ ਸੂਰਮੇ ਲਲਕਾਰਦੇ ਹੋਏ ਪਏ ਹਨ।
(ਸੂਰਵੀਰਾਂ ਦੇ ਸਰੀਰ ਵਿੱਚੋਂ) ਲਹੂ ਦੀਆਂ ਅਪਾਰ ਤਤੀਰੀਆਂ ਗੁਲਾਲ ਦੀਆਂ ਪਿਚਕਾਰੀਆਂ (ਵੰਗ ਨਿਕਲ ਰਹੀਆਂ ਹਨ) ॥੪੧੦॥
ਸੁੰਦਰ ਚਿਤਰੇ ਹੋਏ ਅਦਭੁੱਤ ਧਨੁਸ਼ ਬਾਣ ਹੱਥਾਂ ਵਿੱਚੋ ਛੁੱਟ ਗਏ ਹਨ
ਅਤੇ ਸੂਰਵੀਰ ਬਿਮਾਨਾਂ ਵਿੱਚ ਚੜ੍ਹ ਕੇ ਸੁਅਰਗ ਨੂੰ ਚਲੇ ਜਾ ਰਹੇ ਹਨ।