ਧਰਮ ਦਾ ਰਾਜ ਕਾਇਮ ਕੀਤਾ ਅਤੇ ਸਾਰੇ ਦੇਵਤੇ ਜਿਤ ਲਏ।
ਉਸ ਨੇ ਉਨ੍ਹਾਂ (ਦੈਂਤਾਂ ਦਾ) ਹੰਕਾਰ ਚੰਗੀ ਤਰ੍ਹਾਂ ਉਤਾਰਿਆ ਸੀ ॥੧੪॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਛੇਵੇਂ ਬੈਰਾਹ ਅਵਤਾਰ ਪ੍ਰਸੰਗ ਦੀ ਸਮਾਪਤੀ ਸਭ ਸ਼ੁਭ ਹੈ ॥੬॥
ਹੁਣ ਨਰਸਿੰਘ ਅਵਤਾਰ ਦਾ ਕਥਨ:
ਸ੍ਰੀ ਭਗਉਤੀ ਜੀ ਸਹਾਇ:
ਪਾਧਰੀ ਛੰਦ:
ਇਸ ਤਰ੍ਹਾਂ ਦੇਵ ਰਾਜ ਇੰਦਰ ਨੇ ਰਾਜ ਕੀਤਾ
ਅਤੇ ਸਭ ਪ੍ਰਾਕਰ ਦੇ ਸਾਜ਼ੋ-ਸਾਮਾਨ ਨਾਲ ਸ਼ੁਭ ਭੰਡਾਰ ਭਰ ਲਏ।
ਜਦੋਂ ਦੇਵਤਿਆਂ ਦਾ ਹੰਕਾਰ ਵੱਧ ਗਿਆ,
(ਤਦੋਂ ਉਨ੍ਹਾਂ ਦਾ ਹੰਕਾਰ ਤੋੜਨ ਲਈ) ਕਠੋਰ ਅਤੇ ਬਲਸ਼ਾਲੀ ਦੈਂਤ ਉਠ ਖੜੋਤਾ ॥੧॥
(ਉਸ ਨੇ) ਇੰਦਰ ਦਾ ਰਾਜ ਖੋਹ ਲਿਆ
ਅਤੇ ਅਨੇਕ ਵਾਜੇ ਵਜ ਉਠੇ।
ਇਸ ਤਰ੍ਹਾਂ (ਉਸ ਨੇ) ਜਗਤ ਵਿਚ ਦੁਹਾਈ ਫਿਰਾ ਦਿੱਤੀ
ਕਿ ਜਲ ਅਤੇ ਥਲ ਦਾ ਰਾਜਾ ਹਿਰਨਕਸ਼ਪ ਹੈ ॥੨॥
ਇਕ ਦਿਨ (ਹਿਰਨਕਸ਼ਪ) ਆਪਣੀ ਇਸਤਰੀ ਦੇ ਕੋਲ ਗਿਆ।
(ਉਸ ਵੇਲੇ ਉਸ) ਸੂਰਮੇ ਨੇ ਆਪਣੇ ਅੰਗਾਂ ਤੇ ਚੰਗੀ ਤਰ੍ਹਾਂ ਨਾਲ ਸਾਜ ਸਜਾਵਟ ਕੀਤੀ ਹੋਈ ਸੀ।
(ਉਹ) ਕਿਸੇ ਤਰ੍ਹਾਂ ਇਸਤਰੀ ਨਾਲ ਪ੍ਰੇਮ ਕ੍ਰੀੜਾ ਵਿਚ ਲਗ ਗਿਆ
ਕਿ ਤਦੋਂ ਦੁਸ਼ਟ ਦਾ ਵੀਰਜਪਾਤ ਹੋ ਗਿਆ ॥੩॥
(ਉਸ ਦੀ ਇਸਤਰੀ ਨੂੰ ਹੋਏ ਗਰਭ ਤੋਂ ਸਮਾਂ ਆਉਣ ਤੇ)
ਸੰਤਾਂ ਦੇ ਕੰਮ ਸਾਰਨ ਅਤੇ ਉੱਧਾਰ ਕਰਨ ਲਈ ਪ੍ਰਹਿਲਾਦ ਭਗਤ ਨੇ ਅਵਤਾਰ ਲਿਆ।
ਰਾਜੇ ਨੇ ਪਾਠਸ਼ਾਲਾ ਵਿਚ ਪੜ੍ਹਨ ਲਈ (ਪਾਂਧੇ ਨੂੰ) ਸੌਂਪਿਆ।
(ਪ੍ਰਹਿਲਾਦ ਨੇ ਪਾਂਧੇ ਨੂੰ) ਕਿਹਾ ਕਿ (ਮੇਰੀ) ਪੱਟੀ ਉਤੇ ਗੋਪਾਲ ਦਾ ਨਾਂ ਲਿਖ ਦਿਓ ॥੪॥
ਤੋਟਕ ਛੰਦ:
ਇਕ ਦਿਨ ਰਾਜਾ ਪਾਠਸ਼ਾਲਾ ਵਿਚ ਗਿਆ