ਸ਼੍ਰੀ ਦਸਮ ਗ੍ਰੰਥ

ਅੰਗ - 168


ਸਿਵ ਧਿਆਨ ਛੁਟ੍ਰਯੋ ਬ੍ਰਹਮੰਡ ਗਿਰਿਯੋ ॥

ਕਿ ਸ਼ਿਵ ਦਾ ਧਿਆਨ ਛੁਟ ਗਿਆ ਅਤੇ ਬ੍ਰਹਮੰਡ ਹਿਲ ਗਿਆ।

ਸਰ ਸੇਲ ਸਿਲਾ ਸਿਤ ਐਸ ਬਹੇ ॥

ਪੱਥਰ ਉਤੇ ਘਿਸਾ ਕੇ ਚਿੱਟੇ ਕੀਤੇ ਤੀਰ ਅਤੇ ਬਰਛੇ ਇੰਜ ਚਲ ਰਹੇ ਸਨ

ਨਭ ਅਉਰ ਧਰਾ ਦੋਊ ਪੂਰਿ ਰਹੇ ॥੧੭॥

ਕਿ ਜਿਨ੍ਹਾਂ ਨਾਲ ਧਰਤੀ ਅਤੇ ਆਕਾਸ਼ ਦੋਵੇਂ ਢੱਕੇ ਗਏ ਸਨ ॥੧੭॥

ਗਣ ਗੰਧ੍ਰਬ ਦੇਖਿ ਦੋਊ ਹਰਖੇ ॥

ਗਣਾ ਅਤੇ ਗੰਧਰਬ ਦੋਵੇਂ ਵੇਖ ਕੇ ਪ੍ਰਸੰਨ ਹੋ ਰਹੇ ਸਨ

ਪੁਹਪਾਵਲਿ ਦੇਵ ਸਭੈ ਬਰਖੇ ॥

ਅਤੇ ਸਾਰੇ ਦੇਵਤੇ ਫੁਲਾਂ ਦੀਆਂ ਮਾਲਾਵਾਂ ਬਰਸਾ ਰਹੇ ਸਨ।

ਮਿਲ ਗੇ ਭਟ ਆਪ ਬਿਖੈ ਦੋਊ ਯੋ ॥

ਦੋਵੇਂ ਯੋਧੇ ਆਪਸ ਵਿਚ ਇਸ ਤਰ੍ਹਾਂ ਮਿਲ ਗਏ ਸਨ

ਸਿਸ ਖੇਲਤ ਰੈਣਿ ਹੁਡੂਹੁਡ ਜਿਯੋ ॥੧੮॥

ਜਿਸ ਤਰ੍ਹਾਂ ਬਾਲਕ ਰਾਤ ਨੂੰ ਸ਼ਰਤਾਂ ਲਗਾ ਕੇ (ਜ਼ਿਦ-ਬਜ਼ਿਦੀ) ਖੇਡਦੇ ਹਨ ॥੧੮॥

ਬੇਲੀ ਬ੍ਰਿੰਦਮ ਛੰਦ ॥

ਬੇਲੀ ਬਿੰਦ੍ਰਮ ਛੰਦ:

ਰਣਧੀਰ ਬੀਰ ਸੁ ਗਜਹੀ ॥

ਧੀਰਜ ਵਾਲੇ ਸੂਰਮੇ ਰਣ ਵਿਚ ਗਜਦੇ ਸਨ

ਲਖਿ ਦੇਵ ਅਦੇਵ ਸੁ ਲਜਹੀ ॥

ਜਿਨ੍ਹਾਂ ਨੂੰ ਵੇਖ ਕੇ ਦੈਂਤ ਅਤੇ ਦੇਵਤੇ ਸ਼ਰਮਿੰਦੇ ਹੋ ਰਹੇ ਸਨ।

ਇਕ ਸੂਰ ਘਾਇਲ ਘੂੰਮਹੀ ॥

ਕਈ ਇਕ ਘਾਇਲ ਸੂਰਮੇ ਘੁੰਮ ਰਹੇ ਸਨ, (ਇੰਜ ਪ੍ਰਤੀਤ ਹੁੰਦਾ ਸੀ)

ਜਨੁ ਧੂਮਿ ਅਧੋਮੁਖ ਧੂਮਹੀ ॥੧੯॥

ਮਾਨੋ ਧੂੰਆਂ ਸੇਵਨ ਕਰਨ ਵਾਲੇ ਮੂਧੇ ਮੂੰਹ ਧੂੰਆਂ ਪੀ ਰਹੇ ਹੋਣ ॥੧੯॥

ਭਟ ਏਕ ਅਨੇਕ ਪ੍ਰਕਾਰ ਹੀ ॥

ਅਨੇਕ ਪ੍ਰਕਾਰ ਦੇ ਸੂਰਵੀਰ ਸਨ,

ਜੁਝੇ ਅਜੁਝ ਜੁਝਾਰ ਹੀ ॥

ਨਾ ਮਾਰੇ ਜਾ ਸਕਣ ਵਾਲੇ ਵੀ ਜੂਝ ਕੇ ਵੀਰਗਤਿ ਪ੍ਰਾਪਤ ਕਰ ਰਹੇ ਸਨ।

ਫਹਰੰਤ ਬੈਰਕ ਬਾਣਯੰ ॥

ਝੰਡੀਆਂ ਅਤੇ ਤੀਰ ਫਰ-ਫਰ ਕਰ ਰਹੇ ਸਨ

ਥਹਰੰਤ ਜੋਧ ਕਿਕਾਣਯੰ ॥੨੦॥

ਅਤੇ ਘੋੜ ਸਵਾਰ ਯੋਧੇ (ਫੁਰਤੀ ਨਾਲ) ਥਰਕਦੇ ਫਿਰਦੇ ਸਨ ॥੨੦॥

ਤੋਮਰ ਛੰਦ ॥

ਤੋਮਰ ਛੰਦ:

ਹਿਰਣਾਤ ਕੋਟ ਕਿਕਾਨ ॥

ਕਰੋੜਾਂ ਘੋੜੇ ਹਿਣਕਦੇ ਸਨ,

ਬਰਖੰਤ ਸੇਲ ਜੁਆਨ ॥

ਸੂਰਵੀਰ ਬਰਛਿਆਂ ਦਾ ਮੀਂਹ ਵਰ੍ਹਾਉਂਦੇ ਸਨ।

ਛੁਟਕੰਤ ਸਾਇਕ ਸੁਧ ॥

ਚੰਗੀ ਤਰ੍ਹਾਂ ਤੀਰ ਚਲ ਰਹੇ ਸਨ

ਮਚਿਯੋ ਅਨੂਪਮ ਜੁਧ ॥੨੧॥

ਅਤੇ ਅਨੂਪਮ ਯੁੱਧ ਮਚਿਆ ਹੋਇਆ ਸੀ ॥੨੧॥

ਭਟ ਏਕ ਅਨੇਕ ਪ੍ਰਕਾਰ ॥

ਅਨੇਕ ਤਰ੍ਹਾਂ ਦੇ ਸੂਰਮੇ (ਲੜਦੇ ਸਨ)

ਜੁਝੇ ਅਨੰਤ ਸ੍ਵਾਰ ॥

ਅਣਗਿਣਤ ਸਵਾਰ ਜੂਝਦੇ ਸਨ।

ਬਾਹੈ ਕ੍ਰਿਪਾਣ ਨਿਸੰਗ ॥

ਨਿਡਰ ਹੋ ਕੇ (ਸੈਨਿਕ) ਤਲਵਾਰਾਂ ਚਲਾਉਂਦੇ ਸਨ

ਮਚਿਯੋ ਅਪੂਰਬ ਜੰਗ ॥੨੨॥

ਅਤੇ ਬੇਮਿਸਾਲ ਯੁੱਧ ਹੋ ਰਿਹਾ ਸੀ ॥੨੨॥

ਦੋਧਕ ਛੰਦ ॥

ਦੋਧਕ ਛੰਦ:

ਬਾਹਿ ਕ੍ਰਿਪਾਣ ਸੁ ਬਾਣ ਭਟ ਗਣ ॥

ਸੂਰਵੀਰਾਂ ਦੇ ਦਲ ਤੀਰ ਤੇ ਤਲਵਾਰਾਂ ਚਲਾਉਂਦੇ ਸਨ।

ਅੰਤਿ ਗਿਰੈ ਪੁਨਿ ਜੂਝਿ ਮਹਾ ਰਣਿ ॥

ਅੰਤਿ ਵਿਚ ਉਸ ਵੱਡੀ ਜੰਗ ਵਿਚ ਜੂਝ ਕੇ ਡਿਗਦੇ ਸਨ।

ਘਾਇ ਲਗੈ ਇਮ ਘਾਇਲ ਝੂਲੈ ॥

ਜ਼ਖਮ ਲਗਣ ਨਾਲ ਘਾਇਲ ਇੰਜ ਝੂਲ ਰਹੇ ਸਨ

ਫਾਗੁਨਿ ਅੰਤਿ ਬਸੰਤ ਸੇ ਫੂਲੈ ॥੨੩॥

ਜਿਵੇਂ ਫਗਣ ਮਹੀਨੇ ਦੇ ਅੰਤ ਵਿਚ ਬਸੰਤ ਫੁਲੀ ਹੋਈ ਝੂਲਦੀ ਹੁੰਦੀ ਹੈ ॥੨੩॥

ਬਾਹਿ ਕਟੀ ਭਟ ਏਕਨ ਐਸੀ ॥

ਇਕਨਾਂ ਯੋਧਿਆਂ ਦੀ ਕਟੀ ਹੋਈ ਬਾਂਹ ਇੰਜ ਲਗਦੀ ਸੀ

ਸੁੰਡ ਮਨੋ ਗਜ ਰਾਜਨ ਜੈਸੀ ॥

ਮਾਨੋ ਗਜ-ਰਾਜ ਦੀ ਸੁੰਡ ਡਿਗੀ ਹੋਵੇ।

ਸੋਹਤ ਏਕ ਅਨੇਕ ਪ੍ਰਕਾਰੰ ॥

ਇਕ ਸੂਰਮੇ ਅਨੇਕ ਤਰ੍ਹਾਂ ਨਾਲ ਸ਼ੁਭਾਇਮਾਨ ਸਨ

ਫੂਲ ਖਿਲੇ ਜਨੁ ਮਧਿ ਫੁਲਵਾਰੰ ॥੨੪॥

ਮਾਨੋ ਫੁਲਵਾੜੀ ਵਿਚ ਫੁਲ ਖਿੜੇ ਹੋਣ ॥੨੪॥

ਸ੍ਰੋਣ ਰੰਗੇ ਅਰਿ ਏਕ ਅਨੇਕੰ ॥

ਕਈ ਇਕ ਵੈਰੀ ਲਹੂ ਨਾਲ ਇੰਜ ਰੰਗੇ ਹੋਏ ਸਨ

ਫੂਲ ਰਹੇ ਜਨੁ ਕਿੰਸਕ ਨੇਕੰ ॥

ਮਾਨੋ ਕੇਸੂ ਦੇ ਅਨੇਕ ਫੁਲ ਖਿੜੇ ਹੋਣ।

ਧਾਵਤ ਘਾਵ ਕ੍ਰਿਪਾਣ ਪ੍ਰਹਾਰੰ ॥

ਕ੍ਰਿਪਾਨਾਂ ਦੇ ਵਾਰ ਨਾਲ ਜ਼ਖ਼ਮੀ ਹੋਏ (ਇਧਰ ਉਧਰ) ਭਜ ਰਹੇ ਸਨ

ਜਾਨੁ ਕਿ ਕੋਪ ਪ੍ਰਤਛ ਦਿਖਾਰੰ ॥੨੫॥

ਮਾਨੋ ਕ੍ਰੋਧ ਪ੍ਰਤੱਖ ਹੋ ਕੇ ਦਿਖਾਈ ਦੇ ਰਿਹਾ ਹੋਵੇ ॥੨੫॥

ਤੋਟਕ ਛੰਦ ॥

ਤੋਟਕ ਛੰਦ:

ਜੂਝਿ ਗਿਰੇ ਅਰਿ ਏਕ ਅਨੇਕੰ ॥

ਕਈ ਇਕ ਵੈਰੀ ਜੂਝ ਕੇ ਡਿਗ ਪਏ ਸਨ

ਘਾਇ ਲਗੇ ਬਿਸੰਭਾਰ ਬਿਸੇਖੰ ॥

ਅਤੇ ਨਰਸਿੰਘ ਨੂੰ ਵੀ ਇਤਨੇ ਅਧਿਕ ਜ਼ਖ਼ਮ ਲਗੇ ਸਨ।

ਕਾਟਿ ਗਿਰੇ ਭਟ ਏਕਹਿ ਵਾਰੰ ॥

ਇਕੋ ਵਾਰ ਨਾਲ (ਨਰਸਿੰਘ) ਨੇ ਅਨੇਕ ਸੂਰਮੇ ਕਟ ਕੇ ਡਿਗਾ ਦਿੱਤੇ।

ਸਾਬੁਨ ਜਾਨੁ ਗਈ ਬਹਿ ਤਾਰੰ ॥੨੬॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸਾਬਨ ਵਿਚ ਤਾਰ ਚਲ ਗਈ ਹੋਵੇ ॥੨੬॥

ਪੂਰ ਪਰੇ ਭਏ ਚੂਰ ਸਿਪਾਹੀ ॥

ਸਿਪਾਹੀਆਂ ਦੇ ਪੂਰ ਚੂਰ ਚੂਰ ਹੋ ਕੇ ਡਿਗੇ ਪਏ ਸਨ,

ਸੁਆਮਿ ਕੇ ਕਾਜ ਕੀ ਲਾਜ ਨਿਬਾਹੀ ॥

ਜਿਨ੍ਹਾਂ ਨੇ ਸੁਆਮੀ ਦਾ ਕੰਮ ਕਰਕੇ ਲਾਜ ਪਾਲੀ ਸੀ।

ਬਾਹਿ ਕ੍ਰਿਪਾਣਨ ਬਾਣ ਸੁ ਬੀਰੰ ॥

ਕਈ ਇਕ ਸੂਰਮੇ ਕ੍ਰਿਪਾਨਾਂ ਅਤੇ ਤੀਰਾਂ ਨੂੰ ਚਲਾਉਂਦੇ ਸਨ,

ਅੰਤਿ ਭਜੇ ਭਯ ਮਾਨਿ ਅਧੀਰੰ ॥੨੭॥

ਪਰ ਅੰਤ ਵਿਚ ਭੈਭੀਤ ਅਤੇ ਅਧੀਰ ਹੋ ਕੇ ਭਜ ਜਾਂਦੇ ਸਨ ॥੨੭॥

ਚੌਪਈ ॥

ਚੌਪਈ: