ਸ਼੍ਰੀ ਦਸਮ ਗ੍ਰੰਥ

ਅੰਗ - 343


ਇਉ ਉਪਜੀ ਉਪਮਾ ਬਨੀਆ ਜਨੁ ਸਾਲਨ ਕੇ ਹਿਤ ਰੋਰ ਬਨਾਵੈ ॥੪੯੨॥

(ਉਸ ਸਥਿਤੀ ਨੂੰ ਵੇਖ ਕੇ) ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ ਹੈ ਮਾਨੋ ਕੋਈ ਬਨੀਆ ਮਾਸ ਦੇ ਸ਼ੋਰਬੇ ('ਸਾਲਨ') ਨੂੰ ਖਾਣ ਦੀ ਇੱਛਾ (ਪੂਰੀ ਕਰਨ ਲਈ) ਰੋੜਾਂ ਨੂੰ (ਭੁੰਨ ਕੇ ਸ਼ੋਰਬਾ) ਬਣਾਉਂਦਾ ਹੋਵੇ ॥੪੯੨॥

ਰਾਜਾ ਪਰੀਛਤ ਬਾਚ ਸੁਕ ਸੋ ॥

ਰਾਜਾ ਪਰੀਕਸ਼ਿਤ ਨੇ ਸੁਕਦੇਵ ਨੂੰ ਕਿਹਾ:

ਦੋਹਰਾ ॥

ਦੋਹਰਾ:

ਸੁਕ ਸੰਗ ਰਾਜੇ ਕਹੁ ਕਹੀ ਜੂਥ ਦਿਜਨ ਕੇ ਨਾਥ ॥

(ਪਰੀਕਸ਼ਿਤ) ਰਾਜੇ ਨੇ ਸੁਕਦੇਵ ਨੂੰ ਕਿਹਾ, ਹੇ ਬ੍ਰਹਾਮਣਾਂ (ਰਿਸ਼ੀਆਂ) ਦੇ ਸੁਆਮੀ!

ਅਗਨਿ ਭਾਵ ਕਿਹ ਬਿਧਿ ਕਹੈ ਕ੍ਰਿਸਨ ਭਾਵ ਕੇ ਸਾਥ ॥੪੯੩॥

(ਮੈਨੂੰ) ਦਸੋ ਕਿ ਵਿਯੋਗ ('ਅਗਨਿ') ਅਵਸਥਾ ਵਿਚ ਸੰਯੋਗ ('ਕ੍ਰਿਸ਼ਨ') ਭਾਵ ਨੂੰ ਕਿਸ ਤਰ੍ਹਾਂ ਕਹਿ ਦਿੱਤਾ ਹੈ ॥੪੯੩॥

ਸੁਕ ਬਾਚ ਰਾਜਾ ਸੋ ॥

ਸੁਕਦੇਵ ਨੇ ਰਾਜੇ ਪ੍ਰਤਿ ਕਿਹਾ:

ਸਵੈਯਾ ॥

ਸਵੈਯਾ:

ਰਾਜਨ ਪਾਸ ਬ੍ਯਾਸ ਕੋ ਬਾਲ ਕਥਾ ਸੁ ਅਰੌਚਕ ਭਾਤਿ ਸੁਨਾਵੈ ॥

ਰਾਜੇ (ਪਰੀਕਸ਼ਿਤ) ਕੋਲ ਵਿਆਸ ਦਾ ਪੁੱਤਰ (ਸੁਕਦੇਵ) ਅਰੋਚਕ ਭਾਵ ਦੀ ਕਥਾ ਸੁਣਾਉਂਦਾ ਹੈ।

ਗ੍ਵਾਰਨੀਆ ਬਿਰਹਾਨੁਲ ਭਾਵ ਕਰੈ ਬਿਰਹਾਨਲ ਕੋ ਉਪਜਾਵੈ ॥

ਗੋਪੀਆਂ ਵਿਯੋਗ ਅਗਨੀ ਦੇ ਹਾਵ ਭਾਵ ਦੁਆਰਾ ਵਿਯੋਗ ਅਗਨੀ ਨੂੰ ਪੈਦਾ ਕਰਦੀਆਂ ਹਨ।

ਪੰਚ ਭੂ ਆਤਮ ਲੋਗਨ ਕੋ ਇਹ ਕਉਤੁਕ ਕੈ ਅਤਿ ਹੀ ਡਰ ਪਾਵੈ ॥

ਪੰਜ ਭੌਤਿਕ ਲੋਕਾਂ ਨੂੰ ਇਸ ਪ੍ਰਕਾਰ ਦੇ ਕੌਤਕ ਕਰ ਕੇ ਬਹੁਤ ਡਰ ਪ੍ਰਗਟ ਕਰ ਰਹੀਆਂ ਹਨ। (ਅਰਥਾਤ ਵਿਯੋਗ ਅਗਨੀ ਦੇ ਪ੍ਰਭਾਵ ਦਾ ਪ੍ਰਦਰਸ਼ਨ ਕਰ ਰਹੀਆਂ ਹਨ)

ਕਾਨ੍ਰਹ ਕੋ ਧ੍ਯਾਨ ਕਰੇ ਜਬ ਹੀ ਬਿਰਹਾਨਲ ਕੀ ਲਪਟਾਨ ਬੁਝਾਵੈ ॥੪੯੪॥

ਪਰ ਜਦੋਂ ਕਾਨ੍ਹ ਦਾ ਧਿਆਨ ਕਰਦੀਆਂ ਹਨ (ਅਰਥਾਤ ਸੰਯੋਗ ਅਵਸਥਾ ਦੀ ਕਲਪਨਾ ਕਰਦੀਆਂ ਹਨ, ਤਦੋਂ) ਵਿਛੋੜੇ ਦੀ ਅਗਨੀ ਦੀਆਂ ਲਪਟਾਂ ਨੂੰ ਬੁਝਾਉਂਦੀਆਂ ਹਨ ॥੪੯੪॥

ਬ੍ਰਿਖਭਾਸੁਰ ਗ੍ਵਾਰਨਿ ਏਕ ਬਨੈ ਬਛੁਰਾਸੁਰ ਮੂਰਤਿ ਏਕ ਧਰੈ ॥

ਇਕ ਗੋਪੀ 'ਬ੍ਰਿਖਾਸੁਰ' ਬਣਦੀ ਹੈ ਅਤੇ ਇਕ 'ਬਛੁਰਾਸੁਰ' ਦਾ ਸਰੂਪ ਧਾਰਨ ਕਰਦੀ ਹੈ।

ਇਕ ਹ੍ਵੈ ਚਤੁਰਾਨਨ ਗ੍ਵਾਰ ਹਰੈ ਇਕ ਹ੍ਵੈ ਬ੍ਰਹਮਾ ਫਿਰਿ ਪਾਇ ਪਰੈ ॥

ਇਕ ਬ੍ਰਹਮਾ ਬਣ ਕੇ ਗਵਾਲ ਬਾਲਕਾਂ ਨੂੰ ਚੁਰਾ ਲੈ ਜਾਂਦੀ ਹੈ ਅਤੇ ਫਿਰ ਇਕ ਬ੍ਰਹਮਾ ਬਣ ਕੇ ਪੈਰੀਂ ਪੈਂਦੀ ਹੈ।

ਇਕ ਹ੍ਵੈ ਬਗੁਲਾ ਭਗਵਾਨ ਕੇ ਸਾਥ ਮਹਾ ਕਰ ਕੈ ਮਨਿ ਕੋਪ ਲਰੈ ॥

ਇਕ ਬਗਲਾ (ਬਕਾਸੁਰ) ਬਣ ਕੇ ਮਨ ਵਿਚ ਬਹੁਤ ਕ੍ਰੋਧ ਵਧਾ ਕੇ ਕ੍ਰਿਸ਼ਨ ਨਾਲ ਲੜਾਈ ਕਰਦੀ ਹੈ।

ਇਹ ਭਾਤਿ ਬਧੂ ਬ੍ਰਿਜ ਖੇਲ ਕਰੈ ਜਿਹ ਭਾਤਿ ਕਿਧੋ ਨੰਦ ਲਾਲ ਕਰੈ ॥੪੯੫॥

ਇਸ ਤਰ੍ਹਾਂ ਬ੍ਰਜ-ਭੂਮੀ ਦੀਆਂ ਇਸਤਰੀਆਂ ਖੇਡਾਂ ਕਰਦੀਆਂ ਹਨ ਜਿਸ ਤਰ੍ਹਾਂ ਨਾਲ ਨੰਦ ਲਾਲ ਕਰਦਾ ਹੁੰਦਾ ਸੀ ॥੪੯੫॥

ਕਾਨ੍ਰਹ ਚਰਿਤ੍ਰ ਸਭੈ ਕਰ ਕੈ ਸਭ ਗ੍ਵਾਰਿਨ ਫੇਰਿ ਲਗੀ ਗੁਨ ਗਾਵਨ ॥

ਕਾਨ੍ਹ (ਵਰਗੇ) ਸਾਰੇ ਚਰਿਤ੍ਰ ਕਰ ਕੇ, ਫਿਰ ਸਾਰੀਆਂ ਗੋਪੀਆਂ (ਕ੍ਰਿਸ਼ਨ ਦੇ) ਗੁਣ ਗਾਉਣ ਲਗੀਆਂ ਹਨ।

ਤਾਲ ਬਜਾਇ ਬਜਾ ਮੁਰਲੀ ਕਬਿ ਸ੍ਯਾਮ ਕਹੈ ਅਤਿ ਹੀ ਕਰਿ ਭਾਵਨ ॥

ਕਵੀ ਸ਼ਿਆਮ ਕਹਿੰਦੇ ਹਨ, ਤਾੜੀ ਮਾਰ ਕੇ, ਮੁਰਲੀ ਵਜਾ ਕੇ ਬਹੁਤ ਹਾਵ ਭਾਵ ਕਰਨ ਲਗੀਆਂ ਹਨ।

ਫੇਰਿ ਚਿਤਾਰ ਕਹਿਯੋ ਹਮਰੇ ਸੰਗਿ ਖੇਲ ਕਰਿਯੋ ਹਰਿ ਜੀ ਇਹ ਠਾਵਨ ॥

ਫਿਰ ਯਾਦ ਕਰ ਕੇ ਕਹਿਣ ਲਗੀਆਂ ਹਨ ਕਿ ਇਸ ਜਗ੍ਹਾ ਉਤੇ ਕ੍ਰਿਸ਼ਨ ਸਾਡੇ ਨਾਲ ਖੇਡਾਂ ਖੇਡਦੇ ਸਨ।

ਗ੍ਵਾਰਿਨ ਸ੍ਯਾਮ ਕੀ ਭੂਲ ਗਈ ਸੁਧਿ ਬੀਚ ਲਗੀ ਮਨ ਕੇ ਦੁਖ ਪਾਵਨ ॥੪੯੬॥

ਗੋਪੀਆਂ ਕ੍ਰਿਸ਼ਨ ਦੀ ਸੁਧ ਭੁਲ ਗਈਆਂ ਅਤੇ (ਫਿਰ) ਮਨ ਵਿਚ ਦੁਖ ਪਾਣ ਲਗ ਗਈਆਂ ॥੪੯੬॥

ਅਤਿ ਹੋਇ ਗਈ ਤਨ ਮੈ ਹਰਿ ਸਾਥ ਸੁ ਗੋਪਿਨ ਕੀ ਸਭ ਹੀ ਘਰਨੀ ॥

ਗਵਾਲਿਆਂ ਦੀਆਂ ਸਾਰੀਆਂ ਇਸਤਰੀਆਂ ਦੇ ਤਨ ਵਿਚ ਸ੍ਰੀ ਕ੍ਰਿਸ਼ਨ ਨਾਲ ਅਤਿ ਅਧਿਕ (ਪ੍ਰੀਤ) ਹੋ ਗਈ।

ਤਿਹ ਰੂਪ ਨਿਹਾਰ ਕੈ ਬਸਿ ਭਈ ਜੁ ਹੁਤੀ ਅਤਿ ਰੂਪਨ ਕੀ ਧਰਨੀ ॥

ਉਸ ਦਾ ਰੂਪ ਵੇਖ ਕੇ (ਕ੍ਰਿਸ਼ਨ ਦੇ) ਵਸ ਹੋ ਗਈਆਂ ਜੋ ਬਹੁਤ ਸੁੰਦਰ ਰੂਪ ਨੂੰ ਧਾਰਨ ਕਰਦੀਆਂ ਸਨ।

ਇਹ ਭਾਤਿ ਪਰੀ ਮੁਰਝਾਇ ਧਰੀ ਕਬਿ ਨੇ ਉਪਮਾ ਤਿਹ ਕੀ ਬਰਨੀ ॥

ਇਸ ਤਰ੍ਹਾਂ ਉਹ ਮੂਰਛਿਤ ਹੋ ਕੇ ਧਰਤੀ ਉਤੇ ਡਿਗ ਪਈਆਂ ਹਨ, ਜਿਸ ਦੀ ਉਪਮਾ ਕਵੀ ਨੇ ਇਸ ਤਰ੍ਹਾਂ ਵਰਣਨ ਕੀਤੀ ਹੈ

ਜਿਮ ਘੰਟਕ ਹੇਰ ਮੈ ਭੂਮਿ ਕੇ ਬੀਚ ਪਰੈ ਗਿਰ ਬਾਨ ਲਗੇ ਹਰਨੀ ॥੪੯੭॥

ਜਿਵੇਂ ਘੰਡਾਹੇੜੇ (ਦਾ ਸ਼ਬਦ ਸੁਣ ਕੇ) ਮਸਤ ਹੋਈ ਹਿਰਨੀ ਬਾਣ ਲਗਣ ਨਾਲ ਡਿਗ ਪੈਂਦੀ ਹੈ ॥੪੯੭॥

ਬਰੁਨੀ ਸਰ ਭਉਹਨ ਕੋ ਧਨੁ ਕੈ ਸੁ ਸਿੰਗਾਰ ਕੇ ਸਾਜਨ ਸਾਥ ਕਰੀ ॥

ਝਿਮਣੀਆਂ ਦੇ ਤੀਰਾਂ ਨੂੰ ਭਵਾਂ ਦੇ ਧਨੁਸ਼ ਵਿਚ ਕਸ ਕੇ, ਸ਼ਿੰਗਾਰ ਦੀਆਂ ਵਸਤੂਆਂ ਨਾਲ ਸਜਾ ਦਿੱਤਾ ਹੈ।

ਰਸ ਕੋ ਮਨ ਮੈ ਅਤਿ ਹੀ ਕਰਿ ਕੋਪ ਸੁ ਕਾਨ੍ਰਹ ਕੇ ਸਾਮੁਹਿ ਜਾਇ ਅਰੀ ॥

ਰਸ ਰੂਪ ਪ੍ਰੇਮ ਨੂੰ ਮਨ ਵਿਚ ਵਧਾ ਕੇ ਕ੍ਰਿਸ਼ਨ ਦੇ ਸਾਹਮਣੇ ਜਾਕੇ ਅੜ ਖੜੋਤੀਆਂ ਹਨ।

ਅਤਿ ਹੀ ਕਰਿ ਨੇਹੁ ਕੋ ਕ੍ਰੋਧੁ ਮਨੈ ਤਿਹ ਠਉਰ ਤੇ ਪੈਗ ਨ ਏਕ ਟਰੀ ॥

ਮਨ ਵਿਚ ਅਤਿ ਪ੍ਰੇਮ ਰੂਪ ਕ੍ਰੋਧ ਕਰ ਕੇ ਉਸ ਜਗ੍ਹਾ ਤੋਂ ਇਕ ਕਦਮ ਵੀ ਨਹੀਂ ਟਲੀਆਂ ਹਨ।

ਮਨੋ ਮੈਨ ਹੀ ਸੋ ਅਤਿ ਹੀ ਰਨ ਕੈ ਧਰਨੀ ਪਰ ਗ੍ਵਾਰਿਨ ਜੂਝਿ ਪਰੀ ॥੪੯੮॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕਾਮ ਰੂਪ ਯੋਧੇ ਨਾਲ ਲੜਾਈ ਕਰ ਕੇ ਗੋਪੀਆਂ ਰੂਪ ਸੂਰਮੇ ਧਰਤੀ ਉਤੇ ਸ਼ਹੀਦ ਹੋ ਕੇ ਡਿਗ ਪਏ ਹੋਣ ॥੪੯੮॥

ਤਿਨ ਗ੍ਵਾਰਿਨ ਕੋ ਅਤਿ ਹੀ ਪਿਖਿ ਪ੍ਰੇਮ ਤਬੈ ਪ੍ਰਗਟੇ ਭਗਵਾਨ ਸਿਤਾਬੀ ॥

ਉਨ੍ਹਾਂ ਗੋਪੀਆਂ ਦਾ ਅਤਿ ਡੂੰਘਾ ਪ੍ਰੇਮ ਵੇਖ ਕੇ, ਉਦੋਂ ਹੀ ਛੇਤੀ ਨਾਲ ਭਗਵਾਨ ਪ੍ਰਗਟ ਹੋ ਗਏ।

ਜੋਤਿ ਭਈ ਧਰਨੀ ਪਰ ਇਉ ਰਜਨੀ ਮਹਿ ਛੂਟਤ ਜਿਉ ਮਹਤਾਬੀ ॥

ਧਰਤੀ ਉਤੇ ਇਸ ਤਰ੍ਹਾਂ ਪ੍ਰਕਾਸ਼ ਹੋ ਗਿਆ ਜਿਸ ਤਰ੍ਹਾਂ ਰਾਤ ਵੇਲੇ ਮਹਿਤਾਬੀ ਦੇ ਛੁੱਟਣ (ਨਾਲ ਰੌਸ਼ਨੀ ਹੁੰਦੀ ਹੈ)।

ਚਉਕ ਪਰੀ ਤਬ ਹੀ ਇਹ ਇਉ ਜੈਸੇ ਚਉਕ ਪਰੈ ਤਮ ਮੈ ਡਰਿ ਖੁਆਬੀ ॥

ਇਹ (ਸਾਰੀਆਂ ਗੋਪੀਆਂ) ਉਦੋਂ ਚੌਂਕ ਪਈਆਂ, ਜਿਵੇਂ ਰਾਤ ਨੂੰ ਕੋਈ ਸੁਪਨਾ ਵੇਖ ਕੇ ਚੌਂਕ ਪੈਂਦਾ ਹੈ।

ਛਾਡਿ ਚਲਿਯੋ ਤਨ ਕੋ ਮਨ ਇਉ ਜਿਮ ਭਾਜਤ ਹੈ ਗ੍ਰਿਹ ਛਾਡਿ ਸਰਾਬੀ ॥੪੯੯॥

(ਗੋਪੀਆਂ) ਦਾ ਮਨ (ਉਨ੍ਹਾਂ ਦੇ) ਤਨ ਨੂੰ ਛਡ ਕੇ ਇਉਂ ਤੁਰ ਪਿਆ ਜਿਉਂ ਸ਼ਰਾਬੀ ਘਰ ਨੂੰ ਛਡ ਕੇ ਭਜ ਜਾਂਦਾ ਹੈ ॥੪੯੯॥

ਗ੍ਵਾਰਿਨ ਧਾਇ ਚਲੀ ਮਿਲਬੇ ਕਹੁ ਜੋ ਪਿਖਏ ਭਗਵਾਨ ਗੁਮਾਨੀ ॥

ਜਦੋਂ ਗੁਮਾਨ ਭਰੇ ਭਗਵਾਨ (ਕ੍ਰਿਸ਼ਨ) ਨੂੰ ਗੋਪੀਆਂ ਨੇ ਵੇਖਿਆ ਤਾਂ ਮਿਲਣ ਲਈ ਭਜ ਚਲੀਆਂ।

ਜਿਉ ਮ੍ਰਿਗਨੀ ਮ੍ਰਿਗ ਦੇਖਿ ਚਲੈ ਜੁ ਹੁਤੀ ਅਤਿ ਰੂਪ ਬਿਖੈ ਅਭਿਮਾਨੀ ॥

ਜਿਹੜੀਆਂ (ਆਪਣੇ) ਅਤਿ ਸੁੰਦਰ ਰੂਪ ਕਾਰਨ ਅਭਿਮਾਨੀ ਸਨ, (ਉਹ ਵੀ ਕ੍ਰਿਸ਼ਨ ਨੂੰ ਵੇਖ ਕੇ ਇਉਂ ਭਜ ਪਈਆਂ) ਜਿਉਂ ਹਿਰਨ ਨੂੰ ਵੇਖ ਕੇ ਹਿਰਨੀਆਂ ਤੁਰ ਪੈਂਦੀਆਂ ਹਨ।

ਤਾ ਛਬਿ ਕੀ ਅਤਿ ਹੀ ਉਪਮਾ ਕਬਿ ਨੈ ਮੁਖ ਤੇ ਇਹ ਭਾਤਿ ਬਖਾਨੀ ॥

ਉਸ ਛਬੀ ਦੀ ਬਹੁਤ ਵਧੀਆ ਉਪਮਾ ਕਵੀ ਨੇ (ਆਪਣੇ) ਮੁਖ ਤੋਂ ਇਸ ਤਰ੍ਹਾਂ ਦਸੀ ਹੈ,

ਜਿਉ ਜਲ ਚਾਤ੍ਰਿਕ ਬੂੰਦ ਪਰੈ ਜਿਮ ਕੂਦਿ ਪਰੈ ਮਛਲੀ ਪਿਖਿ ਪਾਨੀ ॥੫੦੦॥

ਜਿਉਂ ਚਾਤ੍ਰਿਕ ਦੇ ਮੂੰਹ ਵਿਚ ਸ੍ਵਾਂਤੀ ਬੂੰਦ ਜਾ ਪਏ ਜਾਂ ਜਿਉਂ (ਪਾਣੀ ਤੋਂ ਨਿਖੜੀ ਹੋਈ) ਮੱਛੀ ਜਲ ਨੂੰ ਵੇਖ ਕੇ ਉਸ ਵਿਚ ਕੁਦ ਪਏ ॥੫੦੦॥

ਰਾਜਤ ਹੈ ਪੀਅਰੋ ਪਟ ਕੰਧਿ ਬਿਰਾਜਤ ਹੈ ਮ੍ਰਿਗ ਸੇ ਦ੍ਰਿਗ ਦੋਊ ॥

(ਸ੍ਰੀ ਕ੍ਰਿਸ਼ਨ ਦੇ) ਮੋਢੇ ਉਤੇ ਪੀਲੇ ਰੰਗ ਦਾ ਦੁਪੱਟਾ ਸ਼ੋਭ ਰਿਹਾ ਹੈ ਅਤੇ ਦੋਵੇਂ ਨੈਣ ਹਿਰਨ (ਦੀਆਂ ਅੱਖਾਂ ਵਰਗੇ) ਸੁਸਜਿਤ ਹਨ।

ਛਾਜਤ ਹੈ ਮਨਿ ਸੋ ਉਰ ਮੈ ਨਦੀਆ ਪਤਿ ਸਾਥ ਲੀਏ ਫੁਨਿ ਜੋਊ ॥

ਛਾਤੀ ਉਤੇ ਉਹ ਮਣੀ ਸ਼ੋਭ ਰਹੀ ਹੈ ਜੋ ਸਮੁੰਦਰ ਪਾਸੋਂ (ਭੇਟਾ ਵਜੋਂ) ਲਈ ਸੀ।

ਕਾਨ੍ਰਹ ਫਿਰੈ ਤਿਨ ਗੋਪਿਨ ਮੈ ਜਿਹ ਕੀ ਜਗ ਮੈ ਸਮ ਤੁਲਿ ਨ ਕੋਊ ॥

ਕਾਨ੍ਹ ਉਨ੍ਹਾਂ ਗੋਪੀਆਂ ਵਿਚ ਫਿਰ ਰਿਹਾ ਹੈ ਜਿਸ ਦੇ ਬਰਾਬਰ ਇਸ ਜਗ ਵਿਚ ਕੋਈ ਨਹੀਂ ਹੈ।

ਗ੍ਵਾਰਿਨ ਰੀਝ ਰਹੀ ਬ੍ਰਿਜ ਕੀ ਸੋਊ ਰੀਝਤ ਹੈ ਚਕ ਦੇਖਤ ਸੋਊ ॥੫੦੧॥

ਬ੍ਰਜ-ਭੂਮੀ ਦੀਆਂ ਗੋਪੀਆਂ ਆਨੰਦਿਤ ਹੋ ਰਹੀਆਂ ਹਨ ਅਤੇ ਜੋ ਉਸ ਨੂੰ ਵੇਖਦਾ ਹੈ ਉਹ ਚਕ੍ਰਿਤ ਹੋ ਕੇ ਪ੍ਰਸੰਨ ਹੋ ਜਾਂਦਾ ਹੈ ॥੫੦੧॥

ਕਬਿਤੁ ॥

ਕਬਿੱਤ:

ਕਉਲ ਜਿਉ ਪ੍ਰਭਾਤ ਤੈ ਬਿਛਰਿਯੋ ਮਿਲੀ ਬਾਤ ਤੈ ਗੁਨੀ ਜਿਉ ਸੁਰ ਸਾਤ ਤੈ ਬਚਾਯੋ ਚੋਰ ਗਾਤ ਤੈ ॥

ਜਿਉਂ ਕਮਲ ਦਾ ਫੁਲ ਪ੍ਰਭਾਤ (ਦੇ ਸੂਰਜ ਤੋਂ) (ਜਿਉਂ) ਵਿਯੋਗੀ ਮਿਲਾਪ ਦੀ ਗੱਲ ਤੋਂ, ਜਿਉਂ ਰਾਗ ਜਾਣਨ ਵਾਲਾ ਸੱਤ ਸੁਰਾਂ (ਦੇ ਅਲਾਪ ਤੋਂ) ਅਤੇ ਜਿਉਂ ਚੋਰ ਸ਼ਰੀਰ ਦੇ ਬਚਾਉਣ ਤੋਂ (ਖੁਸ਼ ਹੁੰਦਾ ਹੈ);

ਜੈਸੇ ਧਨੀ ਧਨ ਤੈ ਅਉ ਰਿਨੀ ਲੋਕ ਮਨਿ ਤੈ ਲਰਈਯਾ ਜੈਸੇ ਰਨ ਤੈ ਤਜਈਯਾ ਜਿਉ ਨਸਾਤ ਤੈ ॥

ਜਿਵੇਂ ਧਨੀ ਵਿਅਕਤੀ ਨੂੰ ਧਨ ਪ੍ਰਾਪਤ ਕਰਨ ਤੋਂ, (ਜਿਵੇਂ) ਕਰਜ਼ਦਾਰ ਨੂੰ ਲੋਕਾਂ ਤੋਂ ਮਾਣ ਪ੍ਰਾਪਤ ਕਰਨ ਤੋਂ, ਜਿਉਂ ਲੜਾਕੂ ਸੂਰਮੇ ਨੂੰ ਰਣ ਦੇ ਆਰੰਭ ਹੋਣ ਤੋਂ ਅਤੇ ਤਿਆਗੀ ਨੂੰ ਸਾਰੇ ਬੰਧਨਾਂ ਤੋਂ ਖ਼ਲਾਸ ਹੋਣ ਤੋਂ (ਪ੍ਰਸੰਨਤਾ ਹੁੰਦੀ ਹੈ);

ਜੈਸੇ ਦੁਖੀ ਸੂਖ ਤੈ ਅਭੂਖੀ ਜੈਸੇ ਭੂਖ ਤੈ ਸੁ ਰਾਜਾ ਸਤ੍ਰ ਆਪਨੇ ਕੋ ਸੁਨੇ ਜੈਸੇ ਘਾਤ ਤੈ ॥

ਜਿਵੇਂ ਦੁਖੀ ਨੂੰ ਸੁਖ ਮਿਲਣ ਤੋਂ, ਜਿਵੇਂ ਭੁਖ ਨਾ ਲਗਣ ਵਾਲੇ ਨੂੰ ਭੁਖ ਲਗਣ ਤੋਂ, ਅਤੇ ਜਿਵੇਂ ਰਾਜਾ ਆਪਣੇ ਵੈਰੀ ਦੇ ਨਾਸ਼ ਦੀ (ਗੱਲ) ਸੁਣਨ ਤੋਂ (ਆਨੰਦਿਤ ਹੁੰਦਾ ਹੈ);

ਹੋਤ ਹੈ ਪ੍ਰਸੰਨ ਜੇਤੇ ਏਤੇ ਏਤੀ ਬਾਤਨ ਤੈ ਹੋਤ ਹੈ ਪ੍ਰਸੰਨ੍ਯ ਗੋਪੀ ਤੈਸੇ ਕਾਨ੍ਰਹ ਬਾਤ ਤੈ ॥੫੦੨॥

ਜਿਸ ਤਰ੍ਹਾਂ ਇਤਨੇ (ਆਦਮੀ) ਇਤਨੀਆਂ ਗੱਲਾਂ ਤੋਂ ਪ੍ਰਸੰਨ ਹੁੰਦੇ ਹਨ, ਉਸੇ ਤਰ੍ਹਾਂ ਗੋਪੀਆਂ ਕ੍ਰਿਸ਼ਨ ਦੀਆਂ ਗੱਲਾਂ ਤੋਂ ਪ੍ਰਸੰਨ ਹੁੰਦੀਆਂ ਹਨ ॥੫੦੨॥

ਕਾਨ੍ਰਹ ਜੂ ਬਾਚ ॥

ਕਾਨ੍ਹ ਜੀ ਨੇ ਕਿਹਾ:

ਸਵੈਯਾ ॥

ਸਵੈਯਾ:

ਹਸਿ ਬਾਤ ਕਹੀ ਸੰਗਿ ਗੋਪਿਨ ਕਾਨ ਚਲੋ ਜਮੁਨਾ ਤਟਿ ਖੇਲ ਕਰੈ ॥

ਕਾਨ੍ਹ ਨੇ ਹਸ ਕੇ ਗੋਪੀਆਂ ਨਾਲ ਇਹ ਗੱਲ ਕੀਤੀ ਕਿ ਚਲੋ ਜਮਨਾ ਦੇ ਕੰਢੇ ਉਤੇ ਖੇਡ ਕਰੀਏ।

ਚਿਟਕਾਰਨ ਸੋ ਭਿਰ ਕੈ ਤਿਹ ਜਾ ਤੁਮਹੂੰ ਹੂੰ ਤਰੋ ਹਮਹੂੰ ਹੂੰ ਤਰੈ ॥

ਉਸ ਥਾਂ ਤੇ ਪਾਣੀ ਦੇ ਛਿਟਿਆਂ ਨਾਲ ਲੜਾਈ ਕਰ ਕੇ ਤੁਸੀਂ ਵੀ ਤਰੋ ਅਤੇ ਅਸੀਂ ਵੀ ਤਰਾਂਗੇ।