ਸ਼੍ਰੀ ਦਸਮ ਗ੍ਰੰਥ

ਅੰਗ - 263


ਤਨ ਸੁਭਤ ਸੁਰੰਗੰ ਛਬਿ ਅੰਗ ਅੰਗੰ ਲਜਤ ਅਨੰਗੰ ਲਖ ਨੈਣੰ ॥

ਸੁੰਦਰ ਛਬੀ ਵਾਲਾ ਸਰੀਰ ਸ਼ੋਭਦਾ ਹੈ, ਅੰਗ-ਅੰਗ ਦੀ ਖੂਬਸੂਰਤੀ ਨੂੰ ਅੱਖਾਂ ਨਾਲ ਵੇਖ ਕੇ ਕਾਮਦੇਵ ਲਜਾਉਂਦਾ ਹੈ।

ਸੋਭਿਤ ਕਚਕਾਰੇ ਅਤ ਘੁੰਘਰਾਰੇ ਰਸਨ ਰਸਾਰੇ ਮ੍ਰਿਦ ਬੈਣੰ ॥

ਕਾਲੇ ਕੇਸ ਸ਼ੋਭਾ ਪਾ ਰਹੇ ਹਨ ਜੋ ਬਹੁਤੇ ਕੁੰਡਲਾਂ ਵਾਲੇ ਹਨ। ਜਿਸ ਦੀ ਰਸਨਾ ਮਿੱਠੇ ਬੋਲ ਬੋਲਦੀ ਹੈ

ਮੁਖਿ ਛਕਤ ਸੁਬਾਸੰ ਦਿਨਸ ਪ੍ਰਕਾਸੰ ਜਨੁ ਸਸ ਭਾਸੰ ਤਸ ਸੋਭੰ ॥

ਅਤੇ ਮੁਖ ਸ਼ੁਭ ਵਾਸਨਾ ਨਾਲ ਸ਼ੋਭ ਰਿਹਾ ਹੈ, ਮਾਨੋ ਸੂਰਜ ਦਾ ਪ੍ਰਕਾਸ਼ ਹੋ ਰਿਹਾ ਹੋਵੇ। ਜਿਹੋ ਜਿਹਾ ਚੰਦ੍ਰਮਾ ਦਾ ਪ੍ਰਕਾਸ਼ ਹੁੰਦਾ ਹੈ ਉਹੋ ਜਿਹੀ ਮੁਖ ਦੀ ਸ਼ੋਭਾ ਹੈ,

ਰੀਝਤ ਚਖ ਚਾਰੰ ਸੁਰਪੁਰ ਪਯਾਰੰ ਦੇਵ ਦਿਵਾਰੰ ਲਖਿ ਲੋਭੰ ॥੬੦੧॥

(ਉਸ ਨੂੰ ਵੇਖਣ ਲਈ) ਸੁੰਦਰ ਅੱਖਾਂ ਰੀਝ ਰਹੀਆਂ ਹਨ। ਸੁਅਰਗ ਦੇ ਪਿਆਰੇ ਦੇਵਤੇ ਅਤੇ ਦੈਂਤ ਰੂਪ ਨੂੰ ਵੇਖ ਕੇ ਲੁਭਾਇਮਾਨ ਹੋ ਰਹੇ ਹਨ ॥੬੦੧॥

ਕਲਸ ॥

ਕਲਸ:

ਚੰਦ੍ਰਹਾਸ ਏਕੰ ਕਰ ਧਾਰੀ ॥

(ਰਾਵਣ ਨੇ) ਇਕ ਹੱਥ ਵਿੱਚ 'ਚੰਦਰਹਾਸ',

ਦੁਤੀਆ ਧੋਪੁ ਗਹਿ ਤ੍ਰਿਤੀ ਕਟਾਰੀ ॥

ਦੂਜੇ ਵਿੱਚ ਕਿਰਚ ਅਤੇ ਤੀਜੇ ਵਿੱਚ ਕਟਾਰੀ ਫੜੀ ਹੋਈ ਹੈ।

ਚਤ੍ਰਥ ਹਾਥ ਸੈਹਥੀ ਉਜਿਆਰੀ ॥

(ਉਸ ਦੇ) ਚੌਥੇ ਹੱਥ ਵਿੱਚ ਸੈਹੱਥੀਂ ਚਮਕਦੀ ਹੈ।

ਗੋਫਨ ਗੁਰਜ ਕਰਤ ਚਮਕਾਰੀ ॥੬੦੨॥

(ਪੰਜਵੇਂ ਵਿੱਚ) ਗੋਪੀਆ ਹੈ ਅਤੇ (ਉਸ ਦੇ ਛੇਵੇਂ ਹੱਥ ਵਿੱਚ) ਗੁਰਜ ਚਮਕ ਰਿਹਾ ਹੈ ॥੬੦੨॥

ਤ੍ਰਿਭੰਗੀ ਛੰਦ ॥

ਤ੍ਰਿਭੰਗੀ ਛੰਦ

ਸਤਏ ਅਸ ਭਾਰੀ ਗਦਹਿ ਉਭਾਰੀ ਤ੍ਰਿਸੂਲ ਸੁਧਾਰੀ ਛੁਰਕਾਰੀ ॥

ਸੱਤਵੇਂ (ਹੱਥ) ਵਿੱਚ ਤਲਵਾਰ ਹੈ ਅਤੇ (ਅੱਠਵੇਂ ਹੱਥ ਵਿੱਚ) ਭਾਰੀ ਗਦਾ ਉਭਾਰੀ ਹੋਈ ਹੈ। (ਨੌਵੇਂ ਵਿੱਚ) ਤ੍ਰਿਸ਼ੂਲ ਅਤੇ (ਦਸਵੇਂ ਵਿੱਚ) ਛੁਰਾ ਪਕੜਿਆ ਹੋਇਆ ਹੈ।

ਜੰਬੂਵਾ ਅਰ ਬਾਨੰ ਸੁ ਕਸਿ ਕਮਾਨੰ ਚਰਮ ਅਪ੍ਰਮਾਨੰ ਧਰ ਭਾਰੀ ॥

(ਯਾਰਵੇਂ ਵਿੱਚ) ਜੰਬੂਆ, (ਬਾਰ੍ਹਵੇਂ ਨਾਲ) ਤੀਰ, (ਤੇਰ੍ਹਵੇਂ ਨਾਲ) ਕਮਾਨ ਖਿੱਚੀ ਹੋਈ ਹੈ ਅਤੇ (ਚੌਦਵੇਂ ਹੱਥ ਵਿੱਚ) ਬਹੁਤ ਵੱਡੀ ਚੌੜੀ ਢਾਲ ਧਾਰੀ ਹੋਈ ਹੈ।

ਪੰਦ੍ਰਏ ਗਲੋਲੰ ਪਾਸ ਅਮੋਲੰ ਪਰਸ ਅਡੋਲੰ ਹਥਿ ਨਾਲੰ ॥

ਪੰਦ੍ਰਵੇਂ (ਹੱਥ ਵਿੱਚ) ਗੁਲੇਲ, (ਸੋਲ੍ਹਵੇਂ ਵਿੱਚ) ਅਮੋਲਕ ਫਾਹੀ, (ਸਤਾਰ੍ਹਵੇਂ ਵਿੱਚ) ਮਜਬੂਤ ਗੰਡਾਸਾ ਅਤੇ (ਅਠਾਰ੍ਹਵੇਂ ਵਿੱਚ) ਬੰਦੂਕ ਫੜੀ ਹੋਈ ਹੈ।

ਬਿਛੂਆ ਪਹਰਾਯੰ ਪਟਾ ਭ੍ਰਮਾਯੰ ਜਿਮ ਜਮ ਧਾਯੰ ਬਿਕਰਾਲੰ ॥੬੦੩॥

(ਉਨ੍ਹਵੇਂ ਹੱਥ ਵਿੱਚ) ਬਿਛੂਆ ਚਮਕਦਾ ਹੈ ਅਤੇ (ਵੀਹਵੇਂ ਹੱਥ ਨਾਲ) ਪੱਟਾ ਫਿਰਾਉਂਦਾ ਹੈ। (ਇਸ ਤਰ੍ਹਾਂ) ਜਮ ਵਾਂਗ ਭਿਆਨਕ ਬਣਿਆ ਰਾਵਣ ਗਣ-ਭੂਮੀ ਵਿੱਚ ਜਿਥੇ ਕਿਥੇ ਭੱਜਾ ਫਿਰਦਾ ਹੈ ॥੬੦੩॥

ਕਲਸ ॥

ਕਲਸ:

ਸਿਵ ਸਿਵ ਸਿਵ ਮੁਖ ਏਕ ਉਚਾਰੰ ॥

ਇਕ ਮੁੱਖ ਨਾਲ (ਰਾਵਣ) ਸ਼ਿਵ-ਸ਼ਿਵ ਬੋਲਦਾ ਹੈ,

ਦੁਤੀਅ ਪ੍ਰਭਾ ਜਾਨਕੀ ਨਿਹਾਰੰ ॥

ਦੂਜੇ ਮੁੱਖ ਨਾਲ ਸੀਤਾ ਦੀ ਸੁੰਦਰਤਾ ਨੂੰ ਦੇਖਦਾ ਹੈ,

ਤ੍ਰਿਤੀਅ ਝੁੰਡ ਸਭ ਸੁਭਟ ਪਚਾਰੰ ॥

ਤੀਜੇ ਨਾਲ ਸਾਰਿਆਂ ਸੂਰਮਿਆਂ ਦੇ ਸਮੂਹ ਨੂੰ ਲਲਕਾਰ ਰਿਹਾ ਹੈ

ਚਤ੍ਰਥ ਕਰਤ ਮਾਰ ਹੀ ਮਾਰੰ ॥੬੦੪॥

ਅਤੇ ਚੌਥੇ ਨਾਲ ਮਾਰੋ ਹੀ ਮਾਰੋ ਕਰ ਰਿਹਾ ਹੈ ॥੬੦੪॥

ਤ੍ਰਿਭੰਗੀ ਛੰਦ ॥

ਤ੍ਰਿਭੰਗੀ ਛੰਦ

ਪਚਏ ਹਨਵੰਤੰ ਲਖ ਦੁਤ ਮੰਤੰ ਸੁ ਬਲ ਦੁਰੰਤੰ ਤਜਿ ਕਲਿਣੰ ॥

ਪੰਜਵੇਂ (ਮੁੱਖ ਨਾਲ) ਵੱਡੀ ਦੂਤੀ ਵਾਲੇ ਅਤੇ ਪ੍ਰਚੰਡ ਬਲ ਵਾਲੇ ਹਨੂਮਾਨ ਨੂੰ ਵੇਖ ਕੇ ਰਾਵਣ ਅਸ਼ਾਂਤ ਹੋ ਗਿਆ ਹੈ।

ਛਠਏ ਲਖਿ ਭ੍ਰਾਤੰ ਤਕਤ ਪਪਾਤੰ ਲਗਤ ਨ ਘਾਤੰ ਜੀਅ ਜਲਿਣੰ ॥

ਛੇਵੇਂ ਨਾਲ ਭਰਾ (ਵਿਭੀਸ਼ਣ) ਨੂੰ ਵੇਖਦਾ ਹੈ, (ਜਿਸ ਨੂੰ) ਮਾਰਨ ਲਈ ਦਾਓ ਨਹੀਂ ਲਗਦਾ, (ਇਸ ਵਾਸਤੇ) ਦਿਲ ਵਿਚ ਸੜ ਰਿਹਾ ਹੈ।

ਸਤਏ ਲਖਿ ਰਘੁਪਤਿ ਕਪ ਦਲ ਅਧਪਤਿ ਸੁਭਟ ਬਿਕਟ ਮਤ ਜੁਤ ਭ੍ਰਾਤੰ ॥

ਸੱਤਵੇਂ ਰਾਮ ਚੰਦਰ ਨੂੰ ਵੇਖਦਾ ਹੈ, ਜੋ ਬੰਦਰਾਂ ਦੀ ਸੈਨਾ ਦੇ ਰਾਜੇ (ਸੁਗ੍ਰੀਵ) ਅਤੇ ਅਨੇਕ ਭਿਆਨਕ ਸੂਰਮਿਆਂ ਤੇ (ਲਛਮਣ) ਭਰਾ ਸਮੇਤ (ਬੈਠੇ ਹੋਏ) ਹਨ।

ਅਠਿਓ ਸਿਰਿ ਢੋਰੈਂ ਨਵਮਿ ਨਿਹੋਰੈਂ ਦਸਯਨ ਬੋਰੈਂ ਰਿਸ ਰਾਤੰ ॥੬੦੫॥

ਅੱਠਵੇਂ ਸਿਰ ਨੂੰ (ਗ਼ਮ ਨਾਲ) ਹਿਲਾ ਰਿਹਾ ਹੈ ਅਤੇ ਨੌਵੇਂ ਨਾਲ ਸੂਰਮਿਆਂ ਉਤੇ ਵਿਅੰਗ ਕਸਦਾ ਹੈ। ਦਸਵੇਂ ਨਾਲ ਕ੍ਰੋਧ ਭਰੇ ਬਚਨ ਬੋਲਦਾ ਹੈ ॥੬੦੫॥

ਚੌਬੋਲਾ ਛੰਦ ॥

ਚੌਬੋਲਾ ਛੰਦ

ਧਾਏ ਮਹਾ ਬੀਰ ਸਾਧੇ ਸਿਤੰ ਤੀਰ ਕਾਛੇ ਰਣੰ ਚੀਰ ਬਾਨਾ ਸੁਹਾਏ ॥

ਬਹਾਦਰ ਯੋਧੇ ਭਜੇ ਜਾਂਦੇ ਹਨ, (ਉਨ੍ਹਾਂ ਨੇ) ਚਿੱਟੇ ਤੀਰ ਖਿੱਚੇ ਹੋਏ ਹਨ, ਯੁੱਧ-ਬਸਤ੍ਰ ਧਾਰਨ ਕੀਤੇ ਹੋਏ ਹਨ ਅਤੇ ਪੁਸ਼ਾਕਿਆਂ ਨਾਲ ਸ਼ੋਭਾਇਮਾਨ ਹਨ।

ਰਵਾ ਕਰਦ ਮਰਕਬ ਯਲੋ ਤੇਜ ਇਮ ਸਭ ਚੂੰ ਤੁੰਦ ਅਜਦ ਹੋਓ ਮਿਆ ਜੰਗਾਹੇ ॥

ਰਥ (ਮਰਕਬ) ਨੂੰ ਤੋਰ ਦਿੱਤਾ ਹੈ (ਰਵਾਂ ਕਰਦ), ਜੋ ਜੰਗ ਅੰਦਰ (ਮਿਆਂ) ਅਜਿਹਾ ਤੇਜ਼ (ਤੁੰਦ) ਨਾਲ ਜਾਂਦਾ ਹੈ।

ਭਿੜੇ ਆਇ ਈਹਾ ਬੁਲੇ ਬੈਣ ਕੀਹਾ ਕਰੇਾਂ ਘਾਇ ਜੀਹਾ ਭਿੜੇ ਭੇੜ ਭਜੇ ॥

'ਇਥੇ ਆ ਕੇ ਲੜੋ' ਕਿਸੇ ਨਾਲ ਅਜਿਹੇ ਬਚਨ ਬੋਲਦਾ ਹੈ। (ਜਦੋਂ ਸੂਰਮੇਂ ਆਪਸ ਵਿੱਚ) ਭਿੜਦੇ ਹਨ ਤਾਂ ਯੋਧਿਆਂ ਨੂੰ ਕਤਲ ਕਰਦਾ ਹੈ, (ਕਈ ਸੂਰਮੇਂ) ਯੁੱਧ ਵਿਚੋਂ ਭੱਜ ਨਿਕਲਦੇ ਹਨ।

ਪੀਯੋ ਪੋਸਤਾਨੇ ਭਛੋ ਰਾਬੜੀਨੇ ਕਹਾ ਛੈਅਣੀ ਰੋਧਣੀਨੇ ਨਿਹਾਰੈਂ ॥੬੦੬॥

ਕਈ ਪੋਸਤ ਪੀਂਦੇ ਹਨ, ਰਬੜੀ ਖਾਂਦੇ ਹਨ ਅਤੇ ਕਹਿੰਦੇ ਹਨ ਸੈਨਾ ਦਾ ਮਾਲਕ ਕਿਥੇ ਹੈ? (ਅਸੀਂ ਉਸ) ਨੂੰ ਵੇਖ ਤਾਂ ਲਈਏ ॥੬੦੬॥

ਗਾਜੇ ਮਹਾ ਸੂਰ ਘੁਮੀ ਰਣੰ ਹੂਰ ਭਰਮੀ ਨਭੰ ਪੂਰ ਬੇਖੰ ਅਨੂਪੰ ॥

ਵੱਡੇ ਸੂਰਮੇ ਗੱਜਦੇ ਹਨ। ਰਣ ਵਿੱਚ ਹੂਰਾਂ ਫਿਰਦੀਆਂ ਹਨ। ਮਹਾ ਸੁੰਦਰ ਲਿਬਾਸ ਵਾਲੀਆਂ ਹੂਰਾਂ ਨੇ ਫਿਰਦੇ ਹੋਇਆਂ ਆਕਾਸ਼ ਭਰਿਆ ਹੋਇਆ ਹੈ,

ਵਲੇ ਵਲ ਸਾਈ ਜੀਵੀ ਜੁਗਾ ਤਾਈ ਤੈਂਡੇ ਘੋਲੀ ਜਾਈ ਅਲਾਵੀਤ ਐਸੇ ॥

(ਜੋ ਸੂਰਮਿਆਂ ਨੂੰ) ਕਹਿੰਦੀਆਂ (ਅਲਾਵੀਤ) ਹਨ-ਹੇ ਸੁਆਮੀ! ਰਾਜ਼ੀ (ਵਲ) ਹੋ, ਜੁਗਾਂ ਤਕ ਜਿਊਂਦਾ ਰਹਿ, ਮੈਂ ਤੇਰੇ ਉਪਰੋਂ ਸਦਕੇ ਜਾਂਦੀ ਹਾਂ।

ਲਗੋ ਲਾਰ ਥਾਨੇ ਬਰੋ ਰਾਜ ਮਾਨੇ ਕਹੋ ਅਉਰ ਕਾਨੇ ਹਠੀ ਛਾਡ ਥੇਸੋ ॥

ਹੇ ਰਾਜਨ! (ਮੈਂ) ਤੁਹਾਡੇ ਲੜ ਲਗਦੀ ਹਾਂ, ਮੈਨੂੰ ਵਰ ਲਵੋ। ਤੇਰੇ ਵਰਗੇ ਹਠੀ ਜੋਧੇ ਨੂੰ ਛੱਡ ਕੇ ਹੋਰ ਕਿਸ ਨੂੰ (ਕਾਨੇ) ਕਹਾਂ?

ਬਰੋ ਆਨ ਮੋ ਕੋ ਭਜੋ ਆਨ ਤੋ ਕੋ ਚਲੋ ਦੇਵ ਲੋਕੋ ਤਜੋ ਬੇਗ ਲੰਕਾ ॥੬੦੭॥

ਮੈਨੂੰ ਆ ਕੇ ਵਰ ਲਵੋ। ਮੈਂ ਆ ਕੇ ਤੁਹਾਡੇ ਨਾਲ ਮੌਜ ਮੇਲਾ ਕਰਾਂਗੀ। ਛੇਤੀ ਨਾਲ ਲੰਕਾਂ ਨੂੰ ਛੱਡ ਕੇ ਦੇਵ ਲੋਕ ਨੂੰ ਚੱਲੋ ॥੬੦੭॥

ਸ੍ਵੈਯਾ ॥

ਅਨੰਤਤੁਕਾ:

ਅਨੰਤਤੁਕਾ ॥

ਸ੍ਵੈਯਾ:

ਰੋਸ ਭਰਯੋ ਤਜ ਹੋਸ ਨਿਸਾਚਰ ਸ੍ਰੀ ਰਘੁਰਾਜ ਕੋ ਘਾਇ ਪ੍ਰਹਾਰੇ ॥

ਕ੍ਰੋਧ ਨਾਲ ਦੈਂਤ ਹੋਸ਼ ਨੂੰ ਭੁਲਾ ਕੇ, ਸ੍ਰੀ ਰਾਮ ਚੰਦਰ ਉਤੇ ਪ੍ਰਹਾਰ ਕਰਦਾ ਹੈ। ਸ੍ਰੀ ਰਾਮ ਬਹੁਤ ਜੋਸ਼ ਖਾ ਕੇ ਤੀਰ ਮਾਰ ਕੇ

ਜੋਸ ਬਡੋ ਕਰ ਕਉਸਲਿਸੰ ਅਧ ਬੀਚ ਹੀ ਤੇ ਸਰ ਕਾਟ ਉਤਾਰੇ ॥

(ਉਸ ਦੇ ਤੀਰ ਨੂੰ) ਅੱਧ ਵਿਚਾਲਿਓਂ ਹੀ ਕੱਟ ਕੇ ਸੁੱਟ ਦਿੰਦੇ ਹਨ।

ਫੇਰ ਬਡੋ ਕਰ ਰੋਸ ਦਿਵਾਰਦਨ ਧਾਇ ਪਰੈਂ ਕਪਿ ਪੁੰਜ ਸੰਘਾਰੈ ॥

ਰਾਵਣ (ਦਿਵਾਰਦਨ) ਫਿਰ ਬਹੁਤ ਗੁੱਸਾ ਖਾ ਕੇ ਬੰਦਰਾਂ ਦੇ ਝੁੰਡ ਨੂੰ ਭੱਜ ਕੇ ਪੈਂਦਾ ਹੈ ਅਤੇ ਮਾਰਨ ਲੱਗ ਜਾਂਦਾ ਹੈ।

ਪਟਸ ਲੋਹ ਹਥੀ ਪਰ ਸੰਗੜੀਏ ਜੰਬੁਵੇ ਜਮਦਾੜ ਚਲਾਵੈ ॥੬੦੮॥

ਹੱਥਾਂ ਵਿਚੋਂ ਪੱਟਾ, ਤਲਵਾਰ, ਗੰਡਾਸਾ, ਬਰਛੇ (ਗੜੀਏ), ਜੰਬੂਏ ਤੇ ਜਮਦਾੜ (ਕਟਾਰ) ਚਲਾਉਂਦਾ ਹੈ ॥੬੦੮॥

ਚੌਬੋਲਾ ਸ੍ਵੈਯਾ ॥

ਚੌਬੋਲਾ ਸ੍ਵੈਯਾ

ਸ੍ਰੀ ਰਘੁਰਾਜ ਸਰਾਸਨ ਲੈ ਰਿਸ ਠਾਟ ਘਨੀ ਰਨ ਬਾਨ ਪ੍ਰਹਾਰੇ ॥

ਸ੍ਰੀ ਰਾਮ ਨੇ ਬਹੁਤ ਗੁੱਸਾ ਖਾ ਕੇ (ਹੱਥ) ਵਿਚ ਧਨੁਸ਼ ਲੈ ਕੇ ਰਣ-ਭੂਮੀ ਵਿੱਚ ਤੀਰ ਮਾਰੇ

ਬੀਰਨ ਮਾਰ ਦੁਸਾਰ ਗਏ ਸਰ ਅੰਬਰ ਤੇ ਬਰਸੇ ਜਨ ਓਰੇ ॥

ਜੋ ਸੂਰਮਿਆਂ ਨੂੰ ਮਾਰ ਕੇ (ਉਨ੍ਹਾਂ ਦੇ ਸਰੀਰ ਵਿੱਚੋਂ) ਪਾਰ ਨਿਕਲ (ਦੁਸਾਰ) ਗਏ, ਮਾਨੋ ਆਕਾਸ਼ ਤੋਂ ਗੜੇ ਵਰ੍ਹਦੇ ਹੋਣ।

ਬਾਜ ਗਜੀ ਰਥ ਸਾਜ ਗਿਰੇ ਧਰ ਪਤ੍ਰ ਅਨੇਕ ਸੁ ਕਉਨ ਗਨਾਵੈ ॥

ਘੋੜੇ, ਹਾਥੀ ਤੇ ਰਥ ਅਤੇ ਇਨ੍ਹਾਂ ਦੇ ਸਾਜ਼ ਸਾਮਾਨ ਵੀ ਧਰਤੀ ਉਤੇ ਡਿੱਗੇ ਪਏ ਹਨ। ਉਨ੍ਹਾਂ ਦੇ ਅਨੇਕ ਤੀਰਾਂ ਦੀ ਮਾਰ ਨੂੰ ਕੌਣ ਗਿਣ ਸਕਦਾ ਹੈ?

ਫਾਗਨ ਪਉਨ ਪ੍ਰਚੰਡ ਬਹੇ ਬਨ ਪਤ੍ਰਨ ਤੇ ਜਨ ਪਤ੍ਰ ਉਡਾਨੇ ॥੬੦੯॥

(ਇਉਂ ਪ੍ਰਤੀਤ ਹੁੰਦਾ ਹੈ) ਮਾਨੋ ਫਗਣ ਦੀ ਤੇਜ਼ ਹਵਾ ਵਗਣ ਨਾਲ ਬਣ ਵਿੱਚ ਬ੍ਰਿਛਾਂ ਨਾਲੋਂ ਪੱਤਰ ਟੁੱਟ ਕੇ ਡਿੱਗਦੇ ਹੋਣ ॥੬੦੯॥

ਸ੍ਵੈਯਾ ਛੰਦ ॥

ਸ੍ਵੈਯਾ ਛੰਦ

ਰੋਸ ਭਰਯੋ ਰਨ ਮੌ ਰਘੁਨਾਥ ਸੁ ਰਾਵਨ ਕੋ ਬਹੁ ਬਾਨ ਪ੍ਰਹਾਰੇ ॥

ਸ੍ਰੀ ਰਾਮ ਨੇ ਬਹੁਤ ਗੁੱਸਾ ਕਰਕੇ ਰਣ ਵਿੱਚ ਰਾਵਣ ਨੂੰ ਬਹੁਤ ਤੀਰ ਮਾਰੇ,

ਸ੍ਰੋਣਨ ਨੈਕ ਲਗਯੋ ਤਿਨ ਕੇ ਤਨ ਫੋਰ ਜਿਰੈ ਤਨ ਪਾਰ ਪਧਾਰੇ ॥

ਜੋ ਕੰਨਾਂ ਨੂੰ ਜ਼ਰਾ ਜਿੰਨੇ ਚੋਹੰਦੇ ਹੋਏ ਲੱਗੇ ਅਤੇ ਕਵਚ ਭੰਨ ਕੇ ਪਾਰ ਲੰਘ ਗਏ।

ਬਾਜ ਗਜੀ ਰਥ ਰਾਜ ਰਥੀ ਰਣ ਭੂਮਿ ਗਿਰੇ ਇਹ ਭਾਤਿ ਸੰਘਾਰੇ ॥

ਘੋੜੇ, ਹਾਥੀ, ਰਥ ਅਤੇ ਵੱਡੇ ਰਥਾਂ ਦੇ ਸਵਾਰ ਮਾਰੇ ਹੋਏ ਧਰਤੀ 'ਤੇ ਇਸ ਤਰ੍ਹਾਂ ਡਿੱਗੇ ਪਏ ਹਨ,