ਸ਼੍ਰੀ ਦਸਮ ਗ੍ਰੰਥ

ਅੰਗ - 90


ਬਾਹ ਕਟੀ ਅਧ ਬੀਚ ਤੇ ਸੁੰਡ ਸੀ ਸੋ ਉਪਮਾ ਕਵਿ ਨੇ ਬਰਨੀ ਹੈ ॥

ਸੁੰਡ ਵਰਗੀ ਬਾਂਹ ਅੱਧ ਵਿਚਾਲਿਓਂ ਕਟੀ ਹੋਈ ਪਈ ਹੈ, ਉਸ ਦੀ ਉਪਮਾ ਕਵੀ ਨੂੰ ਇੰਜ ਸੁਝੀ ਹੈ,

ਆਪਸਿ ਮੈ ਲਰ ਕੈ ਸੁ ਮਨੋ ਗਿਰਿ ਤੇ ਗਿਰੀ ਸਰਪ ਕੀ ਦੁਇ ਘਰਨੀ ਹੈ ॥੧੪੪॥

ਮਾਨੋ ਪਰਬਤ ਉਤੋਂ ਸ਼ੇਸ਼ ਨਾਗ ਦੀਆਂ ਦੋ ਪਤਨੀਆਂ ਲੜ ਕੇ ਡਿਗ ਪਈਆਂ ਹੋਣ ॥੧੪੪॥

ਦੋਹਰਾ ॥

ਦੋਹਰਾ:

ਸਕਲ ਪ੍ਰਬਲ ਦਲ ਦੈਤ ਕੋ ਚੰਡੀ ਦਇਓ ਭਜਾਇ ॥

ਦੈਂਤ ਦੇ ਸਾਰੇ ਪ੍ਰਬਲ ਦਲ ਨੂੰ ਚੰਡੀ ਨੇ (ਮਾਰ ਕੇ ਇਸ ਤਰ੍ਹਾਂ) ਭਜਾ ਦਿੱਤਾ,

ਪਾਪ ਤਾਪ ਹਰਿ ਜਾਪ ਤੇ ਜੈਸੇ ਜਾਤ ਪਰਾਇ ॥੧੪੫॥

ਜਿਸ ਤਰ੍ਹਾਂ ਹਰਿ-ਜਾਪ ਨਾਲ ਪਾਪ ਅਤੇ ਤਾਪ ਦੂਰ ਹੋ ਜਾਂਦੇ ਹਨ ॥੧੪੫॥

ਸ੍ਵੈਯਾ ॥

ਸ੍ਵੈਯਾ:

ਭਾਨੁ ਤੇ ਜਿਉ ਤਮ ਪਉਨ ਤੇ ਜਿਉ ਘਨੁ ਮੋਰ ਤੇ ਜਿਉ ਫਨਿ ਤਿਉ ਸੁਕਚਾਨੇ ॥

ਜਿਵੇਂ ਸੂਰਜ ਤੋਂ ਹਨੇਰਾ, ਜਿਵੇਂ ਹਵਾ ਤੋਂ ਬਦਲ, ਜਿਵੇਂ ਮੋਰ ਤੋਂ ਫਨੀਅਰ ਡਰ ਜਾਂਦੇ ਹਨ (ਸੁੰਗੜ ਜਾਂਦੇ ਹਨ)

ਸੂਰ ਤੇ ਕਾਤੁਰੁ ਕੂਰ ਤੇ ਚਾਤੁਰੁ ਸਿੰਘ ਤੇ ਸਾਤੁਰ ਏਣਿ ਡਰਾਨੇ ॥

ਤਿਵੇਂ ਸੂਰਮੇ ਤੋਂ ਕਾਇਰ, ਝੂਠ ਤੋਂ ਸਿਆਣਪ ਅਤੇ ਸ਼ੇਰ ਤੋਂ ਹਿਰਨ ('ਏਣਿ') ਤੁਰਤ ('ਸਾਤੁਰ') ਭੈਭੀਤ ਹੋ ਜਾਂਦੇ ਹਨ।

ਸੂਮ ਤੇ ਜਿਉ ਜਸੁ ਬਿਓਗ ਤੇ ਜਿਉ ਰਸੁ ਪੂਤ ਕਪੂਤ ਤੇ ਜਿਉ ਬੰਸੁ ਹਾਨੇ ॥

ਜਿਵੇਂ ਕੰਜੂਸ ਤੋਂ ਯਸ਼, ਜਿਵੇਂ ਵਿਯੋਗ ਤੋਂ ਆਨੰਦ ਅਤੇ ਜਿਵੇਂ ਕੁਪੁੱਤਰ ਤੋਂ ਖ਼ਾਨਦਾਨ ਦਾ ਨੁਕਸਾਨ ਹੁੰਦਾ ਹੈ

ਧਰਮ ਜਿਉ ਕ੍ਰੁਧ ਤੇ ਭਰਮ ਸੁਬੁਧ ਤੇ ਚੰਡ ਕੇ ਜੁਧ ਤੇ ਦੈਤ ਪਰਾਨੇ ॥੧੪੬॥

ਅਤੇ ਕ੍ਰੋਧ ਤੋਂ ਧਰਮ ਦਾ, ਸੁਬੁੱਧ ਤੋਂ ਭਰਮ (ਭਜ ਜਾਂਦਾ ਹੈ, ਉਵੇਂ) ਚੰਡੀ ਦੇ ਯੁੱਧ ਤੋਂ ਦੈਂਤ ਨਸ ਜਾਂਦੇ ਹਨ ॥੧੪੬॥

ਫੇਰ ਫਿਰੈ ਸਭ ਜੁਧ ਕੇ ਕਾਰਨ ਲੈ ਕਰਵਾਨ ਕ੍ਰੁਧ ਹੁਇ ਧਾਏ ॥

ਯੁੱਧ ਲਈ ਫਿਰ ਸਭ ਮੁੜ ਪਏ ਅਤੇ ਕ੍ਰੋਧਵਾਨ ਹੋ ਕੇ (ਹੱਥ ਵਿਚ) ਤਲਵਾਰਾਂ ਧਾਰਨ ਕਰਦੇ ਹੋਇਆਂ ਹਮਲਾਵਰ ਹੋਏ।

ਏਕ ਲੈ ਬਾਨ ਕਮਾਨਨ ਤਾਨ ਕੈ ਤੂਰਨ ਤੇਜ ਤੁਰੰਗ ਤੁਰਾਏ ॥

ਕਈ ਹੱਥਾਂ ਵਿਚ ਤੀਰ ਲੈ ਕੇ ਅਤੇ ਕਮਾਨਾਂ ਵਿਚ ਕਸ ਕੇ ਛੇਤੀ ਨਾਲ ਘੋੜਿਆਂ ਨੂੰ ਤੋਰਦੇ ਹਨ।

ਧੂਰਿ ਉਡੀ ਖੁਰ ਪੂਰਨ ਤੇ ਪਥ ਊਰਧ ਹੁਇ ਰਵਿ ਮੰਡਲ ਛਾਏ ॥

(ਘੋੜਿਆਂ ਦੇ) ਸੁੰਮਾਂ ਨਾਲ ਉਡੀ ਧੂੜ ਨੇ ਉਪਰਲੇ ਰਸਤੇ (ਆਕਾਸ਼) ਵਿਚ ਪਸਰ ਕੇ ਸੂਰਜ ਦੇ ਮੰਡਲ ਨੂੰ ਲੁਕਾ ਦਿੱਤਾ ਹੈ,

ਮਾਨਹੁ ਫੇਰ ਰਚੇ ਬਿਧਿ ਲੋਕ ਧਰਾ ਖਟ ਆਠ ਅਕਾਸ ਬਨਾਏ ॥੧੪੭॥

ਮਾਨੋ ਬ੍ਰਹਮਾ ਨੇ ਫਿਰ ਲੋਕਾਂ ਦੀ ਰਚਨਾ ਕੀਤੀ ਹੈ (ਜਿਨ੍ਹਾਂ ਵਿਚ) ਛੇ ਧਰਤੀਆਂ ਅਤੇ ਅੱਠ ਆਕਾਸ਼ ਬਣਾਏ ਹਨ ॥੧੪੭॥

ਚੰਡ ਪ੍ਰਚੰਡ ਕੁਵੰਡ ਲੈ ਬਾਨਨਿ ਦੈਤਨ ਕੇ ਤਨ ਤੂਲਿ ਜਿਉ ਤੂੰਬੇ ॥

ਪ੍ਰਚੰਡ ਚੰਡੀ ਨੇ ਧਨੁਸ਼ ਲੈ ਕੇ ਬਾਣਾਂ ਨਾਲ ਦੈਂਤਾਂ ਦੇ ਸ਼ਰੀਰਾਂ ਨੂੰ ਰੂੰ ਵਾਂਗ ਤੂੰਬੇ ਤੂੰਬੇ ਕਰ ਦਿੱਤਾ ਹੈ।

ਮਾਰ ਗਇੰਦ ਦਏ ਕਰਵਾਰ ਲੈ ਦਾਨਵ ਮਾਨ ਗਇਓ ਉਡ ਪੂੰਬੇ ॥

(ਚੰਡੀ ਨੇ) ਤਲਵਾਰ ਨਾਲ (ਦੈਂਤ-ਦਲ ਦੇ) ਹਾਥੀਆਂ ਨੂੰ ਮਾਰ ਦਿੱਤਾ ਹੈ। (ਫਲਸਰੂਪ) ਦੈਂਤਾਂ ਦਾ ਹੰਕਾਰ ਅੱਕ ਦੀਆਂ ਬੁੱਢੀਆਂ ਵਾਂਗ ਉਡ-ਪੁਡ ਗਿਆ ਹੈ।

ਬੀਰਨ ਕੇ ਸਿਰ ਕੀ ਸਿਤ ਪਾਗ ਚਲੀ ਬਹਿ ਸ੍ਰੋਨਤ ਊਪਰ ਖੂੰਬੇ ॥

ਸੂਰਮਿਆਂ ਦੇ ਸਿਰਾਂ ਦੀਆਂ ਸਫ਼ੈਦ ਪਗੜੀਆਂ ਲਹੂ ਉਤੇ ਖੁੰਬਾਂ ਵਾਂਗ ਵਹਿ ਰਹੀਆਂ ਹਨ।

ਮਾਨਹੁ ਸਾਰਸੁਤੀ ਕੇ ਪ੍ਰਵਾਹ ਮੈ ਸੂਰਨ ਕੇ ਜਸ ਕੈ ਉਠੇ ਬੂੰਬੇ ॥੧੪੮॥

(ਇਹ ਦ੍ਰਿਸ਼ ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸਰਸਵਤੀ ਨਦੀ ਦੇ ਪ੍ਰਵਾਹ ਵਿਚ ਸੂਰਮਿਆਂ ਦੇ ਯਸ਼ ਦੇ ਬੁਲਬੁਲੇ (ਬੂੰਬੇ) ਉਠ ਰਹੇ ਹੋਣ ॥੧੪੮॥

ਦੇਤਨ ਸਾਥ ਗਦਾ ਗਹਿ ਹਾਥਿ ਸੁ ਕ੍ਰੁਧ ਹ੍ਵੈ ਜੁਧੁ ਨਿਸੰਗ ਕਰਿਓ ਹੈ ॥

(ਫਿਰ ਚੰਡੀ ਨੇ) ਹੱਥ ਵਿਚ ਗਦਾ ਧਾਰਨ ਕਰ ਕੇ ਕ੍ਰੋਧ ਨਾਲ ਨਿਸੰਗ ਹੋ ਕੇ ਦੈਂਤਾਂ ਨਾਲ ਯੁੱਧ ਸ਼ੁਰੂ ਕਰ ਦਿੱਤਾ।

ਪਾਨਿ ਕ੍ਰਿਪਾਨ ਲਏ ਬਲਵਾਨ ਸੁ ਮਾਰ ਤਬੈ ਦਲ ਛਾਰ ਕਰਿਓ ਹੈ ॥

ਹੱਥ ਵਿਚ ਮਜ਼ਬੂਤ ਤਲਵਾਰ ਲੈ ਕੇ (ਦੈਂਤਾਂ ਦੇ) ਦਲ ਨੂੰ ਮਾਰ ਕੇ ਮਿੱਟੀ ਵਿਚ ਮਿਲਾ ਦਿੱਤਾ।

ਪਾਗ ਸਮੇਤ ਗਿਰਿਓ ਸਿਰ ਏਕ ਕੋ ਭਾਉ ਇਹੇ ਕਬਿ ਤਾ ਕੋ ਧਰਿਓ ਹੈ ॥

ਇਕ ਦੈਂਤ ਦਾ ਪਗੜੀ ਸਮੇਤ ਸਿਰ ਡਿਗਿਆ ਹੋਇਆ ਹੈ, (ਉਸ ਦਾ) ਭਾਵ ਕਵਿਤਾ ਵਿਚ (ਕਵੀ ਨੇ) ਇੰਜ ਬਿਆਨ ਕੀਤਾ ਹੈ,

ਪੂਰਨਿ ਪੁੰਨ ਪਏ ਨਭ ਤੇ ਸੁ ਮਨੋ ਭੁਅ ਟੂਟ ਨਛਤ੍ਰ ਪਰਿਓ ਹੈ ॥੧੪੯॥

ਮਾਨੋ ਪੁੰਨਾਂ ਦੇ ਪੂਰੇ ਹੋਣ ਤੇ ਆਕਾਸ਼ ਤੋਂ ਤਾਰਾ (ਨਛੱਤ੍ਰ) ਟੁਟ ਕੇ ਧਰਤੀ ਉਤੇ ਡਿਗਿਆ ਹੋਵੇ ॥੧੪੯॥

ਬਾਰਿਦ ਬਾਰਨ ਜਿਉ ਨਿਰਵਾਰਿ ਮਹਾ ਬਲ ਧਾਰਿ ਤਬੇ ਇਹ ਕੀਆ ॥

ਤਦ (ਚੰਡੀ ਨੇ) ਬਹੁਤ ਅਧਿਕ ਬਲ ਇਕੱਠਾ ਕਰ ਕੇ ਬਦਲਾਂ ਵਰਗੇ ਹਾਥੀਆਂ ਨੂੰ ਖਿੰਡਾਉਣ ਦਾ ਕੰਮ ਕੀਤਾ।

ਪਾਨਿ ਲੈ ਬਾਨ ਕਮਾਨ ਕੋ ਤਾਨਿ ਸੰਘਾਰ ਸਨੇਹ ਤੇ ਸ੍ਰਉਨਤ ਪੀਆ ॥

ਹੱਥ ਵਿਚ ਤੀਰ ਲੈ ਕੇ, ਕਮਾਨ ਨੂੰ ਖਿਚ ਕੇ ਮਾਰਿਆ ਹੈ ਅਤੇ ਸਨੇਹ ਪੂਰਵਕ ਲਹੂ ਪੀਤਾ।


Flag Counter