ਮੂਹਰਲੀ ਸੈਨਾ ਨੂੰ ਮਾਰ ਕੇ ਭਜਾ ਦਿੱਤਾ ਹੈ ਅਤੇ ਰਾਜਾ ਵਿਯੂਹ (ਚੱਕਰ) ਵਿਚ ਘਿਰਨੋ ਭਜ ਨਿਕਲਿਆ ਹੈ।
ਇਕਨਾਂ ਰਥਾਂ ਵਾਲਿਆਂ ਨੂੰ ਬਿਨਾ ਰਥਾਂ ਦੇ ਕਰ ਦਿੱਤਾ ਹੈ ਅਤੇ ਇਕਨਾਂ ਨੂੰ ਬਹੁਤ ਘਾਉ ਲਗਾਏ ਹਨ।
(ਕਵੀ) ਸ਼ਿਆਮ ਕਹਿੰਦੇ ਹਨ, ਬਲਰਾਮ ਨੇ ਸਾਰਿਆਂ ਸੂਰਮਿਆਂ ਨੂੰ (ਆਪਣੀ) ਇਸ ਤਰ੍ਹਾਂ ਦੀ ਸ਼ੂਰਵੀਰਤਾ ਵਿਖਾਈ ਹੈ ॥੧੮੩੫॥
(ਬਲਰਾਮ ਨੇ) ਕ੍ਰੋਧ ਨਾਲ ਭਰ ਕੇ ਅਤੇ ਰਣ ਵਿਚ ਬਹੁਤ ਭਿਆਨਕ ਰੂਪ ਧਾਰ ਕੇ ਹੱਥ ਵਿਚ ਕ੍ਰਿਪਾਨ ਲਈ ਹੋਈ ਹੈ।
ਅਭਿਮਾਨ ਨਾਲ ਰਣ-ਭੂਮੀ ਵਿਚ ਫਿਰ ਰਿਹਾ ਹੈ ਅਤੇ ਹੋਰ ਕਿਸੇ ਨੂੰ ਹਿਰਦੇ ਵਿਚ ਲਿਆਉਂਦਾ ਹੀ ਨਹੀਂ ਹੈ।
ਰੌਦਰ ਰਸ ਵਿਚ ਇਤਨਾ ਗੜੁਚ ਹੈ, ਸ਼ਿਆਮ ਕਵੀ ਕਹਿੰਦੇ ਹਨ, (ਜਿਵੇਂ) ਸ਼ਰਾਬ ਪੀਤੀ ਹੋਈ ਹੋਵੇ।
ਬਲਰਾਮ ਵੈਰੀਆਂ ਨੂੰ ਸੰਘਾਰਦਾ ਫਿਰਦਾ ਹੈ, ਮਾਨੋ ਯਮਰਾਜ ਦਾ ਭਿਆਨਕ ਰੂਪ ਧਾਰ ਲਿਆ ਹੋਵੇ ॥੧੮੩੬॥
(ਜਿਨ੍ਹਾਂ) ਵੈਰੀ ਯੋਧਿਆ ਦੇ ਸਿਰ ਕਟੇ ਗਏ ਹਨ, (ਉਹ) ਮਨ ਵਿਚ ਬਹੁਤ ਕ੍ਰੋਧ ਨਾਲ ਭਰੇ ਹੋਏ ਹਨ।
ਕਿਤਨਿਆਂ ਦੇ ਹੱਥ ਅਤੇ ਪੈਰ ਕਟੇ ਗਏ ਹਨ ਅਤੇ ਕਿਤਨਿਆਂ ਹੀ ਵੈਰੀਆਂ ਦੇ ਸ਼ਰੀਰਾਂ ਉਤੇ ਘਾਉ ਕੀਤੇ ਗਏ ਹਨ।
ਜੋ ਆਪਣੇ ਆਪ ਨੂੰ ਬਲਵਾਨ ਅਖਵਾਉਂਦੇ ਹਨ, (ਉਹ ਵੀ) ਆਪਣੀ ਥਾਂ ਨੂੰ ਛਡ ਕੇ ਭਜ ਗਏ ਹਨ।
ਸੂਰਮਿਆਂ ਦੇ ਸ਼ਰੀਰਾਂ ਵਿਚ ਬਾਣ ਇਸ ਤਰ੍ਹਾਂ ਲਗੇ ਹਨ, ਮਾਨੋ (ਉਨ੍ਹਾਂ ਨੇ) ਸੇਹ ਦਾ ਰੂਪ ਧਾਰਨ ਕਰ ਲਿਆ ਹੋਵੇ ॥੧੮੩੭॥
ਇਧਰ ਬਲਰਾਮ ਨੇ ਇਸ ਤਰ੍ਹਾਂ ਦਾ ਯੁੱਧ ਕੀਤਾ ਹੈ ਅਤੇ ਉਧਰ ਸ੍ਰੀ ਕ੍ਰਿਸ਼ਨ ਨੇ (ਮਨ ਵਿਚ) ਕ੍ਰੋਧ ਵਧਾਇਆ ਹੈ।
ਜੋ ਯੋਧਾ ਸਾਹਮਣੇ ਆ ਗਿਆ, ਉਸ ਨੂੰ ਇਕੋ ਬਾਣ ਨਾਲ ਮਾਰ ਸੁਟਿਆ ਹੈ।
ਰਾਜੇ ਦੀ ਹੋਰ ਜਿਤਨੀ ਸੈਨਾ ਸੀ, ਉਸ ਨੂੰ ਅੱਖ ਦੇ ਪਲਕਾਰੇ ਵਿਚ ਯਮਲੋਕ ਭੇਜ ਦਿੱਤਾ ਹੈ।
ਕਿਸੇ (ਵੈਰੀ ਯੋਧੇ) ਨੇ ਚਿਤ ਵਿਚ ਧੀਰਜ ਧਾਰਨ ਨਹੀਂ ਕੀਤਾ ਹੈ ਅਤੇ (ਸਭ) ਭਜ ਗਏ ਹਨ ਜਦੋਂ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਦਾ ਯੁੱਧ ਮਚਾਇਆ ਹੈ ॥੧੮੩੮॥
ਜਿਹੜੇ ਸੂਰਮੇ ਬਹੁਤ ਲਾਜ ਦੇ ਭਰੇ ਹੋਏ ਸਨ, ਉਹ (ਆਪਣੇ) ਸੁਆਮੀ ਦਾ ਕਾਰਜ ਸਮਝ ਕੇ ਕ੍ਰੋਧਿਤ ਹੋ ਗਏ ਹਨ।
(ਮਨ ਵਿਚੋਂ) ਸੰਸਾ ਤਿਆਗ ਕੇ ਨਿਸੰਗ ਹੋ ਗਏ ਹਨ ਅਤੇ ਧੌਂਸਿਆਂ ਨੂੰ ਵਜਾਉਂਦੇ ਹੋਏ ਸਾਹਮਣੇ ਆ ਗਏ ਹਨ।
ਸ੍ਰੀ ਕ੍ਰਿਸ਼ਨ ਨੇ ਹੱਥ ਵਿਚ ਧਨੁਸ਼ ਲੈ ਕੇ ਖਿਚ ਕੇ ਬਾਣ ਚਲਾਏ ਹਨ।
(ਕਵੀ) ਸ਼ਿਆਮ ਕਹਿੰਦੇ ਹਨ ਵੱਡੇ ਵੱਡੇ ਬਲਵਾਨ ਸੂਰਮਿਆਂ ਨੂੰ ਇਕ ਇਕ ਬਾਣ ਨਾਲ (ਸ੍ਰੀ ਕ੍ਰਿਸ਼ਨ ਨੇ) ਮਾਰ ਕੇ ਸੁਟ ਦਿੱਤਾ ਹੈ ॥੧੮੩੯॥
ਚੌਪਈ:
ਜਰਾਸੰਧ ਦੀ ਸੈਨਾ ਨੂੰ ਕ੍ਰਿਸ਼ਨ ਨੇ ਮਾਰ ਦਿੱਤਾ ਹੈ
ਅਤੇ ਰਾਜੇ ਦਾ ਸਾਰਾ ਹੰਕਾਰ ਉਤਾਰ ਦਿੱਤਾ ਹੈ।
(ਰਾਜਾ ਮਨ ਵਿਚ ਸੋਚਣ ਲਗਿਆ ਹੈ ਕਿ) ਹੁਣ ਦਸੋ, ਕਿਹੜਾ ਉਪਾ ਕਰਾਂ?
(ਕੀ) ਅਜ ਰਣ-ਭੂਮੀ ਵਿਚ ਲੜ ਕੇ ਮਰ ਜਾਵਾਂ ॥੧੮੪੦॥
ਚਿਤ ਵਿਚ ਇਸ ਤਰ੍ਹਾਂ ਦੀ ਸੋਚ ਕਰ ਕੇ ਹੱਥ ਵਿਚ ਧਨੁਸ਼ ਫੜ ਲਿਆ
ਅਤੇ ਸ੍ਰੀ ਕ੍ਰਿਸ਼ਨ ਨਾਲ ਫਿਰ ਲੜਨ ਲਈ ਚਾਹਵਾਨ ਹੋ ਗਿਆ ਹੈ।
ਕਵਚ ਧਾਰਨ ਕਰ ਕੇ ਸਾਹਮਣੇ ਆ ਗਿਆ ਹੈ।
(ਕਵੀ) ਸ਼ਿਆਮ ਕਹਿੰਦੇ ਹਨ, (ਉਸ ਨੇ) ਮਨ ਵਿਚ ਕ੍ਰੋਧ ਵਧਾ ਲਿਆ ਹੈ ॥੧੮੪੧॥
ਦੋਹਰਾ:
ਜਰਾਸੰਧ ਨੇ ਰਣ-ਭੂਮੀ ਵਿਚ ਧਨੁਸ਼ ਉਤੇ ਬਾਣ ਚੜ੍ਹਾ ਲਿਆ ਹੈ।
(ਕਵੀ) ਸ਼ਿਆਮ ਕਹਿੰਦੇ ਹਨ, ਤਦ ਸ੍ਰੀ ਕ੍ਰਿਸ਼ਨ ਨੂੰ ਭੌਆਂ ਤਣ ਕੇ ਕਹਿਣ ਲਗਾ ॥੧੮੪੨॥
ਰਾਜਾ ਜਰਾਸੰਧ ਨੇ ਕ੍ਰਿਸ਼ਨ ਨੂੰ ਕਿਹਾ:
ਸਵੈਯਾ:
ਹੇ ਨੰਦ ਦੇ ਪੁੱਤਰ! ਜੋ ਤੇਰੇ ਵਿਚ ਬਲ ਹੈ, (ਤਾਂ) ਉਹ ਸ਼ੂਰਵੀਰਤਾ ਮੈਨੂੰ ਦਿਖਾ,
ਖੜੋਤਾ ਹੋਇਆ ਮੇਰੇ ਵਲ ਕੀ ਤਕ ਰਿਹਾ ਹੈਂ? (ਮੈਂ) ਬਾਣ ਚਲਾਉਂਦਾ ਹਾਂ, ਭਜ ਨਾ ਜਾਈਂ।
ਹੇ ਗਵਾਲੇ! ਜਾਂ ਤਾਂ ਹੁਣ ਹਥਿਆਰ ਸੁਟ ਦੇ, ਜਾਂ (ਉਨ੍ਹਾਂ ਨੂੰ) ਸੰਭਾਲ ਕੇ ਮੇਰੇ ਨਾਲ ਯੁੱਧ ਮਚਾ।
ਰਣ-ਭੂਮੀ ਵਿਚ ਕਿਸ ਲਈ ਪ੍ਰਾਣ ਤਿਆਗਦਾ ਹੈਂ, ਬਨ ਵਿਚ (ਜਾ ਕੇ) ਸੁਖ ਨਾਲ ਗਊਆਂ ਅਤੇ ਵੱਛੇ ਚਰਾ ॥੧੮੪੩॥
ਕਵੀ ਸ਼ਿਆਮ ਸ੍ਰੀ ਕ੍ਰਿਸ਼ਨ ਦੇ ਮਨ ਦੀ (ਸਥਿਤੀ) ਦਸਦੇ ਹਨ ਜਦੋਂ ਉਨ੍ਹਾਂ ਨੇ ਰਾਜੇ ਦੇ ਅਜਿਹੇ ਬੋਲ ਸੁਣੇ
ਤਾਂ ਸ੍ਰੀ ਕ੍ਰਿਸ਼ਨ ਦੇ ਹਿਰਦੇ ਵਿਚ ਕ੍ਰੋਧ ਇਸ ਤਰ੍ਹਾਂ ਪ੍ਰਗਟ ਹੋਇਆ ਜਿਵੇਂ ਅੱਗ ਘਿਉ ਦਾ ਚਮਚਾ ('ਪਰਸਾ') (ਪਾਣ ਨਾਲ) ਭੜਕਦੀ ਹੈ।
ਜਿਸ ਤਰ੍ਹਾਂ ਗਿਦੜ ਦੀ ਕੂਕ ਸੁਣ ਕੇ ਬਨ ਵਿਚ ਸ਼ੇਰ ਦਹਾੜ ਉਠਦਾ ਹੈ, ਉਸੇ ਤਰ੍ਹਾਂ (ਦੀ ਹਾਲਤ ਸ੍ਰੀ ਕ੍ਰਿਸ਼ਨ ਦੇ) ਮਨ ਦੀ ਹੋ ਰਹੀ ਹੈ।
(ਸ੍ਰੀ ਕ੍ਰਿਸ਼ਨ ਨੂੰ) ਵੈਰੀ ਦੀਆਂ ਗੱਲਾਂ ਇੰਜ ਲਗੀਆਂ ਹਨ ਜਿਵੇਂ ਪੈਰ ਵਿਚ ਅਟਨ ਅਥਵਾ ਕੰਡਾ ਚੁਭ ਕੇ ਰੜਕਦਾ ਹੈ ॥੧੮੪੪॥
ਇਧਰੋਂ ਸ੍ਰੀ ਕ੍ਰਿਸ਼ਨ ਨੇ ਕ੍ਰੋਧਿਤ ਹੋ ਕੇ, ਉਸ ਨੂੰ ਵੇਖ ਕੇ ਬਹੁਤ ਬਾਣ ਚਲਾਏ ਹਨ।
ਕਵੀ ਸ਼ਿਆਮ ਕਹਿੰਦੇ ਹਨ, ਰਾਜੇ ਨੇ ਕ੍ਰੋਧਿਤ ਹੋ ਕੇ ਧਨੁਸ਼ ਪਕੜ ਲਿਆ ਅਤੇ ਦੋਵੇਂ ਅੱਖਾਂ ਤਣ ਲਈਆਂ।
(ਰਾਜਾ ਜਰਾਸੰਧ ਦੇ) ਜੋ ਬਾਣ ਸ੍ਰੀ ਕ੍ਰਿਸ਼ਨ ਉਪਰ ਆਏ, ਉਨ੍ਹਾਂ ਸਾਰਿਆਂ ਨੂੰ ਛਿਣ ਭਰ ਵਿਚ ਕਟ ਕੇ ਸੁਟ ਦਿੱਤਾ।
ਸ੍ਰੀ ਕ੍ਰਿਸ਼ਨ ਦੇ ਬਾਣ ਵੀ ਰਾਜੇ ਦੇ ਸ਼ਰੀਰ ਨੂੰ ਤੀਲੇ ਵਾਂਗ ਵੀ ਛੋਹ ਨਾ ਸਕੇ ॥੧੮੪੫॥
ਇਧਰ ਰਾਜਾ ਸ੍ਰੀ ਕ੍ਰਿਸ਼ਨ ਨਾਲ ਯੁੱਧ ਕਰ ਰਿਹਾ ਹੈ ਅਤੇ ਉਧਰੋਂ ਬਲਰਾਮ ਨੇ (ਉਸ ਉਤੇ) ਇਕ ਬੋਲ ਕਸਿਆ ਹੈ,
(ਹੇ ਜਰਾਸੰਧ ਮੈਂ ਤੇਰੇ) ਕਿਤਨੇ ਹੀ ਸੂਰਮੇ ਮਾਰ ਕੇ ਨਸ਼ਟ ਕਰ ਦਿੱਤੇ ਹਨ, (ਪਰ) ਤੂੰ ਮਨ ਵਿਚ ਜ਼ਰਾ ਜਿੰਨਾ ਵੀ ਨਹੀਂ ਲਜਾਇਆ।
ਹੇ ਰਾਜਨ! ਕਿਸ ਲਈ ਲੜ ਕੇ ਮਰਦਾ ਹੈਂ, ਘਰ ਨੂੰ ਪਰਤ ਜਾ, ਲੜਾਈ ਕਰ ਕੇ (ਹੁਣ ਤਕ) ਕੀ ਫਲ ਪਾਇਆ ਹੈ।