ਕਿ ਜੋ ਮੋਹਰਾਂ ਦੇ ਸੰਨ ਦਸੇਗਾ,
ਉਹੀ ਅਜ ਸਾਰੀਆਂ ਮੋਹਰਾਂ ਪ੍ਰਾਪਤ ਕਰ ਲਵੇਗਾ ॥੨੩॥
ਮੋਹਰਾਂ ਦੇ ਸੰਨ ਬਨੀਆ ਨਹੀਂ ਜਾਣਦਾ ਸੀ।
ਉਹ ਚੁਪ ਕਰ ਰਿਹਾ, ਮੂੰਹੋਂ ਕੁਝ ਨਾ ਕਹਿ ਸਕਿਆ।
ਰੋ ਪਿਟ ਕੇ ਪੁਕਾਰਨ ਲਗਾ
ਕਿ ਹੇ ਕਰਤਾਰ! ਤੂੰ ਇਹ ਕੀ ਕੀਤਾ ਹੈ ॥੨੪॥
ਦੋਹਰਾ:
(ਠਗ ਨੇ ਕਿਹਾ-) ਇਕ ਸੌ ਅਕਬਰੀ ਮੋਹਰਾਂ ਹਨ ਅਤੇ ਜਹਾਂਗੀਰੀ ਦੋ ਸੌ ਹਨ;
ਸ਼ਾਹਜਹਾਨੀ ਮੋਹਰਾਂ ਚਾਰ ਸੌ ਹਨ, ਸਭ ਕੋਈ (ਚੰਗੀ ਤਰ੍ਹਾਂ) ਵੇਖ ਲਵੇ ॥੨੫॥
ਚੌਪਈ:
ਜਦ ਸਭਾ ਵਿਚ ਮੋਹਰਾਂ ਨੂੰ ਵਿਖਾਇਆ ਗਿਆ
(ਤਾਂ) ਉਹ ਉਸੇ ਤਰ੍ਹਾਂ ਦੀਆਂ ਨਿਕਲੀਆਂ, ਇਸ ਤਰ੍ਹਾਂ ਦੀਆਂ ਠਗ ਨੇ ਦਸੀਆਂ ਸਨ।
ਕਾਜ਼ੀ ਨੇ (ਉਹ ਮੋਹਰਾਂ) ਸ਼ਾਹ ਤੋਂ ਖੋਹ ਲਈਆਂ
ਅਤੇ ਲੈ ਕੇ ਠਗ ਦੇ ਹੱਥ ਵਿਚ ਦੇ ਦਿੱਤੀਆਂ ॥੨੬॥
ਦੋਹਰਾ:
ਕਾਜ਼ੀ ਦਾ ਜਸ ਪਸਰ ਗਿਆ ਅਤੇ ਠਗ ਨੇ ਸਾਰੇ ਪਿੰਡ ਵਿਚ ਦਸ ਦਿੱਤਾ
ਕਿ (ਕਾਜ਼ੀ ਨੇ) ਉਮਰ ਖ਼ਿਤਾਬ (ਖ਼ਲੀਫ਼ਾ) ਵਰਗਾ ਸਾਡਾ ਨਿਆਂ ਕੀਤਾ ਹੈ ॥੨੭॥
ਚੌਪਈ:
ਠਗ ਮੋਹਰਾਂ ਲੈ ਕੇ ਘਰ ਆਇਆ,
ਪਰ ਉਹ ਕਾਜ਼ੀ ਇਸ ਇਨਸਾਫ਼ (ਦੇ ਭੇਦ ਨੂੰ) ਨਾ ਸਮਝ ਸਕਿਆ।
(ਉਸ ਨੇ) ਬਨੀਏ ਨੂੰ (ਆਪਣੇ) ਘਰੋਂ ਕਢ ਦਿੱਤਾ
ਅਤੇ ਝੂਠੇ ਠਗ ਨੂੰ ਸੱਚਾ ਸਿੱਧ ਕਰ ਦਿੱਤਾ ॥੨੮॥
ਦੋਹਰਾ:
(ਮੰਤ੍ਰੀ ਨੇ ਕਿਹਾ) ਹੇ ਰਾਜਨ! ਠਗ ਨੂੰ ਸਤ ਸੌ ਅਸ਼ਰਫੀਆਂ ਕਾਜ਼ੀ ਨੇ ਦੇ ਦਿੱਤੀਆਂ
ਅਤੇ ਉਸ ਨੇ ਆਪਣੇ ਘਰ ਵਿਚ ਲਿਆ ਕੇ ਇਸਤਰੀ ਨੂੰ ਦੇ ਦਿੱਤੀਆਂ ॥੨੯॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਅਠਤਵੀਏ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮॥੭੩੨॥ ਚਲਦਾ॥
ਚੌਪਈ:
ਰਾਤ ਹੋਈ ਤਾਂ ਚੋਰ ਉਠ ਕੇ ਤੁਰ ਪਿਆ।
ਸਾਰਾ ਭੇਸ ਕੁੱਤੇ ਵਰਗਾ ਬਣਾ ਲਿਆ।
ਸ਼ਾਹਜਹਾਨ ਦੇ ਘਰ ਜਾ ਵੜਿਆ
ਅਤੇ ਉਥੇ ਗੱਪਾਂ ਮਾਰਦੇ ਗਾਲੜੀ ਨੂੰ ਵੇਖਿਆ ॥੧॥
ਉਸ ਚੋਰ ਦਾ ਨਾਂ ਏਦਿਲ ਸ਼ਾਹ ਸੀ।
ਉਹ ਸ਼ਾਹਜਹਾਨ ਦੇ ਘਰ ਆ ਪਹੁੰਚਿਆ।
ਉਹ ਰਾਜ ਮਤੀ ਇਸਤਰੀ ਲਈ ਉਥੇ ਜਾ ਪਹੁੰਚਿਆ
ਜਿਥੇ ਰਾਜਿਆਂ ਦਾ ਰਾਜਾ ਸੁੱਤਾ ਪਿਆ ਸੀ ॥੨॥
ਸਵੈਯਾ:
ਫਿਰ ਉਸ ਚੋਰ ਨੇ ਤਲਵਾਰ ਕਢ ਕੇ ਉਸ ਗਾਲੜੀ ਨੂੰ ਮਾਰ ਦਿੱਤਾ।
ਫਿਰ ਲਾਲਾਂ ਸਹਿਤ ਪਗੜੀ ਨੂੰ ਉਤਾਰ ਲਿਆ ਅਤੇ ਸਲਵਾਰ ਉਤੇ ਅੰਡਾ ਭੰਨ ਦਿੱਤਾ।
ਤਦ ਬਾਦਸ਼ਾਹ ਨੇ ਸੁਥਣ ਉਤਾਰ ਦਿੱਤੀ ਅਤੇ ਸਾਰਿਆਂ ਬਸਤ੍ਰਾਂ ਨੂੰ ਉਸ ਨੇ ਹੱਥ ਵਿਚ ਕਰ ਲਿਆ।
ਫਿਰ ਇਸਤਰੀ ਲਈ ਹਿਰਦੇ ਨੂੰ ਤਕੜਾ ਕਰ ਕੇ ਉਸ ਨਾਲ ਬੈਠ ਕੇ ਗੋਸਟਿ ਕੀਤੀ ॥੩॥
ਦੋਹਰਾ:
ਬਾਦਸ਼ਾਹ ਨੇ (ਜਦੋਂ) ਵੇਖਿਆ ਕਿ (ਸਲਵਾਰ ਉਤੇ) ਬੀਰਜ ਡਿਗਿਆ ਹੈ (ਤਾਂ) ਸਲਵਾਰ ਉਤਾਰ ਕੇ ਪਰੇ ਕਰ ਦਿੱਤੀ।
(ਇਸ ਤਰ੍ਹਾਂ) ਚੋਰ ਨੇ ਲਾਲਾਂ ਸਹਿਤ ਪਗੜੀ ਅਤੇ ਬਸਤ੍ਰ ਸੰਭਾਲ ਲਏ ॥੪॥
ਚੌਪਈ:
ਚੋਰ ਨੇ ਬੈਠ ਕੇ ਇਸ ਤਰ੍ਹਾਂ ਕਹਾਣੀ ਦਸੀ
ਕਿ ਇਕ ਚੋਰ ਸੀ ਅਤੇ ਦੂਜਾ ਠਗ ('ਧਰ ਫਾਸੀ') ਸੀ।
(ਦੋਵੇਂ) ਇਕ ਇਸਤਰੀ ਨਾਲ ਰਤੀ-ਕ੍ਰੀੜਾ ਕਰਦੇ ਸਨ
ਅਤੇ (ਉਸ ਨੂੰ) ਆਪਣੀ (ਇਸਤਰੀ) ਸਮਝ ਕੇ ਬਹੁਤ ਸੁਖ ਪ੍ਰਾਪਤ ਕਰਦੇ ਸਨ ॥੫॥