ਸ਼੍ਰੀ ਦਸਮ ਗ੍ਰੰਥ

ਅੰਗ - 1121


ਅੰਮ੍ਰਿਤ ਸਾਹ ਸਿਕੰਦਰ ਪਾਯੋ ॥

ਕਿ ਸਿਕੰਦਰ ਬਾਦਸ਼ਾਹ ਨੇ ਅੰਮ੍ਰਿਤ ਲਭ ਲਿਆ ਹੈ।

ਅਜਰ ਅਮਰ ਮਨੁਖ੍ਯ ਜੋ ਹ੍ਵੈ ਹੈ ॥

ਜੇ ਮਨੁੱਖ ਅਜਰ ਅਮਰ ਹੋ ਜਾਵੇਗਾ

ਜੀਤਿ ਸੁ ਲੋਕ ਚੌਦਹੂੰ ਲੈ ਹੈ ॥੪੫॥

(ਤਾਂ ਉਹ) ਚੌਦਾਂ ਲੋਕਾਂ ਨੂੰ ਜਿਤ ਲਏਗਾ ॥੪੫॥

ਦੋਹਰਾ ॥

ਦੋਹਰਾ:

ਤਾ ਤੇ ਯਾ ਕੋ ਕੀਜਿਯੈ ਕਛੁ ਉਪਚਾਰ ਬਨਾਇ ॥

ਇਸ ਲਈ ਇਸ ਦਾ ਕੋਈ ਉਪਾ ਕਰਨਾ ਚਾਹੀਦਾ ਹੈ

ਜਿਤ੍ਯੋ ਜਰਾ ਤਨ ਜੜ ਰਹੈ ਅੰਮ੍ਰਿਤ ਪਿਯੌ ਨ ਜਾਇ ॥੪੬॥

ਜਿਸ ਨਾਲ ਇਸ ਮੂਰਖ ਦਾ ਸ਼ਰੀਰ ਬੁੱਢਾ ਹੋ ਜਾਏ ਅਤੇ ਅੰਮ੍ਰਿਤ ਪੀਤਾ ਨਾ ਜਾ ਸਕੇ ॥੪੬॥

ਅੜਿਲ ॥

ਅੜਿਲ:

ਰੰਭਾ ਨਾਮ ਅਪਛਰਾ ਦਈ ਪਠਾਇ ਕੈ ॥

ਇੰਦਰ ਨੇ ਰੰਭਾ ਨਾਂ ਦੀ ਅਪੱਛਰਾ ਨੂੰ ਭੇਜਿਆ।

ਬਿਰਧ ਰੂਪ ਖਗ ਕੋ ਧਰਿ ਬੈਠੀ ਆਇ ਕੈ ॥

ਜੋ ਇਕ ਬੁੱਢੇ ਪੰਛੀ ਦਾ ਰੂਪ ਧਾਰ ਕੇ (ਕੁੰਡ ਦੇ ਨੇੜੇ) ਆ ਬੈਠੀ।

ਏਕ ਪੰਖ ਤਨ ਰਹਿਯੋ ਨ ਤਾ ਕੌ ਜਾਨਿਯੈ ॥

ਉਸ ਦੇ ਸ਼ਰੀਰ ਉਤੇ ਇਕ ਖੰਭ ਵੀ ਰਿਹਾ ਹੋਇਆ ਨਾ ਸਮਝੋ।

ਹੋ ਜਾ ਤਨ ਲਹਿਯੋ ਨ ਜਾਇ ਘ੍ਰਿਣਾ ਜਿਯ ਠਾਨਿਯੈ ॥੪੭॥

ਉਸ ਦੇ ਸ਼ਰੀਰ ਨੂੰ ਵੇਖਿਆ ਨਹੀਂ ਜਾ ਸਕਦਾ, ਮਨ ਵਿਚ ਘਿਰਨਾ ਪੈਦਾ ਹੋ ਜਾਂਦੀ ਹੈ ॥੪੭॥

ਦੋਹਰਾ ॥

ਦੋਹਰਾ:

ਜਬੈ ਸਿਕੰਦਰ ਅੰਮ੍ਰਿਤ ਕੋ ਪੀਵਨ ਲਗ੍ਯੋ ਬਨਾਇ ॥

ਜਦ ਸਿਕੰਦਰ ਅੰਮ੍ਰਿਤ ਨੂੰ ਪੀਣ ਲਗਿਆ,

ਗਲਤ ਅੰਗ ਪੰਛੀ ਤਬੈ ਨਿਰਖਿ ਉਠਿਯੋ ਮੁਸਕਾਇ ॥੪੮॥

ਤਾਂ ਉਹ ਗਲੇ ਹੋਏ ਸ਼ਰੀਰ ਵਾਲਾ ਪੰਛੀ ਵੇਖ ਕੇ ਹੱਸ ਪਿਆ ॥੪੮॥

ਚੌਪਈ ॥

ਚੌਪਈ:

ਪੂਛਿਯੋ ਤਾਹਿ ਪੰਛਿਯਹਿ ਜਾਈ ॥

(ਸਿਕੰਦਰ ਨੇ) ਉਸ ਪੰਛੀ ਨੂੰ ਜਾ ਕੇ ਪੁਛਿਆ,

ਕ੍ਯੋਨ ਤੈ ਹਸ੍ਯੋ ਹੇਰਿ ਮੁਹਿ ਭਾਈ ॥

ਹੇ ਭਰਾ! (ਤੂੰ) ਮੈਨੂੰ ਵੇਖ ਕੇ ਕਿਉਂ ਹਸਿਆ ਹੈਂ।

ਸਕਲ ਬ੍ਰਿਥਾ ਵਹੁ ਮੋਹਿ ਬਤੈਯੈ ॥

ਉਹ ਸਾਰੀ ਗੱਲ ਮੈਨੂੰ ਦਸ

ਹਮਰੇ ਚਿਤ ਕੋ ਤਾਪ ਮਿਟੈਯੈ ॥੪੯॥

ਅਤੇ ਮੇਰੇ ਮਨ ਦਾ ਦੁਖ ਦੂਰ ਕਰ ॥੪੯॥

ਪੰਛੀ ਬਾਚ ॥

ਪੰਛੀ ਨੇ ਕਿਹਾ:

ਦੋਹਰਾ ॥

ਦੋਹਰਾ:

ਪਛ ਏਕ ਤਨ ਨ ਰਹਿਯੋ ਰਕਤ ਨ ਰਹਿਯੋ ਸਰੀਰ ॥

(ਮੇਰੇ) ਤਨ ਉਤੇ ਇਕ ਖੰਭ ਵੀ ਨਹੀਂ ਰਿਹਾ ਅਤੇ ਨਾ ਹੀ ਸ਼ਰੀਰ ਵਿਚ ਲਹੂ ਰਿਹਾ ਹੈ।

ਤਨ ਨ ਛੁਟਤ ਦੁਖ ਸੌ ਜਿਯਤ ਜਬ ਤੇ ਪਿਯੋ ਕੁਨੀਰ ॥੫੦॥

ਸ਼ਰੀਰ ਖ਼ਲਾਸ ਨਹੀਂ ਹੁੰਦਾ ਅਤੇ ਦੁਖ ਨਾਲ ਜੀ ਰਿਹਾ ਹਾਂ ਜਦ ਦਾ (ਮੈਂ) ਇਹ ਭੈੜਾ ਜਲ ਪੀ ਲਿਆ ਹੈ ॥੫੦॥

ਚੌਪਈ ॥

ਚੌਪਈ:

ਭਲਾ ਭਯੋ ਅੰਮ੍ਰਿਤ ਯਹ ਪੀਹੈ ॥

ਚੰਗਾ ਹੋਵੇ ਜੇ (ਤੁਸੀਂ ਇਹ) ਅੰਮ੍ਰਿਤ ਪੀ ਲਵੋ।

ਹਮਰੀ ਭਾਤਿ ਬਹੁਤ ਦਿਨ ਜੀਹੈ ॥

ਮੇਰੇ ਵਾਂਗ ਬਹੁਤ ਸਮੇਂ ਤਕ ਜੀਉਂਦੇ ਰਹੋ।

ਸੁਨਿ ਏ ਬਚਨ ਸਿਕੰਦਰ ਡਰਿਯੋ ॥

ਸਿਕੰਦਰ ਇਹ ਗੱਲ ਸੁਣ ਕੇ ਬਹੁਤ ਡਰਿਆ।

ਪਿਯਤ ਹੁਤੋ ਮਧੁ ਪਾਨ ਨ ਕਰਿਯੋ ॥੫੧॥

ਅੰਮ੍ਰਿਤ ਨੂੰ ਪੀਣ ਲਗਿਆ ਸੀ, ਪਰ ਨਾ ਪੀਤਾ ॥੫੧॥

ਦੋਹਰਾ ॥

ਦੋਹਰਾ:

ਅਛਲ ਛੈਲ ਛੈਲੀ ਛਲ੍ਯੋ ਇਹ ਚਰਿਤ੍ਰ ਕੇ ਸੰਗ ॥

ਨ ਛਲੇ ਜਾ ਸਕਣ ਵਾਲੇ ਛੈਲ (ਭਾਵ ਸਿਕੰਦਰ) ਨੂੰ ਇਸਤਰੀ ਨੇ ਇਹ ਚਰਿਤ੍ਰ ਕਰ ਕੇ ਛਲ ਲਿਆ।

ਸੁ ਕਬਿ ਕਾਲ ਤਬ ਹੀ ਭਯੋ ਪੂਰਨ ਕਥਾ ਪ੍ਰਸੰਗ ॥੫੨॥

ਕਵੀ ਕਾਲ ਕਹਿੰਦਾ ਹੈ ਕਿ ਤਦ ਇਹ ਕਥਾ ਪ੍ਰਸੰਗ ਸਮਾਪਤ ਹੋਇਆ ॥੫੨॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੭॥੪੧੮੬॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੧੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੧੭॥੪੧੮੬॥ ਚਲਦਾ॥

ਦੋਹਰਾ ॥

ਦੋਹਰਾ:

ਮਸਹਦ ਕੋ ਰਾਜਾ ਬਡੋ ਚੰਦ੍ਰ ਕੇਤੁ ਰਣਧੀਰ ॥

ਮਸਹਦ ਦਾ ਰਾਜਾ ਚੰਦ੍ਰ ਕੇਤੁ ਬੜਾ ਰਣਧੀਰ ਸੀ

ਦ੍ਵਾਰ ਪਰੇ ਜਾ ਕੇ ਰਹੈ ਦੇਸ ਦੇਸ ਕੇ ਬੀਰ ॥੧॥

ਜਿਸ ਦੇ ਦੁਆਰ ਉਤੇ ਦੇਸਾਂ ਦੇਸਾਂ ਦੇ ਸੂਰਮੇ ਪਏ ਰਹਿੰਦੇ ਸਨ ॥੧॥

ਅੜਿਲ ॥

ਅੜਿਲ:

ਸਸਿ ਧੁਜ ਅਰੁ ਰਵਿ ਕੇਤੁ ਪੂਤ ਤਾ ਕੇ ਭਏ ॥

ਸਸਿ ਧੁਜ ਅਤੇ ਰਵਿ ਕੇਤੁ ਉਸ ਦੇ ਦੋ ਪੁੱਤਰ ਹੋਏ।

ਜਿਨ ਸਮ ਸੁੰਦਰ ਸੂਰ ਨ ਲੋਕ ਤਿਹੂੰ ਠਏ ॥

ਜਿਨ੍ਹਾਂ ਵਰਗਾ ਤਿੰਨਾਂ ਲੋਕਾਂ ਵਿਚ ਕੋਈ ਸੂਰਮਾ ਨਹੀਂ ਸੀ।

ਰਹੀ ਪ੍ਰਭਾ ਤਿਨ ਅਧਿਕ ਜਗਤ ਮੈ ਛਾਇ ਕੈ ॥

ਉਨ੍ਹਾਂ ਦੀ ਪ੍ਰਭਾ ਸਾਰੇ ਜਗਤ ਵਿਚ ਬਹੁਤ ਪਸਰੀ ਹੋਈ ਸੀ।

ਹੋ ਹ੍ਵੈ ਤਾ ਕੇ ਸਸਿ ਸੂਰ ਰਹੇ ਮਿਡਰਾਇ ਕੈ ॥੨॥

(ਉਨ੍ਹਾਂ ਦੀ ਸੁੰਦਰਤਾ ਨੂੰ ਵੇਖਣ ਲਈ) ਸੂਰਜ ਅਤੇ ਚੰਦ੍ਰਮਾ ਵੀ ਮੰਡਰਾਂਦੇ ਰਹਿੰਦੇ ਸਨ ॥੨॥

ਦੋਹਰਾ ॥

ਦੋਹਰਾ:

ਸ੍ਰੀ ਦਿਨ ਕੇਤੁ ਮਤੀ ਰਹੈ ਨ੍ਰਿਪ ਕੀ ਬਾਲ ਅਪਾਰ ॥

ਰਾਜੇ ਦੀ ਪਤਨੀ ਦਿਨ ਕੇਤੁ ਮਤੀ ਅਪਾਰ ਰੂਪ ਵਾਲੀ ਸੀ।

ਅਧਿਕ ਤੇਜ ਤਾ ਕੇ ਰਹੈ ਕੋਊ ਨ ਸਕਤਿ ਨਿਹਾਰਿ ॥੩॥

ਉਸ ਦੇ ਅਧਿਕ ਤੇਜ ਕਰ ਕੇ (ਉਸ ਵਲ) ਕੋਈ ਵੇਖ ਤਕ ਨਹੀਂ ਸੀ ਸਕਦਾ ॥੩॥

ਸ੍ਰੀ ਰਸਰੰਗ ਮਤੀ ਹੁਤੀ ਤਾ ਕੀ ਔਰ ਕੁਮਾਰਿ ॥

ਰਸਰੰਗ ਮਤੀ ਉਸ ਦੀ ਦੂਜੀ ਇਸਤਰੀ ਸੀ।

ਬਸਿ ਰਾਜਾ ਤਾ ਕੋ ਭਯੋ ਨਿਜੁ ਤ੍ਰਿਯ ਦਈ ਬਿਸਾਰਿ ॥੪॥

ਰਾਜਾ ਉਸ ਦੇ ਵਸ ਵਿਚ ਹੋ ਗਿਆ ਅਤੇ ਆਪਣੀ ਇਸਤਰੀ ਭੁਲਾ ਦਿੱਤੀ ॥੪॥

ਚੌਪਈ ॥

ਚੌਪਈ:

ਅਧਿਕ ਰੋਖ ਰਾਨੀ ਤਬ ਭਈ ॥

ਤਦ ਰਾਣੀ ਬਹੁਤ ਕ੍ਰੋਧਿਤ ਹੋ ਗਈ।

ਜਰਿ ਬਰਿ ਆਠ ਟੂਕ ਹ੍ਵੈ ਗਈ ॥

(ਸੌਂਕਣ ਸਾੜੇ) ਕਾਰਨ ਜਲ ਬਲ ਕੇ ਅੱਠ ਟੁਕੜੇ ਹੋ ਗਈ।