ਸ਼੍ਰੀ ਦਸਮ ਗ੍ਰੰਥ

ਅੰਗ - 1063


ਬਡੋ ਮੁਨਾਰ ਉਸਾਰਿ ਤ੍ਰਿਯ ਤਾ ਮੈ ਦਈ ਚਿਨਾਇ ॥੨੮॥

ਅਤੇ ਇਕ ਵੱਡਾ ਮੁਨਾਰਾ ਉਸਾਰ ਕੇ ਉਸ ਵਿਚ ਇਸਤਰੀ ਨੂੰ ਚਿਣਵਾ ਦਿੱਤਾ ॥੨੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪਚਹਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੫॥੩੪੩੫॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੭੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੭੫॥੩੪੩੫॥ ਚਲਦਾ॥

ਅੜਿਲ ॥

ਅੜਿਲ:

ਜਗਬੰਦਨ ਇਕ ਸਾਹੁ ਬਡੋ ਸੁ ਬਖਾਨਿਯੈ ॥

ਜਗਬੰਦਨ ਨਾਂ ਦਾ ਇਕ ਵੱਡਾ ਸ਼ਾਹ ਦਸਿਆ ਜਾਂਦਾ ਸੀ

ਅਪ੍ਰਮਾਨ ਧਨੁ ਜਾ ਕੇ ਧਾਮ ਪ੍ਰਮਾਨਿਯੈ ॥

ਜਿਸ ਦੇ ਘਰ ਬੇਸ਼ੁਮਾਰ ਧਨ ਮੰਨਿਆ ਜਾਂਦਾ ਸੀ।

ਮਤੀ ਸੁ ਬੀਰ ਤ੍ਰਿਯਾ ਸੁਭ ਤਾਹਿ ਭਨਿਜਿਯੈ ॥

ਬੀਰ ਮਤੀ ਉਸ ਦੀ ਚੰਗੀ ਇਸਤਰੀ ਦਸੀ ਜਾਂਦੀ ਸੀ।

ਹੋ ਸਸਿ ਕੌ ਜਾ ਕੀ ਪ੍ਰਭਾ ਬਦਨ ਕੀ ਦਿਜਿਯੈ ॥੧॥

ਉਸ ਦੇ ਮੁਖ ਦੀ ਪ੍ਰਭਾ (ਦੀ ਤੁਲਨਾ) ਚੰਦ੍ਰਮਾ ਨਾਲ ਦਿੱਤੀ ਜਾਂਦੀ ਸੀ ॥੧॥

ਚੌਪਈ ॥

ਚੌਪਈ:

ਤਾ ਕੋ ਨਾਥ ਵਿਲਾਇਤ ਗਯੋ ॥

ਉਸ ਦਾ ਪਤੀ ਵਿਦੇਸ਼ ਗਿਆ ਸੀ

ਆਵਤ ਮਦ੍ਰ ਦੇਸ ਨਹਿ ਭਯੋ ॥

ਪਰ (ਚਿਰ ਤਕ) ਮਦ੍ਰ ਦੇਸ਼ ਨੂੰ ਨਾ ਮੁੜਿਆ।

ਲਿਖਿ ਪਤਿਯਾ ਅਬਲਾ ਬਹੁ ਹਾਰੀ ॥

ਇਸਤਰੀ ਉਸ ਨੂੰ ਚਿੱਠੀਆਂ ਲਿਖ ਲਿਖ ਕੇ ਥਕ ਗਈ,

ਨਿਜੁ ਪਤਿ ਕੀ ਨਹਿ ਪ੍ਰਭਾ ਨਿਹਾਰੀ ॥੨॥

ਪਰ ਉਸ ਨੇ ਆਪਣੇ ਪਤੀ ਦੀ ਸੂਰਤ ਨਾ ਵੇਖੀ ॥੨॥

ਤਿਨ ਤ੍ਰਿਯ ਅਧਿਕ ਉਪਾਇ ਬਨਾਏ ॥

ਉਸ ਇਸਤਰੀ ਨੇ ਬਹੁਤ ਉਪਾ ਕੀਤੇ,

ਤਹ ਹੀ ਰਹੇ ਨਾਥ ਨਹਿ ਆਏ ॥

(ਪਰ) ਪਤੀ ਉਥੇ ਹੀ ਰਿਹਾ, (ਘਰ) ਨਾ ਆਇਆ।

ਲਾਲ ਮਿਲੇ ਬਿਨੁ ਬਾਲ ਕੁਲਾਈ ॥

ਪ੍ਰੀਤਮ ਦੇ ਮਿਲੇ ਬਿਨਾ ਪ੍ਰਿਯਾ ਵਿਆਕੁਲ ਹੋ ਗਈ।

ਸਭ ਧਨ ਲੈ ਸੰਗ ਤਹੀ ਸਿਧਾਈ ॥੩॥

ਸਾਰਾ ਧਨ ਨਾਲ ਲੈ ਕੇ ਉਧਰ ਨੂੰ ਚਲ ਪਈ ॥੩॥

ਚੰਦ੍ਰਭਾਨ ਜਾਟੂ ਬਟਿਹਾਯੋ ॥

ਚੰਦ੍ਰਭਾਨ ਜਾਟੂ ਨਾਂ ਦਾ ਇਕ ਧਾੜਵੀ ('ਬਟਿਹਾਯੋ') ਸੀ।

ਲੂਟਨ ਮਾਲ ਬਾਲ ਕੋ ਆਯੋ ॥

(ਉਹ ਉਸ) ਇਸਤਰੀ ਦਾ ਮਾਲ ਲੁਟਣ ਲਈ ਆਇਆ।

ਜੋ ਕਰ ਚੜਿਯੋ ਛੀਨਿ ਸਭ ਲੀਨੋ ॥

ਜੋ ਹੱਥ ਲਗਾ ਸਭ ਖੋਹ ਲਿਆ।

ਰੰਚ ਕੰਚ ਤਿਹ ਰਹਨ ਨ ਦੀਨੋ ॥੪॥

ਉਸ ਕੋਲ ਕੁਝ ਵੀ ਨਾ ਰਹਿਣ ਦਿੱਤਾ ॥੪॥

ਭੁਜੰਗ ਛੰਦ ॥

ਭੁਜੰਗ ਛੰਦ:

ਜਬੈ ਮਾਲ ਕੋ ਲੂਟਿ ਕੈ ਕੈ ਸਿਧਾਏ ॥

ਜਦ ਉਹ (ਬਟਮਾਰ ਤੇ ਉਸ ਦੇ ਸਾਥੀ) ਮਾਲ ਲੁਟ ਕੇ ਚਲ ਪਏ।

ਤਬੈ ਕੂਕਿ ਕੈ ਨਾਰਿ ਬੈਨ੍ਰਯੋ ਸੁਨਾਏ ॥

ਤਦ ਉਸ ਇਸਤਰੀ ਨੇ ਕੂਕ ਕੇ ਕਿਹਾ,

ਸੁਨੋ ਬੈਨ ਭਾਈ ਇਹੈ ਕਾਜ ਕੀਜੋ ॥

ਹੇ ਭਰਾਵੋ! ਗੱਲ ਸੁਣੋ, ਇਹ ਕੰਮ ਕਰੋ।

ਰਹੋ ਹ੍ਯਾਂ ਨਹੀ ਦੂਰਿ ਕੋ ਪੈਂਡ ਲੀਜੋ ॥੫॥

ਇਥੇ ਨਾ ਰਹੋ, ਦੂਰ ਦਾ ਰਾਹ ਪਕੜੋ ॥੫॥

ਚੌਪਈ ॥

ਚੌਪਈ:

ਜੌ ਇਹ ਬਾਤ ਨਾਥ ਸੁਨਿ ਲੈਹੈ ॥

ਜੇ ਇਹ ਗੱਲ ਮੇਰਾ ਪਤੀ ਸੁਣ ਲਵੇਗਾ

ਤੁਮ ਤੇ ਜਾਨ ਏਕ ਨਹਿ ਦੈਹੈ ॥

ਤਾਂ ਤੁਹਾਡੇ ਵਿਚੋਂ ਇਕ ਨੂੰ ਵੀ ਜਾਣ ਨਹੀਂ ਦੇਵੇਗਾ।

ਲੈਹੈ ਛੀਨਿ ਤਰੇ ਕੇ ਘੋਰਾ ॥

(ਉਹ) ਤੇਰੇ ਹੇਠ ਦਾ ਘੋੜਾ ਵੀ ਖੋਹ ਲਏਗਾ।

ਤੁਮਰੋ ਰਹਿਯੋ ਜਿਯਬ ਜਗ ਥੋਰਾ ॥੬॥

(ਮੈਨੂੰ ਇੰਜ ਲਗਦਾ ਹੈ ਕਿ) ਤੇਰਾ ਜਗਤ ਵਿਚ ਜੀਉਣਾ ਥੋੜਾ ਹੀ ਰਹਿ ਗਿਆ ਹੈ ॥੬॥

ਇਨ ਇਹ ਬਾਤ ਚਿਤ ਨਹਿ ਆਨੀ ॥

ਇਨ੍ਹਾਂ ਨੇ ਇਹ ਗੱਲ ਚਿਤ ਵਿਚ ਨਾ ਲਿਆਂਦੀ।

ਮੂੜ ਤ੍ਰਿਯਾ ਬਰਰਾਤ ਪਛਾਨੀ ॥

(ਅਤੇ ਇਸ ਨੂੰ) ਮੂਰਖ ਇਸਤਰੀ ਦਾ ਬੁੜਬੁੜਾਉਣਾ ਸਮਝਿਆ।

ਯਾ ਕੋ ਨਾਥ ਹਮਰ ਕਾ ਕਰਿ ਹੈ ॥

ਇਸ ਦਾ ਪਤੀ ਸਾਡਾ ਕੀ ਕਰ ਲਏਗਾ।

ਸਹਸ ਸ੍ਵਾਰ ਕੋ ਏਕ ਸੰਘਾਰਿ ਹੈ ॥੭॥

ਹਜ਼ਾਰ ਸਵਾਰਾਂ ਨੂੰ (ਉਹ) ਇਕਲਾ ਮਾਰ ਦੇਵੇਗਾ ॥੭॥

ਲੂਟਿ ਸਕਲ ਧਨੁ ਜਬੈ ਸਿਧਾਏ ॥

ਜਦ ਉਹ ਸਾਰਾ ਧਨ ਲੁਟ ਕੇ ਚਲੇ ਗਏ

ਤਬ ਅਬਲਾ ਨਰ ਬਸਤ੍ਰ ਬਨਾਏ ॥

ਤਦ ਇਸਤਰੀ ਨੇ ਪੁਰਸ਼ ਦੇ ਬਸਤ੍ਰ ਧਾਰਨ ਕਰ ਲਏ।

ਕਟਿ ਸੋ ਕਸਿ ਕ੍ਰਿਪਾਨ ਤਿਯ ਲੀਨੀ ॥

ਉਸ ਨੇ ਲਕ ਨਾਲ ਕ੍ਰਿਪਾਨ ਕਸ ਲਈ

ਕਸਿਸ ਕਮਾਨ ਕਰੈਰੀ ਕੀਨੀ ॥੮॥

ਅਤੇ ਕਠੋਰ ਕਮਾਨ ਖਿਚ ਲਈ ॥੮॥

ਅਰੁਨ ਤੁਰੰਗ ਅਰੂੜਿਤ ਭਈ ॥

ਉਹ ਲਾਲ ਘੋੜੇ ਉਤੇ ਚੜ ਬੈਠੀ

ਪਵਨ ਗਵਨ ਤੇ ਸੀਘ੍ਰ ਸਿਧਈ ॥

ਅਤੇ ਪੌਣ ਦੀ ਗਤੀ ਨਾਲੋਂ ਵੀ ਜਲਦੀ ਚਲ ਪਈ।

ਜਾਇ ਸ੍ਵਾਰ ਤ੍ਰਿਯ ਸਹੰਸ੍ਰ ਹੰਕਾਰੋ ॥

ਜਾ ਕੇ ਉਸ ਇਸਤਰੀ ਨੇ ਹਜ਼ਾਰ ਸਵਾਰਾਂ ਨੂੰ ਵੰਗਾਰਿਆ

ਕੈ ਧਨੁ ਦੇਹੁ ਕਿ ਸਸਤ੍ਰ ਸੰਭਾਰੋ ॥੯॥

ਕਿ ਜਾਂ ਤਾਂ ਧਨ ਦੇ ਦਿਓ ਜਾਂ ਫਿਰ ਹਥਿਆਰ ਪਕੜ ਲਵੋ ॥੯॥

ਸਭਹਿਨ ਕੋਪ ਬੈਨ ਸੁਨਿ ਕੀਨੋ ॥

ਸਭ ਨੇ (ਇਹ) ਬੋਲ ਸੁਣ ਕੇ ਬਹੁਤ ਗੁੱਸਾ ਕੀਤਾ

ਤਾ ਕੌ ਅਧਿਕ ਗਾਰਿਯਨ ਦੀਨੋ ॥

ਅਤੇ ਉਸ ਨੂੰ ਬਹੁਤ ਗਾਲ੍ਹੀਆਂ ਦਿੱਤੀਆਂ।

ਤੋ ਤੇ ਮੂੜ ਕਹਾ ਹਮ ਡਰਿ ਹੈ ॥

ਹੇ ਮੂਰਖ! ਤੇਰੇ ਤੋਂ ਕੀ ਅਸੀਂ ਡਰ ਜਾਈਏ

ਸਹਸ ਸ੍ਵਾਰ ਏਕਲ ਤੇ ਟਰਿ ਹੈ ॥੧੦॥

ਅਤੇ ਇਕ ਹਜ਼ਾਰ ਸਵਾਰ ਤੇਰੇ ਇਕਲੇ ਤੋਂ ਭਜ ਜਾਈਏ ॥੧੦॥

ਗਹਿ ਧਨੁ ਹਾਥ ਕੋਪ ਤ੍ਰਿਯ ਭਰੀ ॥

ਹੱਥ ਵਿਚ ਧਨੁਸ਼ ਫੜ ਕੇ ਇਸਤਰੀ ਕ੍ਰੋਧ ਨਾਲ ਭਰ ਗਈ

ਤੁਰੈ ਧਵਾਇ ਉਠਵਨੀ ਕਰੀ ॥

ਅਤੇ ਘੋੜਾ ਦੌੜਾ ਕੇ ਧਾਵਾ ('ਉਠਵਨੀ') ਕਰ ਦਿੱਤਾ।

ਏਕ ਬਿਸਿਖ ਕਰਿ ਕੋਪ ਚਲਯੋ ॥

ਕ੍ਰੋਧਿਤ ਹੋ ਕੇ ਇਕ ਤੀਰ ਚਲਾਇਆ