ਤਦੋਂ ਇਕ ਦੈਂਤ ਘੋੜੇ ਉਤੇ ਸਵਾਰ ਹੋ ਕੇ ਸ਼ੁੰਭ ਕੋਲ ਭਜ ਕੇ ਗਿਆ ॥੨੦੩॥
ਉਸ ਨੇ ਆ ਕੇ ਸ਼ੁੰਭ ਕੋਲ ਯੁੱਧ ਦੀ ਸਾਰੀ ਵਾਰਤਾ ਕਹੀ
(ਕਿ ਜਦੋਂ) ਤੇਰੇ ਭਰਾ (ਨਿਸ਼ੁੰਭ) ਨੂੰ (ਦੇਵੀ ਨੇ) ਮਾਰ ਲਿਆ, ਤਦੋਂ ਸਾਰੇ ਦੈਂਤ (ਰਣ-ਭੂਮੀ) ਵਿਚੋਂ ਭਜ ਆਏ ॥੨੦੪॥
ਸ੍ਵੈਯਾ:
ਸ਼ੁੰਭ ਨੇ ਨਿਸ਼ੁੰਭ ਦਾ ਮਾਰਿਆ ਜਾਣਾ ਸੁਣਿਆ (ਤਾਂ ਉਸ) ਬਲਵਾਨ ਦੇ ਚਿਤ ਵਿਚ ਕ੍ਰੋਧ ਭਰ ਗਿਆ।
(ਉਹ) ਹਾਥੀਆਂ ਅਤੇ ਘੋੜਿਆਂ ਦੇ ਸਮੂਹ ਨੂੰ ਸਜਾ ਕੇ ਚੜ੍ਹ ਚਲਿਆ ਅਤੇ ਦੈਂਤਾਂ ਦੇ ਦਲ ਨਾਲ ਲੈ ਕੇ ਰਣ-ਭੂਮੀ ਵਿਚ ਆ ਡਟਿਆ।
(ਉਸ) ਭਿਆਨਕ ਯੁੱਧਭੂਮੀ ਵਿਚ ਪਈਆਂ ਲੋਥਾਂ ਅਤੇ ਲਹੂ ਦੇ ਛਪੜ (ਸਮੂਹ) ਨੂੰ ਵੇਖ ਕੇ (ਰਾਜਾ ਸ਼ੁੰਭ ਆਪਣੇ ਮਨ ਵਿਚ) ਬਹੁਤ ਹੈਰਾਨ ਹੋਇਆ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ (ਲਹੂ ਨਾਲ ਭਰੀ) ਸਰਸਵਤੀ ਨਦੀ ਉਮਡ ਕੇ ਸਾਗਰ ਦੇ ਜਲ ਵਿਚ ਮਿਲਣ ਜਾ ਰਹੀ ਹੋਵੇ ॥੨੦੫॥
ਪ੍ਰਚੰਡ ਚੰਡੀ, ਸ਼ੇਰ, ਕਾਲੀ ਅਤੇ ਦੇਵ-ਸ਼ਕਤੀਆਂ ਨੇ ਮਿਲ ਕੇ ਯੁੱਧ ਕੀਤਾ ਹੈ।
'ਇਨ੍ਹਾਂ ਨੇ ਦੈਂਤਾਂ ਦੀ ਸਾਰੀ ਸੈਨਾ ਮਾਰ ਦਿੱਤੀ ਹੈ। ' ਇਹ ਕਹਿ ਕੇ (ਸ਼ੁੰਭ ਦਾ) ਮਨ ਕ੍ਰੋਧ ਨਾਲ ਭਰ ਗਿਆ।
ਭਰਾ (ਨਿਸ਼ੁੰਭ) ਦਾ ਪਿਆ ਹੋਇਆ ਧੜ ਵੇਖ ਕੇ ਦੁਖ ਨਾਲ (ਉਸ ਨੇ) ਅਗੇ ਪੈਰ ਨਹੀਂ ਧਰਿਆ।
(ਉਹ ਇਤਨਾ) ਭੈ ਭੀਤ ਹੋ ਗਿਆ ਕਿ (ਅਗੇ) ਚਲ ਨਾ ਸਕਿਆ, (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਚਿਤਰੇ ਨੂੰ ਲੰਗ ਪੈ ਗਿਆ ਹੋਵੇ ॥੨੦੬॥
ਜਦੋਂ ਫਿਰ ਸ਼ੁੰਭ ਨੇ ਫ਼ੌਜ ਨੂੰ ਹੁਕਮ ਦਿੱਤਾ ਤਦੋਂ ਬਹੁਤ ਸਾਰੇ ਦੈਂਤ ਮੰਨ ਕੇ (ਯੁੱਧ ਨੂੰ) ਚਲ ਪਏ।
ਵਡੇ ਵਡੇ ਹਾਥੀਆਂ ਅਤੇ ਘੋੜਿਆਂ ਦੇ ਸਵਾਰ, ਰਥਾਂ ਵਾਲੇ, ਰਥ ਅਤੇ ਪੈਦਲ ਸੈਨਾ (ਦੀ ਕੌਣ) ਗਿਣਤੀ ਕਰ ਸਕਦਾ ਹੈ।
ਵੱਡੇ ਸ਼ਰੀਰਾਂ ਵਾਲੇ ਦੈਂਤਾਂ ਨੇ ਉਥੇ ਚੌਹਾਂ ਪਾਸਿਆਂ ਤੋਂ ਮਹਾਨ ਚੰਡੀ ਨੂੰ ਘੇਰ ਲਿਆ ਹੈ
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਉਮਡੇ ਹੋਏ ਘਣੇ ਬਦਲਾਂ ਦੀਆਂ ਗਜਦੀਆਂ ਹੋਈਆਂ ਘਟਾਵਾਂ ਨੇ ਸੂਰਜ ਨੂੰ ਢਕ ਲਿਆ ਹੋਵੇ ॥੨੦੭॥
ਦੋਹਰਾ:
ਜਦੋਂ ਚੌਹਾਂ ਪਾਸਿਆਂ ਤੋਂ ਘੇਰਾ ਪੈ ਗਿਆ ਤਦੋਂ ਚੰਡੀ ਨੇ ਇਹ ਕੰਮ ਕੀਤਾ
ਕਿ ਹਸ ਕੇ ਕਾਲੀ ਨੂੰ ਕਿਹਾ ਅਤੇ ਅੱਖਾਂ ਨਾਲ ਸੰਕੇਤ ਕਰ ਦਿੱਤਾ ॥੨੦੮॥
ਕਬਿੱਤ:
(ਚੰਡੀ ਦੇ ਸੰਕੇਤ ਕਰਨ ਤੇ) ਕਾਲੀ ਨੇ ਕ੍ਰੋਧ ਕਰ ਕੇ ਕਿਤਨੇ ਹੀ ਮਾਰ ਦਿੱਤੇ, ਕਿਤਨੇ ਹੀ ਚਬ ਸੁਟੇ ਅਤੇ ਕਿਤਨੇ ਹੀ (ਚੁਕ ਕੇ) ਪਰੇ ਸੁਟ ਦਿੱਤੇ।
ਵਡੇ ਵਡੇ ਹਾਥੀ ਅਤੇ ਘੋੜੇ ਤਾਂ ਨਹੁੰਆਂ ਨਾਲ ਚੀਰ ਸੁਟੇ। ਅਜਿਹਾ ਭਿਆਨਕ ਯੁੱਧ ਅਗੇ ਕਦੇ ਵੀ ਨਹੀਂ ਹੋਇਆ ਸੀ।
ਬਹੁਤ ਸੂਰਮੇ ਭਜ ਚਲੇ, ਕਿਸੇ ਨੂੰ ਸ਼ਰੀਰ ਦੀ ਵੀ ਸੁਧ ਨਾ ਰਹੀ। (ਅਜਿਹੀ) ਹਲਚਲ ਮਚੀ ਕਿ (ਅਨੇਕ ਸੂਰਮੇ) ਆਪਸ ਵਿਚ ਹੀ (ਇਕ ਦੂਜੇ ਦੇ ਹੇਠਾਂ ਆ ਕੇ) ਦਬ ਕੇ ਮਰ ਗਏ।
ਦੇਵਤਿਆਂ ਦਾ ਰਾਜਾ ਇੰਦਰ (ਦੈਂਤਾਂ ਨੂੰ ਮਰਦਾ) ਵੇਖ ਕੇ ਮਨ ਵਿਚ ਪ੍ਰਸੰਨ ਹੋਇਆ ਅਤੇ ਦੇਵਤਿਆਂ ਦੇ ਸਾਰੇ ਟੋਲਿਆਂ ਨੂੰ ਬੁਲਾ ਬੁਲਾ ਕੇ ਜੈ ਜੈ ਕਾਰ ਕਰਨ ਲਗਾ ॥੨੦੯॥
ਸਾਰਿਆਂ ਦੈਂਤਾਂ ਨੂੰ ਕ੍ਰੋਧਵਾਨ ਹੋ ਕੇ ਰਾਜਾ ਸ਼ੁੰਭ ਨੇ ਕਿਹਾ ਕਿ ਕਾਲੀ ਨੇ ਅਜਿਹਾ ਯੁੱਧ ਕੀਤਾ ਹੈ ਅਤੇ ਸੂਰਮਿਆਂ ਨੂੰ ਮਾਰ ਸੁਟਿਆ ਹੈ।
(ਸ਼ੁੰਭ ਨੇ ਆਪਣੇ) ਬਲ ਨੂੰ ਸੰਭਾਲ ਕੇ ਹੱਥ ਵਿਚ ਤਲਵਾਰ ਅਤੇ ਢਾਲ ਪਕੜ ਲਈ ਅਤੇ 'ਮਾਰੋ' 'ਮਾਰੋ' ਬੋਲਦਾ ਯੁੱਧ-ਭੂਮੀ ਵਿਚ ਵੜ ਗਿਆ।
ਮਹਾਨ ਬਲਵਾਨ ਅਤੇ ਧੀਰਜਵਾਨ ਯੋਧੇ ਆਪਣੇ ਆਪਣੇ ਸ਼ਸਤ੍ਰ ਸੰਭਾਲ ਕੇ ਸ਼ੁੰਭ ਦੇ ਨਾਲ ਤੁਰ ਪਏ।
ਦੈਂਤ ਇਸ ਤਰ੍ਹਾਂ ਚਲ ਪਏ ਮਾਨੋ ਸੂਰਜ-ਮੰਡਲ ਨੂੰ ਲੁਕੋਣ ਲਈ ਟਿਡੀ ਦਲ ਖੰਭ ਧਾਰਨ ਕਰ ਕੇ ਉਡਿਆ ਜਾ ਰਿਹਾ ਹੋਵੇ ॥੨੧੦॥
ਸ੍ਵੈਯਾ:
ਦੈਂਤ (ਸ਼ੁੰਭ) ਦੀ ਬਲਵਾਨ ਸੈਨਾ ਨੂੰ ਵੇਖ ਕੇ ਪ੍ਰਚੰਡ ਚੰਡੀ ਨੇ (ਆਪਣੇ) ਵਾਹਨ (ਸ਼ੇਰ) ਨੂੰ (ਇਸ ਤਰ੍ਹਾਂ) ਘੁੰਮਾਇਆ
ਕਿ ਉਸ ਦੇ ਸਮਾਨ ਆਤਸ਼ਬਾਜ਼ੀ ਦੀ ਚੱਕਰੀ, ਵਾਵਰੋਲੇ ਦੀ ਹਵਾ, (ਰਾਜ ਸਿੰਘਾਸਨ ਦਾ) ਛੱਤਰ ਅਤੇ (ਸ਼ਸਤ੍ਰ) ਤੇਜ਼ ਕਰਨ ਵਾਲੀ ਸਾਣ ਵੀ (ਨਹੀਂ ਘੁੰਮ ਸਕਦੀ)।
ਉਸ ਰਣ-ਭੂਮੀ ਵਿਚ ਉਹ (ਸ਼ੇਰ) ਇਸ ਤਰ੍ਹਾਂ ਫਿਰਿਆ ਹੈ ਕਿ ਨਦੀ ਦੇ ਭੰਵਰ ਨੂੰ ਵੀ ਉਸ ਦੇ ਸਮਾਨ ਨਹੀਂ ਕਿਹਾ ਜਾ ਸਕਦਾ।
(ਇਸ ਸੰਬੰਧ ਵਿਚ) ਹੋਰ (ਤਾਂ ਕੋਈ) ਉਪਮਾ ਪੈਦਾ ਨਹੀਂ ਹੋਈ (ਪਰ ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਦੋਹਾਂ ਪਾਸੇ ਸ਼ੇਰ ਦਾ ਹੀ ਮੂੰਹ ਹੋਵੇ ॥੨੧੧॥
ਤਦੋਂ ਦੈਂਤਾਂ ਦੇ ਵਡੇ ਸਮੂਹ ਨਾਲ ਪ੍ਰਚੰਡ ਚੰਡੀ ਦਾ ਭਾਰੀ ਯੁੱਧ ਹੋਇਆ।
(ਦੈਂਤਾਂ ਦੀ) ਬੇਹਿਸਾਬੀ ਸੈਨਾ ਨੂੰ ਵੰਗਾਰ ਕੇ, ਖ਼ਬਰਦਾਰ ਅਤੇ ਸਾਵਧਾਨ ਕਰ ਕੇ ਕਾਲੀ ਨੇ ਰਣ ਵਿਚ ਨਸ਼ਟ ਕਰ ਦਿੱਤਾ।
ਉਥੇ ਚਾਰ ਸੌ ਕੋਹਾਂ ਤਕ ਯੁੱਧ-ਭੂਮੀ ਬਣ ਗਈ ਸੀ, ਉਸ (ਦ੍ਰਿਸ਼) ਨੂੰ ਵੇਖ ਕੇ ਕਵੀ ਨੇ (ਇਹ) ਉਪਮਾ ਵਿਚਾਰੀ ਹੈ
ਕਿ (ਅਜੇ) ਇਕ ਘੜੀ ਵੀ ਪੂਰੀ ਨਹੀਂ ਗੁਜ਼ਰੀ ਸੀ ਕਿ ਧਰਤੀ ਉਤੇ ਬਲਵਾਨ (ਦੈਂਤ) (ਇਸ ਤਰ੍ਹਾਂ) ਡਿਗੇ ਹਨ ਜਿਸ ਤਰ੍ਹਾਂ ਪਤਝੜ (ਵਿਚ ਪੱਤਰ ਡਿਗਦੇ ਹਨ) ॥੨੧੨॥
(ਜਦੋਂ) ਚਤੁਰੰਗਣੀ ਸੈਨਾ ਮਾਰੀ ਗਈ ਤਦੋਂ ਸ਼ੁੰਭ ਚੰਡੀ ਦੇ ਅਗੇ ਆ ਡਟਿਆ।
(ਉਸ ਵੇਲੇ) ਸਾਰੀ ਧਰਤੀ ਉਤੇ ਹਲਚਲ ਮਚ ਗਈ ਅਤੇ ਸ਼ਿਵ ਸ਼ੇਰ ਦੀ ਖਲ ਦੇ ਆਸਣ (ਹਰਿ ਆਸਨ) ਤੋਂ ਉਠ ਕੇ ਨਸ ਪਿਆ।
ਡਰ ਨਾਲ ਸ਼ਿਵ ਦੇ ਗਲੇ ਦਾ ਹਾਰ (ਰੂਪੀ ਸੱਪ) ਸੁਕ ਗਿਆ ਅਤੇ ਦਿਲ ਵਿਚ ਬਹੁਤ ਡਰ ਪੈਦਾ ਹੋ ਜਾਣ ਕਾਰਨ ਸੁੰਗੜ ਗਿਆ।
(ਉਹ ਸੱਪ) ਗਲੇ ਨਾਲ ਇਸ ਤਰ੍ਹਾਂ ਚੰਬੜ ਗਿਆ ਹੈ ਮਾਨੋ ਮੁੰਡਾਂ ਦੀ ਮਾਲਾ ਦਾ ਧਾਗਾ ਹੋਵੇ ॥੨੧੩॥
ਚੰਡੀ ਦੇ ਸਾਹਮਣੇ ਆ ਕੇ ਸ਼ੁੰਭ (ਦੈਂਤ) ਨੇ ਮੁਖ ਤੋਂ (ਇਹ) ਕਿਹਾ ਕਿ ਸਾਰੀ ਗੱਲ ਮੈ ਜਾਣ ਲਈ ਹੈ।
(ਹੇ ਚੰਡੀ! ਤੂੰ) ਕਾਲੀ ਸਮੇਤ ਸਾਰੀਆਂ ਸ਼ਕਤੀਆਂ ਨੂੰ ਨਾਲ ਮਿਲਾ ਕੇ ਸਾਰੇ ਦਲਾਂ ਦੇ ਬਾਨੀਆਂ (ਮੁਖੀਆਂ) ਨੂੰ ਨਸ਼ਟ ਕਰ ਦਿੱਤਾ ਹੈ।
(ਇਹ ਸੁਣ ਕੇ) ਚੰਡੀ ਨੇ ਮੂੰਹ ਤੋਂ ਉਨ੍ਹਾਂ (ਸਾਰੀਆਂ ਸ਼ਕਤੀਆਂ) ਨੂੰ ਕਿਹਾ (ਕਿ ਮੇਰੇ ਵਿਚ ਸਮਾ ਜਾਉ) ਅਤੇ ਉਹ ਉਸੇ ਵੇਲੇ ਚੰਡੀ ਦੇ ਵਿਚ ਸਮਾ ਗਈਆਂ
ਜਿਵੇਂ ਬਰਖਾ ਦੀਆਂ ਬਹੁਤ ਬੂੰਦਾਂ ਦਾ ਜਲ ਨਦੀ ਦੇ ਪ੍ਰਵਾਹ ਵਿਚ ਮਿਲ ਜਾਂਦਾ ਹੈ ॥੨੧੪॥
ਮਹਾਨ ਚੰਡੀ ਨੇ ਯੁੱਧ-ਭੂਮੀ ਵਿਚ ਬਲ ਪੂਰਵਕ ਕਟਾਰ ('ਜਮਦਾੜ') ਲੈ ਕੇ ਉਸ ਉਤੇ ਚਲਾਈ।
(ਉਹ ਕਟਾਰ) ਵੈਰੀ ਦੀ ਛਾਤੀ ਵਿਚ ਧਸ ਗਈ। ਉਸ ਦੇ ਲਹੂ ਨਾਲ ਜੋਗਣਾਂ ਪੂਰੀ ਤਰ੍ਹਾਂ ਰਜ ਗਈਆਂ।
(ਉਸ) ਦੀਰਘ ਯੁੱਧ ਨੂੰ ਵੇਖ ਕੇ ਕਵੀਸ਼ਰ ਦੇ ਮਨ ਵਿਚ ਇਹ ਵਿਚਾਰ ('ਬੁਧਿ') ਆਇਆ