ਸ਼੍ਰੀ ਦਸਮ ਗ੍ਰੰਥ

ਅੰਗ - 1249


ਤਾ ਸੌ ਪ੍ਰਥਮੈ ਬ੍ਯਾਹ ਕਰਾਯੋ ॥

ਅਤੇ ਪਹਿਲਾਂ ਉਸ ਨਾਲ ਵਿਆਹ ਕਰਾਇਆ।

ਬਹੁਰੌ ਬ੍ਯਾਹਿ ਤਾਹਿ ਲੈ ਗਯੋ ॥

ਫਿਰ ਉਸ (ਅਵਧੂਤ ਕੰਨਿਆ) ਨੂੰ ਵਿਆਹ ਕੇ ਲੈ ਗਿਆ।

ਅਸਿ ਚਰਿਤ੍ਰ ਚੰਚਲਾ ਦਿਖਯੋ ॥੧੯॥

ਇਸ ਤਰ੍ਹਾਂ ਦਾ ਚਰਿਤ੍ਰ ਉਸ ਇਸਤਰੀ ਨੇ ਵਿਖਾਇਆ ॥੧੯॥

ਪ੍ਰਥਮਹਿ ਪਾਰ ਸਮੁੰਦ ਕੈ ਗਈ ॥

ਪਹਿਲਾਂ ਸਮੁੰਦਰ ਦੇ ਪਾਰ ਗਈ

ਰਾਜ ਸੁਤਹਿ ਹਰਿ ਲ੍ਯਾਵਤ ਭਈ ॥

ਅਤੇ (ਉਥੋਂ) ਰਾਜ ਕੁਮਾਰੀ ਨੂੰ ਭਜਾ ਲਿਆਈ।

ਬਹੁਰੌ ਮਨ ਭਾਵਤ ਪਤਿ ਕਰਿਯੋ ॥

ਫਿਰ ਮਨ ਭਾਉਂਦੇ ਪਤੀ ਨੂੰ ਪ੍ਰਾਪਤ ਕੀਤਾ।

ਤ੍ਰਿਯਾ ਚਰਿਤ੍ਰ ਨ ਜਾਤ ਬਿਚਰਿਯੋ ॥੨੦॥

ਤ੍ਰੀਆ ਚਰਿਤ੍ਰ ਨੂੰ ਵਿਚਾਰਿਆ ਨਹੀਂ ਜਾ ਸਕਦਾ ॥੨੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋ ਸੌ ਨੰਨ੍ਰਯਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੯॥੫੭੮੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੯੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੯੯॥੫੭੮੯॥ ਚਲਦਾ॥

ਚੌਪਈ ॥

ਚੌਪਈ:

ਸੀਸਸਾਰ ਕੇਤੁ ਇਕ ਰਾਜਾ ॥

ਸੀਸਸਾਰ ਕੇਤੁ ਨਾਂ ਦਾ ਇਕ ਰਾਜਾ ਸੀ

ਜਾ ਸੋ ਬਿਧਿ ਦੂਸਰ ਨ ਸਾਜਾ ॥

ਜਿਸ ਵਰਗਾ ਵਿਧਾਤਾ ਨੇ ਦੂਜਾ ਨਹੀਂ ਸਾਜਿਆ ਸੀ।

ਸੀਸੈ ਸਾਰ ਦੇਇ ਤਿਹ ਰਾਨੀ ॥

ਸੀਸੈ ਸਾਰ ਦੇਈ ਨਾਂ ਦੀ ਉਸ ਦੀ ਰਾਣੀ ਸੀ।

ਜਾ ਸਮ ਦੂਸਰ ਹ੍ਵੈ ਨ ਬਖਾਨੀ ॥੧॥

ਜਿਸ ਵਰਗੀ ਸੁੰਦਰ ਹੋਰ ਕੋਈ ਨਹੀਂ ਕਹੀ ਜਾ ਸਕਦੀ ॥੧॥

ਤਾ ਸੌ ਅਧਿਕ ਨ੍ਰਿਪਤਿ ਕੀ ਪ੍ਰੀਤਾ ॥

ਉਸ ਨਾਲ ਰਾਜੇ ਦਾ ਬਹੁਤ ਪਿਆਰ ਸੀ।

ਨਿਸ ਦਿਨ ਰਹੈ ਤਰੁਨਿ ਮੈ ਚੀਤਾ ॥

ਰਾਤ ਦਿਨ (ਉਹ) ਇਸਤਰੀ (ਉਸ ਦੇ) ਚਿਤ ਵਿਚ ਰਹਿੰਦੀ ਸੀ।

ਕਿਤਕ ਦਿਨਨ ਰਾਨੀ ਮਰਿ ਗਈ ॥

ਕੁਝ ਸਮੇਂ ਬਾਦ ਰਾਣੀ ਮਰ ਗਈ

ਰਾਜਾ ਕੀ ਉਦਾਸ ਮਤਿ ਭਈ ॥੨॥

ਅਤੇ ਰਾਜੇ ਦੀ ਬੁੱਧੀ ਉਦਾਸ ਹੋ ਗਈ ॥੨॥

ਅਵਰ ਨਾਰਿ ਕੀ ਓਰ ਨ ਹੇਰੈ ॥

ਹੋਰ ਕਿਸੇ ਇਸਤਰੀ ਵਲ ਨਹੀਂ ਵੇਖਦਾ ਸੀ।

ਭੂਲ ਨ ਜਾਤ ਕਿਸੀ ਕੇ ਡੇਰੈ ॥

ਭੁਲ ਕੇ ਵੀ ਕਿਸੇ ਦੇ ਡੇਰੇ ਨਹੀਂ ਜਾਂਦਾ ਸੀ।

ਨਾਰੀ ਔਰ ਅਧਿਕ ਦੁਖ ਪਾਵੈ ॥

ਹੋਰ ਇਸਤਰੀਆਂ ਬਹੁਤ ਦੁਖੀ ਸਨ

ਨਾਥ ਮਿਲੇ ਬਿਨੁ ਮੈਨ ਸੰਤਾਵੈ ॥੩॥

ਕਿਉਂਕਿ ਨਾਥ ਨੂੰ ਮਿਲੇ ਬਿਨਾ (ਉਨ੍ਹਾਂ ਨੂੰ) ਕਾਮ ਸਤਾਉਂਦਾ ਸੀ ॥੩॥

ਮਿਲਿ ਬੈਠੀ ਇਕ ਦਿਨ ਸਭ ਰਾਨੀ ॥

ਇਕ ਦਿਨ ਸਾਰੀਆਂ ਰਾਣੀਆਂ ਇਕੱਠੀਆਂ ਹੋਈਆਂ

ਆਪੁ ਬਿਖੈ ਮਿਲਿ ਕਰਤ ਕਹਾਨੀ ॥

ਅਤੇ ਆਪਸ ਵਿਚ ਗੱਲਾਂ ਕਰਨ ਲਗੀਆਂ।

ਇਹ ਜੜ ਪਤਿ ਮਤਿ ਕਿਨ ਹਰਿ ਲਈ ॥

ਇਸ ਮੂਰਖ ਪਤੀ ਦੀ ਅਕਲ (ਪਤਾ ਨਹੀਂ) ਕਿਸ ਨੇ ਹਰ ਲਈ ਹੈ।

ਕਹਾ ਭਯੋ ਰਾਨੀ ਮਰਿ ਗਈ ॥੪॥

ਕੀ ਹੋਇਆ ਜੇ ਰਾਣੀ ਮਰ ਗਈ ਹੈ ॥੪॥

ਏਤੋ ਸੋਕ ਕਿਯੋ ਜਾ ਕੋ ਇਹ ॥

ਉਸ ਦਾ ਇਸ (ਰਾਜੇ) ਨੇ ਇਤਨਾ ਦੁਖ ਮੰਨਾਇਆ ਹੈ

ਮਤਿ ਹਰਿ ਲਈ ਕਹਾ ਯਾ ਕੀ ਤਿਹ ॥

ਕਿ ਉਸ ਨੇ ਕਿਤੇ ਇਸ ਦੀ ਅਕਲ ਹੀ ਖੋਹ ਲਈ ਹੈ।

ਹ੍ਵੈ ਹੈ ਤ੍ਰਿਯਾ ਨ੍ਰਿਪਨ ਕੇ ਘਨੀ ॥

ਰਾਜਿਆਂ ਦੇ ਘਰ ਬਹੁਤ ਇਸਤਰੀਆਂ ਹੁੰਦੀਆਂ ਹਨ।

ਸਦਾ ਸਲਾਮਤਿ ਚਹਿਯਤ ਧਨੀ ॥੫॥

(ਬਸ) ਪਤੀ ਸਦਾ ਸਲਾਮਤ ਰਹਿਣਾ ਚਾਹੀਦਾ ਹੈ ॥੫॥

ਸਖੀ ਏਕ ਸ੍ਯਾਨੀ ਤਹ ਅਹੀ ॥

ਉਥੇ ਇਕ ਸਿਆਣੀ ਸਖੀ ਸੀ।

ਤਿਹ ਇਹ ਭਾਤਿ ਬਿਹਸਿ ਕਰਿ ਕਹੀ ॥

ਉਹ ਹਸ ਕੇ ਇਸ ਤਰ੍ਹਾਂ ਕਹਿਣ ਲਗੀ,

ਮੈ ਨ੍ਰਿਪ ਤੇ ਤ੍ਰਿਯ ਸੋਕ ਮਿਟੈਹੌ ॥

ਮੈਂ ਰਾਜੇ ਦਾ ਇਸਤਰੀ ਵਾਲਾ ਦੁਖ ਦੂਰ ਕਰਾਂਗੀ

ਬਹੁਰਿ ਤਿਹਾਰੇ ਸਾਥ ਮਿਲੈਹੌ ॥੬॥

ਅਤੇ ਤੁਹਾਡੇ ਨਾਲ ਫਿਰ ਮਿਲਾ ਦੇਵਾਂਗੀ ॥੬॥

ਜਾਰਿਕ ਪਕਰਿ ਕੋਠਰੀ ਰਾਖਾ ॥

(ਉਸ ਨੇ) ਇਕ ਯਾਰ ਫੜ ਕੇ ਕੋਠੜੀ ਵਿਚ ਬੰਦ ਕਰ ਦਿੱਤਾ

ਨ੍ਰਿਪ ਕੇ ਸੁਨਤ ਐਸ ਬਿਧਿ ਭਾਖਾ ॥

ਅਤੇ ਰਾਜੇ ਨੂੰ ਸੁਣਾ ਕੇ ਇਸ ਤਰ੍ਹਾਂ ਕਿਹਾ,

ਧ੍ਰਿਗ ਇਹ ਮੂੜ ਨ੍ਰਿਪ ਕੋ ਜੀਆ ॥

ਇਸ ਰਾਜੇ ਦੇ ਜੀਣ ਨੂੰ ਧਿੱਕਾਰ ਹੈ

ਜਿਹ ਅਬਿਬੇਕ ਬਿਬੇਕ ਨ ਕੀਆ ॥੭॥

ਜੋ ਵਿਵੇਕ ਅਤੇ ਅਵਿਵੇਕ ਵਿਚ (ਅੰਤਰ) ਨਹੀਂ ਕਰਦਾ ॥੭॥

ਜੁ ਤ੍ਰਿਯਾ ਔਰ ਸੌ ਭੋਗ ਕਮਾਵੈ ॥

ਜੋ ਇਸਤਰੀ ਕਿਸੇ ਹੋਰ ਨਾਲ ਭੋਗ ਕਰੇ

ਬਾਤਨ ਸਾਥ ਪਤਿਹਿ ਉਰਝਾਵੈ ॥

ਅਤੇ ਗੱਲਾਂ ਨਾਲ ਹੀ ਪਤੀ ਨੂੰ ਰਿਝਾਵੇ।

ਨ੍ਰਿਪ ਜੁ ਕੋਠਰੀ ਛੋਰਿ ਨਿਹਾਰੈ ॥

(ਜੇ) ਰਾਜਾ (ਆਪ ਉਸ ਦੀ) ਕੋਠੜੀ ਖੋਲ੍ਹ ਕੇ ਵੇਖੇ

ਸਾਚ ਝੂਠ ਤਬ ਆਪੁ ਬਿਚਾਰੈ ॥੮॥

ਤਾਂ ਸਚ ਝੂਠ ਦਾ ਆਪ ਵਿਚਾਰ ਕਰ ਲਵੇ ॥੮॥

ਨ੍ਰਿਪ ਕੇ ਸ੍ਰਵਨਨ ਧੁਨਿ ਇਹ ਪਰੀ ॥

(ਜਦ) ਰਾਜੇ ਦੇ ਕੰਨਾਂ ਵਿਚ ਇਹ ਆਵਾਜ਼ ਪਈ

ਤੁਰਤੁ ਕੁਠਰੀਯਾ ਜਾਇ ਉਘਰੀ ॥

ਤਾਂ ਤੁਰਤ ਜਾ ਕੇ ਕੋਠੜੀ ਖੋਲ੍ਹ ਦਿੱਤੀ।

ਹੇਰਾ ਜਬ ਵਹੁ ਮਨੁਛ ਬਨਾਈ ॥

ਜਦ ਉਸ ਬੰਦੇ ਨੂੰ (ਰਾਜੇ ਨੇ) ਚੰਗੀ ਤਰ੍ਹਾਂ ਨਾਲ ਵੇਖਿਆ

ਤਬ ਐਸੇ ਤਿਹ ਕਹਾ ਰਿਸਾਈ ॥੯॥

ਤਾਂ ਗੁੱਸੇ ਨਾਲ ਉਸ ਨੂੰ ਇਸ ਤਰ੍ਹਾਂ ਕਿਹਾ ॥੯॥

ਇਤੋ ਸੋਕ ਹਮ ਕੀਯੋ ਨਿਕਾਜਾ ॥

ਮੈਂ ਇਤਨਾ ਦੁਖ ਵਿਅਰਥ ਦਾ ਮੰਨਾਇਆ ਹੈ।

ਇਹ ਨ ਲਹਤ ਥੋ ਐਸ ਨਿਲਾਜਾ ॥

ਇਹ ਨਹੀਂ ਜਾਣਦਾ ਸਾਂ (ਕਿ ਉਹ) ਇਤਨੀ ਨਿਰਲਜ ਸੀ।

ਅਬ ਮੈ ਰਨਿਯਨ ਅਵਰ ਬਿਹਾਰੌ ॥

ਹੁਣ ਮੈਂ ਹੋਰਨਾਂ ਰਾਣੀਆਂ ਨਾਲ ਰਮਣ ਕਰਾਂਗਾ


Flag Counter