ਜਦ ਉਹ ਉਸ ਨੂੰ ਵਿਆਹ ਕੇ ਲੈ ਗਿਆ
ਅਤੇ ਲੈ ਕੇ ਆਪਣੇ ਘਰ ਪਹੁੰਚ ਗਿਆ।
(ਤਾਂ) ਉਸ ਇਸਤਰੀ ਨੇ ਇਕ ਪੁਰਸ਼ ਵੇਖਿਆ
ਜਿਸ ਵਰਗਾ ਕੋਈ ਰਾਜ ਕੁਮਾਰ ਵੀ ਨਹੀਂ ਸੀ ॥੪॥
ਉਸ ਨੂੰ ਵੇਖ ਕੇ ਉਸ ਦੀ ਲਗਨ ਲਗ ਗਈ।
ਨੀਂਦਰ ਭੁਖ ਉਸੇ ਵੇਲੇ ਚਲੀ ਗਈ।
ਸਖੀ ਭੇਜ ਕੇ ਉਸ ਨੂੰ ਬੁਲਵਾਉਂਦੀ ਸੀ
ਅਤੇ ਉਸ ਨਾਲ ਰੁਚੀ ਪੂਰਵਕ ਰਤੀ-ਕ੍ਰੀੜਾ ਕਰਦੀ ਸੀ ॥੫॥
ਉਸ ਨਾਲ ਉਸ ਦਾ ਸਨੇਹ ਬਹੁਤ ਵੱਧ ਗਿਆ
ਜਿਸ ਪ੍ਰਕਾਰ ਹੀਰ ਅਤੇ ਰਾਂਝੇ ਦਾ ਸੀ।
(ਆਪਣੇ ਪਤੀ) ਧੀਰਜ ਕੇਤੁ ਨੂੰ ਯਾਦ ਵੀ ਨਹੀਂ ਕਰਦੀ ਸੀ
ਅਤੇ ਉਸ (ਦੂਜੇ ਪੁਰਸ਼) ਨੂੰ ਧਰਮ ਦਾ ਭਰਾ ਕਹਿ ਕੇ ਬੁਲਾਉਂਦੀ ਸੀ ॥੬॥
ਸੌਹਰੇ ਘਰ ਦੇ ਲੋਗ ਭੇਦ ਨੂੰ ਨਹੀਂ ਸਮਝਦੇ ਸਨ
ਅਤੇ (ਉਸ ਨੂੰ) ਉਸ ਇਸਤਰੀ ਦਾ ਧਰਮ-ਭਰਾ ਸਮਝਦੇ ਸਨ।
(ਉਹ) ਮੂਰਖ ਭੇਦ ਅਭੇਦ ਨੂੰ ਨਹੀਂ ਸਮਝਦੇ ਸਨ।
(ਉਸ ਨੂੰ) ਭਰਾ ਸਮਝ ਕੇ ਕੁਝ ਨਹੀਂ ਕਹਿੰਦੇ ਸਨ ॥੭॥
ਇਕ ਦਿਨ ਇਸਤਰੀ ਨੇ ਇਸ ਤਰ੍ਹਾਂ ਕਿਹਾ।
ਆਪਣੇ ਪਤੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ।
ਭਾਂਤ ਭਾਂਤ ਦਾ ਰੋਣਾ ਪਿਟਣਾ ਕੀਤਾ
ਅਤੇ ਲੋਕਾਂ ਦੇ ਵੇਖਦਿਆਂ ਸਿਰ ਦੇ ਵਾਲਾਂ ਨੂੰ ਪੁਟਿਆ ॥੮॥
(ਕਹਿਣ ਲਗੀ) ਹੁਣ ਮੈਂ ਕਿਸ ਦੇ ਘਰ ਰਹਾਂ
ਅਤੇ 'ਪ੍ਰਿਯ' ਸ਼ਬਦ ਕਿਸ ਨੂੰ ਸੰਬੋਧਨ ਕਰਾਂ।
ਪਰਮਾਤਮਾ ਦੇ ਘਰ ਨਿਆਂ ਨਹੀਂ ਹੈ।
(ਉਸ ਨੇ) ਧਰਤੀ ਉਤੇ ਮੇਰੀ ਇਹ ਹਾਲਤ ਕਰ ਦਿੱਤੀ ਹੈ ॥੯॥
ਉਸ ਨੇ ਘਰ ਦਾ ਸਾਰਾ ਧਨ ਨਾਲ ਲੈ ਲਿਆ
ਅਤੇ ਮਿਤਰ ਨਾਲ ਪ੍ਰਸਥਾਨ ਕੀਤਾ।
ਜਿਸ ਨੂੰ ਧਰਮ-ਭਰਾ ਕਿਹਾ ਸੀ,
(ਉਸ ਨੂੰ) ਇਸ ਛਲ ਨਾਲ ਘਰ ਵਿਚ ਸੁਆਮੀ ਬਣਾ ਕੇ ਰਖ ਲਿਆ ॥੧੦॥
ਸਭ ਲੋਗ ਇਸ ਤਰ੍ਹਾਂ ਕਹਿੰਦੇ
ਅਤੇ ਆਪਸ ਵਿਚ ਮਿਲ ਕੇ ਵਿਚਾਰ ਕਰਦੇ।
ਇਹ ਇਸਤਰੀ ਵਿਚਾਰੀ ਕੀ ਕਰੇ
ਜਿਸ ਦੀ ਪਰਮਾਤਮਾ ਨੇ ਅਜਿਹੀ ਹਾਲਤ ਕਰ ਦਿੱਤੀ ਹੈ ॥੧੧॥
ਇਸ ਲਈ ਘਰ ਦਾ ਸਾਰਾ ਧਨ ਲੈ ਕੇ
ਆਪਣੇ ਭਰਾ ਦੀ ਇਸਤਰੀ ਕੋਲ ਗਈ ਹੈ।
(ਕੋਈ ਵੀ) ਭੇਦ ਅਭੇਦ ਨੂੰ ਨਾ ਸਮਝ ਸਕਿਆ।
(ਉਹ ਇਸਤਰੀ) ਸੁਆਮੀ ਨੂੰ ਮਾਰ ਕੇ ਯਾਰ ਨਾਲ ਚਲੀ ਗਈ ॥੧੨॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੦੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੦੯॥੫੯੧੨॥ ਚਲਦਾ॥
ਚੌਪਈ:
ਮੰਤ੍ਰੀ ਨੇ ਫਿਰ ਇਸ ਤਰ੍ਹਾਂ ਕਿਹਾ,
ਹੇ ਰਾਜਨ! ਤੁਸੀਂ ਮੇਰਾ (ਅਗਲਾ) ਬਚਨ ਸੁਣੋ।
ਜਿਥੇ ਗਾਰਵ ਦੇਸ਼ ਵਸਦਾ ਹੈ।
ਉਥੇ ਗੌਰਸੈਨ ਨਾਂ ਦਾ ਰਾਜਾ (ਰਾਜ ਕਰਦਾ) ਸੀ ॥੧॥
ਉਸ ਦੀ ਪਤਨੀ ਦਾ ਨਾਂ ਰਸ ਤਿਲਕ ਦੇਈ ਸੀ।
ਉਸ ਤੋਂ ਚੰਦ੍ਰਮਾ ਨੇ ਰੌਸ਼ਨੀ ਲਈ ਸੀ।
ਸਾਮੁੰਦ੍ਰਕ (ਜੋਤਿਸ਼ ਸ਼ਾਸਤ੍ਰ ਗ੍ਰੰਥ ਵਿਚ ਇਸਤਰੀ ਦੇ ਜੋ ਲੱਛਣ ਲਿਖੇ ਹਨ ਉਹ) ਸਾਰੇ ਲੱਛਣ ਉਸ ਵਿਚ ਸਨ।
ਉਸ ਦੀ ਛਬੀ ਬਾਰੇ ਕਿਹੜਾ ਕਵੀ ਬਖਾਨ ਕਰ ਸਕਦਾ ਹੈ ॥੨॥
ਉਥੇ ਇਕ ਸ਼ਾਹ ਦਾ ਪੁੱਤਰ ਸੀ,
ਮਾਨੋ ਧਰਤੀ ਉਤੇ ਇੰਦਰ ਹੋਵੇ।