ਸਵੈਯਾ:
(ਤੇਰੇ) ਮੁਖ ਉਤੇ ਮਸ ਫੁਟਦੀ ਹੈ ਅਤੇ ਸੁੰਦਰ ਕਮਲ ਵਰਗੇ ਤੇਰੇ ਦੋਵੇਂ ਨੈਣ ਹਨ।
ਲਕ ਤਕ ਤੇਰੀਆਂ ਜ਼ੁਲਫਾਂ ਇਸ ਤਰ੍ਹਾਂ ਲਟਕ ਰਹੀਆਂ ਹਨ ਮਾਨੋ ਕਾਲੇ ਨਾਗਾਂ ਦਾ ਜੋੜਾ ਹੋਵੇ।
(ਤੇਰਾ) ਮੁਖ ਆਨੰਦ ਦਾ ਫਲ ਜਾਂ ਚੰਦ੍ਰਮਾ ਹੈ ਜੋ ਚਕੋਰਾਂ ਦੇ ਦੁਖਾਂ ਦੇ ਫੰਧਿਆ ਨੂੰ ਕਟਦਾ ਹੈ।
(ਅਜਿਹੀ) ਸੁੰਦਰ ਸੂਰਤ ਵਾਲੇ ਨੂੰ (ਮੈਂ) ਕਿਵੇਂ ਮਾਰਾਂ। ਤੈਨੂੰ ਵੇਖ ਕੇ ਮੇਰੇ ਮਨ ਵਿਚ ਦਇਆ (ਦਾ ਭਾਵ) ਪੈਦਾ ਹੋ ਗਿਆ ਹੈ ॥੧੬੧੯॥
ਅਰਜਨ (ਖੜਗ ਸਿੰਘ ਨੂੰ) ਵੇਖ ਕੇ ਅਤੇ ਫਿਰ (ਉਸ ਦੇ) ਬੋਲ ਸੁਣ ਕੇ ਹਸ ਪਿਆ ਹੈ ਅਤੇ ਮਨ ਵਿਚ ਕ੍ਰੋਧ ਨੂੰ ਭਰ ਕੇ ਚਲ ਪਿਆ ਹੈ।
ਧਨੁਸ਼ ਅਤੇ ਬਾਣ ਸੰਭਾਲ ਕੇ ਹੱਥ ਵਿਚ ਲੈ ਲਏ ਹਨ ਅਤੇ ਲਲਕਾਰਾ ਮਾਰ ਕੇ ਪੈ ਗਿਆ ਹੈ, ਜ਼ਰਾ ਜਿੰਨਾ ਵੀ ਨਹੀਂ ਡਰਿਆ ਹੈ।
ਉਧਰੋਂ ਖੜਗ ਸਿੰਘ ਸਾਹਮਣੇ ਆ ਗਿਆ ਹੈ। ਦੋਹਾਂ ਨੇ ਬਾਣਾਂ ਦਾ ਬਹੁਤ ਯੁੱਧ ਕੀਤਾ ਹੈ।
ਤਦ ਅਰਜਨ ਨਾਲ ਲੜਨਾ ਛਡ ਕੇ, ਰਾਜਾ (ਖੜਗ ਸਿੰਘ) ਭੀਮ ਉਤੇ ਜਾ ਚੜ੍ਹਿਆ ਹੈ ॥੧੬੨੦॥
ਤਦੋਂ ਭੀਮ ਦਾ ਰਥ ਕਟ ਦਿੱਤਾ ਅਤੇ ਬਹੁਤ ਸਾਰੇ ਸੂਰਮੇ ਰਣ-ਭੂਮੀ ਵਿਚ ਨਸ਼ਟ ਕਰ ਦਿੱਤੇ ਹਨ।
ਇਕ ਘਾਇਲ ਹੋ ਕੇ ਧਰਤੀ ਉਤੇ ਪਏ ਹਨ ਅਤੇ ਇਕ ਘਾਇਲ ਘਾਇਲਾਂ ਨਾਲ ਆ ਕੇ ਲੜਦੇ ਹਨ।
ਇਕ (ਯੁੱਧ ਖੇਤਰ ਵਿਚੋਂ) ਭਜ ਗਏ ਹਨ ਅਤੇ ਇਕ ਹਥਿਆਰਾਂ ਨੂੰ ਸਜਾ ਕੇ ਕ੍ਰੋਧ ਨਾਲ ਤੱਤੇ ਹੋਏ ਫਿਰਦੇ ਹਨ।
ਇਕ ਸੂਰਮੇ ਕੰਬਦੇ ਫਿਰਦੇ ਹਨ ਅਤੇ (ਉਨ੍ਹਾਂ ਦੇ) ਹੱਥਾਂ ਵਿਚੋਂ ਤਲਵਾਰਾਂ ਛੁਟ ਗਈਆਂ ਹਨ ॥੧੬੨੧॥
ਦੋਹਰਾ:
ਫਿਰ ਅਰਜਨ ਧਨੁਸ਼ ਲੈ ਕੇ ਅਤੇ (ਉਸ ਉਤੇ) ਤਿਖਾ ਬਾਣ ਕਸ ਕੇ (ਖੜਗ ਸਿੰਘ) ਵਲ ਮੁੜਿਆ
ਅਤੇ ਮਨ ਵਿਚ ਵੈਰੀ ਦਾ ਬਧ ਕਰਨਾ ਚਿਤਵ ਕੇ ਖੜਗ ਸਿੰਘ ਦੇ ਤਨ ਵਿਚ ਮਾਰ ਦਿੱਤਾ ॥੧੬੨੨॥
ਸਵੈਯਾ:
ਜਦੋਂ ਹੀ ਉਸ ਨੂੰ ਬਾਣ ਲਗਿਆ, ਤਦੋਂ ਹੀ ਰਾਜੇ ਨੇ ਕ੍ਰੋਧਿਤ ਹੋ ਕੇ ਗੱਲਾਂ ਕਹੀਆਂ
ਕਿ ਤੂੰ ਕਿਸ ਲਈ ਬਿਗਾਨੀ ਅੱਗ ਵਿਚ ਸੜਦਾ ਹੈਂ? ਓਏ! ਸੁਣ, (ਤੇਰੀ) ਸੂਰਤ ਬਹੁਤ ਕੋਮਲ ਹੈ, ਇਸੇ ਲਈ ਕਹਿੰਦਾ ਹਾਂ।
ਉਸੇ ਸਮੇਤ ਤੈਨੂੰ ਮਾਰ ਦਿਆਂਗਾ, ਜਿਸ ਨੇ (ਤੈਨੂੰ) ਬਾਣ ਚਲਾਉਣ ਦੇ ਦਾਓ ਸਿਖਾਏ ਹਨ।
ਘਰ ਚਲਿਆ ਜਾ, (ਮੈਂ) ਤੈਨੂੰ ਸੁੰਦਰ ਅੱਖਾਂ ਕਾਰਨ ਛਡਦਾ ਹਾਂ ॥੧੬੨੩॥
ਇਸ ਤਰ੍ਹਾਂ ਰਾਜਾ ਅਰਜਨ ਨੂੰ ਕਹਿ ਕੇ ਅਤੇ ਹੱਥ ਵਿਚ ਤਿਖੀ ਤਲਵਾਰ ਲੈ ਕੇ ਰਣ-ਭੂਮੀ ਵਿਚ ਭਜ ਵੜਿਆ ਹੈ।
ਸੈਨਾ ਨੂੰ ਵੇਖ ਕੇ ਅਤੇ ਬਹੁਤ ਬਲ ਧਾਰਨ ਕਰ ਕੇ ਲਲਕਾਰਦਾ ਹੋਇਆ ਪੈ ਗਿਆ ਹੈ ਅਤੇ ਮਨ ਵਿਚ ਜ਼ਰਾ ਜਿੰਨਾ ਵੀ ਡਰ ਨਹੀਂ ਮੰਨਿਆ ਹੈ।
ਵੈਰੀਆਂ ਦੇ ਹੋਸ਼ ਗੁੰਮ ਹੋ ਗਏ ਅਤੇ ਕੋਈ ਵੀ ਹੱਥ ਵਿਚ ਸ਼ਸਤ੍ਰ ਨਹੀਂ ਲੈ ਸਕਿਆ ਹੈ।
(ਰਾਜੇ ਨੇ) ਅਨੇਕਾਂ (ਸੂਰਮੇ) ਯੁੱਧ ਵਿਚ ਮਾਰ ਦਿੱਤੇ ਹਨ। ਕਈ ਪਾਣੀ ਹੀ ਪਾਣੀ ਪੁਕਾਰਦੇ ਹਨ ਅਤੇ ਕਈ ਸੈਨਤਾਂ (ਕਰ ਕੇ ਪਾਣੀ ਮੰਗਦੇ ਹਨ) ॥੧੬੨੪॥
ਦੋਹਰਾ:
ਜਦੋਂ ਪਾਂਡਵਾਂ ਦੀ ਸੈਨਾ ਨੂੰ ਭਜਦੇ ਹੋਇਆਂ ਕ੍ਰਿਸ਼ਨ ਨੇ ਅੱਖੀਂ ਵੇਖਿਆ,
ਤਦੋਂ ਦੁਰਯੋਧਨ ਨੂੰ ਇਸ ਤਰ੍ਹਾਂ ਕਿਹਾ ਕਿ (ਹੁਣ) ਤੂੰ ਸੈਨਾ ਲੈ ਕੇ ਧਾਵਾ ਬੋਲ ॥੧੬੨੫॥
ਸਵੈਯਾ:
ਇਸ ਤਰ੍ਹਾਂ ਸ੍ਰੀ ਕ੍ਰਿਸ਼ਨ ਦੀਆਂ ਗੱਲਾਂ ਸੁਣ ਕੇ, ਦੁਰਯੋਧਨ ਸੈਨਾ ਨੂੰ ਸਜਾ ਕੇ (ਯੁੱਧ ਲਈ) ਤੁਰ ਪਿਆ ਹੈ।
ਭੀਸ਼ਮ ਪਿਤਾਮਾ ਅਗੇ ਹੋਇਆ ਹੈ ਅਤੇ (ਉਸ ਦੇ) ਨਾਲ ਕਰਨ (ਭਾਨੁਜ) ਦ੍ਰੋਣਾਚਾਰੀਆ ਅਤੇ ਕ੍ਰਿਪਾਚਾਰੀਆ ਬ੍ਰਾਹਮਣ ਵੀ ਚਲੇ ਹਨ।
ਸਾਰੇ ਹੀ ਅਰੜਾ ਕੇ (ਵੈਰੀ ਉਤੇ) ਜਾ ਪਏ ਹਨ ਅਤੇ ਉਨ੍ਹਾਂ ਨੇ ਰਾਜੇ ਨਾਲ ਬਹੁਤ ਤਕੜਾ ਯੁੱਧ ਕੀਤਾ ਹੈ।
ਰਾਜਾ (ਖੜਗ ਸਿੰਘ) ਅਗੇ ਹੋ ਕੇ ਲੜਿਆ ਹੈ ਅਤੇ (ਬਿਲਕੁਲ ਕਿਸੇ ਪਾਸੋਂ) ਨਹੀਂ ਡਰਿਆ ਹੈ ਅਤੇ ਸਾਰਿਆਂ ਨੂੰ ਇਕ ਇਕ ਹੀ ਬਾਣ ਮਾਰਿਆ ਹੈ ॥੧੬੨੬॥
ਤਦ ਭੀਸ਼ਮ ਪਿਤਾਮਾ ਨੇ ਮਨ ਵਿਚ ਕ੍ਰੋਧ ਕੀਤਾ ਅਤੇ ਇਸ ਨੇ ਰਾਜੇ ਉਤੇ ਬਹੁਤ ਸਾਰੇ ਤੀਰ ਚਲਾਏ।
ਖੜਗ ਸਿੰਘ ਨੇ ਉਸ ਦੇ ਆਉਂਦੇ ਹੋਏ ਬਾਣਾਂ ਨੂੰ ਬਾਣਾਂ ਨਾਲ ਕਟ ਦਿੱਤਾ ਅਤੇ ਹੱਥ ਵਿਚ ਵੱਡੀ ਤਲਵਾਰ ਲੈ ਕੇ ਪੈ ਗਿਆ।
ਉਥੇ ਬਹੁਤ ਭਿਆਨਕ ਯੁੱਧ ਹੋਇਆ ਅਤੇ ਰਾਜੇ ਨੇ ਕ੍ਰੋਧਿਤ ਹੋ ਕੇ ਭੀਸ਼ਮ ਨੂੰ ਬੋਲ ਸੁਣਾਏ
ਕਿ (ਤੂੰ) ਉਸ ਵੇਲੇ ਮੇਰੇ ਬਲ ਨੂੰ ਜਾਣੇਗਾ ਜਿਸ ਵੇਲੇ ਯਮ ਦੇ ਘਰ ਵਿਚ ਜਾ ਕੇ ਵਸੇਂਗਾ ॥੧੬੨੭॥
ਦੋਹਰਾ:
ਰਾਜੇ ਨੇ ਇਹ ਗੱਲ ਸਮਝ ਲਈ ਕਿ ਭੀਸ਼ਮ ਪਿਤਾਮਾ ਯੁੱਧ ਵਿਚੋਂ ਭਜਣ ਵਾਲਾ ਨਹੀਂ ਹੈ।
(ਇਹ ਸੋਚ ਕੇ ਰਾਜੇ ਨੇ) ਉਸ ਦੇ ਰਥਵਾਨ ਦਾ ਸਿਰ ਇਕ ਬਾਣ ਨਾਲ ਕਟ ਦਿੱਤਾ ॥੧੬੨੮॥
ਸਵੈਯਾ:
(ਰਥਵਾਨ ਦੇ ਮਰਨ ਕਰ ਕੇ) ਘੋੜੇ ਭੀਸ਼ਮ ਨੂੰ ਲੈ ਕੇ (ਯੁੱਧ-ਭੂਮੀ ਤੋਂ) ਭਜ ਨਿਕਲੇ, ਤਦ ਹੀ ਦੁਰਯੋਧਨ ਕ੍ਰੋਧ ਨਾਲ ਭਰ ਗਿਆ।
ਦ੍ਰੋਣਚਾਰੀਆ ਦੇ ਪੁੱਤਰ (ਅਸ਼੍ਵਸਥਾਮਾ) ਕ੍ਰਿਪਾਚਾਰੀਆ ਅਤੇ ਬਰਮਾਕ੍ਰਿਤ ਯਾਦਵ ਨੂੰ ਨਾਲ ਲੈ ਕੇ (ਉਹ ਖੜਗ ਸਿੰਘ ਉਤੇ) ਜਾ ਪਿਆ।
ਤਦੋਂ ਦ੍ਰੋਣਚਾਰੀਆ ਵੀ ਧਨੁਸ਼ ਅਤੇ ਬਾਣ ਲੈ ਕੇ ਹਠ ਪੂਰਵਕ ਡਟ ਗਿਆ ਅਤੇ ਜ਼ਰਾ ਜਿੰਨਾ ਨਾ ਡਰਿਆ।
ਤਲਵਾਰਾਂ, ਕਟਾਰਾਂ, ਤ੍ਰਿਸ਼ੂਲਾਂ, ਸਾਂਗਾਂ ਅਤੇ ਚੱਕਰਾਂ ਨਾਲ (ਸਾਰਿਆਂ ਨੇ) ਭਿਆਨਕ ਯੁੱਧ ਕੀਤਾ ॥੧੬੨੯॥
ਕ੍ਰਿਸ਼ਨ ਜੀ ਨੇ ਖੜਗ ਸਿੰਘ ਨੂੰ ਕਿਹਾ:
ਸਵੈਯਾ:
ਉਸ ਵੇਲੇ ਹੀ ਸ੍ਰੀ ਕ੍ਰਿਸ਼ਨ ਨੇ ਧਨੁਸ਼ ਲੈ ਕੇ ਖੜਗ ਸਿੰਘ ਨੂੰ ਕਿਹਾ, 'ਮੈਂ (ਤੈਨੂੰ ਹੁਣੇ) ਮਾਰਦਾ ਹਾਂ।