ਸ਼੍ਰੀ ਦਸਮ ਗ੍ਰੰਥ

ਅੰਗ - 215


ਸਾਤ ਸਮੁੰਦ੍ਰਨ ਲੌ ਗਰਵੇ ਗਿਰ ਭੂਮਿ ਅਕਾਸ ਦੋਊ ਥਹਰਾਨੇ ॥

ਸੱਤ ਸਮੁੰਦਰਾਂ ਤੱਕ ਪਹਾੜ ਦਬ ਗਏ ਅਤੇ ਧਰਤੀ ਤੇ ਆਕਾਸ਼ ਦੋਵੇਂ ਕੰਬਣ ਲੱਗ ਪਏ।

ਜਛ ਭੁਜੰਗ ਦਿਸਾ ਬਿਦਿਸਾਨ ਕੇ ਦਾਨਵ ਦੇਵ ਦੁਹੂੰ ਡਰ ਮਾਨੇ ॥

ਸਾਰੀਆਂ ਦਿਸ਼ਾਵਾਂ ਦੇ ਦਕਸ਼ ਤੇ ਭੁਜੰਗ, ਦੇਵਤੇ ਤੇ ਦੈਂਤ ਦੋਵੇਂ ਡਰ ਮੰਨਣ ਲੱਗ ਗਏ।

ਸ੍ਰੀ ਰਘੁਨਾਥ ਕਮਾਨ ਲੇ ਹਾਥ ਕਹੋ ਰਿਸ ਕੈ ਕਿਹ ਪੈ ਸਰ ਤਾਨੇ ॥੧੪੯॥

ਸ੍ਰੀ ਰਾਮ ਚੰਦਰ ਹੱਥ ਵਿੱਚ ਧਨੁਸ਼ ਲੈ ਕੇ ਕਹਿਣ ਲੱਗੇ- (ਹੇ ਬ੍ਰਾਹਮਣ) ਦਸ, ਕ੍ਰੋਧ ਨਾਲ ਕਿਸ ਦੇ ਉੱਤੇ ਤੀਰ ਖਿੱਚਾਂ (ਕਿਉਂਕਿ ਤੂੰ ਤਾਂ ਬ੍ਰਾਹਮਣ ਹੈਂ) ॥੧੪੯॥

ਪਰਸੁ ਰਾਮ ਬਾਚ ਰਾਮ ਸੋ ॥

ਪਰਸੁਰਾਮ ਨੇ ਰਾਮ ਨੂੰ ਕਿਹਾ-

ਜੇਤਕ ਬੈਨ ਕਹੇ ਸੁ ਕਹੇ ਜੁ ਪੈ ਫੇਰਿ ਕਹੇ ਤੁ ਪੈ ਜੀਤ ਨ ਜੈਹੋ ॥

ਜਿੰਨੇ ਕੁ ਬੋਲ (ਤੂੰ) ਕਹੇ ਹਨ, ਉਹ ਕਹਿ ਲਏ ਹਨ, ਪਰ ਜੇ ਹੁਣ ਫਿਰ ਕਹੇਂਗਾ ਤਾਂ ਜਿਊਂਦਾ ਨਹੀਂ ਜਾਏਂਗਾ।

ਹਾਥਿ ਹਥਿਆਰ ਗਹੇ ਸੁ ਗਹੇ ਜੁ ਪੈ ਫੇਰਿ ਗਹੇ ਤੁ ਪੈ ਫੇਰਿ ਨ ਲੈਹੋ ॥

ਹੱਥ ਵਿੱਚ ਜੋ ਹਥਿਆਰ ਫੜੇ ਸਨ ਸੋ ਫੜ ਲਏ, ਪਰ ਜੋ ਮੁੜ ਕੇ ਫੜੇਂਗਾ ਤਾਂ ਫਿਰ ਫੜ ਨਹੀਂ ਸਕੇਂਗਾ।

ਰਾਮ ਰਿਸੈ ਰਣ ਮੈ ਰਘੁਬੀਰ ਕਹੋ ਭਜਿ ਕੈ ਕਤ ਪ੍ਰਾਨ ਬਚੈਹੋ ॥

ਜਦੋਂ ਪਰਸੁਰਾਮ ਰਣ ਵਿੱਚ ਕ੍ਰੋਧ ਕਰੇਗਾ, ਤਦੇ ਹੇ ਰਘੁਬੀਰ ਦਸ, ਭੱਜ ਕੇ ਕਿੱਥੇ ਪ੍ਰਾਣ ਬਚਾਵੇਂਗਾ?

ਤੋਰ ਸਰਾਸਨ ਸੰਕਰ ਕੋ ਹਰਿ ਸੀਅ ਚਲੇ ਘਰਿ ਜਾਨ ਨ ਪੈਹੋ ॥੧੫੦॥

ਸ਼ਿਵ ਦਾ ਧਨੁਸ਼ ਤੋੜ ਕੇ ਅਤੇ ਸੀਤਾ ਨੂੰ ਹਰ ਕੇ ਚਲਿਆ ਹੈਂ? ਪਰ ਘਰ ਤੱਕ ਪਹੁੰਚ ਨਹੀਂ ਸਕੇਂਗਾ ॥੧੫੦॥

ਰਾਮ ਬਾਚ ਪਰਸੁਰਾਮ ਸੋ ॥

ਰਾਮ ਨੇ ਪਰਸੁਰਾਮ ਪ੍ਰਤਿ ਕਿਹਾ-

ਸ੍ਵੈਯਾ ॥

ਸ੍ਵੈਯਾ

ਬੋਲ ਕਹੇ ਸੁ ਸਹੇ ਦਿਸ ਜੂ ਜੁ ਪੈ ਫੇਰਿ ਕਹੇ ਤੇ ਪੈ ਪ੍ਰਾਨ ਖ੍ਵੈਹੋ ॥

ਹੇ ਪੰਡਿਤ ਜੀ! ਜਿਹੜੇ ਬੋਲ ਤੁਸੀਂ ਕਹੇ, ਉਹ ਮੈਂ ਸਹਾਰੇ, ਜੇਕਰ ਫਿਰ ਕੋਈ ਬੋਲ ਕਹੋਗੇ ਤਾਂ (ਆਪਣੇ) ਪ੍ਰਾਣ ਗੁਆ ਲਉਗੇ।

ਬੋਲਤ ਐਂਠ ਕਹਾ ਸਠ ਜਿਉ ਸਭ ਦਾਤ ਤੁਰਾਇ ਅਬੈ ਘਰਿ ਜੈਹੋ ॥

ਮੂਰਖ ਵਾਂਗ ਆਕੜ ਕੇ ਕਿਉਂ ਬੋਲਦੇ ਹੋ, ਹੁਣੇ ਸਾਰਾ ਦੰਦ ਭੰਨ੍ਹਵਾ ਕੇ ਘਰ ਨੂੰ ਜਾਉਗੇ।

ਧੀਰ ਤਬੈ ਲਹਿਹੈ ਤੁਮ ਕਉ ਜਦ ਭੀਰ ਪਰੀ ਇਕ ਤੀਰ ਚਲੈਹੋ ॥

ਤੁਹਾਨੂੰ ਤਦੇ ਯੋਧਾ ਜਾਣਾਂਗਾ ਜਦੋਂ ਭੀੜ ਪੈਣ 'ਤੇ ਇਕ ਤੀਰ ਵੀ ਚਲਾ ਸਕੋਗੇ।

ਬਾਤ ਸੰਭਾਰ ਕਹੋ ਮੁਖਿ ਤੇ ਇਨ ਬਾਤਨ ਕੋ ਅਬ ਹੀ ਫਲਿ ਪੈਹੋ ॥੧੫੧॥

ਸੰਭਲ ਕੇ ਗੱਲ ਮੂੰਹੋਂ ਆਖੋ ਕਿਉਂਕਿ ਇਨ੍ਹਾਂ ਗੱਲਾਂ ਦਾ ਫਲ ਹੁਣੇ ਹੀ ਪਾ ਲਵੋਗੇ ॥੧੫੧॥

ਪਰਸੁ ਰਾਮ ਬਾਚ ॥

ਪਰਸੁਰਾਮ ਕਹਿਣ ਲੱਗਾ-

ਸ੍ਵੈਯਾ ॥

ਸ੍ਵੈਯਾ

ਤਉ ਤੁਮ ਸਾਚ ਲਖੋ ਮਨ ਮੈ ਪ੍ਰਭ ਜਉ ਤੁਮ ਰਾਮ ਵਤਾਰ ਕਹਾਓ ॥

(ਮੈਂ) ਤਦ ਹੀ ਤੁਹਾਨੂੰ ਮਨ ਵਿੱਚ ਸੱਚਾ ਪ੍ਰਭੂ ਜਾਣਾਂਗਾ, ਜੇ ਤੁਸੀਂ ਸਚ-ਮੁੱਚ ਹੀ ਰਾਮ ਅਵਤਾਰ ਕਹਾਉਂਦੇ ਹੋ।

ਰੁਦ੍ਰ ਕੁਵੰਡ ਬਿਹੰਡੀਯ ਜਿਉ ਕਰਿ ਤਿਉ ਅਪਨੋ ਬਲ ਮੋਹਿ ਦਿਖਾਓ ॥

ਜਿਸ ਤਰ੍ਹਾਂ ਸ਼ਿਵ ਦਾ (ਤੁਸੀਂ) ਧਨੁਸ਼ ਤੋੜਿਆ ਹੈ ਤਿਵੇਂ (ਤੁਸੀਂ) ਆਪਣਾ ਬਲ ਮੈਨੂੰ ਵੀ ਦਿਖਾਓ।

ਤਉ ਹੀ ਗਦਾ ਕਰ ਸਾਰੰਗ ਚਕ੍ਰ ਲਤਾ ਭ੍ਰਿਗਾ ਕੀ ਉਰ ਮਧ ਸੁਹਾਓ ॥

ਤਿਵੇ ਹੀ ਹੱਥ ਵਿੱਚ ਗਦਾ, ਸਾਰੰਗ ਧਨੁੱਖ ਅਤੇ ਚੱਕਰ ਅਤੇ ਹਿਰਦੇ ਉੱਤੇ ਭ੍ਰਿਗੁਲਤਾ (ਦੇ ਚਿੰਨ੍ਹ) ਨਾਲ ਸਸ਼ੋਭਿਤ ਹੋਵੋ।

ਮੇਰੋ ਉਤਾਰ ਕੁਵੰਡ ਮਹਾਬਲ ਮੋਹੂ ਕਉ ਆਜ ਚੜਾਇ ਦਿਖਾਓ ॥੧੫੨॥

ਹੇ ਮਹਾਂਬਲੀ! ਮੇਰੇ ਇਸ ਧਨੁਸ਼ ਨੂੰ ਉਤਾਰ ਕੇ ਅੱਜ (ਫਿਰ) ਚੜ੍ਹਾ ਕੇ ਵਿਖਾਓ ॥੧੫੨॥

ਕਬਿ ਬਾਚ ॥

ਕਵੀ ਕਹਿੰਦਾ ਹੈ-

ਸ੍ਵੈਯਾ ॥

ਸ੍ਵੈਯਾ

ਸ੍ਰੀ ਰਘੁਬੀਰ ਸਿਰੋਮਨ ਸੂਰ ਕੁਵੰਡ ਲਯੋ ਕਰ ਮੈ ਹਸਿ ਕੈ ॥

(ਜਦੋਂ ਪਰਸੁਰਾਮ ਨੇ ਇਸ ਤਰ੍ਹਾਂ ਕਿਹਾ ਤਦੋਂ) ਸ਼ਿਰੋਮਣੀ ਸੂਰਮੇ ਸ੍ਰੀ ਰਾਮ ਚੰਦਰ ਨੇ ਹੱਸ ਕੇ (ਉਸ ਦਾ) ਧਨੁਸ਼ ਹੱਥ ਵਿੱਚ ਫੜ ਲਿਆ।

ਲੀਅ ਚਾਪ ਚਟਾਕ ਚੜਾਇ ਬਲੀ ਖਟ ਟੂਕ ਕਰਯੋ ਛਿਨ ਮੈ ਕਸਿ ਕੈ ॥

ਬਲ ਪੂਰਵਕ ਤੁਰਤ ਧਨੁਸ਼ ਨੂੰ ਚੜ੍ਹਾ ਲਿਆ ਅਤੇ ਛਿਣ ਵਿੱਚ ਹੀ ਖਿੱਚ ਕੇ ਉਸ ਦੇ ਛੇ ਟੋਟੇ ਕਰ ਦਿੱਤੇ।

ਨਭ ਕੀ ਗਤਿ ਤਾਹਿ ਹਤੀ ਸਰ ਸੋ ਅਧ ਬੀਚ ਹੀ ਬਾਤ ਰਹੀ ਬਸਿ ਕੈ ॥

ਉਸ ਦੀ ਆਕਾਸ਼ ਵਿੱਚ ਪਹੁੰਚਣ ਵਾਲੀ ਚਾਲ ਨੂੰ ਤੀਰ ਨਾਲ ਨਸ਼ਟ ਕਰ ਦਿੱਤਾ ਅਤੇ ਅੱਧ ਵਿਚਾਲੇ ਹੀ (ਉਸ ਦੀ) ਗੱਲ ਰਹਿ ਗਈ।

ਨ ਬਸਾਤ ਕਛੂ ਨਟ ਕੇ ਬਟ ਜਯੋਂ ਭਵ ਪਾਸ ਨਿਸੰਗਿ ਰਹੈ ਫਸਿ ਕੈ ॥੧੫੩॥

ਨਟ ਦੇ ਜਮੂਰੇ ਵਾਂਗ (ਉਸ ਦਾ) ਕੁਝ ਜ਼ੋਰ ਨਹੀਂ ਚੱਲਦਾ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸੰਸਾਰ ਦੀ (ਜਨਮ ਮਰਨ ਦੀ) ਫਾਹੀ ਵਿੱਚ ਫਸ ਕੇ ਰਹਿ ਗਿਆ ਹੋਵੇ ॥੧੫੩॥

ਇਤਿ ਸ੍ਰੀ ਰਾਮ ਜੁਧ ਜਯਤ ॥੨॥

ਇਥੇ ਸ੍ਰੀ ਰਾਮ ਦੀ ਯੁੱਧ ਵਿੱਚ ਜਿੱਤ ਹੋਈ ॥੨॥

ਅਥ ਅਉਧ ਪ੍ਰਵੇਸ ਕਥਨੰ ॥

ਹੁਣ ਅਉਧ ਵਿੱਚ ਪ੍ਰਵੇਸ਼ ਦਾ ਕਥਨ

ਸ੍ਵੈਯਾ ॥

ਸ੍ਵੈਯਾ

ਭੇਟ ਭੁਜਾ ਭਰਿ ਅੰਕਿ ਭਲੇ ਭਰਿ ਨੈਨ ਦੋਊ ਨਿਰਖੇ ਰਘੁਰਾਈ ॥

ਪਰਸੁਰਾਮ ਸ੍ਰੀ ਰਾਮ ਨੂੰ ਚੰਗੀ ਤਰ੍ਹਾਂ ਜੱਫੀ ਪਾ ਕੇ ਅਤੇ ਗਲੇ ਲਾ ਕੇ ਮਿਲੇ ਅਤੇ ਦੋਹਾਂ ਨੈਣਾਂ ਨਾਲ (ਉਨ੍ਹਾਂ ਨੂੰ) ਵੇਖਿਆ।

ਗੁੰਜਤ ਭ੍ਰਿੰਗ ਕਪੋਲਨ ਊਪਰ ਨਾਗ ਲਵੰਗ ਰਹੇ ਲਿਵ ਲਾਈ ॥

(ਸ੍ਰੀ ਰਾਮ) ਦੀਆਂ ਗੱਲ੍ਹਾਂ ਉੱਤੇ ਭੌਰੇ ਗੂੰਜਦੇ ਸਨ, (ਟੇਢੀਆਂ ਜ਼ੁਲਫ਼ਾਂ) ਸੱਪਾਂ ਦੇ ਬੱਚਿਆਂ ਵਾਂਗ ਅੰਗਾਂ ਉੱਤੇ ਮੋਹਿਤ ਹੋ ਰਹੀਆਂ ਸਨ।

ਕੰਜ ਕੁਰੰਗ ਕਲਾ ਨਿਧ ਕੇਹਰਿ ਕੋਕਿਲ ਹੇਰ ਹੀਏ ਹਹਰਾਈ ॥

(ਹੱਥਾਂ ਨੂੰ ਵੇਖ ਕੇ) ਕਮਲ, (ਅੱਖਾਂ ਨੂੰ ਵੇਖ ਕੇ) ਹਿਰਨ, (ਮੁੱਖ ਨੂੰ ਵੇਖ ਕੇ) ਚੰਦ੍ਰਮਾ, (ਲਕ ਨੂੰ ਵੇਖ ਕੇ) ਸ਼ੇਰ ਅਤੇ (ਆਵਾਜ਼ ਨੂੰ ਸੁਣ ਕੇ) ਕੋਇਲ ਦਿਲ ਵਿੱਚ ਹੈਰਾਨ ਹੋ ਰਹੀ ਸੀ।

ਬਾਲ ਲਖੈਂ ਛਬਿ ਖਾਟ ਪਰੈਂ ਨਹਿ ਬਾਟ ਚਲੈ ਨਿਰਖੇ ਅਧਿਕਾਈ ॥੧੫੪॥

(ਜੋ) ਜਵਾਨ ਇਸਤਰੀਆਂ (ਸ੍ਰੀ ਰਾਮ ਦੀ) ਛਬੀ ਨੂੰ ਵੇਖਦੀਆਂ ਸਨ, (ਉਨ੍ਹਾਂ ਨੂੰ) ਮੰਜੀ ਤੇ ਲੇਟਣਾ ਭੁੱਲ ਜਾਂਦਾ ਸੀ ਅਤੇ (ਜੋ) ਰਾਹੀ ਦੇਖਦੇ ਸਨ, (ਉਹ) ਰਸਤੇ ਉੱਤੇ ਚੱਲਣਾ ਉਚਕ ਜਾਂਦੇ ਸਨ ॥੧੫੪॥

ਸੀਅ ਰਹੀ ਮੁਰਛਾਇ ਮਨੈ ਰਨਿ ਰਾਮ ਕਹਾ ਮਨ ਬਾਤ ਧਰੈਂਗੇ ॥

ਸ੍ਰੀ ਰਾਮ ਵੱਲੋਂ ਪਰਸੁਰਾਮ ਦਾ ਧਨੁਸ਼ ਚੜ੍ਹਾਉਣ ਵੇਲੇ ਸੀਤਾ ਮਨ ਵਿੱਚ ਮੂਰਛਿਤ ਹੋਈ ਸੋਚਣ ਲੱਗੀ ਕਿ ਕੀ ਰਾਮ ਜੀ ਮਨ ਵਿੱਚ ਇਸ ਗੱਲ ਨੂੰ ਵਸਾ ਲੈਣਗੇ

ਤੋਰਿ ਸਰਾਸਨਿ ਸੰਕਰ ਕੋ ਜਿਮ ਮੋਹਿ ਬਰਿਓ ਤਿਮ ਅਉਰ ਬਰੈਂਗੇ ॥

ਕਿ ਜਿਵੇਂ ਸ਼ਿਵ ਧਨੁਸ਼ ਤੋੜ ਕੇ ਮੈਨੂੰ ਵਿਆਹਿਆ ਹੈ ਤਿਵੇਂ (ਇਸ ਦੇ ਧਨੁਸ਼ ਨੂੰ ਤੋੜ ਕੇ) ਇਕ ਹੋਰ ਨੂੰ ਵਿਆਹ ਲਿਆਉਣਗੇ?

ਦੂਸਰ ਬਯਾਹ ਬਧੂ ਅਬ ਹੀ ਮਨ ਤੇ ਮੁਹਿ ਨਾਥ ਬਿਸਾਰ ਡਰੈਂਗੇ ॥

ਜੇ ਕਰ ਹੁਣੇ ਹੀ (ਇਨ੍ਹਾਂ ਨੇ) ਦੂਜੀ ਇਸਤਰੀ ਵਿਆਹ ਲਈ, (ਤਾਂ) ਸੁਆਮੀ ਜੀ ਮੈਨੂੰ (ਜ਼ਰੂਰ ਹੀ) ਮਨ ਤੋਂ ਭੁੱਲਾ ਦੇਣਗੇ।

ਦੇਖਤ ਹੌ ਨਿਜ ਭਾਗ ਭਲੇ ਬਿਧ ਆਜ ਕਹਾ ਇਹ ਠੌਰ ਕਰੈਂਗੇ ॥੧੫੫॥

(ਕੀ ਮੈਂ) ਆਪਣੇ ਚੰਗੇ ਭਾਗ ਦੇਖ ਰਹੀ ਹਾਂ? (ਪਤਾ ਨਹੀਂ) ਅੱਜ ਬ੍ਰਹਮਾ ਇਸ ਥਾਂ 'ਤੇ ਕੀ ਕਰ ਦੇਵੇਗਾ? ॥੧੫੫॥

ਤਉ ਹੀ ਲਉ ਰਾਮ ਜਿਤੇ ਦਿਜ ਕਉ ਅਪਨੇ ਦਲ ਆਇ ਬਜਾਇ ਬਧਾਈ ॥

ਇੰਨੇ ਚਿਰ ਵਿੱਚ ਰਾਮ ਬ੍ਰਾਹਮਣ ਨੂੰ ਜਿੱਤ ਕੇ ਆਪਣੇ ਦਲ ਵਿੱਚ ਆ ਗਏ ਅਤੇ ਵਜੰਤ੍ਰੀਆਂ ਨੇ ਵਧਾਈ ਵਜਾ ਦਿੱਤੀ।

ਭਗੁਲ ਲੋਕ ਫਿਰੈ ਸਭ ਹੀ ਰਣ ਮੋ ਲਖਿ ਰਾਘਵ ਕੀ ਅਧਕਾਈ ॥

ਰਣ ਵਿੱਚ ਰਾਮ ਦੀ ਜਿੱਤ ਸੁਣ ਕੇ ਸਾਰੇ ਭਗੌੜੇ ਲੋਕ ਡਰ ਨਾਲ (ਇਧਰ ਉਧਰ) ਘੁੰਮਣ ਲੱਗੇ।

ਸੀਅ ਰਹੀ ਰਨ ਰਾਮ ਜਿਤੇ ਅਵਧੇਸਰ ਬਾਤ ਜਬੈ ਸੁਨਿ ਪਾਈ ॥

ਸੀਤਾ ਆਪਣੇ ਕੋਲ ਰਹੀ ਹੈ ਅਤੇ ਰਣ ਵਿੱਚ ਰਾਮ ਜਿੱਤੇ ਹਨ (ਇਹ) ਗੱਲ ਜਦੋਂ ਦਸ਼ਰਥ ਨੇ ਸੁਣੀ

ਫੂਲਿ ਗ੍ਯੋ ਅਤਿ ਹੀ ਮਨ ਮੈ ਧਨ ਕੇ ਘਨ ਕੀ ਬਰਖਾ ਬਰਖਾਈ ॥੧੫੬॥

(ਤਾਂ) ਮਨ ਵਿੱਚ ਬਹੁਤ ਪ੍ਰਸੰਨ ਹੋਇਆ ਅਤੇ ਧਨ ਦਾ ਬਦਲ ਬਣ ਕੇ ਮੀਂਹ ਵਸਾ ਦਿੱਤਾ ॥੧੫੬॥

ਬੰਦਨਵਾਰ ਬਧੀ ਸਭ ਹੀ ਦਰ ਚੰਦਨ ਸੌ ਛਿਰਕੇ ਗ੍ਰਹ ਸਾਰੇ ॥

ਸਾਰਿਆਂ ਘਰਾਂ ਦੇ ਬੂਹਿਆਂ ਉੱਤੇ ਬੰਧਨਵਾਰ ਬੰਨ੍ਹੀਆਂ ਗਈਆਂ। ਚੰਦਨ ਨਾਲ ਸਾਰੇ ਘਰ ਛਿੜਕੇ ਗਏ।

ਕੇਸਰ ਡਾਰਿ ਬਰਾਤਨ ਪੈ ਸਭ ਹੀ ਜਨ ਹੁਇ ਪੁਰਹੂਤ ਪਧਾਰੇ ॥

ਕੇਸਰ (ਘੋਲ ਕੇ) ਜਾਞੀਆਂ ਉੱਪਰ ਪਾਇਆ ਗਿਆ। ਸਾਰੇ ਹੀ ਵਿਅਕਤੀ ਇੰਦਰ ਵਾਂਗੂੰ ਸਜ ਕੇ ਤੁਰੇ।

ਬਾਜਤ ਤਾਲ ਮੁਚੰਗ ਪਖਾਵਜ ਨਾਚਤ ਕੋਟਨਿ ਕੋਟਿ ਅਖਾਰੇ ॥

ਤਾਲ, ਮ੍ਰਿਦੰਗ, ਪਖਾਵਜ ਆਦਿ ਵਾਜੇ ਵਜ ਰਹੇ ਸਨ ਅਤੇ ਕੋਟਾਨ-ਕੋਟ ਨਾਚ-ਗਾਣੇ ਦੇ ਅਖਾੜੇ ਬਣੇ ਹੋਏ ਸਨ।

ਆਨਿ ਮਿਲੇ ਸਭ ਹੀ ਅਗੂਆ ਸੁਤ ਕਉ ਪਿਤੁ ਲੈ ਪੁਰ ਅਉਧ ਸਿਧਾਰੇ ॥੧੫੭॥

(ਪੇਸ਼ਵਾਈ ਲਈ) ਸਭ ਲੋਕ ਅੱਗੇ ਆ ਕੇ ਮਿਲੇ ਅਤੇ ਪੁੱਤਰ ਨੂੰ ਲੈ ਕੇ ਪਿਤਾ ਅਯੁੱਧਿਆ ਨਗਰ ਨੂੰ ਚਲੇ ਗਏ ॥੧੫੭॥

ਚੌਪਈ ॥

ਚੌਪਈ

ਸਭਹੂ ਮਿਲਿ ਗਿਲ ਕੀਯੋ ਉਛਾਹਾ ॥

ਸਭ ਨੇ ਮਿਲ-ਜੁਲ ਕੇ ਉਤਸ਼ਾਹ ਪ੍ਰਗਟ ਕੀਤਾ।

ਪੂਤ ਤਿਹੂੰ ਕਉ ਰਚਯੋ ਬਿਯਾਹਾ ॥

(ਰਾਜੇ ਨੇ) ਤਿੰਨਾਂ ਪੁੱਤਰਾਂ ਦਾ ਵਿਆਹ ਰਚਾਇਆ।


Flag Counter