ਸ਼੍ਰੀ ਦਸਮ ਗ੍ਰੰਥ

ਅੰਗ - 1112


ਉਰ ਭਏ ਲੇਹਿ ਲਗਾਇ ਨ ਨ੍ਯਾਰੋ ਕੀਜਿਯੈ ॥

(ਇਸ ਨੂੰ) ਛਾਤੀ ਨਾਲ ਲਗਾ ਲਈਏ ਅਤੇ (ਕਦੇ) ਵਖਰਾ ਨਾ ਕਰੀਏ।

ਹੋ ਨਿਰਖਿ ਨਿਰਖਿ ਛਬਿ ਅਮਿਤ ਸਜਨ ਕੀ ਜੀਜਿਯੈ ॥੧੦॥

ਸੱਜਨ ਦੀ ਅਸੀਮ ਛਬੀ ਨੂੰ ਵੇਖ ਵੇਖ ਕੇ ਜੀਵੀਏ ॥੧੦॥

ਜਿ ਕੋ ਤਰੁਨਿ ਪੁਰਿ ਨਾਰਿ ਕੁਅਰ ਕੀ ਛਬਿ ਲਹੈ ॥

ਜੇ ਕੋਈ ਨਗਰ ਦੀ ਇਸਤਰੀ ਜਾਂ ਮੁਟਿਆਰ ਰਾਜ ਕੁਮਾਰ ਦੀ ਛਬੀ ਨੂੰ ਵੇਖਦੀ

ਉਡ ਲਪਟੋਂ ਇਹ ਸੰਗ ਯਹੇ ਚਿਤ ਮੈ ਕਹੈ ॥

ਤਾਂ ਚਿਤ ਵਿਚ ਇਹੀ ਕਹਿੰਦੀ ਕਿ ਉਡ ਕੇ ਉਸ ਨਾਲ ਜਾ ਲਿਪਟਾਂ।

ਏਕ ਬਾਰ ਇਹ ਛੈਲ ਚਿਕਨਿਯਹਿ ਪਾਇਯੈ ॥

ਇਕ ਵਾਰ ਜੇ ਇਹ ਕੋਮਲ ਗਭਰੂ ਪਾ ਲਵਾਂ

ਹੋ ਜਨਮ ਜਨਮ ਜੁਗ ਕ੍ਰੋਰਿ ਸੁ ਬਲਿ ਬਲਿ ਜਾਇਯੈ ॥੧੧॥

ਤਾਂ ਜਨਮ ਜਨਮਾਂਤਰਾਂ ਅਤੇ ਕਰੋੜ ਯੁਗਾਂ ਤਕ ਇਸ ਤੋਂ ਬਲਿਹਾਰ ਜਾਵਾਂ ॥੧੧॥

ਅਧਿਕ ਕੁਅਰ ਕੀ ਪ੍ਰਭਾ ਬਿਲੋਕਹਿ ਆਇ ਕੈ ॥

ਬਹੁਤ ਸਾਰੀਆਂ ਕੁੰਵਰ ਦੀ ਸੁੰਦਰਤਾ ਨੂੰ ਆ ਕੇ ਵੇਖਦੀਆਂ।

ਜੋਰਿ ਜੋਰਿ ਦ੍ਰਿਗ ਰਹੈ ਕਛੂ ਮੁਸਕਾਇ ਕੈ ॥

ਨੈਣਾਂ ਨੂੰ ਜੋੜ ਜੋੜ ਕੇ ਕੁਝ ਮੁਸਕਰਾਉਂਦੀਆਂ।

ਪਰਮ ਪ੍ਰੀਤਿ ਤਨ ਬਿਧੀ ਦਿਵਾਨੀ ਤੇ ਭਈ ॥

ਉਹ (ਇਸ ਦੇ) ਪਰਮ ਪ੍ਰੇਮ (ਦੇ ਬਾਣ ਨਾਲ) ਵਿੰਨ੍ਹੀਆਂ ਹੋਈਆਂ ਦੀਵਾਨੀਆਂ ਹੋ ਗਈਆਂ।

ਹੋ ਲੋਕ ਲਾਜ ਕੀ ਬਾਤ ਬਿਸਰਿ ਚਿਤ ਤੇ ਗਈ ॥੧੨॥

ਲੋਕ ਲਾਜ ਦੀ ਗੱਲ (ਉਨ੍ਹਾਂ ਦੇ) ਚਿਤ ਤੋਂ ਵਿਸਰ ਗਈ ॥੧੨॥

ਨਰੀ ਸੁਰੀ ਕਿਨ ਮਾਹਿ ਆਸੁਰੀ ਗੰਧ੍ਰਬੀ ॥

ਮਨੁੱਖਾਂ ਦੀਆਂ, ਦੇਵਤਿਆਂ ਦੀਆਂ, ਦੈਂਤਾਂ ਦੀਆਂ, ਗੰਧਰਬਾਂ ਦੀਆਂ,

ਕਹਾ ਕਿੰਨ੍ਰਨੀ ਕੂਰ ਜਛਨੀ ਨਾਗਨੀ ॥

ਕਿੰਨਰਾਂ ਦੀਆਂ, ਯਕਸ਼ਾਂ ਦੀਆਂ ਅਤੇ ਨਾਗਾਂ ਦੀਆਂ ਤੁਛ ('ਕੂਰ') ਇਸਤਰੀਆਂ ਤਾਂ ਕੀ,

ਲਛਮਿ ਆਦਿ ਦੁਤਿ ਹੇਰਿ ਰਹੈ ਉਰਝਾਇ ਕੈ ॥

ਲੱਛਮੀ ਆਦਿ ਵੀ (ਇਸ ਦੀ) ਸੁੰਦਰਤਾ ਨੂੰ ਵੇਖ ਕੇ ਮੋਹੀਆਂ ਗਈਆਂ ਸਨ

ਹੋ ਬਿਨੁ ਦਾਮਨ ਕੈ ਦੀਏ ਸੁ ਜਾਤ ਬਿਕਾਇ ਕੈ ॥੧੩॥

ਅਤੇ ਬਿਨਾ ਦਾਮ ਦਿੱਤੇ ਵਿਕ ਗਈਆਂ ਸਨ ॥੧੩॥

ਰਹੀ ਚੰਚਲਾ ਰੀਝਯਤਿ ਪ੍ਰਭਾ ਨਿਹਾਰਿ ਕੈ ॥

(ਉਸ ਦੀ) ਸੁੰਦਰਤਾ ਨੂੰ ਵੇਖ ਕੇ ਇਸਤਰੀਆਂ ਮੋਹਿਤ ਹੋ ਗਈਆਂ ਸਨ।

ਪ੍ਰਾਨਨ ਲੌ ਧਨ ਧਾਮ ਦੇਤ ਸਭ ਵਾਰਿ ਕੈ ॥

ਪ੍ਰਾਣਾਂ ਤੋਂ ਲੈ ਕੇ ਧਨ ਅਤੇ ਧਾਮ ਨਿਛਾਵਰ ਕਰ ਰਹੀਆਂ ਸਨ।

ਹਸਿ ਹਸਿ ਕਹੈ ਕੁਅਰ ਜੌ ਇਕ ਦਿਨ ਪਾਇਯੈ ॥

ਹੱਸ ਹੱਸ ਕੇ ਕਹਿੰਦੀਆਂ ਸਨ ਕਿ ਜੇ ਇਕ ਦਿਨ ਰਾਜ ਕੁਮਾਰ ਨੂੰ ਪ੍ਰਾਪਤ ਕਰ ਲਈਏ

ਹੋ ਬਹੁਰ ਨ ਨ੍ਯਾਰੋ ਕਰਿਯੈ ਹਿਯੈ ਲਗਾਇਯੈ ॥੧੪॥

ਤਾਂ ਹਿਰਦੇ ਨਾਲ ਲਗਾ ਲਈਏ ਅਤੇ ਫਿਰ (ਕਦੇ ਵੀ) ਵਖਰਾ ਨਾ ਕਰੀਏ ॥੧੪॥

ਦੋਹਰਾ ॥

ਦੋਹਰਾ:

ਸ੍ਰੀ ਸੁਕੁਮਾਰ ਮਤੀ ਬਹਨਿ ਤਾ ਕੀ ਰਾਜ ਕੁਮਾਰਿ ॥

ਉਸ ਦੀ ਭੈਣ ਰਾਜ ਕੁਮਾਰੀ ਸੁਕੁਮਾਰ ਮਤੀ ਸੀ,

ਅਪ੍ਰਮਾਨ ਛਬਿ ਭ੍ਰਾਤ ਕੀ ਰੀਝਤ ਭਈ ਨਿਹਾਰਿ ॥੧੫॥

ਉਹ ਭਰਾ ਦੀ ਅਨੂਪਮ ਸੁੰਦਰਤਾ ਨੂੰ ਵੇਖ ਕੇ ਮੋਹਿਤ ਹੋ ਗਈ ॥੧੫॥

ਚੌਪਈ ॥

ਚੌਪਈ:

ਨਿਸੁ ਦਿਨ ਯੌ ਮਨ ਮਾਹਿ ਬਿਚਾਰੈ ॥

ਰਾਤ ਦਿਨ ਮਨ ਵਿਚ ਇਸ ਤਰ੍ਹਾਂ ਵਿਚਾਰਦੀ

ਕਿਹ ਬਿਧਿ ਮੌ ਸੌ ਕੁਅਰ ਬਿਹਾਰੈ ॥

ਕਿ ਕਿਸੇ ਤਰ੍ਹਾਂ ਮੇਰੇ ਨਾਲ ਕੁੰਵਰ ਰਮਣ ਕਰੇ।

ਭ੍ਰਾਤ ਲਾਜ ਮਨ ਮਹਿ ਜਬ ਧਰੈ ॥

ਜਦ ਭਰਾ (ਦੇ ਰਿਸ਼ਤੇ) ਦੀ ਲਾਜ ਮਨ ਵਿਚ ਧਾਰਨ ਕਰਦੀ

ਲੋਕ ਲਾਜ ਕੀ ਚਿੰਤਾ ਕਰੈ ॥੧੬॥

ਤਾਂ ਲੋਕ ਲਾਜ ਦੀ ਚਿੰਤਾ ਕਰਨ ਲਗ ਜਾਂਦੀ ॥੧੬॥

ਲਾਜ ਕਰੈ ਅਰੁ ਚਿਤ ਚਲਾਵੈ ॥

(ਉਹ) ਲਾਜ ਤਾਂ ਕਰਦੀ ਸੀ, ਪਰ ਚਿਤ ਨੂੰ ਵੀ ਡੋਲਾਉਂਦੀ ਸੀ

ਕ੍ਯੋ ਹੂੰ ਕੁਅਰ ਹਾਥ ਨਹਿ ਆਵੈ ॥

ਕਿਵੇਂ ਵੀ ਕੁਮਾਰ ਹੱਥ ਵਿਚ ਨਹੀਂ ਆ ਰਿਹਾ ਸੀ।

ਇਕ ਚਰਿਤ੍ਰ ਤਬ ਬਚਿਤ੍ਰ ਬਿਚਾਰਿਯੋ ॥

ਤਦ ਉਸ ਨੇ ਇਕ ਵਿਚਿਤ੍ਰ ਚਰਿਤ੍ਰ ਵਿਚਾਰਿਆ

ਜਾ ਤੇ ਧਰਮ ਕੁਅਰ ਕੋ ਟਾਰਿਯੋ ॥੧੭॥

ਜਿਸ ਨਾਲ ਕੁੰਵਰ ਦਾ ਧਰਮ ਭ੍ਰਸ਼ਟ ਕਰ ਦਿੱਤਾ ॥੧੭॥

ਬੇਸ੍ਵਾ ਰੂਪ ਆਪਨੋ ਕਰਿਯੋ ॥

(ਉਸ ਨੇ) ਆਪਣਾ ਵੇਸਵਾ ਦਾ ਰੂਪ ਬਣਾਇਆ

ਬਾਰ ਬਾਰ ਗਜ ਮੋਤਿਨ ਜਰਿਯੋ ॥

ਅਤੇ (ਆਪਣਾ) ਵਾਲ ਵਾਲ ਗਜਮੋਤੀਆਂ ਨਾਲ ਸਜਾਇਆ।

ਹਾਰ ਸਿੰਗਾਰ ਚਾਰੁ ਤਨ ਧਾਰੇ ॥

ਸੁੰਦਰ ਹਾਰ ਸ਼ਿੰਗਾਰ ਸ਼ਰੀਰ ਉਤੇ ਕੀਤੇ।

ਜਨ ਸਸਿ ਤੀਰ ਬਿਰਾਜਤ ਤਾਰੇ ॥੧੮॥

(ਇੰਜ ਲਗਦਾ ਸੀ) ਮਾਨੋ ਚੰਦ੍ਰਮਾ ਦੇ ਨੇੜੇ ਤਾਰੇ ਸ਼ੋਭ ਰਹੇ ਹੋਣ ॥੧੮॥

ਪਾਨ ਚਬਾਤ ਸਭਾ ਮੈ ਆਈ ॥

ਪਾਨ ਖਾਂਦੀ ਹੋਈ ਦਰਬਾਰ ਵਿਚ ਆਈ

ਸਭ ਲੋਗਨ ਕੌ ਲਯੋ ਲੁਭਾਈ ॥

ਅਤੇ ਸਾਰਿਆਂ ਲੋਕਾਂ ਨੂੰ ਲੁਭਾ ਲਿਆ।

ਨ੍ਰਿਪ ਕਹ ਅਧਿਕ ਕਟਾਛ ਦਿਖਾਏ ॥

ਰਾਜੇ ਨੂੰ ਬਹੁਤ ਕਟਾਖ ਵਿਖਾਏ,

ਜਾਨੁਕ ਬਿਨਾ ਸਾਇਕਨ ਘਾਏ ॥੧੯॥

ਮਾਨੋ ਬਿਨਾ ਬਾਣ ਦੇ ਹੀ ਘਾਇਲ ਕਰ ਦਿੱਤਾ ਹੋਵੇ ॥੧੯॥

ਹੇਰਤ ਨ੍ਰਿਪਤ ਰੀਝਿ ਛਬਿ ਗਯੋ ॥

ਰਾਜਾ (ਉਸ ਦੀ) ਸੁੰਦਰਤਾ ਨੂੰ ਵੇਖ ਕੇ ਮੋਹਿਤ ਹੋ ਗਿਆ

ਘਾਇਲ ਬਿਨਾ ਸਾਇਕਨ ਭਯੋ ॥

ਅਤੇ ਬਿਨਾ ਤੀਰ ਦੇ ਘਾਇਲ ਹੋ ਗਿਆ।

ਆਜੁ ਨਿਸਾ ਇਹ ਬੋਲ ਪਠੈਹੋ ॥

(ਮਨ ਵਿਚ ਸੋਚਣ ਲਗਾ) ਅਜ ਰਾਤ ਇਸ ਨੂੰ ਬੁਲਵਾਵਾਂਗਾ

ਕਾਮ ਭੋਗ ਰੁਚਿ ਮਾਨਿ ਕਮੈਹੋ ॥੨੦॥

ਅਤੇ (ਇਸ ਨਾਲ) ਰੁਚੀ ਪੂਰਵਕ ਕਾਮ-ਕ੍ਰੀੜਾ ਕਰਾਂਗਾ ॥੨੦॥

ਬੀਤਯੋ ਦਿਵਸ ਨਿਸਾ ਜਬ ਭਈ ॥

ਜਦ ਦਿਨ ਬੀਤ ਗਿਆ ਅਤੇ ਰਾਤ ਹੋ ਗਈ

ਨਿਕਟਿ ਬੁਲਾਇ ਕੁਅਰ ਵਹੁ ਲਈ ॥

ਤਾਂ ਕੁੰਵਰ ਨੇ ਉਸ ਨੂੰ ਕੋਲ ਬੁਲਾ ਲਿਆ।

ਕਾਮ ਭੋਗ ਤਿਹ ਸਾਥ ਕਮਾਯੋ ॥

ਉਸ ਨਾਲ ਕਾਮ-ਭੋਗ ਕੀਤਾ,

ਭੇਦ ਅਭੇਦ ਕਛੂ ਨਹਿ ਪਾਯੋ ॥੨੧॥

ਪਰ ਭੇਦ ਅਭੇਦ ਕੁਝ ਨਾ ਸਮਝ ਸਕਿਆ ॥੨੧॥

ਦੋਹਰਾ ॥

ਦੋਹਰਾ:

ਲਪਟਿ ਲਪਟਿ ਤਾ ਸੋ ਕੁਅਰਿ ਰਤਿ ਮਾਨੀ ਰੁਚਿ ਮਾਨਿ ॥

ਕੁਮਾਰੀ ਨੇ ਲਿਪਟ ਲਿਪਟ ਕੇ ਉਸ ਨਾਲ ਰੁਚੀ ਪੂਰਵਕ ਰਤੀ-ਕ੍ਰੀੜਾ ਕੀਤੀ।


Flag Counter