ਕਿ ਮੇਰੇ ਘਰ ਪਰਮਾਤਮਾ ਨੇ ਪੁੱਤਰ ਦਿੱਤਾ ਹੈ।
ਉਸ ਨੇ ਆਪਣਾ ਨਾਮ 'ਧਾਮ ਜਵਾਈ' ਦਸਿਆ
ਅਤੇ (ਉਸ ਵਿਧਵਾ ਨੇ) ਬੜੇ ਆਦਰ ਨਾਲ ਭੋਜਨ ਕਰਵਾਇਆ ॥੪॥
ਚੌਪਈ:
ਇਸ ਤਰ੍ਹਾਂ ਜਦ ਇਕ ਸਾਲ ਲੰਘ ਗਿਆ,
ਤਾਂ ਉਹ ਇਸਤਰੀ ਦੁਖਾਂ ਤੋਂ ਨਿਸਚਿੰਤ ਹੋ ਗਈ।
ਉਹ (ਚੋਰ) ਉਸ ਦੇ ਘਰ ਦਾ ਕੰਮ-ਕਾਰ ਚਲਾਉਂਦਾ ਸੀ
ਅਤੇ ਉਸ ਵਿਧਵਾ ਇਸਤਰੀ ਨੂੰ ਕੋਈ ਖੇਚਲ ਨਹੀਂ ਹੁੰਦੀ ਸੀ ॥੫॥
ਦੋਹਰਾ:
ਕੁਝ ਦਿਨਾਂ ਬਾਦ ਉਹ (ਚੋਰ) ਉਸ ਦੀ ਧੀ ਨੂੰ ਚੁਰਾ ਕੇ ਲੈ ਗਿਆ।
(ਉਹ) ਇਸਤਰੀ ਝਟਪਟ ਕੋਤਵਾਲ ਕੋਲ ਜਾ ਕੇ ਰੋਈ ॥੬॥
ਚੌਪਈ:
(ਉਹ ਕਹਿਣ ਲਗੀ ਕਿ) 'ਘਰ-ਜਵਾਈ' ਨੇ ਮੇਰੀ ਪੁੱਤਰੀ ਚੁਰਾ ਲਈ ਹੈ।
ਵੇਖੋ, ਪਰਮਾਤਮਾ ਨੇ ਇਹ ਕੀ ਕੀਤਾ ਹੈ।
ਸੂਰਜ ਚੜ੍ਹਨ ਵੇਲੇ (ਉਹ) ਗਿਆ ਹੈ, ਪਰ (ਅਜੇ ਤਕ) ਪਰਤਿਆ ਨਹੀਂ ਹੈ।
ਮੈਨੂੰ ਉਨ੍ਹਾਂ ਦੀ ਕੋਈ ਖ਼ਬਰ ਸਾਰ ਨਹੀਂ ਹੈ ॥੭॥
ਜਦ ਕਾਜ਼ੀ ਅਤੇ ਕੋਤਵਾਲ ਨੇ ਗੱਲ ਸੁਣੀ।
(ਤਾਂ) ਦੋਹਾਂ ਨੇ ਹੱਸ ਕੇ ਮੱਥਾ (ਸਿਰ) ਹਿਲਾਇਆ।
ਜਿਸ ਨੂੰ ਤੂੰ ਆਪਣੀ ਪੁੱਤਰੀ ਦਾਨ ਦੇ ਦਿੱਤੀ
ਤਾਂ ਕੀ ਹੋਇਆ ਜੇ (ਉਹ ਉਸ ਨੂੰ) ਘਰ ਲੈ ਗਿਆ ॥੮॥
ਸਭ ਨੇ ਉਸ ਨੂੰ ਝੂਠਾ ਕਰ ਕੇ ਮੰਨਿਆ
ਅਤੇ ਇਸ ਭੇਦ ਨੂੰ ਹਿਰਦੇ ਵਿਚ ਜ਼ਰਾ ਜਿੰਨਾ ਵੀ ਨਹੀਂ ਸਮਝਿਆ।
ਉਸ (ਵਿਧਵਾ) ਦਾ ਸਾਰਾ ਧਨ ਲੁਟ ਲਿਆ
ਅਤੇ ਤਦ ਹੀ ਦੇਸ ਨਿਕਾਲਾ ਦੇ ਦਿੱਤਾ ॥੯॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੭੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੭੬॥੧੩੧੦॥ ਚਲਦਾ॥
ਦੋਹਰਾ:
ਚੰਦ੍ਰਪੁਰੀ ਵਿਚ ਚੰਦ੍ਰ ਸੈਨ ਨਾਂ ਦਾ ਇਕ ਰਾਜਾ ਹੁੰਦਾ ਸੀ।
(ਉਹ) ਬਲ, ਗੁਣ ਅਤੇ ਪ੍ਰਤਾਪ ਵਿਚ ਮਾਨੋ ਇੰਦਰ ('ਤ੍ਰਿਦਸੇਸ੍ਵਰ') ਦੇ ਸਮਾਨ ਹੋਵੇ ॥੧॥
ਉਸ ਦੀ ਭਾਗਵਤੀ ਨਾਂ ਦੀ ਇਸਤਰੀ ਸੀ ਜਿਸ ਦਾ ਰੂਪ ਬਹੁਤ ਅਧਿਕ ਸੀ।
ਰਤੀ ਦਾ ਪਤੀ (ਕਾਮ ਦੇਵ) ਵੀ ਉਸ ਨੂੰ ਰਤੀ ਸਮਝ ਕੇ ਝੁਕ ਝੁਕ ਕੇ ਪ੍ਰਨਾਮ ਕਰਦਾ ਸੀ ॥੨॥
ਇਕ ਸੁੰਦਰ ਪੁਰਸ਼ ਹੁੰਦਾ ਸੀ, (ਉਸ ਨੂੰ) ਰਾਣੀ ਨੇ ਬੁਲਾਇਆ
ਅਤੇ ਹਿਰਦੇ ਵਿਚ ਆਨੰਦ ਮੰਨਾ ਕੇ ਉਸ ਨਾਲ ਸਹਿਵਾਸ ਕੀਤਾ ॥੩॥
ਚੌਪਈ:
(ਉਨ੍ਹਾਂ ਦੇ) ਸਹਿਵਾਸ ਕਰਦਿਆਂ ਰਾਜਾ ਜੀ ਆ ਗਏ।
ਰਾਣੀ ਨੇ ਹਿਰਦੇ ਵਿਚ ਬਹੁਤ ਦੁਖ ਪਾਇਆ।
ਹੇ ਦੇਵ! ਇਸ (ਮਿਤਰ) ਦਾ (ਹੁਣ) ਕੀ ਕਰਾਂ।
ਇਸ ਦੇ ਮਾਰੇ ਜਾਣ ਤੇ ਫਿਰ ਮੈਂ ਵੀ ਮਰ ਜਾਵਾਂਗੀ ॥੪॥
ਯਾਰ ਨੇ ਕਿਹਾ:
ਤਦ ਯਾਰ ਨੇ ਇਸ ਤਰ੍ਹਾਂ ਗੱਲ ਕਹੀ,
ਹੇ ਰਾਣੀ! ਤੁਸੀਂ ਮੇਰੀ ਚਿੰਤਾ ਨਾ ਕਰੋ।
ਇਹ ਤਰਬੂਜ਼ ਮੈਨੂੰ ਕਟ ਕੇ ਦੇ ਦਿਓ।
ਇਸ ਦਾ ਗੁਲਫ਼ਾ (ਆਪ) ਖਾ ਲਵੋ ॥੫॥
ਤਦ ਰਾਣੀ ਨੇ ਉਸੇ ਤਰ੍ਹਾਂ ਕਾਰਜ ਕੀਤਾ।
ਤਰਬੂਜ਼ ਕਟ ਕੇ ਉਸ ਨੂੰ ਖੁਆਇਆ।
ਉਸ ਨੇ (ਤਰਬੂਜ਼ ਦਾ) ਖੋਪਰ ਲੈ ਕੇ ਸਿਰ ਉਤੇ ਧਰ ਲਿਆ
ਅਤੇ ਸਾਹ ਲੈਣ ਲਈ ਉਸ ਵਿਚ ਛੇਕ ਕਰ ਦਿੱਤਾ ॥੬॥
ਦੋਹਰਾ:
ਸਿਰ ਉਤੇ (ਤਰਬੂਜ਼ ਦਾ) ਖੋਪਰ ਧਰ ਕੇ ਰਾਜੇ ਦੇ ਡਰ ਦਾ ਮਾਰਿਆ (ਉਹ) ਨਦੀ ਤਰ ਗਿਆ।