ਉਸ ਨੇ ਕਿਹਾ, ਹੇ ਬਾਦਸ਼ਾਹ ਦੇ ਪੁੱਤਰ! ਤੂੰ ਮੈਨੂੰ ਆਪਣੀ ਇਸਤਰੀ ਬਣਾ ਲੈ।
ਇਸ ਬਾਰੇ ਤੈਨੂੰ ਕਿਸੇ ਦੂਜੇ ਬੰਦੇ ਤੋਂ ਡਰਨ ਦੀ ਲੋੜ ਨਹੀਂ ॥੭॥
(ਬਾਦਸ਼ਾਹ ਦੇ ਪੁੱਤਰ ਨੇ ਕਿਹਾ) ਮੈਂ ਸੁਣਿਆ ਹੈ ਕਿ ਹਿੰਦੁਤਸਤਾਨ ਵਿਚ ਇਕ ਬਾਦਸ਼ਾਹ ਹੈ।
ਉਸ ਦਾ ਨਾਂ ਸ਼ੇਰਸ਼ਾਹ ਹੈ ॥੮॥
ਉਸ ਦੇਸ਼ ਦੇ ਬਾਦਸ਼ਾਹ ਦਾ ਅਸੂਲ ਹੈ
ਕਿ ਉਸ ਨੂੰ ਇਕ ਵੀ ਬਾਹਰਲਾ ਦਾਣਾ ਰਲਿਆ ਦਿਖੇ, ਤਾਂ ਵਖ ਕਰ ਦਿੰਦਾ ਹੈ ॥੯॥
(ਉਹ ਵੈਰੀ ਨੂੰ ਇੰਜ ਪਕੜ ਲੈਂਦਾ ਹੈ) ਜਿਵੇਂ ਬਹਿਰੀ (ਸ਼ਿਕਾਰੀ ਪੰਛੀ) ਆਮ ਪੰਛੀਆਂ ਨੂੰ ਹੇਠਾਂ ਸੁਟ ਲੈਂਦਾ ਹੈ।
(ਜਾਂ ਵੈਰੀ ਉਸ ਅਗੇ) ਇੰਜ ਭਜਦੇ ਹਨ, ਜਿਵੇਂ ਬਾਜ਼ ਅਗੇ ਪੰਛੀ (ਮੁਰਗ਼ਾ) ਭਜਦਾ ਹੈ ॥੧੦॥
ਉਸ ਸ਼ੇਰਸ਼ਾਹ ਨੇ (ਕਿਸੇ ਸੌਦਾਗਰ ਤੋਂ) ਦੋ ਵੱਡੇ ਘੋੜੇ ਲਏ ਸਨ
ਜੋ ਇਰਾਕ ਦੇਸ਼ ਤੋਂ ਉਸ ਕੋਲ ਆਏ ਸਨ ॥੧੧॥
ਉਸ (ਸੌਦਾਗਰ) ਨੂੰ (ਬਾਦਸ਼ਾਹ ਨੇ) ਬਹੁਤ ਸਾਰਾ ਧਨ ਅਤੇ ਦੋ ਹਾਥੀ ਦਿੱਤੇ ਸਨ,
ਜੋ ਘੋੜਿਆਂ ਨੂੰ ਨੀਲ ਦਰਿਆ ਤੋਂ ਪਾਰੋਂ ਲਿਆਇਆ ਸੀ ॥੧੨॥
ਇਕ ਘੋੜੇ ਦਾ ਨਾਂ ਰਾਹੋ ਸੀ ਅਤੇ ਦੂਜੇ ਦਾ ਸੁਰਾਹੋ ਸੀ।
ਉਹ ਹਿਰਨ ਵਰਗੇ ਤੇਜ਼ ਅਤੇ ਬਹੁਤ ਕੀਮਤੀ ਸਨ; ਮਾਨੋ ਮਨੁੱਖ ਵਾਂਗ ਸਿਆਣੇ ਹੋਣ ॥੧੩॥
ਜੇ ਤੂੰ ਉਹ ਦੋਵੇਂ ਘੋੜੇ ਮੈਨੂੰ ਇਥੇ ਲਿਆ ਦੇਏਂ,
ਤਾਂ ਉਸ ਤੋਂ ਬਾਦ ਮੈਂ ਤੈਨੂੰ ਆਪਣੀ ਇਸਤਰੀ ਬਣਾਵਾਂਗਾ ॥੧੪॥
ਇਹ ਗੱਲ ਸੁਣ ਕੇ ਉਹ ਲੜਕੀ ਚਲ ਪਈ
ਅਤੇ ਹਿੰਦੁਸਤਾਨ ਦੇ ਬਾਦਸ਼ਾਹ ਦੇ ਨਗਰ ਵਿਚ ਆ ਗਈ ॥੧੫॥
ਉਹ ਜਮਨਾ ਦਰਿਆ ਦੇ ਕੰਢੇ ਉਤੇ ਬੈਠ ਗਈ।
ਉਹ ਆਪਣੇ ਨਾਲ ਸ਼ਰਾਬ ਅਤੇ ਮਾਸ ਲੈ ਗਈ ਸੀ, ਉਸ ਨੂੰ ਪੀਤਾ ਅਤੇ ਖਾਇਆ ॥੧੬॥
ਜਦ ਕਾਲੀ ਰਾਤ ਦੇ ਦੋ ਪਹਿਰ ਗੁਜ਼ਰ ਗਏ
ਤਾਂ ਉਸ ਨੇ ਬਹੁਤ ਸਾਰੀਆਂ ਘਾਹ ਦੀਆਂ ਪੰਡਾਂ ਨੂੰ ਦਰਿਆ ਵਿਚ ਰੋੜ੍ਹ ਦਿੱਤਾ ॥੧੭॥
ਜਦ ਪਹਿਰੇਦਾਰਾਂ ਨੇ ਘਾਹ ਦੀਆਂ ਪੰਡਾਂ ਨੂੰ ਰੁੜ੍ਹਦਾ ਵੇਖਿਆ,
ਤਾਂ ਉਹ ਕ੍ਰੋਧ ਨਾਲ ਚਮਕ ਪਏ ॥੧੮॥
ਉਨ੍ਹਾਂ ਨੇ ਗੰਢਾਂ ਉਤੇ ਬੰਦੂਕਾਂ ਦੀਆਂ ਗੋਲੀਆਂ ਦੀ ਇਤਨੀ ਬਰਖਾ ਕੀਤੀ
ਜਿਵੇਂ ਬਿਜਲੀ ਦੇ ਚਮਕਣ ਦੇ ਨਾਲ ਬਰਖਾ ਹੁੰਦੀ ਹੈ ॥੧੯॥
ਉਸ (ਲੜਕੀ) ਨੇ ਜਦ ਤਿੰਨ ਚਾਰ ਵਾਰ ਇਸੇ ਤਰ੍ਹਾਂ ਕੀਤਾ
ਤਾਂ ਰਖਵਾਲੇ ਨੀਂਦ ਆ ਜਾਣ ਕਰ ਕੇ ਆਖ਼ਰ ਸੌਂ ਗਏ ॥੨੦॥
ਲੜਕੀ ਨੇ ਸਮਝ ਲਿਆ ਕਿ ਰਖਵਾਲੇ ਸੌਂ ਗਏ ਹਨ
ਜਿਵੇਂ ਮੁਰਦੇ ਪਏ ਹੋਣ ਜਾਂ ਜ਼ਖ਼ਮੀ ਸੂਰਮੇ ਲੰਬੇ ਪਏ ਹੋਣ ॥੨੧॥
ਉਹ ਉਥੋਂ ਚਲ ਕੇ ਉਸ ਥਾਂ ਜਾ ਪਹੁੰਚੀ,
ਜਿਥੇ ਬਾਦਸ਼ਾਹ ਦੀ ਅਟਾਰੀ ਦੀ ਬੁਨੀਆਦ ਸੀ ॥੨੨॥
ਜਦੋਂ ਘੜੀਆਲ ਵਜਾਣ ਵਾਲਾ ਘੜੀਆਲ ਨੂੰ ਵਜਾਉਂਦਾ
ਤਾਂ ਉਹ ਦੀਵਾਰ ਵਿਚ ਇਕ ਕਿਲੀ ਠੋਕ ਦਿੰਦੀ ॥੨੩॥
ਇਸ ਤਰ੍ਹਾਂ (ਕਿਲੀਆਂ ਦੇ ਸਹਾਰੇ) ਉਹ ਵੱਡੀ ਦੀਵਾਰ ਨੂੰ ਚੜ੍ਹ ਕੇ ਉਪਰ ਆ ਗਈ।
ਰੱਬ ਦੇ ਹੁਕਮ ਨਾਲ ਉਸ ਨੇ ਦੋਵੇਂ ਘੋੜੇ ਵੇਖ ਲਏ ॥੨੪॥
ਇਕ ਰਖਵਾਲੇ ਨੂੰ (ਤਲਵਾਰ ਮਾਰ ਕੇ) ਅੱਧਾ ਅੱਧਾ ਕਰ ਦਿੱਤਾ
ਅਤੇ ਦਰਵਾਜ਼ੇ ਦੀ ਰਖਵਾਲੀ ਕਰਨ ਵਾਲੇ ਦੇ ਦੋ ਟੋਟੇ ਕਰ ਦਿੱਤੇ ॥੨੫॥
ਦੂਜੇ ਨੂੰ (ਤਲਵਾਰ ਮਾਰ ਕੇ) ਸਿਰ ਵਖਰਾ ਕਰ ਦਿੱਤਾ।
ਤੀਜੇ ਨੂੰ ਮਾਰਿਆ ਅਤੇ ਉਹ ਖ਼ੂਨ ਨਾਲ ਲਥ ਪਥ ਹੋ ਗਿਆ ॥੨੬॥
ਚੌਥੇ ਦਾ ਸਿਰ ਵਖਰਾ ਕੀਤਾ, ਪੰਜਵੇਂ ਨੂੰ ਮਾਰ ਦਿੱਤਾ
ਅਤੇ ਛੇਵੇਂ ਨੂੰ ਹੱਥ ਵਿਚ ਜਮਧਾੜ ਲੈ ਕੇ ਮਾਰ ਦਿੱਤਾ ॥੨੭॥
ਛੇਵੇਂ ਚੌਕੀਦਾਰ ਨੂੰ ਮਾਰ ਕੇ ਉਸ ਥਾਂ ਉਤੇ ਆਈ
ਜਿਥੇ ਸੱਤਵਾਂ ਚੌਕੀਦਾਰ ਚੌਕੀ ਉਪਰ ਖੜੋਤਾ ਸੀ ॥੨੮॥
ਫਿਰ ਸੱਤਵੇਂ ਚੌਕੀਦਾਰ ਨੂੰ ਜ਼ਖ਼ਮੀ ਕਰ ਕੇ ਮਾਰ ਦਿੱਤਾ
ਅਤੇ ਫਿਰ ਰੱਬ ਦੇ ਹੁਕਮ ਨਾਲ ਘੋੜੇ ਉਤੇ ਹੱਥ ਫੇਰਿਆ ॥੨੯॥
ਉਸ ਨੇ ਸਵਾਰ ਹੋ ਕੇ ਘੋੜੇ ਨੂੰ ਅਜਿਹੀ ਚਾਬਕ ਮਾਰੀ
ਕਿ ਉਹ ਦੀਵਾਰ ਦੇ ਉਪਰੋਂ ਜਮਨਾ ਦਰਿਆ ਵਿਚ ਆ ਪਿਆ ॥੩੦॥