ਕਿਤੇ ਤਲਵਾਰਾਂ ਦੀਆਂ ਧਾਰਾਂ ਚਮਕ ਰਹੀਆਂ ਸਨ।
(ਕਿਤੇ) ਭਿਆਨਕ ਰੁੰਡ ਅਤੇ ਮੁੰਡ ਭਕ ਭਕ ਕਰ ਰਹੇ ਸਨ ॥੧੫੫॥
ਭੁਜੰਗ ਛੰਦ:
ਉਥੇ ਬਹੁਤ ਭਿਆਨਕ ਯੁੱਧ ਮਚਿਆ ਹੋਇਆ ਸੀ
ਅਤੇ ਸੂਰਮਿਆਂ ਦੇ ਜੁਟ ਮਾਰੇ ਹੋਏ ਅਚੇਤ ਪਏ ਸਨ।
ਕਿਤੇ ਡਮਰੂ ਡਹ ਡਹ ਸ਼ਬਦ ਕਰਦੇ ਵਜ ਰਹੇ ਸਨ
(ਜਿਸ ਨੂੰ) ਸੁਣ ਕੇ ਵੱਡੇ ਦੈਂਤਾਂ ਦਾ ਹੰਕਾਰ ਦੂਰ ਹੋ ਰਿਹਾ ਸੀ ॥੧੫੬॥
ਕਿਤੇ ਸੰਖ, ਭੇਰੀ, ਤਾਲ, ਵਜ ਰਹੇ ਸਨ।
ਬੇਨ, ਵੀਣਾ, ਤੰਬੂਰੇ ('ਪਨੋ') ਅਤੇ ਨਗਾਰੇ ਵਜ ਰਹੇ ਸਨ।
ਕਿਤੇ ਤੂਤੀਆਂ, ਨਫ਼ੀਰੀਆਂ ਦਾ ਨਾਦ ਇਸ ਤਰ੍ਹਾਂ ਦਾ ਹੋ ਰਿਹਾ ਸੀ,
ਜਿਸ ਤਰ੍ਹਾਂ ਪਰਲੋ ਸਮੇਂ ਦਾ ਘੋਰ ਵਾਜਾ ਵਜ ਰਿਹਾ ਹੋਵੇ ॥੧੫੭॥
ਕਿਤੇ ਛੈਣੇ, ਤੁਰੀਆਂ, ਨਗਾਰੇ, ਮ੍ਰਿਦੰਗ,
ਬੰਸਰੀ, ਬੀਨ ਅਤੇ ਚੰਗੀਆਂ ਸੁਰਾਂ ਵਾਲੇ ਵਾਜੇ (ਵਜ ਰਹੇ ਸਨ।)
ਕਿਤੇ ਤੂੰਬਾ ('ਬਗਲ') ਤਰੰਗ ਆਦਿ ਵਾਜੇ ਵਜਾਏ ਜਾ ਰਹੇ ਸਨ।
ਕਿਤੇ ਸੋਹਣੇ ਢੰਗ ਨਾਲ ਵੀਰ-ਵਾਰਤਾ ਸੁਣਾਈ ਜਾ ਰਹੀ ਸੀ ॥੧੫੮॥
ਕਿਤੇ ਝਾਂਝ, ਤਾਲ, ਬੇਨ, ਬੀਨਾ ਇਸ ਤਰ੍ਹਾਂ ਵਜ ਰਹੀਆਂ ਸਨ
ਜਿਸ ਤਰ੍ਹਾਂ ਪਰਲੋ ਕਾਲ ਦਾ ਮਾਹੌਲ ਬਣਿਆ ਹੋਵੇ।
ਕਿਤੇ ਬੰਸਰੀ, ਸ਼ਹਿਨਾਈ, ਮ੍ਰਿਦੰਗ,
ਸਾਰੰਗੀ, ਮੁਚੰਗ ਅਤੇ ਉਪੰਗ ਵਜ ਰਹੇ ਸਨ ॥੧੫੯॥
ਕਿਤੇ ਰਾਜੇ ਗਜ ਗਜ ਕੇ ਭੁਜਾਵਾਂ ਉਤੇ ਹੱਥ ਮਾਰ ਰਹੇ ਸਨ।
ਕਿਤੇ ਸੂਰਮੇ ਸੂਰਮਿਆਂ ਦਾ ਰਾਹ ਰੋਕ ਰਹੇ ਸਨ।
ਕਿਤੇ (ਸੂਰਮੇ) ਅਸਤ੍ਰ ਅਤੇ ਸ਼ਸਤ੍ਰ ਲੈ ਲੈ ਕੇ ਚਲਾ ਰਹੇ ਸਨ
ਅਤੇ ਕਿਤੇ ਢਾਲਾਂ ਲੈ ਕੇ ਉਨ੍ਹਾਂ ਦੀਆਂ ਸਟਾਂ ਵਜਾਉਂਦੇ (ਮਾਰਦੇ) ਸਨ ॥੧੬੦॥
ਕਿਤੇ ਬਾਂਕੇ (ਸੂਰਮਿਆਂ ਦੇ) ਰੁੰਡ (ਧੜ) ਅਤੇ ਕਿਤੇ ਮੁੰਡ (ਸਿਰ) ਸ਼ੋਭ ਰਹੇ ਸਨ।
ਕਿਤੇ ਨਿਡਰ ('ਨਿਸਾਕੇ') ਸੂਰਮੇ ਕਟੇ ਵਢੇ ਹੋਏ ਮਾਰੇ ਪਏ ਸਨ।
ਕਿਤੇ ਘੋੜੇ ਮਾਰੇ ਪਏ ਸਨ ਅਤੇ ਕਿਤੇ ਹਾਥੀ ਜੂਝੇ ਪਏ ਸਨ।
ਕਿਤੇ ਊਠ ਕਟੇ ਪਏ ਸਨ (ਜੋ) ਪਛਾਣ ਵਿਚ ਨਹੀਂ ਆਉਂਦੇ ਸਨ ॥੧੬੧॥
ਕਿਤੇ ਢਾਲਾਂ ('ਚਰਮ') ਅਤੇ ਕਵਚ ('ਬਰਮ') ਧਰਤੀ ਉਤੇ ਇਸ ਤਰ੍ਹਾਂ ਡਿਗੇ ਪਏ ਸਨ,
ਜਿਸ ਤਰ੍ਹਾਂ ਸੀਣ ਵੇਲੇ ਬਸਤ੍ਰਾਂ ਨੂੰ ਵਿਉਂਤ ਕੇ ਰਖਿਆ ਹੋਵੇ।
ਜ਼ਬਰਦਸਤ ਜੰਗ ਰੂਪ ਯੱਗ ਵਿਚ ਯੋਧੇ ਇਸ ਤਰ੍ਹਾਂ ਜੂਝੇ ਪਏ ਸਨ,
ਮਾਨੋ ਭੰਗ ਪੀ ਕੇ ਮਲੰਗ ਸੁਤੇ ਪਏ ਹੋਣ ॥੧੬੨॥
ਕਿਤੇ 'ਡਹ ਡਹ' ਕਰਦੇ ਡੌਰੂ ਵਜਾਏ ਜਾ ਰਹੇ ਸਨ।
ਕਿਤੇ ਯੁੱਧ-ਭੂਮੀ ਵਿਚ ਮਾਰੂ ਰਾਗ ਬਹੁਤ ਗਾਇਆ ਜਾ ਰਿਹਾ ਸੀ।
ਕਿਤੇ (ਸੂਰਮੇ) ਹਸ ਕੇ ਭੁਜਾਵਾਂ ਨੂੰ ਠੋਕਦੇ ਸਨ ਅਤੇ ਕਿਤੇ ਗਜ ਕੇ ਪੱਟਾਂ ਉਤੇ ਹੱਥ ਮਾਰਦੇ ਸਨ।
ਕਿਤੇ ਸੂਰਮੇ ਸੂਰਮਿਆਂ ਦਾ ਸਿਰ ਕਟ ਰਹੇ ਸਨ ॥੧੬੩॥
ਕਿਤੇ ਅਪੱਛਰਾਵਾਂ ('ਚੰਚਲਾ') ਸੁੰਦਰ ਬਸਤ੍ਰ ਸਜਾ ਕੇ
ਉਨ੍ਹਾਂ ਜਵਾਨ ਯੋਧਿਆਂ ਨੂੰ ਵਰ ਰਹੀਆਂ ਸਨ, ਜੋ ਯੁੱਧ ਵਿਚ ਜੂਝੇ ਸਨ।
ਕਿਤੇ ਯੋਧੇ ਯੋਧਿਆਂ ਦੇ ਪੈਰ (ਪਿਛੇ ਵਲ) ਧਕਦੇ ਸਨ।
(ਉਸ) ਮਹਾਨ ਜੰਗ ਵਿਚ ਯੋਧੇ ਚੰਗੇ ਨੇਜ਼ੇ (ਮਾਰਨ ਵਿਚ) ਲਗੇ ਹੋਏ ਸਨ ॥੧੬੪॥
ਕਿਤੇ ਯਕਸ਼ਣੀ, ਕਿੰਨ੍ਰਨੀ,
ਗੰਧਰਬੀ ਅਤੇ ਦੇਵਨੀ (ਇਸਤਰੀਆਂ) ਪ੍ਰਸੰਨ ਹੋ ਕੇ (ਵਿਚਰ ਰਹੀਆਂ ਸਨ)।
ਕਿਤੇ ਪਰੀਆਂ ਅਤੇ ਅਪੱਛਰਾਵਾਂ ਗੀਤ ਗਾ ਰਹੀਆਂ ਸਨ।
ਕਿਤੇ ਇਸਤਰੀਆਂ (ਸੁੰਦਰ) ਬਸਤ੍ਰ ਸਜਾ ਰਹੀਆਂ ਸਨ ॥੧੬੫॥
ਕਿਤੇ ਦੇਵ-ਕੰਨਿਆਵਾਂ ਤਾਲ ਦੇ ਕੇ ਨਚ ਰਹੀਆਂ ਸਨ
ਅਤੇ ਕਿਤੇ ਦੈਂਤ-ਪੁੱਤਰੀਆਂ ਪ੍ਰਸੰਨਤਾ ਪੂਰਵਕ ਹਸ ਰਹੀਆਂ ਸਨ।
ਕਿਤੇ ਇਸਤਰੀਆਂ ਸੁੰਦਰ ਬਸਤ੍ਰਾਂ ('ਅੰਚਲਾ') ਨੂੰ ਸੰਵਾਰ ਰਹੀਆਂ ਸਨ।
ਕਿਤੇ ਯਕਸ਼ਣੀਆਂ ਅਤੇ ਕਿੰਨ੍ਰਨੀਆਂ ਗੀਤ ਗਾ ਰਹੀਆਂ ਸਨ ॥੧੬੬॥
ਮਹਾਨ ਤੇਜਸਵੀ ਯੋਧੇ ਗੁੱਸੇ ਵਿਚ ਆ ਕੇ ਲੜ ਰਹੇ ਸਨ