ਸ਼੍ਰੀ ਦਸਮ ਗ੍ਰੰਥ

ਅੰਗ - 1118


ਦੋਹਰਾ ॥

ਦੋਹਰਾ:

ਪ੍ਰਥਮ ਸੁਤਾ ਰੂਮੀਨ ਕੀ ਕੀਯੋ ਬ੍ਯਾਹ ਬਨਾਇ ॥

ਪਹਿਲਾਂ ਰੂਮ ਦੇਸ (ਦੇ ਰਾਜੇ ਦੀ) ਲੜਕੀ ਨਾਲ ਵਿਆਹ ਕੀਤਾ

ਬਹੁਰਿ ਕਨੌਜਿਸ ਕੀ ਸੁਤਾ ਬਰੀ ਮ੍ਰਿਦੰਗ ਬਜਾਇ ॥੪॥

ਅਤੇ ਫਿਰ ਨਗਾਰਾ ਵਜਾ ਕੇ ਕਨੌਜ ਦੇ ਰਾਜੇ ਦੀ ਧੀ ਨੂੰ ਵਿਆਹਿਆ ॥੪॥

ਅੜਿਲ ॥

ਅੜਿਲ:

ਬਹੁਰਿ ਦੇਸ ਨੈਪਾਲ ਪਯਾਨੋ ਤਿਨ ਕਿਯੋ ॥

ਫਿਰ ਉਹ ਨਿਪਾਲ ਦੇਸ ਵਲ ਚਲਾ ਗਿਆ

ਕਸਤੂਰੀ ਕੇ ਮ੍ਰਿਗਨ ਬਹੁਤ ਬਿਧਿ ਗਹਿ ਲਿਯੋ ॥

ਅਤੇ ਬਹੁਤ ਢੰਗਾਂ ਨਾਲ ਕਸਤੂਰੀ ਵਾਲੇ ਹਿਰਨਾਂ ਨੂੰ ਪਕੜ ਲਿਆ।

ਬਹੁਰਿ ਬੰਗਾਲਾ ਕੀ ਦਿਸਿ ਆਪੁ ਪਧਾਰਿਯੋ ॥

ਫਿਰ ਆਪ ਬੰਗਾਲ ਵਲ ਚਲਾ ਗਿਆ।

ਹੋ ਆਨਿ ਮਿਲ੍ਯੋ ਸੋ ਬਚ੍ਯੋ ਅਰ੍ਰਯੋ ਤਿਹ ਮਾਰਿਯੋ ॥੫॥

(ਉਸ ਨੂੰ) ਜੋ ਆ ਕੇ ਮਿਲ ਪਿਆ, ਉਹ ਬਚ ਗਿਆ ਅਤੇ ਜੋ ਅੜਿਆ, ਉਹ ਮਾਰ ਦਿੱਤਾ ॥੫॥

ਜੀਤ ਬੰਗਾਲਾ ਛਾਜ ਕਰਨ ਪਰ ਧਾਇਯੋ ॥

ਬੰਗਾਲ ਨੂੰ ਜਿਤ ਕੇ ਫਿਰ 'ਛਾਜ ਕਰਨ' ਉਤੇ ਹਮਲਾ ਕੀਤਾ।

ਤਿਨੋ ਜੀਤਿ ਨਾਗਰ ਪਰ ਅਧਿਕ ਰਿਸਾਇਯੋ ॥

ਉਨ੍ਹਾਂ ਨੂੰ ਜਿਤ ਕੇ ਫਿਰ ਨਾਗਰ (ਨਾਗ) ਦੇਸ਼ ਉਤੇ ਬਹੁਤ ਰੋਹ ਵਿਚ ਆਇਆ।

ਏਕਪਾਦ ਬਹੁ ਹਨੈ ਸੂਰ ਸਾਵਤ ਬਨੇ ॥

(ਫਿਰ) ਏਕਪਾਦ (ਕੇਰਲ) ਪ੍ਰਦੇਸ ਵਿਚ ਬਹੁਤ ਸਾਰੇ ਸਾਮੰਤ ਅਤੇ ਸੂਰਮੇ ਮਾਰ ਦਿੱਤੇ।

ਹੋ ਜੀਤਿ ਪੂਰਬਹਿ ਕਿਯੋ ਪਯਾਨੋ ਦਛਿਨੇ ॥੬॥

(ਇਸ ਤਰ੍ਹਾਂ) ਪੂਰਬ ਨੂੰ ਜਿਤ ਕੇ ਦੱਖਣ ਵਲ ਚਲ ਪਿਆ ॥੬॥

ਛਪੈ ਛੰਦ ॥

ਛਪੈ ਛੰਦ:

ਝਾਰਿ ਖੰਡਿਯਨ ਝਾਰਿ ਚਮਕਿ ਚਾਦਿਯਨ ਸੰਘਾਰਿਯੋ ॥

ਝਾੜ ਖੰਡ ਦੇ ਰਹਿਣ ਵਾਲਿਆਂ ਨੂੰ ਝਾੜਿਆ ਅਤੇ ਫਿਰ ਕ੍ਰੋਧਿਤ ਹੋ ਕੇ ਚਾਂਦ ਨਗਰ ਵਾਲਿਆਂ ਨੂੰ ਮਾਰ ਦਿੱਤਾ।

ਬਿਦ੍ਰਭ ਦੇਸਿਯਨ ਬਾਰਿ ਖੰਡ ਬੁੰਦੇਲ ਬਿਦਾਰਿਯੋ ॥

(ਫਿਰ) ਬਿਦ੍ਰਭ ਦੇਸ਼ ਵਾਸੀਆਂ ਨੂੰ ਸਾੜ ਕੇ, ਬੁੰਦੇਲ ਖੰਡ (ਦੇ ਸੂਰਮਿਆਂ) ਨੂੰ ਨਸ਼ਟ ਕਰ ਦਿੱਤਾ।

ਖੜਗ ਪਾਨ ਗਹਿ ਖੇਤ ਖੁਨਿਸ ਖੰਡਿਸਨ ਬਿਹੰਡਿਯੋ ॥

ਹੱਥ ਵਿਚ ਤਲਵਾਰ ਲੈ ਕੇ, ਯੁੱਧ-ਭੂਮੀ ਵਿਚ ਕ੍ਰੋਧਿਤ ਹੋ ਕੇ ਖੜਗਧਾਰੀਆਂ ਨੂੰ ਸੰਘਾਰ ਦਿੱਤਾ।

ਪੁਨਿ ਮਾਰਾਸਟ੍ਰ ਤਿਲੰਗ ਦ੍ਰੌੜ ਤਿਲ ਤਿਲ ਕਰਿ ਖੰਡਿਯੋ ॥

ਫਿਰ ਮਹਾਰਾਸ਼ਟਰ, ਤਿਲੰਗ, ਦ੍ਰੜਾਵੜ (ਦੇਸ ਵਾਸੀਆਂ ਨੂੰ) ਤਿਲ ਤਿਲ ਕਰ ਕੇ ਕਟ ਸੁਟਿਆ।

ਨ੍ਰਿਪ ਸੂਰਬੀਰ ਸੁੰਦਰ ਸਰਸ ਮਹੀ ਦਈ ਮਹਿ ਇਸਨ ਗਹਿ ॥

ਜਿਹੜੇ ਬਹੁਤ ਸੁੰਦਰ ਸ਼ੂਰਵੀਰ ਰਾਜੇ ਸਨ, (ਉਨ੍ਹਾਂ ਤੋਂ) ਧਰਤੀ ਲੈ ਕੇ ਫਿਰ ਵਾਪਸ ਕਰ ਦਿੱਤੀ।

ਦਛਨਹਿ ਜੀਤਿ ਪਟਨ ਉਪਟਿ ਸੁ ਕਿਯ ਪਯਾਨ ਪੁਨਿ ਪਸਚਮਹਿ ॥੭॥

ਦੱਖਣ ਦਿਸ਼ਾ ਨੂੰ ਜਿਤ ਕੇ ਅਤੇ 'ਪਟਨ' (ਨਗਰ) ਬਰਬਾਦ ਕਰ ਕੇ ਫਿਰ ਪੱਛਮ ਦਿਸ਼ਾ ਵਲ ਧਾਵਾ ਕੀਤਾ ॥੭॥

ਅੜਿਲ ॥

ਅੜਿਲ:

ਬਰਬਰੀਨ ਕੌ ਜੀਤਿ ਬਾਹੁ ਸਾਲੀਨ ਬਿਹੰਡਿਯੋ ॥

ਬਰਬਰ ਦੇਸ਼ ਵਾਲਿਆਂ ਨੂੰ ਜਿਤ ਕੇ (ਫਿਰ) ਸ਼ਾਲੀਵਾਹਨ ਦੇਸ਼ ਵਾਲਿਆਂ ਦਾ ਵਿਨਾਸ਼ ਕੀਤਾ।

ਗਰਬ ਅਰਬ ਕੋ ਦਾਹਿ ਸਰਬ ਦਰਬਿਨ ਕੋ ਦੰਡਿਯੋ ॥

(ਫਿਰ) ਅਰਬ ਦੇਸ਼ ਦੀ ਹੈਂਕੜ ਨੂੰ ਸਾੜ ਫੂਕ ਕੇ ਧਨਵਾਨਾਂ ('ਦਰਬਿਨ') ਨੂੰ ਦੰਡ ਦਿੱਤਾ।

ਅਰਬ ਖਰਬ ਰਿਪੁ ਚਰਬਿ ਜਰਬਿ ਛਿਨ ਇਕ ਮੈ ਮਾਰੇ ॥

ਫਿਰ ਬੇਗਿਣਤ ਵੈਰੀਆਂ ਨੂੰ ਚਬ ਲਿਆ ਅਤੇ ਦੁਖ ਦੇ ਕੇ ('ਜਰਬਿ' ਸੱਟਾਂ ਮਾਰ ਕੇ) ਛਿਣ ਵਿਚ ਮਾਰ ਦਿੱਤਾ।

ਹੋ ਹਿੰਗੁਲਾਜ ਹਬਸੀ ਹਰੇਵ ਹਲਬੀ ਹਨਿ ਡਾਰੇ ॥੮॥

ਫਿਰ ਹਿੰਗਲਾਜ ਦੇਸ, ਹਬਸ਼ ਦੇਸ, ਹਰੇਵ ਦੇਸ ਅਤੇ ਹਲਬ ਦੇਸ਼ ਵਾਲਿਆਂ ਨੂੰ ਮਾਰ ਦਿੱਤਾ ॥੮॥

ਮਗਰਬੀਨ ਕੋ ਜੀਤਿ ਸਰਬ ਗਰਬਿਨ ਕੋ ਮਾਰਿਯੋ ॥

ਫਿਰ ਪੱਛਮ ਨੂੰ ਜਿਤ ਕੇ ਸਾਰਿਆਂ ਹੰਕਾਰੀਆਂ ਨੂੰ ਮਾਰ ਦਿੱਤਾ।

ਸਰਬ ਚਰਬਿਯਨ ਚਰਬਿ ਗਰਬਿ ਗਜਨੀ ਕੋ ਗਾਰਿਯੋ ॥

ਸਾਰੇ ਸ਼ਕਤੀਵਰਾਂ ਨੂੰ ਚਬਿਆ ਅਤੇ ਗ਼ਜ਼ਨੀ ਦੇ ਗਰਬ ਨੂੰ ਨਸ਼ਟ ਕੀਤਾ।

ਮਾਲਨੇਰ ਮੁਲਤਾਨ ਮਾਲਵਾ ਬਸਿ ਕਿਯੋ ॥

(ਫਿਰ) ਮਾਲਨੇਰ, ਮੁਲਤਾਨ ਅਤੇ ਮਾਲਵਾ ਦੇਸ਼ ਨੂੰ ਵਸ ਵਿਚ ਕੀਤਾ।

ਹੋ ਦੁੰਦਭਿ ਜੀਤ ਪ੍ਰਤੀਚੀ ਦਿਸਿ ਜੈ ਕੋ ਦਿਯੋ ॥੯॥

(ਇਸ ਤਰ੍ਹਾਂ) ਪੱਛਮ ਦਿਸ਼ਾ ਨੂੰ ਜਿਤ ਕੇ 'ਜੈ' ਦਾ ਨਗਾਰਾ ਵਜਾਇਆ ॥੯॥

ਦੋਹਰਾ ॥

ਦੋਹਰਾ:

ਤੀਨਿ ਦਿਸਾ ਕੋ ਜੀਤਿ ਕੈ ਉਤਰ ਕਿਯੋ ਪਯਾਨ ॥

ਤਿੰਨ ਦਿਸ਼ਾਵਾਂ ਨੂੰ ਜਿਤ ਕੇ ਉੱਤਰ ਦਿਸ਼ਾ ਵਲ ਪ੍ਰਸਥਾਨ ਕੀਤਾ।

ਸਭ ਦੇਸੀ ਰਾਜਾਨ ਲੈ ਦੈ ਕੈ ਜੀਤ ਨਿਸਾਨ ॥੧੦॥

ਸਭ ਦੇਸਾਂ ਦੇ ਰਾਜਿਆਂ ਨੂੰ ਜਿਤ ਦੇ ਧੌਂਸੇ ਪ੍ਰਦਾਨ ਕਰ ਕੇ ਨਾਲ ਲੈ ਲਿਆ ॥੧੦॥

ਦੇਸ ਦੇਸ ਕੇ ਏਸ ਸਭ ਅਪਨੀ ਅਪਨੀ ਸੈਨ ॥

ਦੇਸ਼ਾਂ ਦੇਸ਼ਾਂ ਦੇ ਸਾਰੇ ਸੂਰਬੀਰ ਅਤੇ ਸੁੰਦਰਤਾ ਦੇ ਪੁੰਜ ਰਾਜੇ

ਜੋਰਿ ਸਿਕੰਦਰਿ ਸੇ ਚੜੇ ਸੂਰ ਸਰਸ ਸਭ ਐਨ ॥੧੧॥

ਆਪਣੀ ਆਪਣੀ ਸੈਨਾ ਇਕੱਠੀ ਕਰ ਕੇ ਸਿਕੰਦਰ ਦੇ ਨਾਲ ਚੜ੍ਹ ਪਏ ॥੧੧॥

ਭੁਜੰਗ ਛੰਦ ॥

ਭੁਜੰਗ ਛੰਦ:

ਚੜੇ ਉਤਰਾ ਪੰਥ ਕੇ ਬੀਰ ਭਾਰੇ ॥

ਉਤਰ ਦਿਸ਼ਾ ਦੇ ਸਾਰੇ ਮਹਾਨ ਸੂਰਮੇ ਚੜ੍ਹ ਪਏ

ਬਜੇ ਘੋਰ ਬਾਦਿਤ੍ਰ ਭੇਰੀ ਨਗਾਰੇ ॥

ਅਤੇ ਭਾਰੀ ਜੰਗੀ ਵਾਜੇ ਵਜਣ ਲਗ ਪਏ।

ਪ੍ਰਿਥੀ ਚਾਲ ਕੀਨੋ ਦਸੋ ਨਾਗ ਭਾਗੇ ॥

ਪ੍ਰਿਥਵੀ ਡੋਲਣ ਲਗ ਗਈ ਅਤੇ ਦਸਾਂ ਦਿਸ਼ਾਵਾਂ ਦੇ ਹਾਥੀ ('ਨਾਗ') ਭਜ ਗਏ।

ਭਯੋ ਸੋਰ ਭਾਰੋ ਮਹਾ ਰੁਦ੍ਰ ਜਾਗੇ ॥੧੨॥

ਬਹੁਤ ਅਧਿਕ ਸ਼ੋਰ ਹੋਇਆ (ਜਿਸ ਕਰ ਕੇ) ਮਹਾ ਰੁਦ੍ਰ ਦੀ ਸਮਾਧੀ ਖੁਲ੍ਹ ਗਈ ॥੧੨॥

ਚੌਪਈ ॥

ਚੌਪਈ:

ਪ੍ਰਥਮਹਿ ਜਾਇ ਬਲਖ ਕੌ ਮਾਰਿਯੋ ॥

ਪਹਿਲਾਂ ਬਲਖ ਦੇਸ਼ ਨੂੰ ਜਾ ਕੇ ਮਾਰਿਆ।

ਸਹਿਰ ਬੁਖਾਰਾ ਬਹੁਰਿ ਉਜਾਰਿਯੋ ॥

ਫਿਰ ਬੁਖਾਰਾ ਸ਼ਹਿਰ ਨੂੰ ਉਜਾੜਿਆ।

ਤਿਬਿਤ ਜਾਇ ਤਲਬ ਕੌ ਦੀਨੋ ॥

ਤਿਬਤ ਦੇਸ਼ ਵਿਚ ਪਹੁੰਚ ਕੇ ਸਦਾ ਦਿੱਤਾ (ਭਾਵ ਵੰਗਾਰਿਆ)

ਜੀਤਿ ਦੇਸ ਅਪਨੇ ਬਸਿ ਕੀਨੋ ॥੧੩॥

ਅਤੇ ਉਸ ਦੇਸ਼ ਨੂੰ ਜਿਤ ਕੇ ਆਪਣੇ ਅਧੀਨ ਕਰ ਲਿਆ ॥੧੩॥

ਅੜਿਲ ॥

ਅੜਿਲ:

ਕਾਸਮੀਰ ਕਸਿਕਾਰ ਕਬੁਜ ਕਾਬਲ ਕੌ ਕੀਨੋ ॥

ਕਸ਼ਮੀਰ, ਕਾਸ਼ਗਾਰ, ਕੰਬੋਜ, ਕਾਬਲ,

ਕਸਟਵਾਰ ਕੁਲੂ ਕਲੂਰ ਕੈਠਲ ਕਹ ਲੀਨੋ ॥

ਕਸਟਵਾਰ, ਕੁਲੂ, ਕਲੂਰ, ਕੈਠਲ (ਕੈਥਲ) ਆਦਿ ਨੂੰ ਪ੍ਰਾਪਤ ਕੀਤਾ।

ਕਾਬੋਜ ਕਿਲਮਾਕ ਕਠਿਨ ਪਲ ਮੈ ਕਟਿ ਡਾਰੇ ॥

ਕੰਬੋਜ, ਕਿਲਮਾਕ ਆਦਿ ਕਠੋਰ (ਸੂਰਮਿਆਂ) ਨੂੰ ਪਲਾਂ ਵਿਚ ਕਟ ਸੁਟਿਆ

ਹੋ ਕੋਟਿ ਚੀਨ ਕੇ ਕਟਕ ਹਨੇ ਕਰਿ ਕੋਪ ਕਰਾਰੇ ॥੧੪॥

ਅਤੇ ਬਹੁਤ ਕ੍ਰੋਧ ਵਿਚ ਆ ਕੇ ਚੀਨ ਦੀ ਬੇਸ਼ੁਮਾਰ ਫ਼ੌਜ ਮਾਰ ਦਿੱਤੀ ॥੧੪॥