ਬ੍ਰਾਹਮਣ ਨੇ ਕਿਹਾ:
ਚੌਪਈ:
ਤਦ ਬ੍ਰਾਹਮਣ ਬਹੁਤ ਕ੍ਰੋਧਵਾਨ ਹੋ ਗਿਆ
ਅਤੇ ਘਬਰਾ ('ਭਰਭਰਾਇ') ਕੇ ਉਠ ਖੜੋਤਾ।
(ਅਤੇ ਕਹਿਣ ਲਗਿਆ) ਹੁਣ ਮੈਂ ਇਸ ਰਾਜੇ ਕੋਲ ਜਾਂਦਾ ਹਾਂ
ਅਤੇ ਤੈਨੂੰ ਬੰਨ੍ਹਵਾ ਕੇ ਉਥੇ ਹੀ ਮੰਗਵਾਉਂਦਾ ਹਾਂ ॥੧੧੯॥
ਰਾਜ ਕੁਮਾਰੀ ਨੇ ਕਿਹਾ:
ਤਦ ਉਸ ਰਾਜ ਕੁਮਾਰੀ ਨੇ ਬ੍ਰਾਹਮਣ ਨੂੰ ਪਕੜ ਲਿਆ
ਅਤੇ ਨਦੀ ਵਿਚ ਸੁਟ ਦਿੱਤਾ।
(ਉਸ ਨੂੰ) ਪਕੜ ਕੇ ਅੱਠ ਸੌ ਗ਼ੋਤੇ ਦਿੱਤੇ
ਅਤੇ ਉਸ ਨੂੰ ਚੰਗੀ ਤਰ੍ਹਾਂ ਨਾਲ ਪਵਿਤ੍ਰ ਕੀਤਾ ॥੧੨੦॥
ਰਾਜ ਕੁਮਾਰੀ ਕਹਿਣ ਲਗੀ ਕਿ ਮੈਂ ਪਿਤਾ ਕੋਲ ਜਾਵਾਂਗੀ
ਅਤੇ ਦਸਾਂਗੀ ਕਿ ਤੂੰ ਮੈਨੂੰ ਹੱਥ ਪਾਇਆ ਹੈ।
ਤੇਰੇ ਦੋਵੇਂ ਹੱਥ ਕਟਵਾਵਾਂਗੀ।
ਤਦ ਹੀ ਰਾਜੇ ਦੀ ਪੁੱਤਰੀ ਅਖਵਾਵਾਂਗੀ ॥੧੨੧॥
ਬ੍ਰਾਹਮਣ ਨੇ ਕਿਹਾ:
ਇਹ ਗੱਲ ਸੁਣ ਕੇ ਬ੍ਰਾਹਮਣ ਡਰ ਗਿਆ
ਅਤੇ ਰਾਜ ਕੁਮਾਰੀ ਦੇ ਪੈਰੀਂ ਪੈ ਗਿਆ।
(ਕਹਿਣ ਲਗਿਆ ਕਿ ਮੈਂ) ਉਹੀ ਕਰਾਂਗਾ ਜੋ (ਤੂੰ) ਮੈਨੂੰ ਕਹੇਂਗੀ।
ਤੂੰ ਆਪਣੇ ਮਨ ਤੋਂ ਕ੍ਰੋਧ ਦੂਰ ਕਰ ਦੇ ॥੧੨੨॥
ਰਾਜ ਕੁਮਾਰੀ ਨੇ ਕਿਹਾ:
ਤੂੰ ਕਹੀਂ ਕਿ (ਮੈਂ) ਪਹਿਲਾਂ ਇਸ਼ਨਾਨ ਕੀਤਾ ਹੈ
ਅਤੇ (ਅਗਲੇ ਜਨਮ ਵਿਚ ਅਧਿਕ) ਧਨ ਪ੍ਰਾਪਤ ਕਰਨ ਲਈ ਦਰਬ ਲੁਟਾਇਆ ਹੈ।
(ਤੂੰ ਹੁਣ) ਪੱਥਰ ਦੀ ਪੂਜਾ ਨਹੀਂ ਕਰੇਂਗਾ
ਅਤੇ ਮਹਾ ਕਾਲ ਦੇ ਚਰਨੀਂ ਲਗੇਂਗਾ ॥੧੨੩॥
ਕਵੀ ਦਾ ਕਥਨ ਹੈ:
ਤਦ ਬ੍ਰਾਹਮਣ ਨੇ ਮਹਾ ਕਾਲ ਦੀ ਪੂਜਾ ਕੀਤੀ
ਅਤੇ ਪੱਥਰ (ਸਾਲਿਗ੍ਰਾਮ) ਨੂੰ ਨਦੀ ਵਿਚ ਵਹਾ ਦਿੱਤਾ।
ਦੂਜੇ ਕੰਨ ਤਕ ਕਿਸੇ ਨੇ ਨਾ ਜਾਣਿਆ
ਕਿ ਬ੍ਰਾਹਮਣ ਉਤੇ ਕੀ ਬੀਤੀ ਹੈ ॥੧੨੪॥
ਦੋਹਰਾ:
ਇਸ ਛਲ ਨਾਲ (ਰਾਜ ਕੁਮਾਰੀ ਨੇ) ਬ੍ਰਾਹਮਣ ਨੂੰ ਛਲ ਲਿਆ ਅਤੇ ਪੱਥਰ ਨੂੰ ਰੋੜ ਦਿੱਤਾ।
(ਉਸ ਨੂੰ) ਸ਼ਰਾਬ ਅਤੇ ਭੰਗ ਪਿਆ ਕੇ ਮਹਾ ਕਾਲ ਦਾ ਸੇਵਕ ਬਣਾ ਦਿੱਤਾ ॥੧੨੫॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੬੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੬੬॥੫੧੯੫॥ ਚਲਦਾ॥
ਚੌਪਈ:
ਰੂਪ ਸੈਨ ਨਾਂ ਦਾ ਇਕ ਰਾਜਾ ਸੀ
ਜੋ ਚੰਗਿਆਂ ਲੱਛਣਾਂ ਵਾਲਾ, ਤੇਜਵਾਨ, ਬਲਵਾਨ ਅਤੇ ਸੂਝਵਾਨ ਸੀ।
ਸਕਲ ਮਤੀ ਉਸ ਦੀ ਇਸਤਰੀ ਸੀ,
ਜਿਸ ਵਰਗੀ ਕਿਤੇ ਕੋਈ ਰਾਜ ਕੁਮਾਰੀ ਵੀ ਨਹੀਂ ਸੀ ॥੧॥
ਉਥੇ ਇਕ ਤੁਰਕ (ਮੁਸਲਮਾਨ) ਇਸਤਰੀ ਰਹਿੰਦੀ ਸੀ।
ਉਸ ਵਰਗਾ ਕਾਮ ਦੇਵ ਦੀ ਪਤਨੀ (ਰਤੀ) ਦਾ ਵੀ ਰੂਪ ਨਹੀਂ ਸੀ।
ਉਸ ਨੇ ਜਦ ਰਾਜੇ ਦੀ ਸੁੰਦਰਤਾ ਨੂੰ ਵੇਖਿਆ,
ਤਦ ਉਹ ਨੌਜਵਾਨ ਇਸਤਰੀ ਉਸ ਉਤੇ ਮੋਹਿਤ ਹੋ ਗਈ ॥੨॥
(ਉਸ ਤੁਰਕਨੀ ਨੇ) ਰੂਪ ਸੈਨ ਪ੍ਰਤਿ ਆਪਣੀ ਸਖੀ ਭੇਜੀ
ਅਤੇ ਉਸ ਨੂੰ (ਆਪਣੀ) ਪ੍ਰੇਮ-ਲਗਨ ਬਾਰੇ ਜਾਣਕਾਰ ਕੀਤਾ।
ਅਤੇ ਕਿਹਾ ਕਿ ਇਕ ਦਿਨ ਮੇਰੀ ਸੇਜ ਨੂੰ ਸੁਸ਼ੋਭਿਤ ਕਰੋ।
ਹੇ ਨਾਥ! (ਮੈਨੂੰ) ਅਨਾਥ ਨੂੰ ਸਨਾਥ ਕਰ ਦਿਓ ॥੩॥
ਰਾਜੇ ਨੇ ਦੂਤੀ ਪ੍ਰਤਿ ਇਸ ਤਰ੍ਹਾਂ ਕਿਹਾ,