ਸ਼੍ਰੀ ਦਸਮ ਗ੍ਰੰਥ

ਅੰਗ - 617


ਲਖਿ ਨਾਰਿ ਖਰੀ ॥

(ਉਸ ਨੇ ਇਕ) ਇਸਤਰੀ ਖੜੋਤੀ ਹੋਈ ਵੇਖੀ

ਰਸ ਰੀਤਿ ਭਰੀ ॥੨੬॥

ਜੋ ਜੋਬਨ ਦੇ ਰਸ ਨਾਲ ਭਰੀ ਹੋਈ ਸੀ ॥੨੬॥

ਅਤਿ ਸੋਭਤ ਹੈ ॥

(ਉਹ) ਬਹੁਤ ਸੋਭਾ ਵਾਲੀ ਹੈ।

ਲਖਿ ਲੋਭਤ ਹੈ ॥

ਵੇਖਣ ਵਾਲੇ ਨੂੰ ਲੁਭਾ ਲੈਂਦੀ ਹੈ।

ਨ੍ਰਿਪ ਪੇਖਿ ਜਬੈ ॥

(ਉਸ ਨੂੰ) ਰਾਜੇ ਨੇ ਜਦੋਂ ਵੇਖਿਆ,

ਚਿਤਿ ਚਉਕ ਤਬੈ ॥੨੭॥

ਤਾਂ ਚਿਤ ਵਿਚ ਹੈਰਾਨ ਹੋ ਗਿਆ ॥੨੭॥

ਇਹ ਕਉਨ ਜਈ ॥

(ਸੋਚੀਂ ਪੈ ਗਿਆ ਕਿ) ਇਹ ਕਿਸ ਦੀ ਪੁੱਤਰੀ ਹੈ।

ਜਨੁ ਰੂਪ ਮਈ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰੂਪਵਤੀ ਹੋਵੇ।

ਛਬਿ ਦੇਖਿ ਛਕ੍ਯੋ ॥

(ਉਸ ਦੀ) ਛਬੀ ਨੂੰ ਵੇਖ ਕੇ ਪ੍ਰਸੰਨ ਹੋ ਗਿਆ

ਚਿਤ ਚਾਇ ਚਕ੍ਰਯੋ ॥੨੮॥

ਅਤੇ ਚਿਤ ਵਿਚ ਚਾਉ ਪੈਦਾ ਹੋ ਗਿਆ ॥੨੮॥

ਨ੍ਰਿਪ ਬਾਹ ਗਹੀ ॥

ਰਾਜੇ ਨੇ (ਉਸ ਦੀ) ਬਾਂਹ ਪਕੜ ਲਈ,

ਤ੍ਰੀਅ ਮੋਨ ਰਹੀ ॥

ਇਸਤਰੀ ਚੁਪ ਰਹੀ।

ਰਸ ਰੀਤਿ ਰਚ੍ਯੋ ॥

(ਦੋਵੇਂ) ਪ੍ਰੇਮ ਦੇ ਰਸ ਵਿਚ ਲਗ ਗਏ

ਦੁਹੂੰ ਮੈਨ ਮਚ੍ਯੋ ॥੨੯॥

(ਕਿਉਂਕਿ) ਦੋਹਾਂ ਅੰਦਰ ਕਾਮ (ਦਾ ਭਾਵ) ਮਚਿਆ ਹੋਇਆ ਸੀ ॥੨੯॥

ਬਹੁ ਭਾਤਿ ਭਜੀ ॥

(ਰਾਜੇ ਨੇ ਉਸ ਇਸਤਰੀ ਨਾਲ) ਬਹੁਤ ਤਰ੍ਹਾਂ ਨਾਲ ਭੋਗ ਕੀਤਾ

ਨਿਸ ਲੌ ਨ ਤਜੀ ॥

ਅਤੇ ਰਾਤ ਤਕ (ਉਸ ਨੂੰ) ਨਾ ਛਡਿਆ।

ਦੋਊ ਰੀਝਿ ਰਹੇ ॥

ਦੋਵੇਂ (ਇਕ ਦੂਜੇ ਉਤੇ) ਰੀਝੇ ਹੋਏ ਸਨ।

ਨਹੀ ਜਾਤ ਕਹੇ ॥੩੦॥

(ਜਿਸ ਦਾ) ਕਥਨ ਨਹੀਂ ਕੀਤਾ ਜਾ ਸਕਦਾ ॥੩੦॥

ਰਸ ਰੀਤਿ ਰਚ੍ਯੋ ॥

(ਉਹ) ਪ੍ਰੇਮ ਰਸ ਦੀ ਰੀਤ ਵਿਚ ਲੀਨ ਹੋ ਗਏ

ਕਲ ਕੇਲ ਮਚ੍ਯੋ ॥

ਅਤੇ ਚੰਗੀ ਤਰ੍ਹਾਂ ਨਾਲ ਕਾਮਕ੍ਰੀੜਾ ਕੀਤੀ।

ਅਮਿਤਾਸਨ ਦੇ ॥

(ਰਾਜੇ ਨੇ) ਅਮਿਤ ਆਸਨ ਦਿੱਤੇ

ਸੁਖ ਰਾਸਨ ਸੇ ॥੩੧॥

ਜੋ ਸੁਖ ਦੀ ਰਾਸ (ਵਰਗੇ ਸਨ) ॥੩੧॥

ਲਲਤਾਸਨ ਲੈ ॥

(ਇਸਤਰੀ ਨੂੰ) ਲਲਿਤ ਆਸਨ ਵਿਚ ਲਿਆ।

ਬਿਬਧਾਸਨ ਕੈ ॥

(ਫਿਰ) ਅਨੇਕ ਤਰ੍ਹਾਂ ਦੇ ਆਸਨ ਕੀਤੇ।

ਲਲਨਾ ਰੁ ਲਲਾ ॥

ਲਲਨਾ (ਪ੍ਰਿਯਾ) ਅਤੇ ਲਲਾ (ਪ੍ਰਿਯ) ਨੇ

ਕਰਿ ਕਾਮ ਕਲਾ ॥੩੨॥

(ਬਹੁਤ) ਕਾਮ-ਕਲਾ ਕੀਤੀ ॥੩੨॥

ਕਰਿ ਕੇਲ ਉਠੀ ॥

(ਸ਼ਕੁੰਤਲਾ ਰਾਜੇ ਨਾਲ) ਕੱਖਾਂ ਦੀ

ਮਧਿ ਪਰਨ ਕੁਟੀ ॥

ਕੁਲੀ ਵਿਚ ਸੰਭੋਗ ਕਰ ਕੇ ਉਠੀ।

ਨ੍ਰਿਪ ਜਾਤ ਭਯੋ ॥

ਰਾਜਾ ਉਥੋਂ ਚਲਾ ਗਿਆ।

ਤਿਹ ਗਰਭ ਰਹਿਯੋ ॥੩੩॥

ਉਸ (ਸ਼ਕੁੰਤਲਾ) ਨੂੰ ਗਰਭ ਠਹਿਰ ਗਿਆ ॥੩੩॥

ਦਿਨ ਕੈ ਕੁ ਗਏ ॥

ਕੁਝ ਸਮਾਂ ਬੀਤ ਗਿਆ

ਤਿਨਿ ਭੂਰ ਜਏ ॥

ਅਤੇ ਉਸ ਨੇ ਬੱਚੇ ('ਭੂਰ') ਨੂੰ ਜਨਮ ਦਿੱਤਾ।

ਤਨਿ ਕਉਚ ਧਰੇ ॥

(ਉਸ ਬੱਚੇ ਨੇ) ਸ਼ਰੀਰ ਉਤੇ ਕਵਚ ਧਾਰਨ ਕੀਤਾ ਹੋਇਆ ਸੀ

ਸਸਿ ਸੋਭ ਹਰੇ ॥੩੪॥

ਅਤੇ ਚੰਦ੍ਰਮਾ ਦੀ ਸ਼ੋਭਾ ਨੂੰ ਹਰਦਾ ਸੀ ॥੩੪॥

ਜਨੁ ਜ੍ਵਾਲ ਦਵਾ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਜੰਗਲ ਦੀ ਅਗਨੀ (ਦੀ ਲਾਟ ਹੋਵੇ)।

ਅਸ ਤੇਜ ਭਵਾ ॥

ਇਸ ਤਰ੍ਹਾਂ ਦਾ (ਉਸ ਦਾ) ਤੇਜ ਹੋ ਰਿਹਾ ਸੀ।

ਰਿਖਿ ਜੌਨ ਪਿਖੈ ॥

ਜੋ ਵੀ ਰਿਸ਼ੀ ਉਸ ਨੂੰ ਵੇਖਦਾ ਸੀ,

ਚਿਤ ਚਉਕ ਚਕੈ ॥੩੫॥

(ਉਸ ਦੇ) ਚਿਤ ਵਿਚ ਹੈਰਾਨੀ ਹੁੰਦੀ ਸੀ ॥੩੫॥

ਸਿਸੁ ਸ੍ਰਯਾਨ ਭਯੋ ॥

ਜਦੋਂ ਬੱਚਾ ਸਿਆਣਾ ਹੋ ਗਿਆ।

ਕਰਿ ਸੰਗ ਲਯੋ ॥

(ਤਦ ਸ਼ਕੁੰਤਲਾ ਨੇ ਉਸ ਨੂੰ) ਨਾਲ ਲੈ ਲਿਆ।

ਚਲਿ ਆਵ ਤਹਾ ॥

(ਫਿਰ) ਉਥੇ ਚਲ ਕੇ ਆ ਗਈ

ਤਿਹ ਤਾਤ ਜਹਾ ॥੩੬॥

ਜਿਥੇ ਉਸ ਦਾ ਪਿਤਾ ਸੀ ॥੩੬॥

ਨ੍ਰਿਪ ਦੇਖਿ ਜਬੈ ॥

ਜਦ ਰਾਜੇ ਨੇ (ਉਨ੍ਹਾਂ ਨੂੰ) ਵੇਖਿਆ,

ਕਰਿ ਲਾਜ ਤਬੈ ॥

ਤਦ ਬਹੁਤ ਲਜਾ ਅਨੁਭਵ ਕੀਤੀ।

ਯਹ ਮੋ ਨ ਸੂਅੰ ॥

(ਅਤੇ ਕਹਿਣ ਲਗਾ) ਇਹ ਮੇਰਾ ਪੁੱਤਰ ਨਹੀਂ ਹੈ।

ਤ੍ਰੀਅ ਕੌਨ ਤੂਅੰ ॥੩੭॥

ਹੇ ਇਸਤਰੀ! ਤੂੰ ਕੌਣ ਹੈਂ? ॥੩੭॥

ਤ੍ਰੀਯੋ ਬਾਚ ਰਾਜਾ ਪ੍ਰਤਿ ॥

ਇਸਤਰੀ ਨੇ ਰਾਜੇ ਪ੍ਰਤਿ ਕਿਹਾ:

ਹਰਿ ਬੋਲ ਮਨਾ ਛੰਦ ॥

ਹਰਿ ਬੋਲ ਮਨਾ ਛੰਦ:

ਨ੍ਰਿਪ ਨਾਰਿ ਸੁਈ ॥

ਹੇ ਰਾਜਨ! ਮੈਂ ਉਹੀ ਇਸਤਰੀ ਹਾਂ

ਤੁਮ ਜੌਨ ਭਜੀ ॥

ਜਿਸ ਨਾਲ ਤੂੰ ਭੋਗ ਕੀਤਾ ਸੀ।

ਮਧਿ ਪਰਨ ਕੁਟੀ ॥

ਕੱਖਾਂ ਦੀ ਕੁਲੀ ਵਿਚ

ਤਹ ਕੇਲ ਠਟੀ ॥੩੮॥

(ਤੁਸੀਂ) ਕਾਮ-ਕ੍ਰੀੜਾ ਰਚਾਈ ਸੀ ॥੩੮॥

ਤਬ ਬਾਚ ਦੀਯੋ ॥

ਤਦ (ਤੁਸੀਂ) ਬਚਨ ਦਿੱਤਾ ਸੀ,

ਅਬ ਭੂਲਿ ਗਯੋ ॥

ਹੁਣ ਭੁਲ ਗਏ ਹੋ।

ਤਿਸ ਚਿਤ ਕਰੋ ॥

ਉਸ (ਘਟਨਾ) ਨੂੰ ਯਾਦ ਕਰੋ

ਮੁਹਿ ਰਾਜ ਬਰੋ ॥੩੯॥

ਅਤੇ ਹੇ ਰਾਜਨ! ਮੈਨੂੰ ਵਿਆਹ ਲਵੋ ॥੩੯॥

ਤਬ ਕਾਹਿ ਭਜੋ ॥

ਤਦ ਕਿਉਂ ਭੋਗ ਕੀਤਾ ਸੀ,

ਅਬ ਮੋਹਿ ਤਜੋ ॥

ਜੇ ਹੁਣ ਮੈਨੂੰ ਛਡ ਦੇਣਾ ਸੀ।

ਇਹ ਪੂਤ ਤੁਅੰ ॥

ਇਹ ਤੁਹਾਡਾ ਪੁੱਤਰ ਹੈ,

ਸੁਨੁ ਸਾਚ ਨ੍ਰਿਪੰ ॥੪੦॥

ਹੇ ਰਾਜਨ! ਸੁਣੋ, (ਮੈਂ) ਸੱਚ ਕਹਿ ਰਹੀ ਹਾਂ ॥੪੦॥

ਨਹਿ ਸ੍ਰਾਪ ਤੁਝੈ ॥

ਨਹੀਂ ਤਾਂ (ਮੈਂ) ਤੈਨੂੰ ਸ੍ਰਾਪ (ਦੇਵਾਂਗੀ)।

ਭਜ ਕੈਬ ਮੁਝੈ ॥

ਮੇਰੇ ਨਾਲ ਭੋਗ ਕਰ ਕੇ,

ਅਬ ਤੋ ਨ ਤਜੋ ॥

ਹੁਣ ਨਾ ਤਿਆਗੋ

ਨਹਿ ਲਾਜ ਲਜੋ ॥੪੧॥

ਅਤੇ ਲਾਜ ਕਰ ਕੇ ਸ਼ਰਮਿੰਦੇ ਨਾ ਹੋਵੋ ॥੪੧॥

ਨ੍ਰਿਪ ਬਾਚ ਤ੍ਰੀਯਾ ਸੋ ॥

ਰਾਜੇ ਨੇ ਇਸਤਰੀ ਨੂੰ ਕਿਹਾ:

ਕੋਈ ਚਿਨ ਬਤਾਉ ॥

ਕੋਈ ਨਿਸ਼ਾਨੀ ਦਸ,

ਕਿਤੋ ਬਾਤ ਦਿਖਾਉ ॥

(ਜਾਂ) ਕੋਈ ਗੱਲ ਸਪਸ਼ਟ ਕਰ ਕੇ ਵਿਖਾ।

ਹਉ ਯੌ ਨ ਭਜੋ ॥

ਮੈਂ ਇਸ ਤਰ੍ਹਾਂ ਭਜਦਾ ਨਹੀਂ ਹਾਂ

ਨਹਿ ਨਾਰਿ ਲਜੋ ॥੪੨॥

ਅਤੇ ਨਾ ਹੀ ਹੇ ਇਸਤਰੀ! ਮੈਨੂੰ ਕੋਈ ਲਜਾ ਹੈ ॥੪੨॥

ਇਕ ਮੁਦ੍ਰਕ ਲੈ ॥

ਇਸਤਰੀ ਨੇ ਇਕ ਮੁੰਦਰੀ ਲੈ ਕੇ

ਨ੍ਰਿਪ ਕੈ ਕਰਿ ਦੈ ॥

ਰਾਜੇ ਦੇ ਹੱਥ ਵਿਚ ਦੇ ਦਿੱਤੀ

ਇਹ ਦੇਖਿ ਭਲੈ ॥

(ਅਤੇ ਕਿਹਾ-) ਇਸ ਨੂੰ ਚੰਗੀ ਤਰ੍ਹਾਂ ਨਾਲ ਦੇਖ ਲੌ।