ਸ਼੍ਰੀ ਦਸਮ ਗ੍ਰੰਥ

ਅੰਗ - 1120


ਜੋ ਕੋਊ ਸੁਭਟ ਤਵਨ ਪਰ ਧਾਵੈ ॥

ਜੋ ਕੋਈ ਸੂਰਮਾ ਉਸ ਉਤੇ ਹਮਲਾ ਕਰਦਾ

ਏਕ ਚੋਟ ਜਮ ਲੋਕ ਪਠਾਵੈ ॥੨੭॥

ਤਾਂ ਇਕ ਚੋਟ ਨਾਲ ਹੀ (ਉਸ ਨੂੰ) ਯਮ ਲੋਕ ਵਿਚ ਭੇਜ ਦਿੰਦਾ ॥੨੭॥

ਰਨ ਤੇ ਏਕ ਪੈਗ ਨਹਿ ਭਾਜੈ ॥

(ਉਹ) ਰਣ ਤੋਂ ਇਕ ਕਦਮ ਤਕ ਨਹੀਂ ਭਜਦਾ ਸੀ।

ਠਾਢੋ ਬੀਰ ਖੇਤ ਮੈ ਗਾਜੈ ॥

(ਉਹ) ਸੂਰਮਾ ਯੁੱਧਭੂਮੀ ਵਿਚ ਖੜੋਤਾ ਗਜਦਾ ਸੀ।

ਅਧਿਕ ਰਾਵ ਰਾਜਨ ਕੌ ਮਾਰਿਯੋ ॥

(ਉਸ ਨੇ) ਬਹੁਤ ਸਾਰੇ ਰਾਜਿਆਂ ਰਜਵਾੜਿਆਂ ਨੂੰ (ਜਦ) ਮਾਰ ਦਿੱਤਾ

ਕਾਪਿ ਸਿਕੰਦਰ ਮੰਤ੍ਰ ਬਿਚਾਰਿਯੋ ॥੨੮॥

ਤਾਂ ਸਿਕੰਦਰ ਨੇ (ਡਰ ਨਾਲ) ਕੰਬ ਕੇ ਵਿਚਾਰ ਕੀਤਾ ॥੨੮॥

ਦੋਹਰਾ ॥

ਦੋਹਰਾ:

ਸ੍ਰੀ ਦਿਨਨਾਥ ਮਤੀ ਤਰੁਨਿ ਸਾਹ ਚੀਨ ਕੇ ਦੀਨ ॥

ਦਿਨਨਾਥ ਮਤੀ ਨਾਂ ਦੀ ਇਸਤਰੀ (ਜੋ) ਚੀਨ ਦੇ ਬਾਦਸ਼ਾਹ ਨੇ (ਸਿਕੰਦਰ ਨੂੰ) ਦਿੱਤੀ ਸੀ,

ਸੋ ਤਾ ਪਰ ਧਾਵਤ ਭਈ ਭੇਸ ਪੁਰਖ ਕੋ ਕੀਨ ॥੨੯॥

ਉਹ ਪੁਰਸ਼ ਦਾ ਭੇਸ ਧਾਰਨ ਕਰ ਕੇ ਉਸ ਉਤੇ ਟੁੱਟ ਕੇ ਪੈ ਗਈ ॥੨੯॥

ਚੌਪਈ ॥

ਚੌਪਈ:

ਪਹਿਲੇ ਤੀਰ ਤਵਨ ਕੌ ਮਾਰੈ ॥

ਪਹਿਲਾਂ ਉਸ ਨੂੰ ਤੀਰ ਮਾਰਿਆ

ਬਰਛਾ ਬਹੁਰਿ ਕੋਪ ਤਨ ਝਾਰੈ ॥

ਅਤੇ ਫਿਰ ਕ੍ਰੋਧਵਾਨ ਹੋ ਕੇ ਉਸ ਦੇ ਸ਼ਰੀਰ ਉਤੇ ਬਰਛੇ ਦਾ ਵਾਰ ਕੀਤਾ।

ਤਮਕਿ ਤੇਗ ਕੋ ਘਾਇ ਪ੍ਰਹਾਰਿਯੋ ॥

ਫਿਰ ਰੋਹ ਨਾਲ ਤਲਵਾਰ ਦਾ ਵਾਰ ਕੀਤਾ।

ਗਿਰਿਯੋ ਭੂਮਿ ਜਾਨੁ ਹਨਿ ਡਾਰਿਯੋ ॥੩੦॥

(ਜਿਸ ਨਾਲ ਉਹ) ਧਰਤੀ ਉਤੇ ਡਿਗ ਪਿਆ, ਮਾਨੋ ਮਾਰ ਹੀ ਦਿੱਤਾ ਗਿਆ ਹੋਵੇ ॥੩੦॥

ਭੂ ਪਰ ਗਿਰਿਯੋ ਠਾਢਿ ਉਠਿ ਭਯੋ ॥

(ਉਹ) ਧਰਤੀ ਉਤੇ ਡਿਗਿਆ ਅਤੇ ਫਿਰ ਉਠ ਖੜੋਤਾ।

ਤਾ ਕੌ ਪਕਰਿ ਕੰਠ ਤੇ ਲਯੋ ॥

ਉਸ (ਇਸਤਰੀ) ਨੂੰ ਗਲੇ ਤੋਂ ਪਕੜ ਲਿਆ।

ਸੁੰਦਰ ਬਦਨ ਅਧਿਕ ਤਿਹ ਚੀਨੋ ॥

ਉਸ ਦਾ ਬਹੁਤ ਸੁੰਦਰ ਮੁਖ ('ਬਦਨ') ਵੇਖਿਆ

ਮਾਰਿ ਨ ਦਈ ਰਾਖਿ ਤਿਹ ਲੀਨੋ ॥੩੧॥

(ਤਾਂ) ਉਸ ਨੂੰ ਮਾਰਿਆ ਨ, ਛਡ ਦਿੱਤਾ ॥੩੧॥

ਤਾ ਕਹ ਪਕਰਿ ਰੂਸਿਯਨ ਦਯੋ ॥

ਉਸ ਨੂੰ ਪਕੜ ਕੇ ਰੂਸੀਆਂ ਨੂੰ ਦੇ ਦਿੱਤਾ

ਆਪੁ ਉਦਿਤ ਰਨ ਕੋ ਪੁਨਿ ਭਯੋ ॥

ਅਤੇ ਆਪ ਫਿਰ ਯੁੱਧ ਲਈ ਤਿਆਰ ਹੋ ਗਿਆ।

ਭਾਤਿ ਭਾਤਿ ਅਰਿ ਅਮਿਤ ਸੰਘਾਰੈ ॥

(ਉਸ ਨੇ) ਕਈ ਢੰਗਾਂ ਨਾਲ ਬੇਸ਼ੁਮਾਰ ਵੈਰੀਆਂ ਨੂੰ ਮਾਰ ਦਿੱਤਾ।

ਜਨੁ ਦ੍ਰੁਮ ਪਵਨ ਪ੍ਰਚੰਡ ਉਖਾਰੈ ॥੩੨॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਤੇਜ਼ ਹਵਾ ਨੇ ਬ੍ਰਿਛਾਂ ਨੂੰ ਉਖਾੜ ਸੁਟਿਆ ਹੋਵੇ ॥੩੨॥

ਸਵੈਯਾ ॥

ਸਵੈਯਾ:

ਕਾਤੀ ਕ੍ਰਿਪਾਨ ਕਸੇ ਕਟਿ ਮੈ ਭਟ ਭਾਰੀ ਭੁਜਾਨ ਕੌ ਭਾਰ ਭਰੇ ਹੈ ॥

ਕਟਾਰ, ਕ੍ਰਿਪਾਨ ਨੂੰ ਲਕ ਨਾਲ ਕਸ ਕੇ ਭਾਰੀ ਭੁਜਾਵਾਂ ਵਾਲੇ ਸੂਰਮੇ ਬਹੁਤ ਬਲ ਨਾਲ ਭਰੇ ਹੋਏ ਹਨ।

ਭੂਤ ਭਵਿਖ੍ਯ ਭਵਾਨ ਸਦਾ ਕਬਹੂੰ ਰਨ ਮੰਡਲ ਤੇ ਨ ਟਰੇ ਹੈ ॥

ਭੂਤ, ਭਵਿਖਤ ਅਤੇ ਵਰਤਮਾਨ ਕਾਲਾਂ ਵਿਚ ਕਦੇ ਵੀ ਯੁੱਧ-ਭੂਮੀ ਵਿਚੋਂ ਹਟੇ ਨਹੀਂ ਹਨ।

ਭੀਰ ਪਰੇ ਨਹਿ ਭੀਰ ਭੇ ਭੂਪਤਿ ਲੈ ਲੈ ਭਲਾ ਭਲੀ ਭਾਤਿ ਅਰੇ ਹੈ ॥

ਭੀੜ ਪੈਣ ਤੇ ਇਹ ਰਾਜੇ ਡਰਦੇ ਨਹੀਂ, ਸਗੋਂ ਭਾਲੇ ਲੈ ਲੈ ਕੇ ਚੰਗੀ ਤਰ੍ਹਾਂ ਡੱਟੇ ਰਹਿੰਦੇ ਹਨ।

ਤੇ ਇਨ ਬੀਰ ਮਹਾ ਰਨਧੀਰ ਸੁ ਹਾਕਿ ਹਜਾਰ ਅਨੇਕ ਹਰੇ ਹੈ ॥੩੩॥

ਇਸ ਮਹਾਨ ਯੋਧੇ ਨੇ ਹਜ਼ਾਰਾਂ ਨੂੰ ਵੰਗਾਰ ਵੰਗਾਰ ਕੇ ਮਾਰ ਦਿੱਤਾ ਹੈ ॥੩੩॥

ਚੌਪਈ ॥

ਚੌਪਈ:

ਤਬ ਹੀ ਸਾਹ ਸਕੰਦਰ ਡਰਿਯੋ ॥

ਤਦ ਸਿਕੰਦਰ ਬਾਦਸ਼ਾਹ ਡਰ ਗਿਆ

ਬੋਲਿ ਅਰਸਤੂ ਮੰਤ੍ਰ ਬਿਚਰਿਯੋ ॥

ਅਤੇ ਅਰਸਤੂ ਨੂੰ ਬੁਲਾ ਕੇ ਸਲਾਹ ਕੀਤੀ।

ਬਲੀ ਨਾਸ ਕੋ ਬੋਲਿ ਪਠਾਯੋ ॥

ਬਲੀ ਨਾਸ (ਨਾਂ ਦੇ ਦੈਂਤ) ਨੂੰ ਬੁਲਾ ਲਿਆ

ਚਿਤ ਮੈ ਅਧਿਕ ਤ੍ਰਾਸ ਉਪਜਾਯੋ ॥੩੪॥

ਚਿਤ ਵਿਚ ਬਹੁਤ ਡਰ ਪੈਦਾ ਹੋ ਜਾਣ ਕਾਰਨ ॥੩੪॥

ਅੜਿਲ ॥

ਅੜਿਲ:

ਜੋ ਤੁਮ ਹਮ ਕੌ ਕਹੋ ਤੋ ਹ੍ਯਾਂ ਤੈ ਭਾਜਿਯੈ ॥

ਜੇ ਤੁਸੀਂ ਮੈਨੂੰ ਕਹੋ ਤਾਂ (ਮੈਂ) ਇਥੋਂ ਭਜ ਜਾਵਾਂ

ਰੂਸ ਸਹਿਰ ਕੇ ਭੀਤਰਿ ਜਾਇ ਬਿਰਾਜਿਯੈ ॥

ਅਤੇ ਰੂਸ ਸ਼ਹਿਰ ਦੇ ਵਿਚ ਜਾ ਰਹਾਂ।

ਗੋਲ ਬ੍ਰਯਾਬਾਨੀ ਸਭ ਹੀ ਕੌ ਮਾਰਿ ਹੈ ॥

(ਇਹ) ਮ੍ਰਿਗ ਤ੍ਰਿਸਨਾ ਵਾਲਾ ਮਰੁਸਥਲੀ ਛਲਾਵਾ (ਸਾਨੂੰ) ਸਾਰਿਆਂ ਨੂੰ (ਭਜਾ ਭਜਾ ਕੇ) ਮਾਰ ਦੇਵੇਗਾ

ਹੋ ਕਾਟਿ ਕਾਟਿ ਮੂੰਡਨ ਕੇ ਕੋਟ ਉਸਾਰਿ ਹੈ ॥੩੫॥

ਅਤੇ ਸਿਰਾਂ ਨੂੰ ਕਟ ਕਟ ਕੇ ਕਿਲਾ ਬਣਾ ਦੇਵੇਗਾ ॥੩੫॥

ਦੋਹਰਾ ॥

ਦੋਹਰਾ:

ਬਲੀ ਨਾਸ ਜੋਤਕ ਬਿਖੈ ਅਧਿਕ ਹੁਤੋ ਪਰਬੀਨ ॥

ਬਲੀ ਨਾਸ ਜੋਤਿਸ਼ ਵਿਚ ਬਹੁਤ ਪ੍ਰਬੀਨ ਸੀ।

ਧੀਰਜ ਦੀਯਾ ਸਕੰਦਰਹਿ ਬਿਜੈ ਆਪਨੀ ਚੀਨ ॥੩੬॥

(ਉਸ ਨੇ) ਆਪਣੀ ਜਿਤ ਪਛਾਣ ਕੇ (ਵੇਖ ਕੇ) ਸਿਕੰਦਰ ਨੂੰ ਧੀਰਜ ਦਿੱਤਾ ॥੩੬॥

ਚੌਪਈ ॥

ਚੌਪਈ:

ਬਲੀ ਨਾਸ ਹਜਰਤਿਹਿ ਉਚਾਰੋ ॥

ਬਲੀ ਨਾਸ ਨੇ ਬਾਦਸ਼ਾਹ ਨੂੰ ਕਿਹਾ

ਤੁਮਹੂੰ ਆਪੁ ਕਮੰਦਹਿ ਡਾਰੋ ॥

ਕਿ ਤੂੰ ਆਪ (ਉਸ ਦੇ ਗਲ ਵਿਚ) ਫਾਹੀ ਪਾ।

ਤੁਮਰੇ ਬਿਨਾ ਜੀਤਿ ਨਹਿ ਹੋਈ ॥

ਤੇਰੇ (ਅਜਿਹਾ ਕੀਤੇ ਬਿਨਾ) ਜਿਤ ਨਹੀਂ ਹੋ ਸਕੇਗੀ,

ਅਮਿਤਿ ਸੁਭਟ ਧਾਵਹਿਾਂ ਮਿਲਿ ਕੋਈ ॥੩੭॥

ਭਾਵੇਂ ਬੇਸ਼ੁਮਾਰ ਸੂਰਮੇ ਮਿਲ ਕੇ ਹਮਲਾ ਕਿਉਂ ਨਾ ਕਰਨ ॥੩੭॥

ਦੋਹਰਾ ॥

ਦੋਹਰਾ:

ਸੁਨਤ ਸਿਕੰਦਰ ਏ ਬਚਨ ਕਰਿਯੋ ਤੈਸੋਈ ਕਾਮ ॥

ਸਿਕੰਦਰ ਨੇ ਇਹ ਗੱਲ ਸੁਣ ਕੇ ਉਹੋ ਜਿਹਾ ਹੀ ਕੰਮ ਕੀਤਾ।

ਕਮੰਦ ਡਾਰਿ ਤਾ ਕੋ ਗਰੇ ਬਾਧ ਲਿਆਇਯੋ ਧਾਮ ॥੩੮॥

ਉਸ ਦੇ ਗਲੇ ਵਿਚ ਫਾਹੀ ਪਾ ਕੇ ਘਰ (ਠਿਕਾਣੇ) ਨੂੰ ਬੰਨ੍ਹ ਲਿਆਂਦਾ ॥੩੮॥

ਅੜਿਲ ॥

ਅੜਿਲ:

ਭੋਜਨ ਸਾਹਿ ਭਲੀ ਬਿਧਿ ਤਾਹਿ ਖਵਾਇਯੋ ॥

ਬਾਦਸ਼ਾਹ ਨੇ ਉਸ ਨੂੰ ਚੰਗੀ ਤਰ੍ਹਾਂ ਭੋਜਨ ਖਵਾਇਆ।

ਬੰਧਨ ਤਾ ਕੇ ਕਾਟਿ ਭਲੇ ਬੈਠਾਇਯੋ ॥

ਉਸ ਦੇ ਬੰਧਨ ਕਟ ਕੇ ਉਸ ਨੂੰ ਚੰਗੀ ਤਰ੍ਹਾਂ ਬਿਠਾਇਆ।

ਛੂਟਤ ਬੰਧਨ ਭਜ੍ਯੋ ਤਹਾ ਹੀ ਕੋ ਗਯੋ ॥

ਬੰਧਨਾਂ ਤੋਂ ਖ਼ਲਾਸ ਹੁੰਦਿਆਂ ਹੀ ਉਹ ਉਥੇ ਭਜ ਕੇ ਗਿਆ

ਹੋ ਆਨਿ ਲੌਂਡਿਯਹਿ ਬਹੁਰਿ ਸਿਕੰਦਰ ਕੌ ਦਯੋ ॥੩੯॥

ਅਤੇ ਇਸਤਰੀ (ਲੌਂਡੀ) ਨੂੰ ਲਿਆ ਕੇ ਫਿਰ ਸਿਕੰਦਰ ਨੂੰ ਆਣ ਦਿੱਤਾ ॥੩੯॥

ਦੋਹਰਾ ॥

ਦੋਹਰਾ:

ਤਾ ਕੋ ਰੂਪ ਬਿਲੋਕਿ ਕੈ ਹਜਰਤਿ ਰਹਿਯੋ ਲੁਭਾਇ ॥

ਉਸ (ਇਸਤਰੀ) ਦਾ ਰੂਪ ਵੇਖ ਕੇ ਸਿਕੰਦਰ ਮੋਹਿਤ ਹੋ ਗਿਆ

ਲੈ ਆਪੁਨੀ ਇਸਤ੍ਰੀ ਕਰੀ ਢੋਲ ਮ੍ਰਿਦੰਗ ਬਜਾਇ ॥੪੦॥

ਅਤੇ ਢੋਲ ਮ੍ਰਿਦੰਗ ਵਜਾ ਕੇ ਉਸ ਨੂੰ ਆਪਣੀ ਇਸਤਰੀ ਬਣਾ ਲਿਆ ॥੪੦॥

ਬਹੁਰਿ ਜਹਾ ਅੰਮ੍ਰਿਤ ਸੁਨ੍ਯੋ ਗਯੋ ਤਵਨ ਕੀ ਓਰ ॥

ਫਿਰ ਜਿਥੇ ਅੰਮ੍ਰਿਤ-ਕੁੰਡ ਸੁਣਿਆ ਸੀ, ਉਧਰ ਵਲ ਚਲ ਪਿਆ।

ਕਰਿ ਇਸਤ੍ਰੀ ਚੇਰੀ ਲਈ ਔਰ ਬੇਗਮਨ ਛੋਰਿ ॥੪੧॥

(ਉਸ ਨੇ) ਦਾਸੀ ਨੂੰ ਇਸਤਰੀ ਬਣਾ ਲਿਆ ਅਤੇ ਹੋਰਨਾਂ ਬੇਗਮਾਂ ਨੂੰ ਛਡ ਦਿੱਤਾ ॥੪੧॥

ਚੌਪਈ ॥

ਚੌਪਈ:

ਜੁ ਤ੍ਰਿਯ ਰੈਨਿ ਕੌ ਸੇਜ ਸੁਹਾਵੈ ॥

ਜੋ ਇਸਤਰੀ ਰਾਤ ਨੂੰ ਸੇਜ ਨੂੰ ਸੁਸ਼ੋਭਿਤ ਕਰਦੀ ਹੈ

ਦਿਵਸ ਬੈਰਿਯਨ ਖੜਗ ਬਜਾਵੈ ॥

ਅਤੇ ਦਿਨ ਨੂੰ ਵੈਰੀਆਂ ਨਾਲ ਤਲਵਾਰ ਚਲਾਉਂਦੀ ਹੈ।

ਐਸੀ ਤਰੁਨਿ ਕਰਨ ਜੌ ਪਰਈ ॥

ਅਜਿਹੀ ਇਸਤਰੀ ਜੇ ਹੱਥ ਲਗ ਜਾਵੇ,

ਤਿਹ ਤਜਿ ਔਰ ਕਵਨ ਚਿਤ ਕਰਈ ॥੪੨॥

ਤਾਂ ਉਸ ਨੂੰ ਛਡ ਕੇ ਕਿਸੇ ਹੋਰ ਨੂੰ ਚਿਤ ਵਿਚ (ਕਿਉਂ) ਲਿਆਇਆ ਜਾਏ ॥੪੨॥

ਭਾਤਿ ਭਾਤਿ ਤਾ ਸੋ ਰਤਿ ਠਾਨੀ ॥

ਉਸ (ਇਸਤਰੀ) ਨਾਲ ਭਾਂਤ ਭਾਂਤ ਦੀ ਰਤੀ-ਕ੍ਰੀੜਾ ਕੀਤੀ।

ਚੇਰੀ ਤੇ ਬੇਗਮ ਕਰਿ ਜਾਨੀ ॥

(ਉਸ) ਨੂੰ ਦਾਸੀ ਤੋਂ ਬੇਗਮ ਕਰ ਲਿਆ।

ਤਾ ਕੌ ਸੰਗ ਆਪੁਨੇ ਲਯੋ ॥

ਉਸ ਨੂੰ ਆਪਣੇ ਨਾਲ ਲੈ ਲਿਆ

ਆਬਹਯਾਤ ਸੁਨ੍ਯੋ ਤਹ ਗਯੋ ॥੪੩॥

ਅਤੇ ਜਿਥੇ ਅੰਮ੍ਰਿਤ ('ਆਬਹਯਾਤ') ਸੁਣਿਆ ਸੀ, ਉਥੇ ਜਾ ਪਹੁੰਚਿਆ ॥੪੩॥

ਦੋਹਰਾ ॥

ਦੋਹਰਾ:

ਜਹ ਤਾ ਕੌ ਚਸਮਾ ਹੁਤੋ ਤਹੀ ਪਹੂਚੋ ਜਾਇ ॥

ਜਿਥੇ ਉਸ (ਅੰਮ੍ਰਿਤ) ਦਾ ਚਸ਼ਮਾ ਸੀ ਉਥੇ ਹੀ ਜਾ ਪਹੁੰਚਿਆ।

ਮਕਰ ਕੁੰਟ ਜਹ ਡਾਰਿਯੈ ਮਛਲੀ ਹੋਇ ਬਨਾਇ ॥੪੪॥

ਜੇ ਉਸ ਕੁੰਡ ਵਿਚ ਮਗਰਮਛ ਸੁਟ ਦੇਈਏ ਤਾਂ ਉਹ ਮਛਲੀ ਬਣ ਜਾਂਦਾ ਹੈ ॥੪੪॥

ਚੌਪਈ ॥

ਚੌਪਈ:

ਇੰਦ੍ਰ ਦੇਵ ਤਬ ਮੰਤ੍ਰ ਬਤਾਯੋ ॥

ਇੰਦਰ ਦੇਵ ਨੂੰ ਤਦ ਦੇਵਤਿਆਂ ਨੇ ਦਸਿਆ


Flag Counter