ਸ਼੍ਰੀ ਦਸਮ ਗ੍ਰੰਥ

ਅੰਗ - 34


ਚਕ੍ਰ ਚਿਹਨ ਨ ਬਰਨ ਜਾ ਕੋ ਜਾਤਿ ਪਾਤਿ ਨ ਭੇਖ ॥੯॥੧੮੯॥

ਜਿਸ ਦਾ ਚੱਕਰ, ਚਿੰਨ੍ਹ ਅਤੇ ਵਰਨ ਨਹੀਂ, ਨਾ ਹੀ (ਕੋਈ) ਜਾਤਿ, ਬਰਾਦਰੀ ਅਤੇ ਭੇਖ ਹੈ ॥੯॥੧੮੯॥

ਰੂਪ ਰੇਖ ਨ ਰੰਗ ਜਾ ਕੋ ਰਾਗ ਰੂਪ ਨ ਰੰਗ ॥

ਜਿਸ ਦਾ ਰੂਪ, ਰੇਖ ਅਤੇ ਰੰਗ ਨਹੀਂ ਹੈ ਅਤੇ ਨਾ ਹੀ ਰਾਗ-ਰੰਗ ਅਤੇ ਰੂਪ ਹੈ।

ਸਰਬ ਲਾਇਕ ਸਰਬ ਘਾਇਕ ਸਰਬ ਤੇ ਅਨਭੰਗ ॥

(ਜੋ) ਸਭ ਕੁਝ ਕਰਨ ਦੇ ਸਮਰਥ ਅਤੇ ਸਭ ਦਾ ਸੰਘਾਰਕ ਅਤੇ ਅਜਿਤ ਹੈ।

ਸਰਬ ਦਾਤਾ ਸਰਬ ਗ੍ਯਾਤਾ ਸਰਬ ਕੋ ਪ੍ਰਤਿਪਾਲ ॥

(ਉਹ) ਸਭ ਦਾ ਦਾਤਾ, ਸਭ ਨੂੰ ਜਾਣਨ ਵਾਲਾ ਅਤੇ ਸਭ ਦੀ ਪਾਲਨਾ ਕਰਨ ਵਾਲਾ ਹੈ।

ਦੀਨ ਬੰਧੁ ਦਯਾਲ ਸੁਆਮੀ ਆਦਿ ਦੇਵ ਅਪਾਲ ॥੧੦॥੧੯੦॥

(ਉਹ ਸਭ) ਦੀਨਾਂ ਦਾ ਬੰਧੂ, ਦਿਆਲੂ ਸੁਭਾ ਵਾਲਾ ਸੁਆਮੀ ਅਤੇ ਕਿਸੇ ਦੀ ਪਾਲਨਾ ਤੋਂ ਰਹਿਤ ਆਦਿ ਦੇਵ ਹੈ ॥੧੦॥੧੯੦॥

ਦੀਨ ਬੰਧੁ ਪ੍ਰਬੀਨ ਸ੍ਰੀ ਪਤਿ ਸਰਬ ਕੋ ਕਰਤਾਰ ॥

(ਉਹ) ਪਰਮਾਤਮਾ ਦੀਨਾਂ ਦਾ ਬੰਧੂ, ਪ੍ਰਬੀਨ, ਮਾਇਆ ਦਾ ਪਤੀ ਅਤੇ ਸਭ ਦਾ ਕਰਤਾ ਹੈ;

ਬਰਨ ਚਿਹਨ ਨ ਚਕ੍ਰ ਜਾ ਕੋ ਚਕ੍ਰ ਚਿਹਨ ਅਕਾਰ ॥

ਜਿਸ ਦਾ (ਕੋਈ) ਵਰਨ, ਚਿੰਨ੍ਹ-ਚੱਕਰ, ਮੁਹਾਂਦਰਾ ਅਤੇ ਸ਼ਰੀਰ ਨਹੀਂ ਹੈ;

ਜਾਤਿ ਪਾਤਿ ਨ ਗੋਤ੍ਰ ਗਾਥਾ ਰੂਪ ਰੇਖ ਨ ਬਰਨ ॥

(ਜਿਸ ਦੀ) ਜਾਤਿ ਬਰਾਦਰੀ, ਗੋਤ ਦੀ (ਕੋਈ) ਗਾਥਾ ਨਹੀਂ ਹੈ ਅਤੇ ਨਾ ਹੀ (ਕੋਈ) ਰੂਪ ਰੇਖਾ ਜਾਂ ਵਰਨ ਹੈ;

ਸਰਬ ਦਾਤਾ ਸਰਬ ਗਯਾਤਾ ਸਰਬ ਭੂਅ ਕੋ ਭਰਨ ॥੧੧॥੧੯੧॥

(ਉਹ) ਸਭ ਨੂੰ ਦੇਣ ਵਾਲਾ, ਸਭ ਨੂੰ ਜਾਣਨ ਵਾਲਾ ਅਤੇ ਸਾਰੀ ਭੂਮੀ ਦਾ ਪਾਲਣ ਪੋਸ਼ਣ ਕਰਨ ਵਾਲਾ ਹੈ ॥੧੧॥੧੯੧॥

ਦੁਸਟ ਗੰਜਨ ਸਤ੍ਰੁ ਭੰਜਨ ਪਰਮ ਪੁਰਖੁ ਪ੍ਰਮਾਥ ॥

(ਉਹ) ਦੁਸ਼ਟਾਂ ਨੂੰ ਮਾਰਨ ਵਾਲਾ, ਦੁਸ਼ਮਣਾਂ ਨੂੰ ਨਸ਼ਟ ਕਰਨ ਵਾਲਾ ਅਤੇ (ਸੰਸਾਰ ਦੇ ਸਮਰਥਾਵਾਨਾਂ ਨੂੰ) ਕੁਚਲਣ ਵਾਲਾ ਪਰਮ ਪੁਰਖ ਹੈ।

ਦੁਸਟ ਹਰਤਾ ਸ੍ਰਿਸਟ ਕਰਤਾ ਜਗਤ ਮੈ ਜਿਹ ਗਾਥ ॥

(ਉਹ) ਦੁਸ਼ਟਾਂ ਨੂੰ ਮਾਰਨ ਵਾਲਾ, ਸ੍ਰਿਸ਼ਟੀ ਦਾ ਕਰਤਾ ਹੈ ਅਤੇ ਜਿਸ ਦੀ ਕਥਾ ਜਗਤ ਵਿਚ ਪ੍ਰਸਿੱਧ ਹੈ।

ਭੂਤ ਭਬਿ ਭਵਿਖ ਭਵਾਨ ਪ੍ਰਮਾਨ ਦੇਵ ਅਗੰਜ ॥

(ਉਹ) ਅਨਸ਼ਵਰ ਪਰਮ-ਸੱਤਾ ਭੂਤ, ਭਵਿਖ ਅਤੇ ਵਰਤਮਾਨ (ਤਿੰਨਾਂ ਕਾਲਾਂ) ਤਕ ਮੌਜੂਦ ਹੈ।

ਆਦਿ ਅੰਤ ਅਨਾਦਿ ਸ੍ਰੀ ਪਤਿ ਪਰਮ ਪੁਰਖ ਅਭੰਜ ॥੧੨॥੧੯੨॥

ਅਤੇ (ਉਹ) ਆਦਿ ਤੋਂ ਅੰਤ ਤਕ ਅਨਾਦਿ, ਮਾਇਆ ਦਾ ਪਤੀ, ਨਾਸ਼ ਤੋਂ ਰਹਿਤ ਪਰਮ ਪੁਰਸ਼ ਹੈ ॥੧੨॥੧੯੨॥

ਧਰਮ ਕੇ ਅਨਕਰਮ ਜੇਤਕ ਕੀਨ ਤਉਨ ਪਸਾਰ ॥

ਧਰਮ ਅਤੇ ਧਰਮ ਨਾਲ ਸੰਬੰਧਿਤ ਹੋਰ ਜਿਤਨੇ ਕਰਮ ਹਨ, ਉਨ੍ਹਾਂ ਦਾ ਪਸਾਰਾ (ਉਸੇ ਨੇ) ਕੀਤਾ ਹੈ;

ਦੇਵ ਅਦੇਵ ਗੰਧ੍ਰਬ ਕਿੰਨਰ ਮਛ ਕਛ ਅਪਾਰ ॥

ਅਪਾਰ ਦੇਵਤਿਆਂ, ਦੈਂਤਾ, ਗੰਦਰਬਾਂ, ਕਿੰਨਰਾਂ, ਮੱਛਾਂ, ਕੱਛਾਂ ਆਦਿ (ਦਾ ਰਚੈਤਾ ਵੀ ਉਹੀ ਹੈ)।

ਭੂਮ ਅਕਾਸ ਜਲੇ ਥਲੇ ਮਹਿ ਮਾਨੀਐ ਜਿਹ ਨਾਮ ॥

ਭੂਮੀ, ਆਕਾਸ਼, ਜਲ ਥਲ ਵਿਚ ਜਿਸ ਦੇ ਨਾਮ ਦੀ ਮਹਿਮਾ ਹੈ।

ਦੁਸਟ ਹਰਤਾ ਪੁਸਟ ਕਰਤਾ ਸ੍ਰਿਸਟਿ ਹਰਤਾ ਕਾਮ ॥੧੩॥੧੯੩॥

ਦੁਸ਼ਟਾਂ ਨੂੰ ਮਾਰਨਾ, (ਸਾਧੂ ਪੁਰਸ਼ਾਂ ਨੂੰ) ਦ੍ਰਿੜ੍ਹ ਕਰਨਾ ਅਤੇ ਸ੍ਰਿਸ਼ਟੀ ਦਾ ਨਾਸ਼ ਕਰਨਾ (ਉਸ ਦਾ) ਕੰਮ ਹੈ ॥੧੩॥੧੯੩॥

ਦੁਸਟ ਹਰਨਾ ਸ੍ਰਿਸਟ ਕਰਨਾ ਦਿਆਲ ਲਾਲ ਗੋਬਿੰਦ ॥

(ਉਹ) ਦੁਸ਼ਟਾਂ ਦਾ ਨਾਸ਼ਕ, ਸ੍ਰਿਸ਼ਟੀ ਦਾ ਕਰਤਾ, ਦਿਆਲੂ ਅਤੇ ਪਿਆਰਾ ਗੋਬਿੰਦ ਹੈ।

ਮਿਤ੍ਰ ਪਾਲਕ ਸਤ੍ਰ ਘਾਲਕ ਦੀਨ ਦ੍ਯਾਲ ਮੁਕੰਦ ॥

(ਉਹ) ਮਿਤਰਾਂ ਦੀ ਪਾਲਨਾ ਕਰਨ ਵਾਲਾ, ਵੈਰੀਆਂ ਨੂੰ ਨਸ਼ਟ ਕਰਨ ਵਾਲਾ, ਦੀਨਦਿਆਲ ਅਤੇ ਮੁਕਤੀਦਾਤਾ ਹੈ।

ਅਘੌ ਦੰਡਣ ਦੁਸਟ ਖੰਡਣ ਕਾਲ ਹੂੰ ਕੇ ਕਾਲ ॥

ਪਾਪੀਆਂ ਨੂੰ ਦੰਡ ਦੇਣ ਵਾਲਾ, ਦੁਸ਼ਟਾਂ ਨੂੰ ਚੂਰ ਚੂਰ ਕਰਨ ਵਾਲਾ ਅਤੇ ਕਾਲ ਦਾ ਵੀ ਕਾਲ ਹੈ।

ਦੁਸਟ ਹਰਣੰ ਪੁਸਟ ਕਰਣੰ ਸਰਬ ਕੇ ਪ੍ਰਤਿਪਾਲ ॥੧੪॥੧੯੪॥

ਦੁਸ਼ਟਾਂ ਦਾ ਦਮਨ ਕਰਨ ਵਾਲਾ, (ਭਲੇ ਪੁਰਸ਼ਾਂ ਨੂੰ) ਪੁਸ਼ਟ ਕਰਨ ਵਾਲਾ ਅਤੇ ਸਭ ਦਾ ਪ੍ਰਤਿਪਾਲਕ ਹੈ ॥੧੪॥੧੯੪॥

ਸਰਬ ਕਰਤਾ ਸਰਬ ਹਰਤਾ ਸਰਬ ਤੇ ਅਨਕਾਮ ॥

(ਉਹ) ਸਭ ਦਾ ਕਰਤਾ, ਸਭ ਦਾ ਨਾਸ਼ਕ ਅਤੇ ਸਭ ਦੀਆਂ ਕਾਮਨਾਵਾਂ (ਪੂਰੀਆਂ ਕਰਨ ਵਾਲਾ ਹੈ)।

ਸਰਬ ਖੰਡਣ ਸਰਬ ਦੰਡਣ ਸਰਬ ਕੇ ਨਿਜ ਭਾਮ ॥

ਸਭ ਦਾ ਖੰਡਨ ਕਰਨ ਵਾਲਾ, ਸਭ ਨੂੰ ਦੰਡ ਦੇਣ ਵਾਲਾ ਅਤੇ ਸਭ ਦਾ ਨਿਜੀ ਪ੍ਰਕਾਸ਼ ('ਭਾਮ') ਹੈ (ਅਰਥਾਤ ਸਭ ਵਿਚ ਉਸ ਦੀ ਜੋਤਿ ਮੌਜੂਦ ਹੈ)।

ਸਰਬ ਭੁਗਤਾ ਸਰਬ ਜੁਗਤਾ ਸਰਬ ਕਰਮ ਪ੍ਰਬੀਨ ॥

ਸਭ ਨੂੰ ਭੋਗਣ ਵਾਲਾ, ਸਾਰੀਆਂ ਜੁਗਤਾਂ ਅਤੇ ਕਰਮਾਂ ਵਿਚ ਪ੍ਰਬੀਨ ਹੈ।

ਸਰਬ ਖੰਡਣ ਸਰਬ ਦੰਡਣ ਸਰਬ ਕਰਮ ਅਧੀਨ ॥੧੫॥੧੯੫॥

(ਉਹ) ਸਭ ਦਾ ਨਾਸ਼ਕ, ਸਭ ਦਾ ਦੰਡਕ ਹੈ ਅਤੇ ਸਾਰੇ ਕਰਮ (ਉਸ ਦੇ) ਅਧੀਨ ਹਨ ॥੧੫॥੧੯੫॥

ਸਰਬ ਸਿੰਮ੍ਰਿਤਨ ਸਰਬ ਸਾਸਤ੍ਰਨ ਸਰਬ ਬੇਦ ਬਿਚਾਰ ॥

(ਉਹੀ) ਸਾਰੀਆਂ ਸਮ੍ਰਿਤੀਆਂ, ਸਾਰੇ ਸ਼ਾਸਤ੍ਰਾਂ ਅਤੇ ਸਾਰੇ ਵੇਦਾਂ ਦਾ (ਸਮੁੱਚਾ) ਵਿਚਾਰ ਹੈ।

ਦੁਸਟ ਹਰਤਾ ਬਿਸ੍ਵ ਭਰਤਾ ਆਦਿ ਰੂਪ ਅਪਾਰ ॥

ਦੁਸ਼ਟਾਂ ਨੂੰ ਮਾਰਨ ਵਾਲਾ, ਜਗਤ ਦੀ ਪਾਲਨਾ ਕਰਨ ਵਾਲਾ ਅਤੇ ਅਪਾਰ ਆਦਿ ਰੂਪ ਵਾਲਾ ਹੈ।

ਦੁਸਟ ਦੰਡਣ ਪੁਸਟ ਖੰਡਣ ਆਦਿ ਦੇਵ ਅਖੰਡ ॥

(ਉਹ) ਦੁਸ਼ਟਾਂ ਨੂੰ ਦੰਡ ਦੇਣ ਵਾਲਾ ਅਤੇ ਬਲਵਾਨਾਂ (ਪੁਸ਼ਟਾਂ) ਦਾ ਸੰਘਾਰਕ ਅਖੰਡ ਆਦਿ ਦੇਵ ਹੈ।

ਭੂਮ ਅਕਾਸ ਜਲੇ ਥਲੇ ਮਹਿ ਜਪਤ ਜਾਪ ਅਮੰਡ ॥੧੬॥੧੯੬॥

ਧਰਤੀ, ਆਕਾਸ਼, ਜਲ, ਥਲ ਵਿਚ ਖ਼ੁਦ ਸਥਾਪਿਤ ਹੋਣ ਵਾਲੇ ('ਅਮੰਡ') ਦਾ ਜਾਪ ਜਪਿਆ ਜਾ ਰਿਹਾ ਹੈ ॥੧੬॥੧੯੬॥

ਸ੍ਰਿਸਟਾਚਾਰ ਬਿਚਾਰ ਜੇਤੇ ਜਾਨੀਐ ਸਬਚਾਰ ॥

ਜਿਤਨੇ ਵੀ ਸ਼ਿਸ਼ਟਾਚਾਰ ਅਤੇ ਵਿਚਾਰ ਹਨ, ਵਿਚਾਰ ਪੂਰਵਕ ਸਮਝ ਲਈਏ ਕਿ (ਉਹ ਸਾਰੇ ਉਸੇ ਵਿਚ ਸਥਿਤ ਹਨ)।

ਆਦਿ ਦੇਵ ਅਪਾਰ ਸ੍ਰੀ ਪਤਿ ਦੁਸਟ ਪੁਸਟ ਪ੍ਰਹਾਰ ॥

(ਉਹ) ਆਦਿ ਦੇਵ, ਅਪਾਰ, ਮਾਇਆ ਦਾ ਪਤੀ ਅਤੇ ਬਲਵਾਨ ਦੁਸ਼ਟਾਂ ਨੂੰ ਮਾਰਨ ਵਾਲਾ ਹੈ।

ਅੰਨ ਦਾਤਾ ਗਿਆਨ ਗਿਆਤਾ ਸਰਬ ਮਾਨ ਮਹਿੰਦ੍ਰ ॥

(ਉਹ) ਅੰਨ-ਦਾਤਾ, ਗਿਆਨ ਕਰਾਉਣ ਵਾਲਾ ਅਤੇ ਸਾਰਿਆਂ ਰਾਜਿਆਂ ਦਾ ਮਾਣ ਹੈ।

ਬੇਦ ਬਿਆਸ ਕਰੇ ਕਈ ਦਿਨ ਕੋਟਿ ਇੰਦ੍ਰ ਉਪਿੰਦ੍ਰ ॥੧੭॥੧੯੭॥

(ਉਸ ਨੇ) ਕਿਤਨੇ ਹੀ ਵੇਦ-ਵਿਆਸ, ਕਰੋੜਾਂ ਇੰਦਰ ਅਤੇ ਉਪੇਂਦਰ (ਬਾਵਨ ਅਵਤਾਰ) ਬਣਾਏ ਹਨ ॥੧੭॥੧੯੭॥

ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਬਿਚਾਰ ॥

(ਉਹ) ਜਨਮ-ਜਨਮਾਂਤਰਾਂ ਦੀ ਗੱਲ ਜਾਣਨ ਵਾਲਾ, ਕਰਮ-ਕਾਂਡਾਂ ਦਾ ਗਿਆਤਾ ਅਤੇ ਧਰਮ ਦਾ ਚੰਗਾ ਵਿਚਾਰਕ ਹੈ।

ਬੇਦ ਭੇਵ ਨ ਪਾਵਈ ਸਿਵ ਰੁਦ੍ਰ ਔਰ ਮੁਖਚਾਰ ॥

(ਜਿਸ ਦਾ) ਵੇਦ, ਸ਼ਿਵ, ਰੁਦ੍ਰ ਅਤੇ ਬ੍ਰਹਮਾ ਰਹੱਸ ਨਹੀਂ ਜਾਣ ਸਕੇ,

ਕੋਟਿ ਇੰਦ੍ਰ ਉਪਿੰਦ੍ਰ ਬਿਆਸ ਸਨਕ ਸਨਤ ਕੁਮਾਰ ॥

ਕਰੋੜਾਂ ਇੰਦਰ, ਉਪੇਂਦਰ (ਬਾਵਨ ਅਵਤਾਰ) ਵਿਆਸ, ਸਨਕ-ਸੰਤ ਕੁਮਾਰ ਆਦਿ ਸਭ

ਗਾਇ ਗਾਇ ਥਕੇ ਸਭੈ ਗੁਨ ਚਕ੍ਰਤ ਭੇ ਮੁਖਚਾਰ ॥੧੮॥੧੯੮॥

(ਉਸ ਦੇ) ਗੁਣ ਗਾ ਗਾ ਕੇ ਥਕ ਗਏ ਹਨ ਅਤੇ ਬ੍ਰਹਮਾ ਹੈਰਾਨ ਹੋ ਗਿਆ ਹੈ ॥੧੮॥੧੯੮॥

ਆਦਿ ਅੰਤ ਨ ਮਧ ਜਾ ਕੋ ਭੂਤ ਭਬ ਭਵਾਨ ॥

(ਉਸ) ਦਾ ਆਦਿ, ਅੰਤ ਅਤੇ ਮੱਧ ਅਤੇ ਭੂਤ, ਭਵਿਖ ਅਤੇ ਵਰਤਮਾਨ (ਕੁਝ ਵੀ ਨਹੀਂ ਹੈ)

ਸਤਿ ਦੁਆਪਰ ਤ੍ਰਿਤੀਆ ਕਲਿਜੁਗ ਚਤ੍ਰ ਕਾਲ ਪ੍ਰਧਾਨ ॥

ਉਹ ਸਤਯੁਗ, ਦੁਆਪਰ, ਤ੍ਰੇਤਾ ਅਤੇ ਕਲਿਯੁਗ ਚੌਹਾਂ ਕਾਲਾਂ ਵਿਚ ਪ੍ਰਧਾਨ ਹੈ।

ਧਿਆਇ ਧਿਆਇ ਥਕੇ ਮਹਾ ਮੁਨਿ ਗਾਇ ਗੰਧ੍ਰਬ ਅਪਾਰ ॥

ਉਸ ਨੂੰ ਮਹਾ ਮੁਨੀ ਆਰਾਧਦੇ ਆਰਾਧਦੇ ਥਕ ਗਏ ਹਨ ਅਤੇ ਅਪਾਰ ਗੰਧਰਬ ਗਾ ਗਾ ਕੇ ਹਾਰ ਗਏ ਹਨ।

ਹਾਰਿ ਹਾਰਿ ਥਕੇ ਸਭੈ ਨਹੀਂ ਪਾਈਐ ਤਿਹ ਪਾਰ ॥੧੯॥੧੯੯॥

ਸਭ ਹਾਰ ਹਾਰ ਕੇ ਥਕ ਗਏ ਹਨ ਪਰ ਕੋਈ ਵੀ ਉਸ ਦਾ ਪਾਰ ਨਹੀਂ ਪਾ ਸਕਿਆ ॥੧੯॥੧੯੯॥

ਨਾਰਦ ਆਦਿਕ ਬੇਦ ਬਿਆਸਕ ਮੁਨਿ ਮਹਾਨ ਅਨੰਤ ॥

ਨਾਰਦ, ਵੇਦ-ਵਿਆਸ ਆਦਿ ਬੇਅੰਤ ਮਹਾਨ ਮੁਨੀ

ਧਿਆਇ ਧਿਆਇ ਥਕੇ ਸਭੈ ਕਰ ਕੋਟਿ ਕਸਟ ਦੁਰੰਤ ॥

ਕਰੋੜਾਂ ਕਸ਼ਟ ਪੂਰਨ ਔਖੇ ਯਤਨ ਵਾਲੀ (ਉਸ ਦੀ) ਆਰਾਧਨਾ ਕਰਦੇ ਕਰਦੇ ਥਕ ਗਏ ਹਨ;

ਗਾਇ ਗਾਇ ਥਕੇ ਗੰਧ੍ਰਬ ਨਾਚ ਅਪਛਰ ਅਪਾਰ ॥

ਗਾ ਗਾ ਕੇ ਗੰਧਰਬ ਥਕ ਗਏ ਹਨ ਅਤੇ ਬੇਅੰਤ ਅਪੱਛਰਾਵਾਂ ਵੀ ਨਚ ਨਚ ਕੇ (ਥਕ ਗਈਆਂ ਹਨ)

ਸੋਧਿ ਸੋਧਿ ਥਕੇ ਮਹਾ ਸੁਰ ਪਾਇਓ ਨਹਿ ਪਾਰ ॥੨੦॥੨੦੦॥

ਪ੍ਰਧਾਨ ਦੇਵਤੇ (ਉਸ ਨੂੰ) ਲਭ ਲਭ ਕੇ ਥਕ ਗਏ ਹਨ, (ਪਰ ਉਸ ਦਾ) ਪਾਰ ਨਹੀਂ ਪਾ ਸਕੇ ॥੨੦॥੨੦੦॥

ਤ੍ਵ ਪ੍ਰਸਾਦਿ ॥ ਦੋਹਰਾ ॥

ਤੇਰੀ ਕ੍ਰਿਪਾ ਨਾਲ: ਦੋਹਰਾ:

ਏਕ ਸਮੈ ਸ੍ਰੀ ਆਤਮਾ ਉਚਰਿਓ ਮਤਿ ਸਿਉ ਬੈਨ ॥

ਇਕ ਵਾਰ ਸ੍ਰੀ ਆਤਮਾ ਨੇ ਬੁੱਧੀ ਪ੍ਰਤਿ (ਇਸ ਤਰ੍ਹਾਂ) ਬਚਨ ਕੀਤਾ

ਸਭ ਪ੍ਰਤਾਪ ਜਗਦੀਸ ਕੋ ਕਹੋ ਸਕਲ ਬਿਧਿ ਤੈਨ ॥੧॥੨੦੧॥

ਕਿ ਤੁਸੀਂ ਚੰਗੀ ਤਰ੍ਹਾਂ (ਉਸ) ਜਗਦੀਸ਼ ਦਾ ਸਾਰਾ ਪ੍ਰਤਾਪ (ਮੈਨੂੰ) ਦਸੋ ॥੧॥੨੦੧॥

ਦੋਹਰਾ ॥

ਦੋਹਰਾ:


Flag Counter