ਸ਼੍ਰੀ ਦਸਮ ਗ੍ਰੰਥ

ਅੰਗ - 40


ਅਜੇਯੰ ਅਭੇਯੰ ਅਨਾਮੰ ਅਠਾਮੰ ॥

(ਹੇ ਪ੍ਰਭੂ! ਤੂੰ) ਅਜਿਤ, ਭੈ-ਰਹਿਤ, ਬਿਨਾ ਨਾਮ ਅਤੇ ਸਥਾਨ ਦੇ ਹੈਂ।

ਮਹਾ ਜੋਗ ਜੋਗੰ ਮਹਾ ਕਾਮ ਕਾਮੰ ॥

(ਤੂੰ) ਮਹਾ ਯੋਗ ਦਾ ਵੀ ਯੋਗ ਅਤੇ ਮਹਾ ਕਾਮਨਾਵਾਂ ਦੀ ਵੀ ਕਾਮਨਾ ਹੈਂ।

ਅਲੇਖੰ ਅਭੇਖੰ ਅਨੀਲੰ ਅਨਾਦੰ ॥

(ਤੂੰ) ਲੇਖੇ ਤੋਂ ਬਾਹਰ, ਭੇਖ ਤੋਂ ਬਿਨਾ, ਗਿਣਤੀ ਤੋਂ ਰਹਿਤ ਅਤੇ ਬਿਨਾ ਕਿਸੇ ਮੁੱਢ ਦੇ ਹੈਂ।

ਪਰੇਯੰ ਪਵਿਤ੍ਰੰ ਸਦਾ ਨ੍ਰਿਬਿਖਾਦੰ ॥੬॥

(ਤੂੰ ਸਭ ਤੋਂ) ਪਰੇ ਹੈਂ, ਪਵਿਤਰ ਹੈਂ ਅਤੇ ਸਦਾ ਵਿਵਾਦਾਂ ਤੋਂ ਰਹਿਤ ਹੈਂ ॥੬॥

ਸੁਆਦੰ ਅਨਾਦੰ ਅਨੀਲੰ ਅਨੰਤੰ ॥

(ਤੂੰ) ਸਭ ਦਾ ਆਦਿ ਹੈਂ, ਆਪ ਬਿਨਾ ਕਿਸੇ ਆਦਿ ਦੇ ਹੈਂ; ਗਿਣਤੀ ਤੋਂ ਪਰੇ ਅਤੇ ਬੇਅੰਤ ਹੈਂ।

ਅਦ੍ਵੈਖੰ ਅਭੇਖੰ ਮਹੇਸੰ ਮਹੰਤੰ ॥

(ਤੂੰ) ਦ੍ਵੈਸ਼-ਰਹਿਤ, ਭੇਖ-ਰਹਿਤ, ਧਰਤੀ ਦਾ ਸੁਆਮੀ ਅਤੇ ਅਤਿ ਮਹਾਨ ਹੈਂ।

ਨ ਰੋਖੰ ਨ ਸੋਖੰ ਨ ਦ੍ਰੋਹੰ ਨ ਮੋਹੰ ॥

(ਤੂੰ) ਨਾ ਗੁੱਸੇ ਹੁੰਦਾ ਹੈਂ, ਨਾ ਸੁਕਦਾ ਹੈਂ, ਨਾ ਤੇਰੇ ਵਿਚ ਦਗ਼ਾ ਅਤੇ ਨਾ ਹੀ ਮੋਹ ਹੈ।

ਨ ਕਾਮੰ ਨ ਕ੍ਰੋਧੰ ਅਜੋਨੀ ਅਜੋਹੰ ॥੭॥

ਨਾ (ਤੇਰੇ ਵਿਚ) ਕਾਮਨਾ ਹੈ, ਨਾ ਕ੍ਰੋਧ ਹੈ, (ਤੂੰ) ਅਜੂਨੀ ਅਤੇ ਅਦ੍ਰਿਸ਼ ਹੈਂ ॥੭॥

ਪਰੇਯੰ ਪਵਿਤ੍ਰੰ ਪੁਨੀਤੰ ਪੁਰਾਣੰ ॥

(ਤੂੰ ਮਨ ਅਤੇ ਬਾਣੀ ਤੋਂ) ਪਰੇ ਹੈਂ; ਪਵਿਤਰ, ਪਾਵਨ ਅਤੇ ਪੁਰਾਤਨ ਹੈਂ।

ਅਜੇਯੰ ਅਭੇਯੰ ਭਵਿਖ੍ਯੰ ਭਵਾਣੰ ॥

(ਤੂੰ) ਅਜਿਤ ਅਤੇ ਭੈ-ਰਹਿਤ ਹੈਂ; (ਤੂੰ) ਵਰਤਮਾਨ ਅਤੇ ਭਵਿਖਤ ਵਿਚ (ਮੌਜੂਦ) ਹੈਂ।

ਨ ਰੋਗੰ ਨ ਸੋਗੰ ਸੁ ਨਿਤ੍ਰਯੰ ਨਵੀਨੰ ॥

(ਤੂੰ) ਰੋਗ-ਸੋਗ ਤੋਂ ਰਹਿਤ ਅਤੇ ਸਦਾ ਨਵੀਨ ਹੈਂ।

ਅਜਾਯੰ ਸਹਾਯੰ ਪਰਮੰ ਪ੍ਰਬੀਨੰ ॥੮॥

(ਤੂੰ) ਜਨਮ ਨਹੀਂ ਲੈਂਦਾ, (ਸਭ ਦਾ) ਸਹਾਇਕ ਹੈਂ, ਸ੍ਰੇਸ਼ਠ ਅਤੇ ਨਿਪੁਣ ਹੈਂ ॥੮॥

ਸੁ ਭੂਤੰ ਭਵਿਖ੍ਯੰ ਭਵਾਨੰ ਭਵੇਯੰ ॥

(ਤੂੰ) ਭੂਤ, ਭਵਿਖਤ ਅਤੇ ਵਰਤਮਾਨ ਵਿਚ ਮੌਜੂਦ ਹੈਂ।

ਨਮੋ ਨ੍ਰਿਬਕਾਰੰ ਨਮੋ ਨ੍ਰਿਜੁਰੇਯੰ ॥

(ਹੇ) ਵਿਕਾਰਾਂ ਤੋਂ ਰਹਿਤ! (ਤੈਨੂੰ) ਨਮਸਕਾਰ ਹੈ, (ਹੇ) ਰੋਗਾਂ ਤੋਂ ਰਹਿਤ! (ਤੈਨੂੰ) ਨਮਸਕਾਰ ਹੈ।

ਨਮੋ ਦੇਵ ਦੇਵੰ ਨਮੋ ਰਾਜ ਰਾਜੰ ॥

(ਹੇ) ਦੇਵਤਿਆਂ ਦੇ ਦੇਵਤਾ! (ਤੈਨੂੰ) ਨਮਸਕਾਰ ਹੈ, (ਹੇ) ਰਾਜਿਆਂ ਦੇ ਰਾਜੇ! ਤੈਨੂੰ ਨਮਸਕਾਰ ਹੈ।

ਨਿਰਾਲੰਬ ਨਿਤ੍ਰਯੰ ਸੁ ਰਾਜਾਧਿਰਾਜੰ ॥੯॥

(ਹੇ ਪ੍ਰਭੂ! ਤੂੰ) ਆਧਾਰ-ਰਹਿਤ, ਸਦੀਵੀ, ਰਾਜਿਆਂ ਦਾ ਵੀ ਰਾਜਾ ਹੈਂ ॥੯॥

ਅਲੇਖੰ ਅਭੇਖੰ ਅਭੂਤੰ ਅਦ੍ਵੈਖੰ ॥

(ਹੇ ਪ੍ਰਭੂ! ਤੂੰ) ਲੇਖੇ ਤੋਂ ਬਾਹਰ, ਭੇਖ ਤੋਂ ਰਹਿਤ, ਭੌਤਿਕਤਾ ਤੋਂ ਉੱਚਾ, ਦ੍ਵੈਸ਼ ਤੋਂ ਪਰੇ ਹੈਂ।

ਨ ਰਾਗੰ ਨ ਰੰਗੰ ਨ ਰੂਪੰ ਨ ਰੇਖੰ ॥

(ਤੇਰਾ) ਨਾ ਰਾਗ ਹੈ, ਨਾ ਰੰਗ ਅਤੇ ਨਾ ਰੂਪ ਹੈ, ਨਾ ਰੇਖ ਹੈ।

ਮਹਾ ਦੇਵ ਦੇਵੰ ਮਹਾ ਜੋਗ ਜੋਗੰ ॥

(ਤੂੰ) ਮਹਾਦੇਵਾਂ ਦਾ ਵੀ ਦੇਵ ਅਤੇ ਯੋਗਾਂ ਦਾ ਵੀ ਯੋਗ ਹੈਂ।

ਮਹਾ ਕਾਮ ਕਾਮੰ ਮਹਾ ਭੋਗ ਭੋਗੰ ॥੧੦॥

(ਤੂੰ) ਕਾਮਨਾਵਾਂ ਦੀ ਵੀ ਕਾਮਨਾ ਅਤੇ ਮਹਾ ਭੋਗਾਂ ਦਾ ਵੀ ਭੋਗ ਹੈਂ ॥੧੦॥

ਕਹੂੰ ਰਾਜਸੰ ਤਾਮਸੰ ਸਾਤਕੇਯੰ ॥

(ਹੇ ਪ੍ਰਭੂ! ਤੂੰ) ਕਿਤੇ ਰਜੋ, ਸਤੋ ਅਤੇ ਤਮੋ (ਗੁਣਾਂ ਵਾਲਾ) ਹੈਂ,

ਕਹੂੰ ਨਾਰਿ ਕੋ ਰੂਪ ਧਾਰੇ ਨਰੇਯੰ ॥

ਕਿਤੇ ਇਸਤਰੀ (ਮੋਹਿਨੀ) ਦਾ ਰੂਪ ਧਾਰਨ ਕਰਨ ਵਾਲਾ ਨਰ (ਵਿਸ਼ਣੂ) ਹੈਂ।

ਕਹੂੰ ਦੇਵੀਯੰ ਦੇਵਤੰ ਦਈਤ ਰੂਪੰ ॥

(ਤੂੰ) ਕਿਤੇ ਦੇਵੀ, ਕਿਤੇ ਦੇਵਤਾ ਅਤੇ ਕਿਤੇ ਦੈਂਤ ਰੂਪ ਹੈਂ

ਕਹੂੰ ਰੂਪੰ ਅਨੇਕ ਧਾਰੇ ਅਨੂਪੰ ॥੧੧॥

ਅਤੇ ਕਿਤੇ (ਤੂੰ) ਅਨੇਕ ਅਨੂਪਮ ਰੂਪ ਧਾਰਨ ਕੀਤੇ ਹੋਏ ਹਨ ॥੧੧॥

ਕਹੂੰ ਫੂਲ ਹ੍ਵੈ ਕੈ ਭਲੇ ਰਾਜ ਫੂਲੇ ॥

(ਤੂੰ) ਕਿਤੇ ਫੁਲ ਹੋ ਕੇ ਚੰਗੀ ਤਰ੍ਹਾਂ ਖਿੜਿਆ ਹੋਇਆ ਸੋਭ ਰਿਹਾ ਹੈਂ,

ਕਹੂੰ ਭਵਰ ਹ੍ਵੈ ਕੈ ਭਲੀ ਭਾਤਿ ਭੂਲੇ ॥

ਕਿਤੇ ਭੌਰਾ ਹੋ ਕੇ ਪੂਰੀ ਬੇਖ਼ਬਰੀ ਨਾਲ (ਫੁਲਾਂ ਵਿਚ) ਭੁਲਿਆ ਫਿਰਦਾ ਹੈਂ।

ਕਹੂੰ ਪਵਨ ਹ੍ਵੈ ਕੈ ਬਹੇ ਬੇਗਿ ਐਸੇ ॥

ਕਿਤੇ (ਤੂੰ) ਪੌਣ ਹੋ ਕੇ ਅਜਿਹੀ ਤੇਜ਼ੀ ਨਾਲ ਚਲ ਰਿਹਾ ਹੈਂ;

ਕਹੇ ਮੋ ਨ ਆਵੇ ਕਥੌ ਤਾਹਿ ਕੈਸੇ ॥੧੨॥

ਮੈਥੋਂ ਕਿਹਾ ਨਹੀਂ ਜਾਂਦਾ, ਉਸ (ਸਥਿਤੀ) ਦਾ ਕਥਨ ਕਿਵੇਂ ਕਰਾਂ ॥੧੨॥

ਕਹੂੰ ਨਾਦ ਹ੍ਵੈ ਕੈ ਭਲੀ ਭਾਤਿ ਬਾਜੇ ॥

(ਤੂੰ) ਕਿਤੇ ਨਾਦ ਹੋ ਕੇ ਭਲੀ ਭਾਂਤ ਵਜ ਰਿਹਾ ਹੈਂ,

ਕਹੂੰ ਪਾਰਧੀ ਹ੍ਵੈ ਧਰੇ ਬਾਨ ਰਾਜੇ ॥

ਕਿਤੇ ਸ਼ਿਕਾਰੀ ਹੋ ਕੇ (ਕਮਾਨ ਉਤੇ) ਤੀਰ ਰਖ ਕੇ ਸੋਭ ਰਿਹਾ ਹੈਂ।

ਕਹੂੰ ਮ੍ਰਿਗ ਹ੍ਵੈ ਕੈ ਭਲੀ ਭਾਤਿ ਮੋਹੇ ॥

ਕਿਤੇ ਹਿਰਨ ਹੋ ਕੇ ਪੂਰੀ ਤਰ੍ਹਾਂ ਮੋਹਿਤ ਹੋ ਰਿਹਾ ਹੈਂ;

ਕਹੂੰ ਕਾਮਕੀ ਜਿਉ ਧਰੇ ਰੂਪ ਸੋਹੇ ॥੧੩॥

ਕਿਤੇ 'ਰਤੀ' (ਕਾਮ ਦੀ ਪਤਨੀ) ਵਾਂਗ ਸੁੰਦਰ ਰੂਪ ਧਾਰ ਕੇ ਸੋਭ ਰਿਹਾ ਹੈਂ ॥੧੩॥

ਨਹੀ ਜਾਨਿ ਜਾਈ ਕਛੂ ਰੂਪ ਰੇਖੰ ॥

ਉਸ ਦਾ ਸਰੂਪ ਅਤੇ ਆਕਾਰ ਕੁਝ ਵੀ ਜਾਣਿਆ ਨਹੀਂ ਜਾ ਸਕਦਾ।

ਕਹਾ ਬਾਸ ਤਾ ਕੋ ਫਿਰੈ ਕਉਨ ਭੇਖੰ ॥

ਉਸਦਾ ਵਾਸਾ ਕਿਥੇ ਹੈ ਅਤੇ ਕਿਹੜੇ ਭੇਸ ਵਿਚ ਫਿਰਦਾ ਹੈ?

ਕਹਾ ਨਾਮ ਤਾ ਕੋ ਕਹਾ ਕੈ ਕਹਾਵੈ ॥

ਉਸਦਾ ਨਾਮ ਕੀ ਹੈ ਅਤੇ ਕਿਥੋਂ ਦਾ ਅਖਵਾਉਂਦਾ ਹੈ?

ਕਹਾ ਮੈ ਬਖਾਨੋ ਕਹੇ ਮੋ ਨ ਆਵੈ ॥੧੪॥

ਮੈਂ ਕੀ ਵਰਣਨ ਕਰਾਂ (ਕਿਉਂਕਿ) ਮੈਥੋਂ ਕਿਹਾ ਨਹੀਂ ਜਾਂਦਾ ॥੧੪॥

ਨ ਤਾ ਕੋ ਕੋਈ ਤਾਤ ਮਾਤੰ ਨ ਭਾਯੰ ॥

ਉਸਦਾ ਨਾ ਕੋਈ ਪਿਤਾ ਹੈ, ਨਾ ਮਾਤਾ ਹੈ ਅਤੇ ਨਾ ਹੀ ਭਰਾ ਹੈ।

ਨ ਪੁਤ੍ਰੰ ਨ ਪੌਤ੍ਰੰ ਨ ਦਾਯਾ ਨ ਦਾਯੰ ॥

ਨਾ (ਉਸ ਦਾ ਕੋਈ) ਪੁੱਤਰ ਹੈ, ਨਾ ਪੋਤਰਾ ਹੈ, ਨਾ ਕੋਈ ਦਾਈ ਹੈ ਅਤੇ ਨਾ ਹੀ ਦਾਇਆ (ਖਿਡਾਵਾ) ਹੈ।

ਨ ਨੇਹੰ ਨ ਗੇਹੰ ਨ ਸੈਨੰ ਨ ਸਾਥੰ ॥

(ਉਸ ਨੂੰ) ਨਾ ਸਨੇਹ ਹੈ, (ਉਸ ਦਾ) ਨਾ ਘਰ ਹੈ, ਨਾ ਫ਼ੌਜ ਹੈ ਅਤੇ ਨਾ ਹੀ ਸਾਥ ਹੈ;

ਮਹਾ ਰਾਜ ਰਾਜੰ ਮਹਾ ਨਾਥ ਨਾਥੰ ॥੧੫॥

(ਉਹ) ਰਾਜਿਆਂ ਦਾ ਮਹਾਰਾਜਾ ਅਤੇ ਨਾਥਾਂ ਦਾ ਵੀ ਮਹਾਨਾਥ ਹੈ ॥੧੫॥

ਪਰਮੰ ਪੁਰਾਨੰ ਪਵਿਤ੍ਰੰ ਪਰੇਯੰ ॥

(ਉਹ) ਪਰਮ ਸ੍ਰੇਸ਼ਠ ਹੈ, ਪੁਰਾਤਨ ਹੈ, ਪਵਿਤਰ ਹੈ ਅਤੇ (ਮਨ-ਬਾਣੀ ਤੋਂ) ਪਰੇ ਹੈ।

ਅਨਾਦੰ ਅਨੀਲੰ ਅਸੰਭੰ ਅਜੇਯੰ ॥

ਆਦਿ ਤੋਂ ਰਹਿਤ, ਗਿਣਤੀ ਤੋਂ ਬਿਨਾ, ਜਨਮ ਤੋਂ ਰਹਿਤ ਅਤੇ ਜਿਤੇ ਜਾਣ ਤੋਂ ਮੁਕਤ ਹੈ।

ਅਭੇਦੰ ਅਛੇਦੰ ਪਵਿਤ੍ਰੰ ਪ੍ਰਮਾਥੰ ॥

(ਉਹ) ਭੇਦ-ਰਹਿਤ, ਛੇਦਣ ਤੋਂ ਬਿਨਾ, ਪਵਿਤਰ ਅਤੇ ਬਲਵਾਨ ਹੈ।

ਮਹਾ ਦੀਨ ਦੀਨੰ ਮਹਾ ਨਾਥ ਨਾਥੰ ॥੧੬॥

(ਉਹ) ਧਰਮੀਆਂ ਦਾ ਵੀ ਵੱਡਾ ਧਰਮੀ ਹੈ ਅਤੇ ਨਾਥਾਂ ਦਾ ਵੀ ਮਹਾਨ ਨਾਥ ਹੈ ॥੧੬॥

ਅਦਾਗੰ ਅਦਗੰ ਅਲੇਖੰ ਅਭੇਖੰ ॥

(ਉਹ) ਦਾਗ਼-ਰਹਿਤ, ਫ਼ਰੇਬ-ਰਹਿਤ, ਲੇਖੇ ਤੋਂ ਪਰੇ ਅਤੇ ਭੇਖ ਤੋਂ ਰਹਿਤ ਹੈ।

ਅਨੰਤੰ ਅਨੀਲੰ ਅਰੂਪੰ ਅਦ੍ਵੈਖੰ ॥

(ਉਹ) ਅਨੰਤ, ਅਨੀਲ (ਗਿਣਤੀ ਤੋਂ ਪਰੇ) ਅਰੂਪ ਅਤੇ ਦ੍ਵੈਸ਼ ਰਹਿਤ ਹੈ।

ਮਹਾ ਤੇਜ ਤੇਜੰ ਮਹਾ ਜ੍ਵਾਲ ਜ੍ਵਾਲੰ ॥

(ਉਹ) ਤੇਜਾਂ ਵਿਚ ਮਹਾਤੇਜ ਅਤੇ ਅਗਨੀਆਂ ਵਿਚ ਮਹਾ ਅਗਨੀ ਹੈ।

ਮਹਾ ਮੰਤ੍ਰ ਮੰਤ੍ਰੰ ਮਹਾ ਕਾਲ ਕਾਲੰ ॥੧੭॥

(ਉਹ) ਮੰਤ੍ਰਾਂ ਵਿਚ ਮਹਾ ਮੰਤ੍ਰ ਅਤੇ ਕਾਲਾਂ ਦਾ ਮਹਾ-ਕਾਲ ਹੈ ॥੧੭॥